ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ

Posted On August - 19 - 2010

ਸਮਾਜ ਸੇਵਾ ’ਚ ਮੋਹਰੀ ਅਧਿਆਪਕ ਓਮ ਪ੍ਰਕਾਸ਼ ਸੇਤੀਆ

ਲੌਂਗੋਵਾਲ, ਭਾਵੇਂ ਓਮ ਪ੍ਰਕਾਸ਼ ਸੇਤੀਆ ਦੀ ਜਨਮ-ਭੂਮੀ ਨਹੀਂ, ਪਰ ਕਰਮਭੂਮੀ ਜ਼ਰੂਰ ਹੈ ਫਿਰੋਜ਼ਪੁਰ ਦੇ ਪਿੰਡ ਖੁੱਬਣ (ਅਬੋਹਰ) ਵਿਖੇ ਜਨਮੇ ਓਮ ਪ੍ਰਕਾਸ਼ ਸੇਤੀਆ ਨੇ ਆਪਣੀ ਪੜ੍ਹਾਈ ਅਤਿਅੰਤ ਆਰਥਿਕ ਔਕੜਾਂ ਦੇ ਬਾਵਜੂਦ ਨਿਰਵਿਘਨ ਜਾਰੀ ਰੱਖੀ। ਅੱਠਵੀਂ ਜਮਾਤ ਤੋਂ ਲੈ ਕੇ ਐਮ.ਐੱਡ. ਤਕ ਦੀ ਪੜ੍ਹਾਈ ਦਾ ਖਰਚਾ ਸਾਈਕਲ ’ਤੇ ਦੁੱਧ ਢੋਅ ਕੇ ਚਲਾਇਆ। ਮਿਹਨਤ ਤੇ ਲਗਨ ਸਦਕਾ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ (ਸੰਗਰੂਰ) ਵਿਖੇ 14 ਸਾਲ ਦੀ ਸੇਵਾ ਬਤੌਰ ਪੰਜਾਬੀ ਲੈਕਚਰਾਰ ਕਰਨ ਤੋਂ ਬਾਅਦ ਅੱਜ-ਕੱਲ੍ਹ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ (ਸੰਗਰੂਰ) ਵਿਖੇ ਬਤੌਰ ਇੰਚਾਰਜ ਪ੍ਰਿੰਸੀਪਲ ਸੇਵਾ ਨਿਭਾਅ ਰਹੇ ਹਨ।
ਡੀ.ਏ.ਵੀ. ਕਾਲਜ ਅਬੋਹਰ ਵਿਚ ਉਹ ਦੋ ਸਾਲ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਤੇ ਇਕ ਸਾਲ ਉਪ ਪ੍ਰਧਾਨ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੱਕਾਂ ਦੇ ਨਾਲ ਫਰਜ਼ਾਂ ਤੋਂ ਵੀ ਜਾਣੂ ਕਰਵਾਇਆ। ਹੜ੍ਹ ਪੀੜਤਾਂ ਦੀ ਸਹਾਇਤਾ ਲਈ 1987 ਵਿਚ ਉਨ੍ਹਾਂ ਨੇ ਤਿੰਨ ਟਰੱਕ ਕੱਪੜਿਆਂ ਅਤੇ ਖੁਰਾਕੀ ਵਸਤਾਂ ਅਤੇ ਦਸ ਹਜ਼ਾਰ ਰੁਪਏ ਨਕਦ ਇਕੱਠੇ ਕਰਵਾ ਕੇ ਪੀੜਤ ਇਲਾਕਿਆਂ ਵਿਚ ਭੇਜੇ। ਅਤਿਵਾਦ ਦੌਰਾਨ ਅਬੋਹਰ ਗੋਲੀ ਕਾਂਡ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਆਪਣੀ ਜਾਨ ਖਤਰੇ ਵਿਚ ਪਾ ਕੇ ਹਸਪਤਾਲ ਪਹੁੰਚਾਉਣ ਵਾਲਾ ਉਹ ਪਹਿਲਾ ਵਿਅਕਤੀ ਸੀ। ਐਨ.ਸੀ.ਸੀ. ਬਤੌਰ ਲੈਫਟੀਨੈਂਟ ਦੋ ਕੈਡਿਟਾਂ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਿਚ ਭੇਜਿਆ। ਸਕਾਊਟਿੰਗ ਅਤੇ ਕੌਮੀ ਸੇਵਾ ਯੋਜਨਾ ਦੇ ਖੇਤਰ ਵਿਚ ਕੌਮੀ ਪੱਧਰ ’ਤੇ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਹੁਣ ਤਕ 47 ਵਾਰੀ ਖੂਨਦਾਨ ਕਰ ਚੁੱਕੇ ਹਨ। ਅੱਠ ਸੌ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਤੇ ਹੋਮ ਨਰਸਿੰਗ ਦੀ ਸਿਖਲਾਈ ਦੇ ਚੁੱਕੇ ਹਨ। ਹਜ਼ਾਰਾਂ ਪੌਦੇ ਲਗਵਾ ਕੇ ‘ਪ੍ਰਦੂਸ਼ਣ ਵਿਰੋਧੀ ਮੁਹਿੰਮ’ ਵਿਚ ਵੀ ਯੋਗਦਾਨ ਪਾਇਆ ਹੈ। ‘ਸਾਖਰਤਾ’ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਡੀ.ਸੀ. ਸੰਗਰੂਰ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਜਾ ਚੁੱਕਿਆ ਹੈ। ਪੋਲੀਓ, ਕੈਂਸਰ- ਜਾਗਰੂਕਤਾ, ਕੋਹੜ-ਰੋਗ, ਭਰੂਣ ਹੱਤਿਆ ਵਿਰੁੱਧ ਚੇਤਨਾਂ ਪੈਦਾ ਕਰਨ ਲਈ ਰੈਲੀਆਂ, ਸੈਮੀਨਾਰ ਕਰਕੇ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਹੈ। ਛੇ ਸਾਲ ਜਵਾਹਰ  ਨਵੋਦਿਆ ਵਿਦਿਆਲਾ ਸਿੰਹਾਚਰ, ਬਲੀਆ  (ਉੱਤਰ ਪ੍ਰਦੇਸ਼) ਵਿਖੇ ਬਤੌਰ ਪੰਜਾਬੀ ਅਧਿਆਪਕ ਸੇਵਾ ਨਿਭਾਈ। ਉਨ੍ਹਾਂ ਦੀ ਅਗਵਾਈ ਹੇਠ ਸਕੂਲ ਦਾ ਸਕਾਊਟ ਦਲ ਪੂਰੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚੋਂ ਪਹਿਲੇ ਸਥਾਨ ’ਤੇ ਰਿਹਾ ਸੀ।
ਸਾਹਿਤ ਦੇ ਖੇਤਰ ਵਿਚ ਕਵਿਤਾਵਾਂ ਦੀ ਪੁਸਤਕ ‘ਗੁਲਦਸਤਾ’ ਲਿਖ ਚੁੱਕੇ ਹਨ। ‘ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦਾ ਆਲੋਚਨਾਤਮਕ ਅਧਿਐਨ’  ਪੁਸਤਕ ਲਿਖ ਰਹੇ ਹਨ। ਇਨ੍ਹਾਂ ਨੇ ਹੁਣ ਤਕ ਲਗਪਗ ਪੰਜ ਲੱਖ ਰੁਪਏ ਲੋਕਾਂ ਕੋਲੋਂ ਦਾਨ ਇਕੱਠਾ ਕਰਕੇ ਲੌਂਗੋਵਾਲ ਅਤੇ ਸ਼ੇਰੋਂ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਖਰਚ ਕੀਤੇ ਹਨ। ਸਕੂਲ ਵਿਚ ਵਿਦਿਆਰਥੀਆਂ ਲਈ ਟਾਈ ਤੇ ਬੈਲਟ ਨੂੰ ਵਰਦੀ ਦਾ ਹਿੱਸਾ ਬਣਾ ਕੇ ਮਾਡਲ ਸਕੂਲਾਂ ਦੇ ਬਰਾਬਰ ਲਿਆਉਣ ਦਾ ਯਤਨ ਕੀਤਾ ਹੈ।
ਲੌਂਗੋਵਾਲ ਵਿਖੇ ਸਕੂਲ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਨੂੰ ਕੁੱਟ ਰਹੇ ਗੁੰਡਿਆਂ ਤੋਂ ਬਚਾ ਕੇ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ। ਸ੍ਰੀ ਸੇਤੀਆ ਨੇ ਦਹੇਜ ਪ੍ਰਥਾ ਵਰਗੀ ਬਿਮਾਰੀ ਵਿਰੁੱਧ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਇਸ ’ਤੇ ਅਮਲ ਕਰਦਿਆਂ ਜਾਤਾਂ ਤੋਂ ਉਪਰ ਉੱਠ ਕੇ ਆਪਣੀ ਸ਼ਾਦੀ ਇਲਾਹਾਬਾਦ ਦੀ ਮੁਟਿਆਰ ਮੁਕਤਾ ਰਤਨਮ ਨਾਲ ਅੰਤਰਰਾਜੀ ਪੱਧਰ ’ਤੇ ਦਹੇਜ ਰਹਿਤ ਕਰਵਾਈ। ਸੇਤੀਆ ਆਪਣੇ ਆਪ ਵਿਚ ਇਕ ਸੰਸਥਾ ਹੈ। ਸਕੂਲਾਂ ਤੇ ਕਾਲਜਾਂ ਦੇ ਕੈਂਪਾਂ ਵਿਚ ਯੋਗ ਆਸਣ ਸਿਖਾਉਣ ਦੇ ਨਾਲ, ਅਨਪੜ੍ਹ ਲੋਕਾਂ ਨੂੰ ਵਿੱਦਿਆ ਦਾ ਚਾਨਣ ਵੀ ਵੰਡ ਰਹੇ ਹਨ। ਤਰਕਸ਼ੀਲ ਸੁਸਾਇਟੀ ਦੇ ਮੈਂਬਰ ਵਜੋਂ ਉਹ ਮਰਨ ਉਪਰੰਤ ਅੱਖਾਂ ਦੇ ਨਾਲ ਸਾਰਾ ਸਰੀਰ ਦਾਨ ਕਰਨ ਦਾ ਫੈਸਲਾ ਕਰ ਚੁੱਕੇ ਹਨ। ਸ੍ਰੀ ਸੇਤੀਆ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਾਲ 1999 ਵਿਚ ਕੌਮੀ ਯੁਵਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਨੇ 2001 ਵਿਚ ਉਪ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਆ। ਇੰਟਰਨੈਸ਼ਨਲ ਪਬਲਿਸ਼ਿੰਗ ਹਾਊਸ ਨਵੀਂ ਦਿੱਲੀ ਵੱਲੋਂ ‘ਭਾਰਤ ਦੇ ਸਰਵੋਤਮ ਨਾਗਰਿਕ’ ਦਾ ਪੁਰਸਕਾਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਪੁਰਸਕਾਰ’ , ‘ਮਨਿਸਟਰ ਆਫ ਯੂਥ ਸਰਵਿਸਿਜ਼ ਪੰਜਾਬ ਐਵਾਰਡ’ ਅਤੇ ‘ਡਾ.   ਰਾਧਾ ਕ੍ਰਿਸ਼ਨਨ ਯਾਦਗਾਰੀ ਰਾਜ ਪੁਰਸਕਾਰ-2008’, ‘ਏਮੀਨੈਂਟ ਬੈਸਟ ਟੀਚਰ ਕੱਪਲ ਦਾ ਰਾਜ- ਪੱਧਰੀ ਪੁਰਸਕਾਰ-2009’ ਦੇ ਕੇ ਸਨਮਾਨਤ ਕੀਤੇ ਜਾ ਚੁੱਕੇ ਹਨ।

ਰਛਪਾਲ ਸੱਪਲ
(ਪੱਤਰ ਪ੍ਰੇਰਕ, ਲੌਂਗੋਵਾਲ)


Comments Off on ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.