ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਮਜ਼ਬੂਤ ਨੀਂਹਾਂ ’ਤੇ ਉਸਰਦੇ ਨੇ ਮਹਿਲ

Posted On August - 28 - 2010

ਜਸਪਾਲ ਸਿੰਘ ਨਾਗਰਾ

ਮੇਰਾ ਬਚਪਨ ਪੰਘੂੜਿਆਂ ਦੇ ਹੁਲਾਰਿਆਂ ’ਚ ਨਹੀਂ ਸਗੋਂ ਮੱਝਾਂ ਦੀਆਂ ਪਿੱਠਾਂ ’ਤੇ ਝੂਟੇ ਲੈਂਦਿਆਂ ਬੀਤਿਆ। ਅੱਜ ਦੇ ਬੱਚਿਆਂ ਵਾਂਗ ਸਾਨੂੰ ਕੋਈ ਸਕੂਲ ਛੱਡਣ ਨਹੀਂ ਸੀ ਜਾਇਆ ਕਰਦਾ। ਮੈਨੂੰ ਯਾਦ ਐ, ਜਿਹੜੀ ਫੱਟੀ ਚਾਰ ਸਾਲ ਮੈਂ ਵਰਤੀ ਮੇਰੇ ਤੋਂ ਪਹਿਲਾਂ ਉਹੀ ਫੱਟੀ ਮੇਰੇ ਛੋਟੇ ਮਾਮੇ ਕੋਲ ਹੋਇਆ ਕਰਦੀ ਸੀ। ਮੈਂ ਨਾਨਕੀ ਰਹਿਣ ਕਰਕੇ ਆਪਣੀ ਨਾਨੀ ਨਾਲ ਜਿਸ ਪਾਸੇ ਮੱਝਾਂ ਚਾਰਿਆ ਕਰਦਾ ਸੀ, ਉਸ ਪਾਸਿਓਂ ਲੰਘਦੇ ਰਸਤੇ ਰਾਹੀਂ ਮਾਸਟਰ ਜੋਗਿੰਦਰ ਸਿੰਘ ਆਪਣੇ ਪਿੰਡ ਖੰਡੂਪੁਰ ਤੋਂ ਸਕੂਲ ਆਇਆ-ਜਾਇਆ ਕਰਦੇ ਸਨ। ਇਕ ਦਿਨ ਉਨ੍ਹਾਂ ਮੇਰੀ ਨਾਨੀ ਨੂੰ ਕਿਹਾ ਕਿ ਹੁਣ ਇਸ ਬੱਚੇ ਨੂੰ ਪੜ੍ਹਨ ਲਈ ਸਕੂਲ ਭੇਜਿਆ ਕਰੋ। ਉਸ ਤੋਂ ਅਗਲੇ ਦਿਨ ਹੀ ਮੇਰਾ ਨਾਂ ਸਕੂਲ ਦੇ ਰਜਿਸਟਰਾਂ ਵਿਚ ਚੜ੍ਹ ਗਿਆ ਸੀ।
ਮੇਰੇ ਨਾਨਕਾ ਪਿੰਡ ਫਿਰਨੀ ਮਜਾਰਾ ਦਾ ਸਕੂਲ ਪਿੰਡ ਤੋਂ ਕਾਫੀ ਬਾਹਰਵਾਰ ਹੋਇਆ ਕਰਦਾ ਸੀ। ਅਸੀਂ ਸਕੂਲ ਲੱਗਣ ਤੋਂ ਅੱਧਾ-ਪੌਣਾ ਘੰਟਾ ਪਹਿਲਾਂ ਹੀ ਸਕੂਲ ਪਹੁੰਚ ਜਾਣਾ। ਸਕੂਲ ਦੀ ਸਾਫ-ਸਫਾਈ ਦਾ ਕੰਮ ਵੀ ਬੱਚਿਆਂ ਦੇ ਜ਼ਿੰਮੇ ਹੀ ਹੋਇਆ ਕਰਦਾ ਸੀ। ਜਦੋਂ ਜੋਗਿੰਦਰ ਸਿੰਘ ਹੋਰਾਂ ਲੰਬਾ ਕੁੜਤਾ, ਚੂੜੀਦਾਰ ਪਜ਼ਾਮਾ ਅਤੇ ਪੋਚਵੀਂ ਪੱਗ ਬੰਨ੍ਹੀਂ ਸਾਡੇ ਦੂਰੋਂ ਨਜ਼ਰੀ ਪੈ ਜਾਣਾ ਤਾਂ ਅਸੀਂ ਭੱਜ ਕੇ ਜਾ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਤੇ ਫੇਰ ਉਨ੍ਹਾਂ ਕੋਲੋਂ ਸਾਈਕਲ ਫੜ ਕੇ ਉਸ ਨੂੰ ਟਾਹਲੀ ਦੀ ਛਾਵੇਂ ਖੜ੍ਹਾ ਕਰ ਦੇਣਾ। ਉਨ੍ਹਾਂ ਦੀ ਸ਼ਖਸੀਅਤ ਵਿਲੱਖਣ ਸੀ। ਉਨ੍ਹਾਂ ਨੇ ਮੈਨੂੰ ਲੁਹਾਰ ਦੇ ਖੁਰਪਾ ਚੰਡਣ ਵਾਂਗ ਚੰਡਿਆ। ਉਦੋਂ ਅੱਜ-ਕੱਲ੍ਹ ਦੇ ਅਧਿਆਪਕਾਂ ਵਾਂਗ ਪੜ੍ਹਾਈ ਦੇ ਮਾਮਲੇ ਵਿਚ ਕਿਸੇ ਨਾਲ ਲਿਹਾਜ਼ ਨਹੀਂ ਸੀ ਕੀਤੀ ਜਾਂਦੀ। ਉਦੋਂ ਉਨ੍ਹਾਂ ਦੀਆਂ ਦੋ ਲੜਕੀਆਂ ਅਤੇ ਦੋ ਭਤੀਜੇ ਵੀ ਸਾਡੇ ਸਕੂਲ ਵਿਚ ਹੀ ਪੜ੍ਹਦੇ ਸਨ। ਉਹ ਪੜ੍ਹਾਈ ਵਿਚ ਥੋੜ੍ਹਾ ਕਮਜ਼ੋਰ ਹੋਣ ਕਰਕੇ ਸ਼ਾਇਦ ਹੀ ਕਿਸੇ ਦਿਨ ਕੁੱਟ ਖਾਣ ਤੋਂ ਬਚੇ ਹੋਣ। ਇਕ ਦਿਨ ਤਾਂ ਬੜਾ ਅਜੀਬ ਹੀ ਵਾਕਿਆ ਹੋਇਆ। ਮਾਸਟਰ ਹੋਰੀਂ ਉਨ੍ਹਾਂ ਤੋਂ ਪਹਿਲਾਂ ਸਕੂਲ ਪਹੁੰਚ ਗਏ। ਉਹ ਸਕੂਲ ਲੱਗਣ ਤੋਂ ਪੰਜ-ਸੱਤ ਮਿੰਟ ਲੇਟ ਪਹੁੰਚੇ। ਜਿਸ ਦਾ ਅਸਲ ਕਾਰਨ ਸਾਈਕਲ ਦੇ ਟਾਇਰ ਵਿਚੋਂ ਹਵਾ ਦਾ ਨਿਕਲਿਆ ਹੋਣਾ ਸੀ। ਇਸ ਬਾਰੇ ਮਾਸਟਰ ਹੋਰਾਂ ਨੂੰ ਵੀ ਜਾਣਕਾਰੀ ਸੀ ਪਰ ਉਨ੍ਹਾਂ ਨੇ ਫੇਰ ਵੀ ਉਨ੍ਹਾਂ ਨੂੰ ਨਾ ਬਖਸ਼ਿਆ। ਉਹ ਬਥੇਰਾ ਕਹਿਣ ਕੇ ਜੀ ਸਾਡਾ ਕਸੂਰ ਨਹੀਂ ਪਰ ਮਾਸਟਰ ਹੋਰੀਂ ਇਕੋ ਗੱਲ ’ਤੇ ਅੜੇ ਰਹੇ ਕਿ ਤੁਸੀਂ ਸਵੇਰੇ ਸਵੱਖਤੇ ਉੱਠ ਕੇ ਸਾਈਕਲ ਦੇ ਟਾਇਰਾਂ ਦੀ ਹਵਾ ਚੈੱਕ ਕਿਉਂ ਨਾ ਕੀਤੀ। ਜਦੋਂ ਮਾਸਟਰ ਹੋਰਾਂ ਨੇ ਸਕੂਲ ਪਹੁੰਚ ਜਾਣਾ ਤਾਂ ਬੱਚਿਆਂ ਨੇ ਆਪਣੀ ਖੇਡ ਛੱਡ ਕੇ ਇਕਦਮ ਅਨੁਸ਼ਾਸਨ ਵਿਚ ਹੋ ਕੇ ਕਤਾਰਾਂ ਬਣਾ ਕੇ ਖੜ੍ਹੇ ਹੋ ਜਾਣਾ। ਵਿਹਲੇ ਬੈਠਣਾ ਉਨ੍ਹਾਂ ਦੀ ਸੋਚ ਦਾ ਹਿੱਸਾ ਨਹੀਂ ਸੀ। ਜਿੰਨਾ ਸਮਾਂ ਉਨ੍ਹਾਂ ਨੇ ਸਕੂਲ ਵਿਚ ਰਹਿਣਾ, ਬੱਸ ਕੋਹਲੂ ਦੇ ਬੈਲ ਵਾਂਗ ਡਟੇ ਰਹਿਣਾ। ਸਵਾਏ, ਡੇਢੇ, ਢਾਏ ਦੇ ਪਹਾੜੇ ਤਾਂ ਅਸੀਂ ਸੁਪਨੇ ਵਿਚ ਵੀ ਗੁਣਗੁਣਾਉਂਦੇ ਰਹਿੰਦੇ ਸੀ।
ਸਿਆਣਿਆਂ ਦਾ ਕਥਨ ਹੈ, ‘‘ਮਜ਼ਬੂਤ ਨੀਂਹ ’ਤੇ ਮਜ਼ਬੂਤ ਮਹਿਲ ਉਸਾਰਿਆ ਜਾ ਸਕਦਾ ਹੈ।’’ ਮੇਰੀ ਨੀਂਹ ਨੂੰ ਮਜ਼ਬੂਤ ਕਰਨ ਲਈ ਜੋਗਿੰਦਰ ਸਿੰਘ ਹੋਰਾਂ ਨੇ ਖੂਬ ਪਾਣੀ ਲਾ ਲਾ ਕੇ ਥਾਪੜਿਆ। ਮੈਂ ਉਨ੍ਹਾਂ ਦੀ ਬਦੌਲਤ ਐਮ.ਐਸਸੀ., ਐਮ.ਐੱਡ. ਤੱਕ ਦੀ ਪੜ੍ਹਾਈ ਕਰਨ ਵਿਚ ਸਫਲ ਹੋ ਗਿਆ ਹਾਂ। ਉਹ ਸਾਰੀ ਉਮਰ ਮੇਰੇ ਅੰਗ-ਸੰਗ ਵਿਚਰਦੇ ਰਹਿਣਗੇ। ਉਨ੍ਹਾਂ ਦੇ ਚਰਨਾਂ ਵਿਚ ਮੇਰਾ ਹਰ ਵਕਤ ਸਲਾਮ। ਉਹ ਜਿੱਥੇ ਵੀ ਰਹਿਣ ਪ੍ਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ। ਇਹੋ ਜਿਹੇ ਮਿਹਨਤੀ ਅਧਿਆਪਕਾਂ ਦੀ ਕਮੀ ਕਾਰਨ ਹੀ ਪ੍ਰਾਇਮਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਨਿਘਰਦਾ ਜਾ ਰਿਹਾ ਹੈ।


Comments Off on ਮਜ਼ਬੂਤ ਨੀਂਹਾਂ ’ਤੇ ਉਸਰਦੇ ਨੇ ਮਹਿਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.