ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਬੁਝ ਰਹੇ ਚਿਰਾਗ਼ ਪੁਆਧ ਦੇ

Posted On August - 21 - 2010

ਹਰਨੇਕ ਸਿੰਘ ਘੜੂੰਆਂ

ਭਾਵੇਂ ਨਾਪ ਤੋਲ ਕੇ ਕੋਈ ਪੱਕੀ ਲਕੀਰ ਨਹੀਂ ਖਿੱਚੀ ਜਾ ਸਕਦੀ, ਪਰ ਸਤਲੁਜ ਅਤੇ ਘੱਗਰ ਦੇ ਵਿਚਕਾਰ ਦੇ ਕੁਝ ਇਲਾਕੇ ਨੂੰ ਪੁਆਧ ਕਿਹਾ ਜਾ ਸਕਦਾ ਹੈ। ਇਹ ਸੰਸਕ੍ਰਿਤ ਦੇ ਵਿਗੜੇ ਹੋਏ ਸ਼ਬਦ ਪੂਰਵ ਅਰਧ ਤੋਂ ਬਣਿਆ ਹੈ। ਇਸ ਦਾ ਗੱਭ ਬੈਦਵਾਣਾਂ ਦੇ ਪਿੰਡਾਂ ਨੂੰ ਕਿਹਾ ਜਾ ਸਕਦਾ ਹੈ। ਇਸ ਇਲਾਕੇ ਦੇ ਪਿੰਡਾਂ ਵਿਚ ਕਾਫੀ ਸਮੇਂ ਤੋਂ ਅਖਾੜੇ ਲਾਉਣ ਦੀ ਇਕ ਪਰੰਪਰਾ ਚਲੀ ਆ ਰਹੀ ਸੀ। ਇਨ੍ਹਾਂ ਵਿਚੋਂ ਇਕ ਖਾਸ ਪਰੰਪਰਾ ਭਗਤ ਆਸਾ ਰਾਮ ਤੋਂ ਸ਼ੁਰੂ ਹੋਈ। ਭਗਤ ਜੀ ਨੇ ਪਿੰਡ ਸੋਹਾਣੇ ਦੇ ਵਿਦਵਾਨ ਪੰਡਤ ਨਰਾਇਣ ਦਾਸ ਤੋਂ ਕਥਾ ਸੁਣਨੀ ਸ਼ੁਰੂ ਕੀਤੀ। ਬਾਅਦ ਵਿਚ ਆਪ ਵੀ ਵੱਡੇ ਵਿਦਵਾਨ ਹੋ ਗੁਜਰੇ।
ਡੰਗਰ-ਵੱਛਾ ਚਾਰਦਿਆਂ ਭਗਤ ਜੀ ਸਾਥੀ ਮੁੰਡਿਆਂ ਨਾਲ ਰਲ ਕੇ ਬੋਲੀਆਂ ਪਾਉਂਦੇ ਤੇ ਡੰਡਿਆਂ ਦੇ ਸਾਜ਼ ਬਣਾ ਲੈਂਦੇ। ਹੌਲੀ-ਹੌਲੀ ਇਸ ਟੋਲੀ ਨੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਹੁਣ ਇਨ੍ਹਾਂ ਕੋਲ ਸਾਜ਼ਾਂ ਦੇ ਰੂਪ ਵਿਚ ਸਾਰੰਗਾ, ਢੋਲਕ, ਟਮਕੀਆਂ ਅਤੇ ਖੜਤਾਲਾਂ ਆ ਗਈਆਂ। ਇਸ ਤੋਂ ਇਲਾਵਾ ਇਕ ਗੜਵਾ ਵਜਾਉਣ ਵਾਲਾ ਅਤੇ ਇਕ ਮਸ਼ਾਲਚੀ ਹੁੰਦਾ ਸੀ। ਕਿਸੇ-ਕਿਸੇ ਅਖਾੜੇ ਵਿਚ ਬਘਤੂ ਵਜਾਉਣ ਵਾਲਾ ਹੁੰਦਾ ਸੀ। ਇਨ੍ਹਾਂ ਦੀ ਤਰਤੀਬ ਇਸ ਤਰ੍ਹਾਂ ਹੁੰਦੀ ਸੀ, ਗਮੰਤਰੀ ਦੇ ਨਾਲ ਢੋਲਕ ਅਤੇ ਸਾਰੰਗੇ ਵਾਲੇ ਅੱਗੇ ਖੜਦੇ ਸਨ, ਟਮਕੀਆ ਵਾਲੇ ਤਿੰਨ ਬੰਦੇ ਅਗਲੀ ਕਤਾਰ ਵਿਚ ਇਨ੍ਹਾਂ ਦੇ ਪਿੱਛੇ ਖੜਤਾਲਾਂ ਵਾਲੇ ਦੋ ਬੰਦੇ ਹੁੰਦੇ ਸਨ। ਨਚਾਰ ਦੇ ਨਾਲ ਮਸ਼ਾਲਚੀ ਅਤੇ ਗੜਵੇ ਵਾਲੇ ਦਾ ਮੁਕਾਬਲਾ ਚਲਦਾ ਰਹਿੰਦਾ ਸੀ। ਸਾਰੰਗੇ ਵਾਲੇ ਅਤੇ ਢੋਲਕੀ ਵਾਲਾ ਗਮੰਤਰੀ ਨਾਲ ਬੋਲ ਭਰਦੇ ਸਨ। ਤੇ ਦੂਸਰੇ ਸਾਜ਼ੀ ਬੋਲਾਂ ਨੂੰ ਚੁੱਕਦੇ ਸਨ। ਇਹ ਪਿੰਡਾਂ ਵਿਚ ਲੋਕਾਂ ਨੂੰ ਗੋਲ ਦਾਇਰੇ ਵਿਚ ਬਿਠਾ ਕੇ ਵਗੈਰ ਕਿਸੇ ਮਾਈਕ ਜਾਂ ਸਪੀਕਰ ਦੇ ਹੌਲੀ-ਹੌਲੀ ਘੁੰਮ-ਘੁੰਮ ਕੇ ਗਾਉਣ ਸੁਣਾਉਦੇ ਹੁੰਦੇ ਸਨ।
ਇਨ੍ਹਾਂ ਵਿਚ ਕਈ ਕਿਸਮ ਦੀਆਂ ਸਾਹਿਤਕ ਰਚਨਾਵਾਂ ਗਾਈਆਂ ਜਾਂਦੀਆਂ ਸਨ, ਦੋਹਰੇ ਬੈਂਤਾਂ, ਕੋਰੜੇ, ਬੋਲੀ, ਵਾਜ਼, ਬਹੁੜੀ ਤੋਂ ਬਗੈਰ ਹੋਰ ਕਾਫੀ ਕਿਸਮ ਦੀਆਂ ਵੰਨਗੀਆਂ ਗਾਈਆਂ ਜਾਂਦੀਆਂ। ਭਗਤ ਆਸਾ ਰਾਮ ਨਾਲ ਹੁੱਕਾ ਵੀ ਰੱਖਦੇ ਸਨ ਜੋ ਨਾਲ-ਨਾਲ ਪੀਂਦੇ ਰਹਿੰਦੇ ਸਨ, ਪਰ ਸ਼ਰਾਬ ਨਹੀਂ ਪੀਂਦੇ ਸਨ। ਇਨ੍ਹਾਂ ਦਾ ਜੇਠਾ ਚੇਲ ਨਾਥਾ ਸੀ। ਇਸ ਤੋਂ ਬਾਅਦ ਪੂਰਨ ਚੇਲਾ ਬਣਿਆ। ਸੰਨ 1933 ਵਿਚ ਭਗਤ ਆਸਾ ਰਾਮ ਦੀ ਮੌਤ ਹੋ ਗਈ।
ਇਸ ਪਰੰਪਰਾ ਦਾ ਕੋਈ ਵੀ ਗਮੰਤਰੀ ਜਾਂ ਸਾਜ਼ੀ ਪੈਸਾ ਨਹੀਂ ਲੈਂਦਾ ਸੀ। ਇਨ੍ਹਾਂ ਨਾਲ ਜੁੜੇ ਲੋਕ ਜਾਂ ਤਾਂ ਖਾਂਦੇ-ਪੀਂਦੇ ਘਰਾਂ ਦੇ ਮੁੰਡੇ ਹੁੰਦੇ ਸਨ ਜਾਂ ਉਹ ਲੋਕ ਹੁੰਦੇ ਸਨ ਜਿਨ੍ਹਾਂ ਨੇ ਘਰ-ਬਾਰ ਤੋਂ ਅੱਖਾਂ ਫੇਰ ਕੇ ਫਕੀਰੀ ਕਮਾਉਣੀ ਹੁੰਦੀ ਸੀ। ਇਸ ਤਰ੍ਹਾਂ ਦੇ ਅਖਾੜੇ ਕੁਝ ਹੋਰ ਲੋਕ ਵੀ ਲਾਉਂਦੇ ਰਹੇ ਹਨ ਜਿਨ੍ਹਾਂ ਨੇ ਅਖਾੜਿਆਂ ਵਿਚ ਪੈਸੇ ਲੈਣੇ ਸ਼ੁਰੂ ਕਰ ਦਿੱਤੇ।   ਇਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ: ਪੰਡਤ ਪਰਮਾਨੰਦ ਬਠਾਉਣਿਆਂ ਵਾਲਾ, ਬਚਨਾ ਕਾਰਕੌਰੀਆ, ਪ੍ਰਤਾਪਾ ਕਜਹੇੜੀ ਵਾਲਾ, ਕਾਕਾ ਕਜਹੇੜੀ ਵਾਲਾ ਅਤੇ ਅੰਨ੍ਹਾਂ ਰਕੌਲੀ ਵਾਲੇ ਦੇ ਨਾਂ ਵਰਣਨਯੋਗ ਹਨ। ਇਹ ਨਚਾਰ ਨੂੰ ਸਿਰ ’ਤੇ ਝੋਨਾ ਦੇ ਕੇ ਨਚਾਉਂਦੇ ਸਨ। ਦੂਸਰੇ ਜਿਹੜੇ ਗਮੰਤਰੀ ਪੈਸੇ ਨਹੀਂ ਲੈਂਦੇ ਸਨ ਉਹ ਨਚਾਰ ਦੇ ਸਿਰ ’ਤੇ ਪਗੜੀ ਬੰਨ ਕੇ ਰੱਖਦੇ ਸਨ। ਭਗਤ ਆਸਾ ਰਾਮ ਤੋਂ ਬਾਅਦ ਭਗਤ ਪੂਰਨ ਨੇ ਗਾਇਕੀ ਵਿਚ ਚੋਖਾ ਵਾਧਾ ਕੀਤਾ, ਉਸ ਨੇ ਜਿਸ ਕਿਸਮ ਦੀਆਂ ਗਾਈਕੀ ਵਿਚ ਮਰੋੜੀਆਂ ਦਿੱਤੀਆਂ ਉਹ ਅੱਜ ਤਕ ਇਸ ਪਰੰਪਰਾ ਦਾ ਹੋਰ ਕੋਈ ਗਾਇਕ ਨਹੀਂ ਦੇ ਸਕਿਆ। ਉਸ ਨੂੰ ਗਠੀਆ ਹੋਇਆ ਸੀ ਤੇ ਅਖਾੜੇ ਵਿਚ ਪਿੱਠ ’ਤੇ ਚੁੱਕ ਕੇ ਲਿਆਂਦਾ ਜਾਂਦਾ ਸੀ। ਉਹ ਕੁਰਸੀ ’ਤੇ ਬੈਠ ਕੇ ਗਾਉਂਦਾ ਸੀ। ਗਠੀਏ ਦਾ ਰੋਗੀ ਹੋਣ ਕਾਰਨ ਸ਼ਰਾਬ ਦਾ ਆਦੀ ਹੋ ਗਿਆ ਸੀ। ਇਸ ਅਖਾੜੇ ਵਿਚ ਨਚਾਰ, ਮਸ਼ਾਲਚੀ, ਗੜਵੇ ਵਾਲਾ ਇਕ ਦੂਜੇ ’ਤੇ ਭਾਰੂ ਹੋਣ ਦੀ ਤਾਕ ਵਿਚ ਰਹਿੰਦੇ ਸਨ। ਜੇ ਕਿਧਰੇ ਕੋਈੇ ਗੜਵੇ ਵਾਲਾ ਕਮਜ਼ੋਰ ਹੁੰਦਾ ਸੀ ਤਾਂ ਭਗਤ ਪੂਰਨ ਬੋਲੀ ਪਾਉਂਦਾ:
ਸੱਚ ਕਾ ਬਚਨ ਨਿਰਾਲਾ,
ਨਾਚਾ ਭੂਤ ਗਿਆ,
ਕੋਈ ਟਕਰਿਆ ਨਹੀਂ ਗੜਵੇ ਵਾਲਾ।

ਨਚਾਰ ਦਾ ਕੰਮ ਸੀ ਚੁਸਤੀ ਨਾਲ ਗੜਵੇ ਵਾਲੇ ਅਤੇ ਮਸ਼ਾਲਚੀ ਦੇ  ਵਿਚੋਂ ਨਿਕਲਣਾ। ਗੜਵੇ ਵਾਲੇ ਦਾ ਕੰਮ ਸੀ ਡੱਡੂ ਛੜੱਪੇ ਲਗਾਉਂਦਿਆਂ ਗੜਵਾ ਵਜਾਉਂਦੇ ਹੋਏ ਨਚਾਰ ਨੂੰ ਘੇਰਨਾ। ਮਸ਼ਾਲਚੀ ਦਾ ਕੰਮ ਸੀ ਮਸ਼ਾਲ ਨਚਾਰ ਦੇ ਮੂੰਹ ਕੋਲ ਰੱਖਣਾ। ਇਨ੍ਹਾਂ ਦੇ ਮੁਕਾਬਲੇ ਇੰਨੇ ਖੂਬਸੂਰਤ ਹੁੰਦੇ ਸਨ ਕਿ ਪਿੰਡਾਂ ਵਾਲੇ ਲੋਕ ਬੜੀ ਉਤਸੁਕਤਾ ਨਾਲ ਦੇਖਦੇ ਰਹਿੰਦੇ। ਇਨ੍ਹਾਂ ਦੇ ਵਿਚ ਨਾਮਵਰ ਨਾਚਾ ਬੰਤਾ ਪਿੰਡ ਖੇੜਾ ਬਸੌਲਾ ਅਤੇ ਇਕ ਹੋਰ ਨਚਾਰ ਜੋ ਮਸ਼ੂਹਰ ਸੀ ਉਹ ਪਿੰਡ ਮਨੌਲੀ ਦਾ ਹੋਇਆ।
ਮੈਂ ਛੋਟੇ ਹੁੰਦਿਆਂ ਪੂਰਨ ਦੇ ਅਖਾੜੇ ਆਪ ਦੇਖੇ ਹਨ। ਉਨ੍ਹਾਂ ਦਿਨਾਂ ਵਿਚ ਦਿਲ ਪਰਚਾਵੇ ਦਾ ਹੋਰ ਕੋਈ ਸਾਧਨ ਨਹੀਂ ਸੀ, ਇਹ ਅਖਾੜੇ ਬੜੀ ਗਨੀਮਤ ਹੁੰਦੇ ਸਨ। ਪੂਰਨ ਘੱਟੋ-ਘੱਟ ਦੋ ਲੜੀਆਂ ਸ਼ੁਰੂ ਕਰਦਾ ਜਿਸ ਤਰ੍ਹਾਂ ਇਕ ਲੜੀ ਰਮਾਇਣ ਦੀ ਅਤੇ ਦੂਜੀ ਰਾਜੇ ਨਲ ਦੀ। ਧਾਰਮਿਕ ਤੋਂ ਬਗੈਰ ਇਹ ਕਈ ਵਾਰ ਮਿਰਜਾ-ਸਾਹਿਬਾ, ਹੀਰ-ਰਾਂਝਾ ਤੇ ਸੱਸੀ-ਪੁੰਨੂ ਦੀਆਂ ਕਹਾਣੀਆਂ ਵੀ ਸੁਣਾਉਂਦਾ। ਇਨ੍ਹਾਂ ਦੇ ਬਿਆਨ ਕਰਨ ਦੇ ਅੰਦਾਜ਼ ਬੜੇ ਦਿਲ ਟੁੰਬਵੇਂ ਹੁੰਦੇ ਸਨ।
ਇਨ੍ਹਾਂ ਪੁਰਾਣੇ ਲੋਕਾਂ ਵਿਚ ਜੋ ਇਸ ਕਲਾ ਦੇ ਮਾਹਰ ਸਨ, ਉਨ੍ਹਾਂ ਵਿਚੋਂ ਕੋਈ ਵੀ ਟਾਵਾਂ ਹੀ ਜਿਉਂਦਾ ਰਹਿ ਗਿਆ ਹੈ। ਇਕ ਰਾਜਾ ਸਿੰਘ ਪਿੰਡ ਭਾਗੋਮਾਜਰਾ (ਬੈਰੋਂਪੁਰ) ਅਜੇ ਵੀ ਗੜਵਾ ਵਜਾਉਂਦਾ ਹੈ ਜਿਸ ਦੀ ਉਮਰ 82 ਸਾਲ ਹੈ। ਇਕ ਬੋਲਾ (ਤੇਜਾ ਸਿੰਘ) ਪਿੰਡ ਸ਼ਾਹੀ ਮਾਜਰੇ (ਮੁਹਾਲੀ) ਦਾ ਅਜੇ ਜਿਉਂਦਾ ਹੈ। ਇਸ ਨੂੰ ਅੱਜ ਤੋਂ ਕੋਈ ਲਗਪਗ 50 ਵਰ੍ਹੇ ਪਹਿਲਾਂ ਮੈਂ ਆਪਣੇ ਪਿੰਡ ਵਿਚ ਸਾਰੰਗਾ ਵਜਾਉਂਦੇ ਸੁਣਿਆ ਸੀ। ਇਸੇ ਨੇ ਸਾਰੰਗਾ ਵਜਾਉਣਾ ਸਿੱਖਣ ਲਈ 12 ਸਾਲ ਆਪਣੇ ਉਸਤਾਦ ਦਾ ਹਲ ਵਾਹਿਆ। ਇਸ ਦੇ ਉਸਤਾਦ ਦਾ ਨਾਂ ਜਗੀਰ ਸਿੰਘ ਸੀ, ਜੋ ਪਿੰਡ ਗੁਰਦਾਸਪੁਰੇ ਦਾ ਰਹਿਣ ਵਾਲਾ ਸੀ। ਬਾਅਦ ਵਿਚ ਇਹ ਪਿੰਡ ਚੰਡੀਗੜ੍ਹ ਵਿਚ ਆ ਗਿਆ ਤੇ ਜਗੀਰ ਸਿੰਘ ਨੇੜੇ ਹੀ ਪਿੰਡ ਸਕੇਤੜੀ ਵਿਚ ਵੱਸਣ ਲੱਗ ਪਿਆ। ਬੋਲਾ ਵੀ ਇਸ ਕੋਲ ਸਕੇਤੜੀ ਹੀ ਰਹਿਣ ਲੱਗ ਪਿਆ। ਇਹ ਇਕ ਮਾਰੂ ਇਲਾਕਾ ਸੀ ਕਈ ਵਾਰ ਬੋਲੇ ਨੂੰ ਡੰਗਰ-ਪਸ਼ੂ ਚਾਰਦਿਆਂ ਟੋਭਿਆਂ ਦਾ ਪਾਣੀ ਪੀਣਾ ਪਿਆ।
ਇਕ ਦਿਨ ਬੈਠੇ-ਬੈਠੇ ਮੈਨੂੰ ਬੋਲੇ ਦੀ ਯਾਦ ਆਈ ਅਤੇ ਸਾਰੰਗਾ ਸੁਣਨ ਨੂੰ ਦਿਲ ਕਰ ਆਇਆ ਪਰ ਮੈਨੂੰ ਸ਼ੱਕ ਸੀ ਕਿ ਬੋਲਾ ਸ਼ਾਇਦ ਜਿਊਂਦਾ ਨਹੀਂ ਹੋਵੇਗਾ ਪਰ ਜਦੋਂ ਮੈਂ ਸ਼ਾਹੀ ਮਾਜਰੇ ਦੇ ਬੰਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਸ ਨੇ ਦੱਸਿਆ ਕਿ ਬੋਲਾ ਅਜੇ ਜਿਊਂਦਾ ਵੀ ਹੈ ਅਤੇ ਸਾਰੰਗਾ ਵੀ ਵਜਾ ਲੈਂਦਾ ਹੈ। ਜਦੋਂ ਮੈਂ ਬੰਤ ਸਿੰਘ ਨੂੰ ਆਪਣੀ ਇੱਛਾ ਦੱਸੀ ਤਾਂ ਉਸ ਨੇ ਕਿਹਾ ਕਿ ਤੁਸੀਂ ਮੇਰੇ ਘਰ ਆ ਜਾਉ। ਮੈਂ ਬੋਲੇ ਨੂੰ ਆਪਣੇ ਹੀ ਘਰ ਬੁਲਾ ਲੈਂਦਾ ਹਾਂ। ਮੈਂ ਪੈਰ ਵਿਚ ਜੁੱਤੀ ਨਹੀਂ ਪਾਈ ਝੱਟ ਗੱਡੀ ਲੈ ਕੇ ਸਿਆਹੀ ਮਾਜਰੇ (ਮੁਹਾਲੀ) ਨੂੰ ਦੌੜ ਪਿਆ। ਪਿੰਡ ਦੀ ਜੂਹ ਵਿਚ ਜਾ ਕੇ ਇਕ ਬਜ਼ੁਰਗ ਕੋਲੋਂ ਬੰਤ ਸਿੰਘ ਦਾ ਘਰ ਪੁੱਛਿਆ ਜੋ ਸ਼ਕਲੋਂ ਦੇਖਣੋਂ ਕੁਝ ਬਿਮਾਰ ਠੀਮਾਰ ਲੱਗਦਾ ਸੀ। ਘਾਹ ’ਤੇ ਲੇਟਿਆ ਹੋਇਆ ਸੀ। ਉਸ ਨੇ ਝੱਟ ਕਿਹਾ ਕਿ ਬੰਤ ਸਿੰਘ ਮੇਰਾ ਹੀ ਮੁੰਡਾ ਹੈ, ਚਲੋ ਮੈਂ ਤੁਹਾਡੇ ਨਾਲ ਚਲਦਾ ਹਾਂ। ਜਦੋਂ ਅੱਗੇ ਜਾ ਕੇ ਮੈਂ ਬੋਲੇ ਨੂੰ ਦੇਖਿਆ ਤਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ। ਜਦੋਂ ਬੋਲੇ ਨੇ ਸਾਰੰਗੇ ’ਤੇ ਗਜ਼ ਘੁੰਮਾਉਣਾ ਸ਼ੁਰੂ ਕੀਤਾ ਤਦ ਉਹ ਪਹਿਲਾਂ ਵਾਲਾ ਬਜ਼ੁਰਗ ਜੋ ਦੇਖਣ ਨੂੰ ਬੜਾ ਬਿਮਾਰ ਪ੍ਰਤੀਤ ਹੋ ਰਿਹਾ ਸੀ ਢੋਲਕ ਵਜਾਉਣ ਲੱਗ ਪਿਆ। ਉਸ ਦੀ ਬਿਮਾਰੀ ਛੂਹ-ਮੰਤਰ ਹੋ ਗਈ। ਮੈਂ ਬੋਲੇ ਵਾਸਤੇ ਕੁਝ ਖਾਣ-ਪੀਣ ਦਾ ਸਾਮਾਨ ਲੈ ਗਿਆ ਸੀ ਜਿਸ ਬਾਰੇ ਮੈਨੂੰ ਪਿੰਡ ਰਹਿੰਦਿਆਂ ਹੀ ਪਤਾ ਸੀ ਕਿ ਇਨ੍ਹਾਂ ਦੀ ਖੁਰਾਕ ਕੀ ਹੁੰਦੀ ਹੈ। ਬੋਲੇ ਨੇ ਦੋ ਤਿੰਨ ਪੈੱਗ ਲਗਾਏ ਅਤੇ ਸਰੂਰ ਵਿਚ ਆਉਣਾ ਸ਼ੁਰੂ ਹੋ ਗਿਆ। ਅੱਜ ਉਹ 95 ਸਾਲਾਂ ਦਾ ਨੌਜਵਾਨ ਬੋਲਾ (ਤੇਜਾ ਸਿੰਘ) ਲੱਗ ਰਿਹਾ ਸੀ।
ਮੈਨੂੰ ਘਰਾਂ ਵਿਚ ਗਾਉਣ ਸੁਣਨ ਤੋਂ ਥੋੜ੍ਹਾ ਸੰਕੋਚ ਸੀ। ਮੈਂ ਇਸ ਇਲਾਕੇ ਵਿਚੋਂ ਹੀ ਐਮ.ਐਲ.ਏ. ਤੇ ਵਜ਼ੀਰ ਰਹਿ ਚੁੱਕਿਆ ਸੀ। ਇਥੋਂ ਅਸੀਂ ਨਿਹੰਗ ਬਾਬਾ ਗੁਰਦੇਵ ਸਿੰਘ ਦੇ ਡੇਰੇ ਸੈਕਟਰ-69 (ਮੁਹਾਲੀ) ਵੱਲ ਚੱਲ ਪਏ ਜੋ ਕੇ ਅੱਜ-ਕੱਲ ਇਸ ਪ੍ਰਥਾ ਦਾ ਮੋਢੀ ਹੈ। ਅਸੀਂ ਡੇਰੇ ਤੋਂ ਥੋੜ੍ਹੀ ਹਟਵੀਂ ਜਗ੍ਹਾ ਚੁਣ ਲਈ ਜਿੱਥੇ ਬੈਠ ਕੇ ਬੋਲੇ ਨੇ ਜੋ ਸਾਰੰਗੇ ’ਤੇ ਤਰੰਗਾਂ ਕੱਢੀਆਂ ਸੁੰਨਮ-ਸਾਨ ਰਾਤ ਵਿਚ ਪੁਆਧ ਦੀ ਸੁੱਤੀ ਹੋਈ ਧਰਤੀ ਅੰਗੜਾਈਆਂ ਲੈ ਉੱਠੀ। ਬੜੀ ਦੇਰ ਅਸੀਂ ਆਨੰਦ ਮਾਣਦੇ ਰਹੇ। ਜਦੋਂ ਉਹ ਕੁਝ ਦੇਰ ਲਈ ਰੁਕ ਜਾਂਦਾ ਪੂਰੀ ਫਿਜ਼ਾ ਦੀ ਧੜਕਨ ਬੰਦ ਹੋਈ ਜਾਪਣ ਲੱਗ ਪੈਂਦੀ। ਫਿਰ ਬਾਬਾ ਗੁਰਦੇਵ ਸਿੰਘ ਨੇ ਚੁੱਪ ਤੋੜੀ। ਮੇਰੇ ਲੂਹਰੀਆਂ ਉਠ ਰਹੀਆਂ ਬਸ ਇਥੇ ਮੈਂ ਕੁਝ ਬੋਲ ਨਹੀਂ ਸਕਦਾ।
ਇਥੇ ਹੀ ਇਕ ਵਿਛੜੇ ਹੋਏ ਸਾਥੀ ਸ਼ੇਰੇ ਦੇ ਬੜੇ ਦਰਦਨਾਕ ਵਿਛੋੜੇ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਪਿੰਡ ਮਟੌਰ ਦੇ ਪਿੰਡ ਬੈਦਵਾਣ ਜੱਟਾਂ ਦਾ ਇਕ ਹਿੱਸਾ ਮੁਸਲਮਾਨ ਸੀ ਅਤੇ ਦੋ ਹਿੱਸੇ ਸਿੱਖ ਸਨ। ਇਸੇ ਪਿੰਡ ਦਾ ਮਸ਼ਹੂਰ ਗਮੰਤਰੀ ਸ਼ੇਰਾ ਹੋਇਆ ਹੈ। ਕਈ ਸਦੀਆਂ ਪਹਿਲਾਂ ਇਸ ਪਿੰਡ ਦੇ ਦੋ ਭਾਈ ਸ਼ਾਹੀ ਅਤੇ ਮਾਹੀ ਹੋਏ ਹਨ। ਔਰੰਗਜ਼ੇਬ ਦੇ ਵੇਲੇ ਮਾਹੀ ਤਸ਼ੱਦਦ ਤੋਂ ਡਰਦਾ ਮੁਸਲਮਾਨ ਹੋ ਗਿਆ ਅਤੇ ਸ਼ਾਹੀ ਇਲਾਕਾ ਛੱਡ ਕੇ ਕਿਧਰੇ ਹੋਰ ਵਕਤ ਟਪਾਉਣ ਲੱਗ ਪਿਆ। ਬਾਅਦ ਵਿਚ ਮਾਹੀ ਦੀ ਔਲਾਦ ਮੁਸਲਮਾਨ ਬਣ ਗਈ ਅਤੇ ਸ਼ਾਹੀ ਦੀ ਸਿੱਖ। ਸ਼ੇਰਾ ਮਾਹੀ ਦੇ ਵੰਸ਼ ਵਿਚੋਂ ਸੀ ਅਤੇ ਇਸ ਦਾ ਬਾਪ ਛੋਟਾ ਲੰਬੜਦਾਰ ਸੀ ਜੋ ਬੜਾ ਸੱਚਾ-ਪੱਕਾ ਸੀ। ਪਿੰਡ ਵਿਚ ਕਤਲ ਹੋ ਗਿਆ, ਜਦੋਂ ਪੁਲੀਸ ਤਫਤੀਸ਼ ’ਤੇ ਆਈ ਤਾਂ ਸਾਰੇ ਚੁੱਪ ਰਹੇ ਪਰ ਛੋਟੇ ਨੇ ਸੱਚੀ-ਸੱਚੀ ਗੱਲ ਦੱਸ ਦਿੱਤੀ ਤੇ ਕਤਲ ਨਿਕਲ  ਆਇਆ। ਉਸ ਤੋਂ ਬਾਅਦ ਛੋਟੇ ਦੀ ਪਿੰਡ ਵਿਚ ਪੱਕੀ ਦੁਸ਼ਮਣੀ ਪੈ ਗਈ।
ਸੰਨ ਸੰਤਾਲੀ ਵਿਚ ਦੇਸ਼ ਆਜ਼ਾਦ ਹੋਇਆ। ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ। ਵਸਦੇ-ਰਸਦੇ ਲੋਕਾਂ ਨੂੰ ਇਸ ਆਉਣ ਵਾਲੇ ਭੈਜਲ ਬਾਰੇ ਕੋਈ ਚਿੱਤ-ਚੇਤਾ ਵੀ ਨਹੀਂ ਸੀ। ਸਦੀਆਂ ਤੋਂ ਹਕੂਮਤਾਂ ਬਦਲਦੀਆਂ ਰਹੀਆਂ। ਲੋਕਾਂ ਨੂੰ ਤਾਂ ਕਦੇ ਵੀ ਘਰ-ਬਾਰ ਨਹੀਂ ਛੱਡਣੇ ਪਏ ਸਨ। ਇਹ ਕੈਸੀ ਆਜ਼ਾਦੀ ਸੀ, ਲੋਕਾਂ ਦੇ ਘਰ-ਘਾਟ ਉੱਜੜ ਗਏ। ਮਟੌਰ ਦੇ ਮੁਸਲਮਾਨਾਂ ਨੂੰ ਪਿੰਡ ਛੱਡਣਾ ਪੈ ਗਿਆ। ਸ਼ੇਰਾ ਅੰਬਾਲੇ ਕੈਂਪ ਵਿਚੋਂ ਭੱਜ ਆਇਆ ਪਰ ਉਸ ਦੇ ਭਰਾ ਅਤੇ ਘਰਵਾਲੀ ਉਸ ਨੂੰ ਜ਼ਬਰਦਸਤੀ ਨਾਲ ਹੀ ਪਾਕਿਸਤਾਨ ਲੈ ਗਏ। ਪਿੰਡ ਮਟੌਰ ਵਿਚ ਉਸ ਦੀ ਚਾਰ ਬੈਲਾਂ ਦੀ ਖੇਤੀ ਸੀ।
ਉਸ ਨੂੰ ਸਰਗੋਧੇ ਵਿਚ ਇਕ ਮੁਰੱਬਾ ਜ਼ਮੀਨ ਅਲਾਟ ਹੋ ਗਈ। ਗਾਉਣ ਦਾ ਇਸ਼ਕ ਉਸ ਦੇ ਸਿਰ ਤੋਂ ਪੈਰਾਂ ਤੀਕ ਨਸ-ਨਸ ਵਿਚ ਰਚਿਆ ਹੋਇਆ ਸੀ। ਉਹ ਉਧਰੋਂ ਦੋ ਵਾਰ ਪਾਸਪੋਰਟ ਬਣਾ ਕੇ ਇਧਰ ਅਖਾੜੇ ਲਾਉਣ ਆਇਆ। ਉਹ ਬਟਵਾਰੇ ਨੂੰ ਜਿਹਨੀ ਤੌਰ ’ਤੇ ਤਸਲੀਮ ਨਹੀਂ ਕਰ ਸਕਿਆ ਸੀ। ਇਸ ਸਾਰੇ ਦੁਖਾਂਤ ਲਈ ਉਹ ਜਿਨਾਹ ਨੂੰ ਦੋਸ਼ੀ ਠਹਿਰਾਉਂਦਾ ਸੀ। ਉਹ ਤੀਸਰੀ ਵਾਰ ਘਰਦਿਆਂ ਦੇ ਵਾਸਤੇ ਪਾਉਣ ਦੇ ਬਾਵਜੂਦ ਵੀ ਪਾਕਿਸਤਾਨ ਨੂੰ ਤਿਲਾਂਜਲੀ ਦੇ ਕੇ ਆਪਣੇ ਗੁਰੂ ਪੂਰਨ ਦੇ ਆ ਚਰਨੀਂ ਲੱਗਿਆ। ਇਕ ਵਾਰ ਉਸ ਨੂੰ ਪੁਲੀਸ ਵੀ ਫੜ੍ਹ ਕੇ ਲੈ ਗਈ ਪਰ ਇਲਾਕੇ ਦੇ ਮਸ਼ਹੂਰ ਪਹਿਲਵਾਨ ਅਮਰ ਸਿੰਘ ਭਗੜਾਨਾ ਦੇ ਕਹਿਣ ’ਤੇ ਛੱਡ ਦਿੱਤਾ। ਪਿੰਡ ਵਿਚ ਵੀ ਉਸ ਨੂੰ ਕੋਈ ਪੱਕੀ ਠਾਹਰ ਨਾ ਮਿਲੀ। ਇਕ ਉਹਨੇ ਬੜੇ ਪਿਆਰ ਨਾਲ ਛੇਲੀ ਪਾਲੀ ਸੀ ਜਿਸ ਨੂੰ ਕੋਈ ਸਿਆਊ ਪਿੰਡ ਦਾ ਰਹਿਣ ਵਾਲਾ ਰਾਤੀਂ ਚੋਰੀ ਕਰਕੇ ਲੈ ਗਿਆ। ਅੰਤ ’ਚ ਉਹ ਪਿੰਡ ਛੱਡ ਕੇ ਸਨੇਟੇ ਰਹਿਣ ਲੱਗ ਪਿਆ।
ਉਹ ਗਾਉਂਦਿਆਂ ਸੰਤਾਲੀ ਦਾ ਬਰਤਾਂਤ ਬਿਆਨ ਕਰਦਾ:-
ਜਦ ਪੈਣ ਲੱਗੇ ਤੇ ਹੱਲੇ,
ਹਮੇ ਹੋ ਗਏ ਕੱਲ੍ਹੇ-ਕੱਲ੍ਹੇ,
ਮਾਰ-ਮਾਰ ਕੇ ਭੱਲੇ,
ਵੱਢ-ਵੱਢ ਕੇ ਗੇਰ ਦਿਆ ਗਾਟਾ,
ਤੈਂ ਦੁਨੀਆਂ ਦੁਖੀ ਆ ਕਰਤੀ,
ਹਾਏ-ਹਾਏ ਵੇ ਜਿਨਾਹ ਤੇਰਾ ਸਿਆਪਾ,
ਜੈ ਤੈਂ ਪਾਕਿਸਤਾਨ ਬਣਾਇਆ,
ਤੈਂ ਦੁਨੀਆਂ ਮਾ ਭੜਥੂ ਪਾਇਆ,
ਮਾਂ ਨੂੰ ਪੁੱਤ ਨਾ ਟੋਲਿਆ ਥਿਆਇਆ,
ਨਾ ਖਾਣ ਨੂੰ ਮਿਲਿਆ ਆਟਾ,
ਤੈਂ ਦੁਨੀਆਂ ਦੁਖੀ ਆ ਕਰਤੀ,
ਹਾਏ-ਹਾਏ ਵੇ ਜਿਨਾਹ ਤੇਰਾ ਸਿਆਪਾ।

ਇਕ ਹੋਰ ਛੰਦ ਇਸ ਤਰ੍ਹਾਂ ਗਾਉਂਦਾ ਸੀ:-
ਸਾਥੀ ਮਾਰੇ ਮਟੌਰ ਤੇ ਤਿਆਰ ਹੋਗੇ,
ਲੇਣੇ ਵਾਸਤੇ ਆ ਗਈ ਮਲੱਟਰੀ ਜੀ।
ਟਰੱਕ ਲਿਆ ਕੇ ਗਾਂਉਂ ਵਿਚ ਥੰਮਿਆ,
ਹਮੇਂ ਵੱਢ ਕੇ ਆਏ ਤੇ ਲੱਕੜੀ ਜੀ।
ਛੇਤੀ-ਛੇਤੀ ਲੋਕੋ ਸਾਮਾਨ ਲੱਦੋ,
ਗੈਂਦੇ ਪੇਂਜੇÐ ਜੇ ਲੱਦ ਲਈ ਬੱਕਰੀ ਜੀ।
ਕੋਈ ਕੁਸ਼ ਲੱਦੇ, ਕੋਈ ਕੁਸ਼ ਲੱਦੇ,
ਕਾਦਰ ਸਾਥੀ ਨੇ ਲੱਦ ਲਈ ਤੱਕੜੀ ਜੀ।
ਇਕ ਬੁੜੀ ਵੀ ਜਾਣੇ ਨੂੰ ਮੰਨਦੀ ਨਾ,
ਉਹ ਵੀ ਗੇਰ ਲੀ ਭਰਕੇ ਸੱਥਰੀ ਜੀ।
ਚੁੰਨੀ ਉਤਰ ਗੀ ਸਿਰ ਹੋਇਆ ਨੰਗਾ,
ਸਿਰ ਨਿਕਲਿਆ ਜਿਸ ਤਰ੍ਹਾਂ ਝੱਕਰੀ ਜੀ।
ਮੈਂ ਵੀ ਪਾਕਿਸਤਾਨ ਜਾਣ ਨੂੰ ਮੰਨਦਾ ਨਾ,
ਸਾਰੇ ਘਰ ਕਿਆਂ ਕੀ ਵਜਗੀ ਜਕੜੀ ਜੀ।
ਸ਼ੇਰ ਸਿੰਘ ਖੁਸ਼ੀ ਤੇ ਤਿਆਰ ਹੋ ਗਏ,
ਪਾਕਿਸਤਾਨ ਮਾਂ ਲਈ ਕਿਆ ਕੱਕੜੀ ਜੀ।

ਉਹ ਉਸ ਇਲਾਕੇ ਦੇ ਲੋਕਾਂ ਨੂੰ ਜੀਆ-ਘਾਤ ਕਰਨ ਵਾਲੇ ਕਹਿੰਦਾ ਸੀ।
ਸੁਣੋ ਪਾਕਿਸਤਾਨ ਕਾ ਹਾਲ,
ਉਥੇ ਦੇਖੋ ਭੇਡ ਚਾਲ,
ਗਊਆਂ ਕਰਦੇ ਹਲਾਲ,
ਕਰੈਂ ਜੀਆ ਘਾਤ ਜੀ,
ਉਨੀਂ ਲੋਕਾਂ ਵਿਚ ਹੈ
ਮਾਰਾ ਵਾਸ ਜੀ।

ਸ਼ੇਰਾ ਇਧਰ ਆ ਕੇ ਸ਼ੇਰ ਸਿੰਘ ਬਣ ਗਿਆ। ਪਰ ਕਦੇ-ਕਦੇ ਉਹ ਆਪਣੇ ਟੱਬਰ ਨੂੰ ਯਾਦ ਕਰਕੇ ਉਦਾਸ ਹੋ ਜਾਂਦਾ। ਅਖਾੜੇ ਦੇ ਅੰਤ ਵਿਚ ਬੋਲੀ ਪਾਉਂਦਾ:-
ਕਹਿ ਦਿਆਂ ਬਾਤ ਕਨੇਰੀ,
ਫੇਰਾ ਪਾ ਜਾ ਸ਼ੇਰ ਸਿਆਂ,
ਬੈਠੀ ਉਡੀਕੈ ਰੈ ‘ਹਮੇਲਾਂ’ ਤੇਰੀ।

ਇਸ ਤੋਂ ਬਾਅਦ ਉਸ ਦੀਆਂ ਅੱਖਾਂ ਵਿਚ ਅੱਥਰੂ ਕਿਰਨ ਲੱਗ ਪੈਂਦੇ ਤੇ ਉਹ ਹੁਬਕੀ-ਹੁਬਕੀ ਰੋਣ ਲੱਗ ਪੈਂਦਾ ਅਤੇ ਅਖਾੜਾ ਬੰਦ ਕਰ ਦਿੰਦਾ। ਉਹ ਵਰ੍ਹਿਆਂਬੱਧੀ ਘਰਵਾਲੀ ਬੇਟਾ ਤੇ ਭਰਾਵਾਂ ਦੇ ਦਰਦ ਵਿਛੋੜੇ ’ਚ ਵਿੰਨਿਆ ਸੂਲੀ ’ਤੇ ਟੰਗਿਆ ਰਿਹਾ।
ਕਦੇ ਇਸ ਦਰਦ ਨੂੰ ਉਸਤਾਦ ਚਿਰਾਗਦੀਨ ਦਾਮਨ ਨੇ ਇਸ  ਤਰ੍ਹਾਂ ਬਿਆਨ ਕੀਤਾ ਸੀ:
ਰਾਹੇ ਜ਼ਿੰਦਗੀ ’ਚ ਚਿੱਟੀ ਲੀਕ ਪੈ ਗਈ,
ਉਧਰ ਯਾਰ ਤੇ ਏਧਰ ਪਰਿਵਾਰ ਵਸੇ।
ਮੈਨੂੰ ਦੱਸ ਮੈਂ ਦੋਸਤਾ ਕਿੱਧਰ ਜਾਵਾਂ,
ਏਧਰ ਦਿਲ ਤੇ ਉਧਰ ਦਿਲਦਾਰ ਵੱਸੇ।

7 ਜੁਲਾਈ 1985 ਨੂੰ ਸ਼ੇਰਾ ਪਿੰਡ ਗੜਾਣੇ ਵਿਆਹ ਗਿਆ ਸੀ ਤੇ ਵਾਪਸੀ ’ਤੇ ਪਿੰਡ ਸਨੇਟਾ ਵਿਖੇ ਉਸ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਦਾ ਸੰਸਕਾਰ ਜੱਦੀ ਪਿੰਡ ਮਟੌਰ ਵਿਚ ਕੀਤਾ ਗਿਆ। ਇਲਾਕੇ ਦੇ ਬਜ਼ੁਰਗਾਂ ਅੱਗੇ ਅਜੇ ਵੀ ਉਸ ਦੀ ਸੂਰਤ ਘੁੰਮਦੀ ਰਹਿੰਦੀ ਹੈ। ਮਸ਼ਾਲ ਵਰਗੀਆਂ ਅੱਖਾਂ, ਪੂਰੇ ਜਾਹੋ-ਜਲਾਲ ਵਾਲਾ ਚਿਹਰਾ ਖੱਬੀ ਪੱਗ ਤੇ ਗਲ ਕਲੀਆਂ ਵਾਲਾ ਕਮੀਜ਼ ਤੇ ਤੇੜ ਚਾਦਰਾ। ਅਸੀਂ ਨਿਹੰਗ ਸਿੰਘ ਨੂੰ ਫਤਿਹ ਬੁਲਾ ਕੇ ਚੱਲ ਪਏ।  ਬੜਾ ਖੁਸ਼ ਸਾਂ ਕਿ ਪੁਆਧ ਦੇ ਬੁਝ ਰਹੇ ਚਿਰਾਗਾਂ ਵਿਚੋਂ ਅੱਜ ਇਕ ਟਿਮਟਿਮਾਉਂਦੇ ਚਿਰਾਗ (ਤੇਜਾ ਸਿੰਘ) ਦੀ ਕਲਾ ਵਿਚੋਂ ਪੁਆਧ ਦੀ ਲਰਜ਼ਦੀ ਹੋਈ ਲੋਅ ਵੇਖ ਕੇ ਆ ਰਿਹਾ ਸਾਂ।


Comments Off on ਬੁਝ ਰਹੇ ਚਿਰਾਗ਼ ਪੁਆਧ ਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.