ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਸੁਪਰਬੱਗ ਦੀ ਦਹਿਸ਼ਤ

Posted On August - 31 - 2010

ਜਗਤਾਰ ਸਿੰਘ ਲਾਂਬਾ

ਡਾ. ਅਵਤਾਰ ਸਿੰਘ

ਡਾ. ਆਰ.ਪੀ.ਐਸ. ਬੋਪਾਰਾਏ

ਕੌਮਾਂਤਰੀ ਵਿਗਿਆਨੀਆਂ ਵੱਲੋਂ ਪ੍ਰਗਟਾਇਆ ਗਿਆ ਇਹ ਖਦਸ਼ਾ ਕਿ ਭਾਰਤ ਵਿਚ ਐਨ.ਡੀ.ਐਮ.-1 ਨਾਮੀ ਸੁਪਰਬੱਗ ਦੀ ਭਰਮਾਰ ਹੈ ਅਤੇ ਇਹ ਕੁੱਲ ਦੁਨੀਆਂ ਵਿਚ ਫੈਲ ਸਕਦਾ ਹੈ, ਨੂੰ ਇਥੋਂ ਦੇ ਨਾਮੀ ਤੇ ਮਾਹਿਰ ਡਾਕਟਰਾਂ ਨੇ ਰੱਦ ਕਰਦਿਆਂ ਕਿਹਾ ਹੈ ਕਿ ਫਿਲਹਾਲ ਇਥੇ ਅਜਿਹਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਇਸ ਨੂੰ ਭਾਰਤ ਵਿਚ ਮੈਡੀਕਲ ਸੈਰ-ਸਪਾਟੇ ਨੂੰ ਢਾਹ ਲਾਉਣ ਦੀ ਸਾਜ਼ਿਸ਼ ਦੱਸਿਆ ਪਰ ਇਸ ਦੇ ਨਾਲ ਹੀ ਚੌਕਸ ਹੋਣ ਲਈ ਵੀ ਕਿਹਾ।
ਏਸ਼ੀਆਈ ਖਿੱਤੇ ਵਿਚ ਭਾਰਤ ਅਤੇ ਪਾਕਿਸਤਾਨ ਆਦਿ ਦੇਸ਼ਾਂ ਵਿਚ ਸਸਤੀਆਂ ਦਰਾਂ ’ਤੇ ਵਧੀਆ ਇਲਾਜ ਕੀਤਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਯੂਰਪ ਅਤੇ ਹੋਰ ਵਿਕਸਿਤ ਮੁਲਕਾਂ ਦੇ ਲੋਕ ਖਾਸ ਕਰਕੇ ਪ੍ਰਵਾਸੀ ਭਾਰਤੀ ਉਥੇ ਮਹਿੰਗਾ ਇਲਾਜ ਕਰਾਉਣ ਦੀ ਥਾਂ ਭਾਰਤ ਵਿਚ ਆ ਕੇ ਇਲਾਜ ਕਰਾਉਣ ਨੂੰ ਤਰਜੀਹ ਦੇ ਰਹੇ ਹਨ। ਇਹੀ ਕਾਰਨ ਹੈ ਕਿ ਭਾਰਤ ਦੇ ਕਈ ਸ਼ਹਿਰ, ਜਿਨ੍ਹਾਂ ਵਿਚ ਦਿੱਲੀ, ਚੇਨਈ, ਮੁੰਬਈ, ਬੰਗਲੌਰ ਅਤੇ ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਸ਼ਾਮਲ ਹਨ, ਮੈਡੀਕਲ ਸੈਰ ਸਪਾਟੇ ਦੇ ਕੇਂਦਰ ਬਣ ਚੁੱਕੇ ਹਨ। ਦਹਾਕਾ ਪਹਿਲਾਂ ਅੰਮ੍ਰਿਤਸਰ ਗੁਰਦੇ ਬਦਲਣ ਦੇ ਅਪਰੇਸ਼ਨ ਕਰਨ ਦਾ ਇਕ ਵੱਡੇ ਕੇਂਦਰ ਵਜੋਂ ਸਥਾਪਤ ਹੋਇਆ ਹੈ। ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਦਲਜੀਤ ਸਿੰਘ ਦੇ ਹਸਪਤਾਲ ਵਲੋਂ ਕੀਤੇ ਜਾ ਰਹੇ ਬਿਹਤਰੀਨ ਇਲਾਜ ਦੇ ਕਾਰਨ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਵੀ ਮਰੀਜ਼ ਇਥੇ ਇਲਾਜ ਕਰਾਉਣ ਲਈ ਆਉਂਦੇ ਹਨ।  ਹੁਣ ਐਸਕਾਰਟ ਅਤੇ ਫੋਰਟਿਸ ਹਸਪਤਾਲਾਂ ਦੇ ਇਥੇ ਆਉਣ ਕਾਰਨ ਇਹ ਸ਼ਹਿਰ ਉੱਤਰੀ ਭਾਰਤ ’ਚ ਰਹਿੰਦੇ ਲੋਕਾਂ ਦੇ ਦਿਲ ਦੇ ਰੋਗਾਂ ਦੇ ਇਲਾਜ ਦਾ ਕੇਂਦਰ ਬਣ ਚੁੱਕਾ ਹੈ। ਇਸ ਤੋਂ ਇਲਾਵਾ ਅਮਨਦੀਪ ਹਸਪਤਾਲ ਅਤੇ ਹੋਰ ਹਸਪਤਾਲਾਂ ਵੱਲੋਂ ਗੋਡੇ ਅਤੇ ਚੂਲੇ ਬਦਲਣ ਦੇ ਅਪਰੇਸ਼ਨ ਵੀ ਇਥੇ ਵੱਡੇ ਪੱਧਰ ’ਤੇ ਸਫਲਤਾਪੂਰਵਕ ਕੀਤੇ ਜਾ ਰਹੇ ਹਨ। ਇੱਥੇ ਕੀਤੇ ਜਾ ਰਹੇ ਇਹ ਸਾਰੇ ਇਲਾਜ ਦੀਆਂ ਦਰਾਂ ਹੋਰ ਮੁਲਕਾਂ ਨਾਲੋਂ ਸਸਤੀਆਂ ਹੋਣ ਕਾਰਨ ਵਧੇਰੇ ਲੋਕ ਇਲਾਜ ਲਈ ਇੱਥੇ ਆਉਣ ਨੂੰ ਤਰਜੀਹ ਦੇ ਰਹੇ ਹਨ। ਇਸੇ ਤਰ੍ਹਾਂ ਪਾਕਿਸਤਾਨ ਦਾ ਲਾਹੌਰ ਸ਼ਹਿਰ ਵੀ ਗੁਰਦੇ ਬਣਲਣ ਦੇ ਸਫ਼ਲ ਇਲਾਜ ਦਾ ਕੇਂਦਰ ਬਣ ਚੁੱਕਾ ਹੈ।

ਡਾ. ਐਚ.ਪੀ. ਸਿੰਘ

ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਯੂ.ਕੇ. ਦੇ ਵਿਗਿਆਨੀਆਂ ਵੱਲੋਂ ਪ੍ਰਗਟਾਏ ਗਏ ਖਦਸ਼ੇ ਕਿ ਭਾਰਤ ਵਿਚ ਐਨ.ਡੀ.ਐਮ.-1 ਸੁਪਰਬੱਗ ਦੀ ਭਰਮਾਰ ਹੈ ਅਤੇ ਭਾਰਤ ਵਿਚੋਂ ਇਲਾਜ ਕਰਵਾ ਕੇ ਪਰਤੇ ਮਰੀਜ਼ਾਂ ਵਿਚ ਇਹ ਜੀਨ ਪਾਏ ਗਏ ਹਨ। ਇਸ ਖਦਸ਼ੇ ਨੇ ਭਾਰਤ ਵਿਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਵਿਚ ਡਰ ਅਤੇ ਸਹਿਮ ਪੈਦਾ ਕਰ ਦਿੱਤਾ ਹੈ ਕਿ ਜੇਕਰ ਉਹ ਭਾਰਤ ਵਿਚ ਇਲਾਜ ਲਈ ਜਾਂਦੇ ਹਨ ਤਾਂ ਉਹ ਸੁਪਰਬੱਗ ਨਾਲ ਪੀੜਤ ਹੋ ਸਕਦੇ ਹਨ। ਇਸ ਮਾਮਲੇ ਵਿਚ ਗੱਲਬਾਤ ਕਰਦਿਆਂ ਸ਼ਹਿਰ ਦੇ ਵੱਖ-ਵੱਖ ਮਾਹਿਰ ਡਾਕਟਰਾਂ ਵਿਚੋਂ ਫੋਰਟਿਸ-ਐਸਕਾਰਟ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਕਾਰਡਿਆਲੋਜੀ ਦੇ ਕੰਨਸਲਟੈਂਟ ਡਾ. ਐਚ.ਪੀ. ਸਿੰਘ ਨੇ ਆਖਿਆ ਕਿ ਹੁਣ ਤਕ ਇੱਥੇ ਅਜਿਹਾ ਕੋਈ ਮਰੀਜ਼ ਨਹੀਂ ਮਿਲਿਆ ਹੈ, ਜੋ ਸੁਪਰਬੱਗ ਨਾਲ ਪੀੜਤ ਹੋਵੇ ਪਰ ਉਨ੍ਹਾਂ ਭਾਰਤੀ ਵਿਗਿਆਨੀਆਂ ਨੂੰ ਚੌਕਸ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਸਬੰਧੀ ਹਸਪਤਾਲਾਂ ਵਿਚ ਇਕ ਨੀਤੀ ਬਣਾਉਣ ਦੀ ਲੋੜ ਹੈ, ਜਿਸ ਤਹਿਤ ਮਰੀਜ਼ ਲਈ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਮਰੀਜ਼ ਦੇ ਇਸ ਸਬੰਧੀ ਲੋੜੀਂਦੇ ਪ੍ਰੀਖਣ (ਕਲਚਰ ਟੈਸਟ) ਕਰਵਾ ਲੈਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਐਸਕਾਰਟ ਹਸਪਤਾਲ ਵਿਚ ਇਸ ਸਬੰਧੀ ਇਕ ਨੀਤੀ ਬਣਾਈ ਹੋਈ ਹੈ ਅਤੇ ਬਾਕੀ ਹਸਪਤਾਲਾਂ ਵਿਚ ਵੀ ਇਹ ਨੀਤੀ ਬਣਾਈ ਜਾਣੀ ਚਾਹੀਦੀ ਹੈ। ਫੋਰਟਿਸ ਐਸਕਾਰਟ ਹਸਪਤਾਲ ਵਿਚ ਵਧੇਰੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਵਧੀਆ ਕੰਪਨੀਆਂ ਦੀਆਂ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਭਾਰਤ ਵਿਚੋਂ ਮੈਡੀਕਲ ਸੈਰ ਸਪਾਟੇ ਨੂੰ ਢਾਹ ਲਾਉਣ ਦੀ ਯੋਜਨਾ ਦਾ ਹਿੱਸਾ ਹੋ ਸਕਦੀਆਂ ਹਨ, ਪਰ ਇਸ ਵੇਲੇ ਵਿਗਿਆਨੀਆਂ ਨੂੰ ਵਧੇਰੇ ਚੌਕਸ ਵੀ ਹੋਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਆਰ.ਪੀ.ਐਸ. ਬੋਪਾਰਾਏ ਨੇ ਕੌਮਾਂਤਰੀ ਵਿਗਿਆਨੀਆਂ ਦੇ ਇਸ ਖਦਸ਼ੇ ਨੂੰ ਰੱਦ ਕਰਦਿਆਂ ਇਸ ਨੂੰ ਅਫ਼ਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਵਿਦੇਸ਼ੀ ਦਵਾਈਆਂ ਦੀਆਂ ਵੱਡੀਆਂ ਕੰਪਨੀਆਂ ਵੱਲੋਂ ਇਸ ਅਫ਼ਵਾਹ ਨੂੰ ਫੈਲਾ ਕੇ ਭਾਰਤ ਵਿਚ ਵੱਧ ਰਹੇ ਮੈਡੀਕਲ ਸੈਰ- ਸਪਾਟੇ ਨੂੰ ਢਾਹ ਲਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਐਂਟੀਬਾਇਓਟਿਕ ਦਵਾਈ ਦਾ ਕਿਸੇ ਮਰੀਜ਼ ’ਤੇ ਅਸਰਦਾਇਕ ਨਾ ਹੋਣਾ ਸਾਧਾਰਨ ਗੱਲ ਹੈ ਅਤੇ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਲੰਡਨ ਵਿਚ ਇਸ ਸਬੰਧੀ ਕੀਤੇ ਗਏ ਅਧਿਐਨ ਬਾਰੇ ਉਨ੍ਹਾਂ ਕਿਹਾ ਕਿ ਇਹ ਅਧਿਐਨ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਾਜਿਸ਼ ਨੂੰ ਕੌਮਾਂਤਰੀ ਅਦਾਲਤ ਵਿਚ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। ਇਥੇ ਜ਼ਿਕਰਯੋਗ ਹੈ ਕਿ ਡਾਕਟਰ ਆਰ.ਪੀ.ਐਸ. ਬੋਪਾਰਾਏ ਨੂੰ ਬਿਹਤਰੀਨ ਸੇਵਾਵਾਂ ਕਾਰਨ ਪੰਜਾਬ ਸਰਕਾਰ ਵਲੋਂ ਨਿਸ਼ਾਨੇ ਖਾਲਸਾ ਐਵਾਰਡ ਪ੍ਰਦਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵਲੋਂ ਐਚ.ਆਈ.ਵੀ. ਪੀੜਤ ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਪਹਿਲ-ਕਦਮੀਂ ਕੀਤੀ ਗਈ ਸੀ।
ਗੋਡੇ ਅਤੇ ਚੂਲੇ ਬਦਲਣ ਲਈ ਮਸ਼ਹੂਰ ਅਮਨਦੀਪ ਹਸਪਤਾਲ ਦੇ ਮੁਖੀ ਡਾ. ਅਵਤਾਰ ਸਿੰਘ ਜੋ ਪਿਛਲੇ ਪੰਜ ਸਾਲਾਂ ਵਿਚ ਕੰਪਿਊਟਰ ਦੀ ਨੇਵੀਗੇਸ਼ਨ ਤਕਨੀਕ ਨਾਲ 3 ਹਜ਼ਾਰ ਤੋਂ ਵਧੇਰੇ ਗੋਡੇ ਬਦਲਣ ਦੇ ਸਫਲ ਅਪਰੇਸ਼ਨ ਕਰ ਚੁੱਕੇ ਹਨ, ਨੇ ਕੌਮਾਂਤਰੀ ਵਿਗਿਆਨੀਆਂ ਦੇ ਇਸ ਖਦਸ਼ੇ ਨੂੰ ਇਕ ਪ੍ਰਾਪੇਗੰਡਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਥੇ ਸੁਪਰਬੱਗ ਨਾਂ ਦੇ ਜੀਨ ਦੀ ਕੋਈ ਭਰਮਾਰ ਨਹੀਂ ਹੈ। ਇਸ ਸਬੰਧ ਵਿਚ ਏਮਜ਼ ਸੰਸਥਾ ਵੱਲੋਂ ਅਧਿਐਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਊਆ ਖੜ੍ਹਾ ਕਰਕੇ ਇਥੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਡਰਾਉਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਭਾਰਤੀ ਅਤੇ ਹੋਰ ਲੋਕ ਇਲਾਜ ਲਈ ਭਾਰਤ ਨਾ ਆਉਣ।  ਉਨ੍ਹਾਂ ਕਿਹਾ ਕਿ ਇਥੇ ਕੀਤੇ ਜਾ ਰਹੇ ਇਲਾਜ ਦੌਰਾਨ ਮਰੀਜ਼ਾਂ ਦੇ ਬਚਾਅ ਲਈ ਵਿਦੇਸ਼ੀ ਤਰਜ਼ ’ਤੇ ਹੀ ਉਪਾਅ ਕੀਤੇ ਜਾ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਹਸਪਤਾਲ ਵਿਚ ਗੋਡੇ ਤੇ ਚੂਲੇ ਬਦਲਣ ਤੋਂ ਇਲਾਵਾ ਕਾਸਮੈਟਿਕ ਸਰਜਰੀ ਦੇ ਵੀ ਵੱਡੇ ਪੱਧਰ ’ਤੇ ਅਪਰੇਸ਼ਨ ਕੀਤੇ ਜਾ ਰਹੇ ਹਨ। ਹਰ ਵਰ੍ਹੇ 20 ਤੋਂ ਵਧੇਰੇ ਪ੍ਰਵਾਸੀ ਭਾਰਤੀ ਇਸ ਹਸਪਤਾਲ ਵਿਚ ਇਲਾਜ ਲਈ ਆਉਂਦੇ ਹਨ।


Comments Off on ਸੁਪਰਬੱਗ ਦੀ ਦਹਿਸ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.