ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਰੁੱਖਾਂ ਦੀ ਸਰਪ੍ਰਸਤੀ

Posted On August - 22 - 2010

ਡਾ. ਹਜ਼ਾਰਾ ਸਿੰਘ ਚੀਮਾ

ਇਸ ਵਾਰ ਜਦੋਂ ਪਿੰਡ ਗਿਆ ਤਾਂ ਸਵੇਰੇ ਉੱਠ ਕੇ ਅਜੇ ਚਾਹ-ਪਾਣੀ ਵੀ ਨਹੀਂ ਸੀ ਪੀਤਾ ਕਿ ਸ਼ਰੀਕੇ ’ਚੋਂ ਭਰਾ ਲਗਦੇ ਸਰਵਨ ਦੇ ਪਾਲੀ ਨੇ ਆਣ ਬੂਹਾ ਖੜਕਾਇਆ। ਸਹਿਮੇ ਹੋਏ ਨੇ ਉਸ ਵੱਡੇ ਵੀਰ ਨੂੰ ਦੱਸਿਆ ਕਿ ਪਾਲੀ ਦਾ ਛੋਟਾ ਭਰਾ ਕੱਲ੍ਹ ਰਾਤ ਦਾ ਹਵਾਲਾਤ ਵਿੱਚ ਬੰਦ ਹੈ। ਹੁਣ ਉਸ ਨੂੰ ਪੰਚਾਇਤ ਨੇ ਛੁਡਾਉਣ ਜਾਣਾ ਹੈ, ਇਸ ਲਈ ਉਹ ਸਾਨੂੰ ਵੀ ਨਾਲ ਜਾਣ ਲਈ ਕਹਿ ਰਿਹਾ ਹੈ। ਮੇਰੇ ਇਹ ਪੁੱਛਣ ’ਤੇ ਕਿ ਛਿੰਦਰ ਨੇ ਐਸਾ ਕਿਹੜਾ ਗੁਨਾਹ ਕਰ ਦਿੱਤਾ, ਜਿਸ ਕਰਕੇ ਉਹ ਅਜੇ ਤੱਕ ਘਰ ਨਹੀਂ ਆ ਸਕਿਆ। ਮੇਰੇ ਪੁੱਛਣ ਤੋਂ ਭਾਵ ਸੀ ਕਿ ਕਿਤੇ ਉਸ ਨੇ ਅਜਿਹਾ ਕਾਰਾ ਨਾ ਕਰ ਦਿੱਤਾ ਹੋਵੇ, ਜਿਸ ਕਾਰਨ ਪੰਚਾਇਤ ਨੂੰ ਥਾਣੇਦਾਰ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਪਾਲੀ ਬੋਲਿਆ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਤੁਸੀਂ ਤਾਂ ਸਾਡੇ ਟੱਬਰ ਨੂੰ ਜਾਣਦੇ ਹੀ ਹੋ। ਛਿੰਦਰ ਨੇ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ।  ਮੈਂ ਫਿਰ ਪੁੱਛਿਆ ਆਖਰ ਗੱਲ ਕੀ ਹੋਈ? ਪਾਲੀ ਉਧੜਨ ਲੱਗਾ, ਗੱਲ ਕੀ ਹੋਣੀ ਐ, ਜ਼ਮੀਨ ਥੋੜ੍ਹੀ ਹੋਣ ਕਾਰਨ ਵਾਹੀ ’ਚੋਂ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ, ਉਹ ਪੁਰਾਣਾ ਟਰੈਕਟਰ-ਟਰਾਲੀ ਲੈ ਬੈਠਾ, ਅਖੇ ਕਿਰਾਇਆ-ਭਾੜਾ ਢੋਇਆ ਕਰਾਂਗੇ। ਭੱਠੇ ਦੀਆਂ ਇੱਟਾਂ-ਮਿੱਟੀ, ਜਿਣਸ ਹੋਰ ਨਿੱਕਸੁੱਕ ਤੇ ਮਕਾਣਾਂ ’ਤੇ ਜਾਣ ਵਾਲੇ ਬੁੜ੍ਹੀਆਂ-ਬੰਦਿਆਂ ਨੂੰ ਢੋਂਹਦਾ ਰਹਿੰਦਾ ਹੈ। ਹੁਣ ਰੋਟੀ ਚੰਗੀ ਖਾਣ ਲੱਗ ਪਿਆ ਹੈ। ਪਰਸੋਂ ਬਾਬੇ ਪਾਲੇ ਨੇ ਟਰੈਕਟਰ-ਟਰਾਲੀ ਦੀ ਵਗਾਰ ਪਾਈ ਸੀ। ਅਖੇ ਲੰਗਰ ਵਾਸਤੇ ਬਾਲਣ ਦਾ ਪ੍ਰਬੰਧ ਕਰਨਾ ਹੈ। ਸੜਕਾਂ ਕਿਨਾਰੇ ਵਾਲੀਆਂ ਟਾਹਲੀਆਂ, ਕਿੱਕਰਾਂ ਛਾਂਗ ਕੇ ਬਾਲਣ ਲਾਹੁਣਾ ਹੈ। ਛਾਂਗਣ, ਕੱਟਣ ਦਾ ਕੰਮ ਤਾਂ ਸੇਵਾਦਾਰ ਕਰ ਲੈਣਗੇ, ਪਰ ਇਨ੍ਹਾਂ ਨੂੰ ਡੇਰੇ ’ਤੇ ਲਿਜਾਣ ਲਈ ਟਰੈਕਟਰ-ਟਰਾਲੀ ਦੀ ਲੋੜ ਹੈ। ਇਸ ਲਈ ਛਿੰਦਰ ਡੇਰੇ ਵਾਲਿਆਂ ਨਾਲ ਟਰੈਕਟਰ-ਟਰਾਲੀ ਲੈ ਕੈ ਗਿਆ ਸੀ। ਗਾਰਡ ਨੇ ਛਿੰਦਰ ਹੋਰਾਂ ਨੂੰ ਦਰੱਖਤ ਵੱਢਦਿਆਂ ਨੂੰ ਮੌਕੇ ’ਤੇ ਪੁਲੀਸ ਨੁੂੰ ਫੜਾ ਦਿੱਤਾ।
ਮੈਂ ਸੋਚਣ ਲੱਗਾ ਕਿ ਬਾਬਿਆਂ ਨੇ ਬਿਰਖਾਂ ਨੂੰ ਕਿਵੇਂ ਵਢਾਂਗਾ ਧਰਿਆ ਹੈ। ਜਿੱਧਰ ਦੇਖੋ ਸੜਕਾਂ ਦੇ ਚਾਰੇ-ਪਾਸੇ ਰੁੰਡ-ਮਰੁੰਡ ਕਿੱਕਰਾਂ, ਟਾਹਲੀਆਂ ਹੀ ਦਿਸਦੇ ਹਨ। ਰਹਿੰਦੀ ਕਸਰ ਨਾ-ਮੁਰਾਦ ਸਿਉਂਕ ਨੇ ਪੂਰੀ ਕਰ ਦਿੱਤੀ ਹੈ। ਜਿਸ ਤੋਂ ਕੋਈ ਵਿਰਲਾ ਟਾਵਾਂ ਦਰੱਖਤ ਹੀ ਬਚਿਆ ਹੋਊ। ਸੋਚਦਾ ਹਾਂ ਬਿਰਖਾਂ ਦਾ ਮਨੁੱਖ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਜਨਮ ਸਮੇਂ ਪੰਘੂੜੇ ਤੋਂ ਲੈ ਕੇ ਮਰਨ ਸਮੇਂ ਸਿੜੀ ਤੇ ਸਸਕਾਰ ਲਈ ਬਾਲਣ ਤੱਕ ਦਰੱਖਤ ਹੀ ਮਨੁੱਖ ਦੇ ਕੰਮ ਆਉਂਦੇ ਹਨ। ਸਮੁੱਚੀ ਜ਼ਿੰਦਗੀ ਦੌਰਾਨ ਹੀ ਮਨੁੱਖ ਨੂੰ ਬਿਰਖਾਂ ਤੋਂ ਮਿਲਦੀ ਆਕਸੀਜਨ ਦੀ ਲੋੜ ਰਹਿੰਦੀ ਹੈ। ਪਿੱਪਲ ਤਾਂ ਐਸਾ ਦਰੱਖਤ ਹੈ, ਜੋ ਚੌਵੀ ਘੰਟੇ ਆਕਸੀਜਨ ਛੱਡਦਾ ਹੈ। ਬੋਹੜ ਵਿੱਚ ਤਾਂ ਔਸ਼ਧੀ ਗੁਣ ਹੀ ਬਹੁਤ ਹਨ। ਸੁਣਿਐਂ ਰੁੱਖਾ, ਕੁਸੈਲਾ ਤੇ ਠੰਢਾ ਜਾਣਿਆਂ ਜਾਂਦਾ ਬੋਹੜ ਵਾਈ ਤੇ ਪਿੱਤੇ ਵਾਸਤੇ ਬਹੁਤ ਗੁਣਕਾਰੀ ਹੈ। ਜਿਸ ਦੀਆਂ ਹਵਾਈ ਜੜ੍ਹਾਂ ਨੂੰ ਗਊ-ਮੂਤਰ ਵਿੱਚ ਬਰੀਕ ਘੋਟ ਕੇ, ਲੇਪ ਲਾਉਣ ਨਾਲ ਖਾਰਸ਼ ਤੇ ਦਾਦ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਤਰਾਂ੍ਹ ਜੋੜਾਂ ਦੇ ਦਰਦ, ਸ਼ੂਗਰ, ਲਕੋਰੀਆਂ ਆਦਿ ਤੋਂ ਮੁਕਤੀ ਲਈ ਵਰਤੇ ਜਾਂਦੇ ਨੁਸਖਿਆਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਬੋਹੜ ਦੀ ਵਰਤੋਂ ਹੁੰਦੀ ਹੈ।
ਮੈਨੂੰ ਬਚਪਨ ਵਿੱਚ ਕੀਤੀ ਇੱਕ ਗਲਤੀ ਚੇਤੇ ਆਉਂਦੀ ਹੈ, ਜਿਸ ’ਤੇ ਮੈਨੂੰ ਅੱਜ ਤੱਕ ਮਾਣ ਹੈ। ਚੌਥੀ-ਪੰਜਵੀਂ ’ਚ ਪੜ੍ਹਦਿਆਂ ਅਧਿਆਪਕ ਸੁਸ਼ੀਲ ਕੁਮਾਰ ਜੀ ਦੇ ਵਣ-ਮਹਾਂਉਤਸਵ ਸਮੇਂ ਦਿੱਤੇ ਭਾਸ਼ਣ, ਜਿਸ ਵਿੱਚ ਉਨ੍ਹਾਂ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ ਸੀ, ਤੋਂ ਪ੍ਰੇਰਤ ਹੋ ਕੇ ਆਪਣੇ ਖੇਤ ਵਿਚਲੀ ਵੱਟ ਤੇ ਖਲੋਤੇ ਬੋਹੜ ਨੁੂੰ ਖੱਗ ਕੇ ਆਪਣੇ ਸਕੂਲ ਦੇ ਵਿਹੜੇ ਵਿੱਚ ਲਗਾਉਣ ਕਾਰਨ, ਬਾਪੂ ਵੱਲੋਂ ਮੈਨੂੰ ਵਾਹਵਾ ਮਾਰ ਪਈ ਸੀ। ਬਾਪੂ ਨੇ ਸ਼ਾਇਦ ਇਸ ਆਪੇ ਉਗੇ ਬੋਹੜ ਦੇ ਬੂਟੇ ਨੂੰ ਖੂਹ ਦੇ ਪੁੜਾਣੇ ਵਿੱਚ ਲਗਾਉਣ ਦੀ ਸੋਚੀ ਸੀ। ਅਧਿਆਪਕ ਸੁਸ਼ੀਲ ਕੁਮਾਰ ਜੀ ਨੇ ਉਸ ਸਮੇਂ, ‘ਕੁਝ ਰੁਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ’ ਦੇ ਬੋਲ ਵੀ ਸਾਡੇ ਨਾਲ ਸਾਂਝੇ ਕੀਤੇ ਸਨ। ਇਸ ਗੱਲ ਦਾ ਇਲਮ ਮੈਨੂੰ ਬਾਅਦ ਵਿੱਚ ਹੋਇਆ ਕਿ ਉਪਰੋਕਤ ਸਤਰਾਂ ਲਿਖਣ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸੀ।
ਬਚਪਨ ਵਿੱਚ ਕੀਤੀ ਇਸ ਗਲਤੀ‘’ਤੇ ਮਾਣ ਇਸ ਕਰਕੇ ਹੈ ਕਿ ਆਪਣੇ ਖੇਤਾਂ ਵਿੱਚੋਂ ਸਕੂਲ ਦੇ ਵਿਹੜੇ ਵਿੱਚ, ਮੇਰੇ ਵੱਲੋਂ ਲਗਾਇਆ ਗਿਆ, ਉਹ ਬੋਹੜ ਦਾ ਬੂਟਾ ਅਜੇ ਤੱਕ ਵੀ ਮੇਰਾ ਸਕੂਲ, ਜੋ ਹੁਣ ਪ੍ਰਾਇਮਰੀ ਤੋਂ ਹਾਈ ਬਣ ਗਿਆ ਹੈ, ਵਿੱਚ ਸਹੀ-ਸਲਾਮਤ ਹੈ ਅਤੇ ਬੱਚਿਆਂ ਤੇ ਅਧਿਆਪਕਾਂ ਨੂੰ ਠੰਢੀ ਛਾਂ ਦੇ ਰਿਹਾ ਹੈ। ਬਾਪੂ ਦੀ ਮਨਸ਼ਾ ਅਨੁਸਾਰ ਜੇ ਇਹ ਬੋਹੜ ਖੇਤ ਦੀ ਵੱਟ ਜਾਂ ਖੂਹ ਦੇ ਪੁੜਾਣੇ ਵਿੱਚ ਲੱਗ ਜਾਂਦਾ ਤਾਂ ਉਹ ਪਿੰਡ ਵਾਲੇ ਖੂਹ ਵਾਂਗ ਕਦੇ ਦਾ ਹਰੇ ਇਨਕਲਾਬ ਦੀ ਭੇਟ ਚੜ੍ਹ ਚੁੱਕਾ ਹੁੰਦਾ ਹੈ।
ਇਨ੍ਹਾਂ ਸੋਚਾਂ ਦੀ ਲੜੀ ਵਿੱਚ ਡੁੱਬਿਆ ਮੈਂ ਪੰੰਚਾਇਤੀ ਬੰਦਿਆਂ ਨੂੰ ਨਾਲ ਲੈ ਕੇ ਥਾਣੇ ਜਾ ਪਹੁੰਚਦਾ ਹਾਂ। ਸਾਡੇ ਵੱਲੋਂ ਛਿੰਦਰ ਨੂੰ ਬੇਗੁਨਾਹ ਦੱਸਣ ਤੇ ਛੀਂਟਕੇ ਸਰੀਰ ਵਾਲਾ ਛੇ ਫੁੱਟਾ ਥਾਣੇਦਾਰ ਹੁਕਮ ਸੁਣਾਉਦਾ ਹੈ, ਬਿਰਖਾਂ ਦੇ ਕਾਤਲਾਂ ਨਾਲ ਕਿਸੇ ਤਰ੍ਹਾਂ ਦੀ ਨਰਮੀ ਨਹੀਂ। ਮੇਰੇ ਇਹ ਅਰਜ਼ ਕਰਨ ’ਤੇ ਕਿ ਜਨਾਬ, ਸਮੱਸਿਆ ਦੇ ਹੱਲ ਲਈ ਚੋਰ ਦੀ ਬਜਾਏ ਚੋਰ ਦੀ ਮਾਂ ਨੂੰ ਫੜਨਾ ਜ਼ਿਆਦਾ ਬੇਹਤਰ ਹੋਵੇਗਾ। ਥਾਣੇਦਾਰ ਥੋੜ੍ਹਾ ਨਰਮ ਹੁੰਦਿਆਂ ਬੋਲਿਆ ਕਿ ਤੁਹਾਡੀ ਗੱਲ ਠੀਕ ਹੈ, ਆਹ ਬਾਬਿਆਂ ਨੇ ਬੜਾ ਕਹਿਰ ਢਾਹਿਆ ਹੈ। ਉਹ ਜਦੋਂ ਮਰਜ਼ੀ, ਜਿੱਥੇ ਮਰਜ਼ੀ, ਲੰਗਰ ਲਈ ਬਾਲਣ ਦੀ “ਸੇਵਾ”ਕਹਿ ਕੇ ਜਾ ਵਾਢਾ ਧਰਦੇ ਹਨ। ਉੱਤੋਂ ਸਿਆਸੀ ਲੋਕ ਵੀ, ਇਨ੍ਹਾਂ ਦੀ ਪੁਸ਼ਤਪਨਾਹੀ ਕਰਦੇ ਹਨ। ਜੰਗਲਾਤ ਵਾਲੇ ਵੀ ਇਨ੍ਹਾਂ ਤੋਂ ਡਰਦੇ ਹਨ, ਮਤੇ ਸਿਆਸੀ ਸਰਪ੍ਰਸਤਾਂ ਤੋਂ ਦਬਾਅ ਪਵਾ ਕੇ ਕਿਤੇ ਦੂਰ-ਦੁਰਾਡੇ ਬਦਲੀ ਨਾ ਕਰਵਾ ਦੇਣ। ਮੈਂ ਤੁਹਾਡੇ ਮੁੰਡੇ ਨੂੰ ਇਸ ਕਰਕੇ ਫੜ੍ਹਿਆ ਸੀ ਕਿ ਬਾਬੇ ਜਾਂ ਉਨ੍ਹਾਂ ਦਾ ਕੋਈ ਮੋਹਤਬਰ, ਇਸ ਨੂੰ ਛੁਡਾਉਣ ਹੀ ਆ ਜਾਵੇ। ਪਰ ਚੌਵੀ ਘੰਟੇ ਹੋ ਚੱਲੇ ਹਨ, ਉਨ੍ਹਾਂ ਦਾ ਕੋਈ ਨਹੀਂ ਬਹੁੜਿਆ। ਮੇਰਾ ਇਰਾਦਾ ਸੀ ਕਿ ਇਸ ਬਹਾਨੇ ਮੈਂ ਉਨ੍ਹਾਂ ਨੂੰੂ ਬੇਨਤੀ ਕਰਾਂ ਕਿ ਡੇਰੇ ’ਤੇ ਆਉਣ ਵਾਲਿਆਂ ਨੂੰ ਉਹ ਬੋਹੜ, ਪਿੱਪਲ ਤੇ ਨਿੰਮ ਦੀ ਤ੍ਰਿਵੈਣੀ ਦਾ ਪ੍ਰਸ਼ਾਦ ਵੰਡਿਆ ਕਰਨ ਅਤੇ ਹਦਾਇਤ ਕਰਿਆ ਕਰਨ ਕਿ ਉੁਹ ਇਨ੍ਹਾਂ ਬੂੂਟਿਆਂ ਨੂੰ ਆਪਣੇ ਘਰ, ਖੇਤ ਜਾਂ ਕਿਸੇ ਸਾਂਝੀ ਥਾਂ ਲਗਾ ਕੇ, ਇਨ੍ਹਾਂ ਦਾ ਪਾਲਣ-ਪੋਸ਼ਣ ਕਰਨ ਤਾਂ ਹੀ ਉਹ ਸੰਤਾਨ ਸੁੱਖ ਪ੍ਰਾਪਤ ਕਰ ਸਕਣਗੇ।
ਸੂਝਵਾਨ ਥਾਣੇਦਾਰ ਦੀ ਇਹ ਨੇਕ ਸਲਾਹ ਸੁਣ ਕੇ ਮੈਨੂੰ ਆਪਣੇ ਲੋਕਾਂ-ਲੀਡਰਾਂ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਦਾ ਖਿਆਲ ਆਇਆ ਕਿ ਕਿਵੇਂ ਅਸੀਂ ਲੋਕ ਹਰ ਸਾਲ ਧੂਮ-ਧਾਮ ਨਾਲ ਵਣਮਹਾਂਉਤਸਵ ਮਨਾਉਂਦੇ ਸਮੇਂ ਬਿਰਖਾਂ ਦੀ ਮਹੱਤਤਾ ਬਾਰੇ ਭਾਸ਼ਣ ਦਿੰਦੇ ਹਾਂ, ਚੇਤਨਾ ਮਾਰਚ ਕਰਦੇ ਹਾਂ, ਫੋਟੋਆਂ ਖਿਚਵਾ ਕੇ ਅਖਬਾਰਾਂ, ਰਸਾਲਿਆਂ ਵਿਚ ਛਪਵਾਉਂਦੇ ਹਾਂ। ਪਰ ਦੁਖਾਂਤ ਇਹ ਹੈ ਕਿ ਹਰ ਸਾਲ ਬੂਟਾ ਲਗਾਉਣ ਲਈ ਟੋਆ ਉਹੋ ਹੀ ਚੁਣਦੇ ਹਾਂ, ਜਿਸ ਵਿੱਚ ਪਿਛਲੇ ਸਾਲ ਬੂਟਾ ਲਗਾਇਆ ਗਿਆ ਹੁੰਦਾ ਹੈ ਤੇ ਲੋੜੀਂਦੀ ਸਾਂਭ-ਸੰਭਾਲ ਤੇ ਪਾਣੀ ਖੁਣੋਂ ਪਹਿਲੇ ਸਾਲ ਵਣ-ਮਹਾਂਉਤਸਵ ਸਮੇਂ ਲਗਾਇਆ ਗਿਆ ਬੂਟਾ, ਅਗਲੇ ਸਾਲ ਵਣ-ਮਹਾਂਉਤਸਵ ਵਾਲੇ ਦਿਨ ਖਤਮ ਹੋ ਗਿਆ ਹੁੰਦਾ ਹੈ ਅਤੇ ਉਹੀ ਟੋਆ ਨਵਾਂ ਬੂਟਾ ਲਾਉਣ ਲਈ ਖ਼ਾਲੀ ਹੁੰਦਾ ਹੈ।


Comments Off on ਰੁੱਖਾਂ ਦੀ ਸਰਪ੍ਰਸਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.