ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਮੁਸਾਫ਼ਰ ਤੇ ਕਿਤਾਬਾਂ

Posted On August - 22 - 2010

ਨਰਿੰਦਰ ਪਾਲ ਸਿੰਘ

ਪੰਜਾਬ ਦੀਆਂ ਬੱਸਾਂ ’ਚ ਸਫਰ ਕਰਦਿਆਂ ਦੋ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਹਨ। ਜਾਂ ਤਾਂ ਸੁੱਤੇ ਪਏ ਲੋਕ ਜਾਂ ਫਿਰ ਉਰਲੀਆਂ-ਪਰਲੀਆਂ ਯਭਲੀਆਂ ਮਾਰਨ ਵਾਲੇ। ਜੇ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ’ਚ ਲੋਕਲ ਬੱਸਾਂ ਵਿੱਚ ਸਫਰ ਕਰੋ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਲੋਕਾਂ ਤੋਂ ਇਲਾਵਾ ਤੀਸਰੀ ਕਿਸਮ ਦੇ ਉਹ ਮੁੰਡੇ-ਕੁੜੀਆਂ ਹੁੰਦੇ ਹਨ, ਜੋ ਈਅਰ-ਫੋਨ ਲਾਈ ਰੇਡੀਓ ਐਫ.ਐਮ. ਚੈਨਲ ਸੁਣਨ ’ਚ ਮਸਰੂਫ ਹੁੰਦੇ ਨੇ। ਬਹੁਤ ਘੱਟ ਇਨਸਾਨ ਹਨ ਜਿਹੜੇ ਸਫਰ ਦੌਰਾਨ ਕਿਤਾਬਾਂ ਪੜ੍ਹਦੇ ਮਿਲਣਗੇ।
ਮੇਰੇ ਦੋਸਤਾਂ ’ਚ ਦੋ ਅਜਿਹੇ ਹਨ ਜਿਨ੍ਹਾਂ ’ਚੋਂ ਇੱਕ ਕਈ ਸਾਲ ਕੋਲਕਾਤਾ ਰਹਿ ਕੇ ਆਇਆ ਹੈ ਅਤੇ ਦੂਸਰਾ 7 ਸਾਲ ਇੰਗਲੈਂਡ ਰਹਿ ਕੇ ਵਤਨ ਪਰਤਿਆ ਹੈ। ਕੋਲਕਾਤਾ ਵਾਲਾ ਮਿੱਤਰ ਦੱਸਦਾ ਹੁੰਦਾ ਏ ਕਿ ਬੰਗਾਲੀ ਲੋਕ ਕਿਤਾਬਾਂ ਪੜ੍ਹਨ ਦੇ ਐਨੇ ਸ਼ੌਕੀਨ ਹਨ ਕਿ ਸਫਰ ਦੌਰਾਨ ਉਨ੍ਹਾਂ ਕੋਲ ਸਾਮਾਨ ਘੱਟ ਹੁੰਦਾ ਹੈ ਅਤੇ ਕਿਤਾਬਾਂ ਦੀ ਪੰਡ ਜ਼ਿਆਦਾ। ਇਸੇ ਤਰ੍ਹਾਂ ਇੰਗਲੈਂਡ ’ਚ ਬੱਸਾਂ ਅਤੇ ਰੇਲਾਂ ਦੇ ਸਫਰ ਦੌਰਾਨ ਤਕਰੀਬਨ ਹਰੇਕ ਵਿਅਕਤੀ ਕੁਝ ਨਾ ਕੁਝ ਪੜ੍ਹਦਾ ਜ਼ਰੂਰ ਮਿਲ ਜਾਂਦਾ ਹੈ।
ਪੰਜਾਬੀਆਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਦਾ ਅੰਦਾਜ਼ਾ ਤਾਂ ਇੱਥੋਂ ਹੀ ਲਗਾਇਆਂ ਜਾ ਸਕਦਾ ਹੈ ਕਿ ਇੱਥੇ ਤਰਤੀਬਵਾਰ ਜਾਂ ਵਿਉਂਤਬੰਦੀ ਅਨੁਸਾਰ ਕੋਈ ਵੀ ਵੱਡਾ ਪੁਸਤਕ ਮੇਲਾ ਨਹੀਂ ਲੱਗਦਾ। ਜਦਕਿ ਸਾਡੇ ਲੇਖਕਾਂ ਦੀ ਗਿਣਤੀ ਵੱਡੀਆਂ ਭਾਸ਼ਾਵਾਂ ਦੇ ਲੇਖਕਾਂ ਜਿੰਨੀ ਹੀ ਹੋਵੇਗੀ! ਹਾਲੇ ਤਾਂ ਏਨਾ ਸਬਰ ਹੈ ਕਿ ਜਲੰਧਰ ਵਿਖੇ ਹਰ ਸਾਲ ਜੁੜਨ ਵਾਲੇ ਗਦਰੀ ਬਾਬਿਆਂ ਦੇ ਮੇਲੇ ’ਚ ਕਿਤਾਬਾਂ ਪੜ੍ਹਨ ਦੇ ਸ਼ੌਕੀਨਾਂ ਦਾ ‘ਕੀੜਾ’ ਕੁਝ ਹੱਦ ਤੱਕ ਸ਼ਾਂਤ ਹੋ ਜਾਂਦਾ ਹੈ।
ਸਫਰ ਦੌਰਾਨ ਕਿਤਾਬਾਂ ਪੜ੍ਹਨ ’ਚ ਬੰਗਾਲੀ, ਅੰਗਰੇਜ਼ ਅਤੇ ਯੂਰਪੀਅਨ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਜਦਕਿ ਗਿਣਤੀ ਪੱਖੋਂ ਕਿਤਾਬਾਂ ਛਾਪਣ ’ਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ! ਪੰਜਾਬੀ ਪਾਠਕ ਵਰਗ ਦੀ ਇਸ ਤੋਂ ਵੱਡੀ ਹੋਰ ਕੀ ਤਰਾਸਦੀ ਹੋਵੇਗੀ ਕਿ ਸਫਰ ਦੌਰਾਨ ਵਧੇਰੇ ਲੋਕ ਤਾਂ ਦੋ ਰੁਪਏ ਦਾ ਅਖਬਾਰ ਖਰੀਦ ਕੇ ਪੜ੍ਹਨ ਤੋਂ ਵੀ ਸੰਕੋਚ ਕਰਦੇ ਹਨ।
ਪਿਛਲੇ ਕੁਝ ਸਮੇਂ ਤੋਂ ਮੁਸਾਫਰਾਂ ਦੀ ਇੱਕ ਨਵੀਂ ਕਿਸਮ ਦਾ ਜਨਮ ਹੋਇਆ ਹੈ। ਇਹ ਉਹ ਮੁੰਡੇ-ਕੁੜੀਆਂ ਹਨ ਜੋ ਬੱਸ ਚੜ੍ਹਦੇ ਸਾਰ ਹੀ ਮੋਬਾਈਲ ਫੋਨ ਕੰਨ ਨੂੰ ਲਾ ਲੈਣਗੇ ਅਤੇ ਬੱਸ ’ਚੋਂ ਉਤਰਨ ਤੱਕ ਪਤਾ ਨੀ ਕੀ ਘੁਸਰ-ਮੁਸਰ ਕਰਦੇ ਰਹਿੰਦੇ ਹਨ।
ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ‘ਫਜ਼ੂਲ’ ਖਾਣ-ਪੀਣ ’ਤੇ ਤਾਂ ਸੈਂਕੜੇ ਰੁਪਏ ਖਰਚ ਦੇਣਗੇ ਪਰ ਸੌ ਰੁਪਏ ਦੀ ਕਿਤਾਬ ਨਹੀਂ ਖਰੀਦਣਗੇ। ਦਿੱਲੀ ਦੇ ਪ੍ਰਗਤੀ ਮੈਦਾਨ ’ਚ ਹਰ ਸਾਲ ਲੱਗਣ ਵਾਲੇ ਪੁਸਤਕ ਮੇਲੇ ਦੌਰਾਨ ਸਤੰਬਰ 2007 ‘ਚ ਮੇਰਾ ਇੱਕ ਸਾਥੀ ਕਰਾਚੀ ਤੋਂ ਆ ਕੇ ਲਗਾਈ ਚਿਕਨ ਸਟਾਲ ’ਤੇ ਤਾਂ 100 ਰੁਪਏ ਦਾ ਮੁਰਗਾ ਖਾ ਗਿਆ ਪਰ 95 ਰੁਪਏ ਦੀ ਚੇਤਨ ਭਗਤ ਦੀ ਇੱਕ ਕਿਤਾਬ ਖਰੀਦਣ ’ਚ ਕਿਰਸ ਕਰ ਗਿਆ। ਇਸ ਬੈਸਟ ਸੈਲਰ ਕਿਤਾਬ (ਵਨ ਨਾਈਟ ਐਟ ਦੀ ਕਾਲ ਸੈਂਟਰ) ’ਤੇ ਜਦੋਂ ਬਾਅਦ ’ਚ ‘ਹੈਲੋ’ ਫਿਲਮ ਬਣਨ ਦਾ ਐਲਾਨ ਹੋਇਆ ਤਾਂ ਕਹਿੰਦਾ ‘ਯਾਰ ਉਹ ਕਿਤਾਬ ਦੇਈਂ, ਪੜ੍ਹ ਕੇ ਦੇਖਾਂ ਤਾਂ ਭਲਾ ਕੀ ਐ ਉਸ ਵਿੱਚ।’
ਜੇਕਰ ਕਦੇ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫਰ ਕਰੋ ਤਾਂ ਖਮਾਣੋਂ ਤੋਂ ਥੋੜ੍ਹਾ ਜਿਹਾ ਅੱਗੇ ਰਾਣਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਸੱਜੇ ਹੱਥ ਪੀ. ਆਰ. ਟੀ. ਸੀ./ ਪੰਜਾਬ ਰੋਡਵੇਜ਼/ ਸੀ.ਟੀ.ਯੂ. ਦੀਆਂ ਬੱਸਾਂ ਇੱਕ ਢਾਬੇ ’ਤੇ ਰੁਕਦੀਆਂ ਹਨ। ਉਸ ਢਾਬੇ ਦੇ ਨਾਲ ਹੀ ਕਿਤਾਬਾਂ ਦਾ ਇੱਕ ਛੋਟਾ ਜਿਹਾ ਪਰ ਪ੍ਰਭਾਵਸ਼ਾਲੀ ਖੋਖਾ ਹੈ। ਇਸ ਛੋਟੀ ਜਿਹੀ ਦੁਕਾਨ ’ਚ ਪੰਜਾਬੀ ਦੀਆਂ ਪੜ੍ਹਨ ਯੋਗ ਅਨੇਕਾਂ ਪੁਸਤਕਾਂ ਪਈਆਂ ਹਨ। ਮੁਹਾਲੀ ਨੌਕਰੀ ਕਰਨ ਕਰਕੇ ਮੇਰਾ ਇਹ ਨਿੱਤ ਦਾ ਰੂਟ ਹੈ। ਸਵਾਰੀਆਂ ਬੱਸ ’ਚੋਂ ਉਤਰ ਕੇ ਬਰੈੱਡ ਪਕੌੜਿਆਂ ਨੂੰ ਤਾਂ ਗੇੜਾ ਦੇਈ ਰੱਖਣਗੀਆਂ ਪਰ ਉਸ ਕਿਤਾਬਾਂ ਦੀ ਦੁਕਾਨ ਵੱਲ ਜਾਣ ਦੀ ਖੇਚਲ ਨਹੀਂ ਕਰਦੇ। ਕਿਤਾਬ ਖਰੀਦਣਾ ਤਾਂ ਇੱਕ ਪਾਸੇ, ਬਹੁਤੀਆਂ ਸਵਾਰੀਆਂ ਤਾਂ ਉੱਧਰ ਨੂੰ ਦੇਖਦੀਆਂ ਤੱਕ ਨਹੀਂ।
ਇਹ ਠੀਕ ਹੈ ਕਿ ਅੱਜ ਦੇ ਸਮੇਂ ’ਚ ਕਿਤਾਬਾਂ ਪੜ੍ਹਨ ਲਈ ਖਾਸ ਸਮਾਂ ਕੱਢਣਾ ਵਧੇਰੇ ਲੋਕਾਂ ਦੇ ਹੱਥੋਂ-ਵੱਸੋਂ ਬਾਹਰ ਹੋ ਚੁੱਕਾ ਹੈ। ਪਰ ਬੱਸ ਜਾਂ ਰੇਲ ਗੱਡੀ ’ਚ ਸਫਰ ਕਰਦਿਆਂ ਤਾਂ ਘੱਟੋ-ਘੱਟ ਕੁਝ ਨਾ ਕੁਝ ਪੜ੍ਹਿਆ ਹੀ ਜਾ ਸਕਦਾ ਹੈ। ਐਵੇਂ ਦੂਸਰੀਆਂ ਸਵਾਰੀਆਂ ਦੇ ਮੋਢਿਆਂ ’ਤੇ ਗਰਦਨ ਸੁੱਟੀ ਮੂੰਹ ਖੋਲ੍ਹ ਕੇ ਊਂਘਦੇ ਰਹਿਣ ਨਾਲੋਂ ਕਿਸੇ ਕਿਤਾਬ ’ਤੇ ਹੀ ਨਜ਼ਰਾਂ ਦੌੜਾਂ ਲੈਣੀਆਂ ਚਾਹੀਦੀਆਂ ਹਨ। ਇੱਕ ਨੀਰਸ ਮੁਸਾਫਿਰ ਨਾਲੋਂ ਇੱਕ ਚੰਗੇ ਪਾਠਕ ਦੇ ਤੌਰ ‘ਤੇ ਸਫਰ ਕਰਨ ਦਾ ਜੋ ਨਜ਼ਾਰਾ ਹੈ, ਉਸ ਦਾ ਅਨੁਭਵ ਤਾਂ ਮਾਣਿਆਂ ਹੀ ਪਤਾ ਚੱਲਦਾ ਹੈ। ਆਪਣਾ ਅਗਲਾ ਸਫਰ ਇੱਕ ਕਿਤਾਬ ਪੜ੍ਹਦਿਆਂ ਪੂਰਾ ਕਰਕੇ ਤਾਂ ਦੇਖੋ!


Comments Off on ਮੁਸਾਫ਼ਰ ਤੇ ਕਿਤਾਬਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.