ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਬਰਤਾਨਵੀ ਆਵਾਸ ਨੀਤੀ

Posted On August - 22 - 2010

ਸੋਧਾਂ ਬਨਾਮ  ਸ਼ੰਕੇ

ਡੇਮੀਅਨ ਗਰੀਨ*

ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਭਾਰਤ-ਬਰਤਾਨੀਆ ਸਬੰਧਾਂ ਨੂੰ ਵਧੇਰੇ ਮਜ਼ਬੂਤ, ਵਿਸ਼ਾਲ ਅਤੇ ਗਹਿਰਾ ਬਣਾਉਣ ਦੇ ਮੰਤਵ ਨਾਲ ਬੀਤੇ ਮਹੀਨੇ ਭਾਰਤ ਦਾ ਦੌਰਾ ਕੀਤਾ। ਸਾਡੇ ਭਾਰਤੀ ਹਮਰੁਤਬਾ ਅਤੇ ਮਿੱਤਰਾਂ ਨੇ ਉਨ੍ਹਾਂ ਦੀ ਇੱਛਾ ਦਾ ਸੁਆਗਤ ਕੀਤਾ। ਬਰਤਾਨੀਆ ਦਾ ਆਵਾਸ (ਇਮੀਗ੍ਰੇਸ਼ਨ) ਮੰਤਰੀ ਹੋਣ ਦੇ ਨਾਤੇ ਮੈਂ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਲਿਜਾਣ ਵਿਚ ਆਪਣੀ ਭੂਮਿਕਾ ਦੀ ਅਹਿਮੀਅਤ ਚੰਗੀ ਤਰ੍ਹਾਂ ਸਮਝਦਾ ਹਾਂ। ਮੈਂ ਆਪਣੇ ਭਾਰਤ ਦੌਰੇ ਮੌਕੇ ਬਰਤਾਨੀਆ ਦੀ ਆਵਾਸ ਪ੍ਰਣਾਲੀ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਅਤੇ ਉਨ੍ਹਾਂ ਦੇ ਕਾਰਨ ਸਪੱਸ਼ਟ ਕਰਨਾ ਚਾਹੁੰਦਾ ਹਾਂ।
ਇਸ ਧਾਰਨਾ ਨੂੰ ਮੂਲੋਂ ਰੱਦ ਕਰਦਾ ਹਾਂ ਕਿ ਬਰਤਾਨੀਆ ਦੀ ਨਵੀਂ ਆਵਾਸ ਨੀਤੀ ਦਾ ਮਕਸਦ ਵਿਦੇਸ਼ੀਆਂ ਲਈ ਦੇਸ਼ ਦੇ ਬੂਹੇ ਬੰਦ ਕਰਨਾ ਹੈ। ਇਹ ਬਰਤਾਨੀਆ ਜਾਂ ਸਾਡੇ ਖੁੱਲ੍ਹੇ ਸਮਾਜ ਦੇ ਹਿੱਤ ਵਿਚ ਨਹੀਂ ਹੋਵੇਗਾ। ਲੰਬੇ ਸਮੇਂ ਤੋਂ ਸਾਡੇ ਦੇਸ਼ ਨੂੰ ਦੁਨੀਆਂ ਭਰ ਦੇ ਤੇ ਖਾਸਕਰ ਭਾਰਤੀ ਪਰਵਾਸੀਆਂ ਦੇ ਹੁਨਰ ਅਤੇ ਸਮਰੱਥਾ ਤੋਂ ਲਾਭ ਮਿਲਿਆ ਹੈ। ਆਵਾਸ ਕਾਰਨ ਬਰਤਾਨੀਆ ਦਾ ਸਭਿਆਚਾਰ ਅਮੀਰ ਹੋਣ ਦੇ ਨਾਲ-ਨਾਲ ਇੱਥੋਂ ਦੇ ਅਰਥਚਾਰੇ ਨੂੰ ਵੀ ਹੁਲਾਰਾ ਮਿਲਿਆ ਹੈ। ਮੁਲਕ ਦੀ ਨਵੀਂ ਗੱਠਜੋੜ ਸਰਕਾਰ ਇਸ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਪਰ ਫਾਇਦੇ ਲਈ ਆਵਾਸ ਨੂੰ ਸਹੀ ਢੰਗ ਨਾਲ ਕਾਬੂ ਵਿਚ ਰੱਖਣਾ ਜ਼ਰੂਰੀ ਹੈ। ਭਾਰਤ ਸਮੇਤ ਦੁਨੀਆਂ ਦੇ ਸਾਰੇ ਮੁਲਕ ਵਿਦੇਸ਼ੀਆਂ ਦੇ ਆਪਣੇ ਮੁਲਕਾਂ ਵਿਚ ਆਉਣ, ਕੰਮ ਕਰਨ ਜਾਂ ਵਸ ਜਾਣ ਉਤੇ ਕੁਝ ਪਾਬੰਦੀਆਂ ਲਗਾਉਂਦੇ ਹਨ।
ਬੀਤੇ ਕੁਝ ਸਾਲਾਂ ਦੌਰਾਨ ਬਰਤਾਨੀਆ ਵਿਚ ਆਵਾਸ ਵਿਚ ਰਿਕਾਰਡ ਵਾਧਾ ਹੋਇਆ ਹੈ। ਸਾਲ 2004 ਵਿਚ ਲਗਪਗ 25 ਹਜ਼ਾਰ ਪਰਵਾਸੀਆਂ ਨਾਲ ਇਹ ਸਿਖ਼ਰ ’ਤੇ ਪਹੁੰਚਿਆ ਸੀ। ਇਸ ਨਾਲ ਇੱਥੋਂ ਦੀਆਂ ਜਨਤਕ ਸੇਵਾਵਾਂ ਉਤੇ ਅਸਹਿ ਅਤੇ ਅਸਵੀਕਾਰਨਯੋਗ ਬੋਝ ਪਿਆ। ਇਸ ਕਾਰਨ ਬਰਤਾਨੀਆ ਦੇ ਕੁਝ ਖੇਤਰਾਂ ਵਿਚ ਵੱਖ-ਵੱਖ ਭਾਈਚਾਰਿਆਂ ਦਰਮਿਆਨ ਸਮਾਜਿਕ ਤਣਾਅ ਵਿਚ ਵਾਧਾ ਹੋਇਆ। ਇਸ ਲਈ ਮੌਜੂਦਾ ਸਰਕਾਰ 90ਵਿਆਂ ਦੇ ਮੁਕਾਬਲੇ ਪਰਵਾਸੀਆਂ ਦੀ ਗਿਣਤੀ ਘੱਟ ਕਰਨਾ ਚਾਹੁੰਦੀ ਹੈ।
ਆਵਾਸ ਸਬੰਧੀ ਨਵੀਆਂ ਪੇਸ਼ਬੰਦੀਆਂ ਮਗਰੋਂ ਸਿਰਫ਼ ਉਹ ਹੁਨਰਬੰਦ ਵਿਅਕਤੀ ਹੀ ਬਰਤਾਨੀਆ ਆ ਸਕਣਗੇ ਜਿਨ੍ਹਾਂ ਦੇ ਹੁਨਰ ਦੀ ਸਾਨੂੰ ਲੋੜ ਹੈ ਅਤੇ ਜਿਨ੍ਹਾਂ ਲਈ ਉੱਥੇ ਨੌਕਰੀਆਂ ਹਨ। ਅਸੀਂ ਚੰਗੇ ਪੜ੍ਹੇ-ਲਿਖੇ ਯੋਗ ਅਤੇ ਅਯੋਗ ਲੋਕਾਂ ਵਿਚ ਨਿਖੇੜਾ ਜਾਰੀ ਰੱਖਾਂਗੇ। ਬਰਤਾਨੀਆ ਦੇ ਬੂਹੇ ਹੁਨਰਮੰਦ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ।
ਪਿਛਲੀ ਸਰਕਾਰ ਨੇ ਗ਼ੈਰ-ਹੁਨਰਮੰਦ ਕਾਮਿਆਂ ਦੇ ਦਾਖਲੇ ਉਤੇ ਪਾਬੰਦੀ ਲਾਈ ਸੀ ਅਤੇ ਅਸੀਂ ਪਾਬੰਦੀ ਜਾਰੀ ਰੱਖਾਂਗੇ। ਅਮਰੀਕਾ ਅਤੇ ਕੈਨੇਡਾ ਜਿਹੇ ਅਰਥਚਾਰਿਆਂ ਵਾਂਗੂੰ ਬਰਤਾਨੀਆ ਵਿਚ ਵੀ ਅਗਲੇ ਸਾਲ ਅਪਰੈਲ ਤੋਂ ਹੁਨਰਮੰਦ ਕਾਮਿਆਂ ਦੀ ਗਿਣਤੀ ਸਾਲਾਨਾ ਆਧਾਰ ਉਤੇ ਮਿਥੀ ਜਾਵੇਗੀ। ਬਰਤਾਨੀਆ ਦੀ ਆਰਥਿਕ ਹਾਲਤ ਅਤੇ ਲੋੜ ਦੇ ਆਧਾਰ ਉਤੇ ਹਰ ਸਾਲ ਨੌਕਰੀਆਂ ਦੀ ਸੀਮਾ ਤੈਅ ਕੀਤੀ ਜਾਵੇਗੀ। ਹੁਣ ਤੋਂ ਲੈ ਕੇ ਅਗਲੇ ਸਾਲ ਅਪਰੈਲ ਤਕ ਆਰਜ਼ੀ ਤੌਰ ਉਤੇ ਪਾਬੰਦੀ ਲਾਈ ਗਈ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਤਾਂ ਕਿ ਅਪਰੈਲ ਤੋਂ ਪਹਿਲਾਂ ਇਸ ਬਾਰੇ ਲੋੜ ਤੋਂ ਵੱਧ ਅਰਜ਼ੀਆਂ ਨਾ ਆਉਣ।
ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਬਰਤਾਨੀਆ ਕਾਰੋਬਾਰੀਆਂ ਦਾ ਸੁਆਗਤ ਕਰਦਾ ਹੈ। ਅਸੀਂ ਨਿਵੇਸ਼ਕਾਂ ਅਤੇ ਉਦਮੀਆਂ ਦੀ ਆਮਦ ਉਤੇ ਪਾਬੰਦੀਆਂ ਨਹੀਂ ਲਾਈਆਂ। ਬਰਤਾਨੀਆ ਦੋਵਾਂ ਮੁਲਕਾਂ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਣ ਵਾਲਿਆਂ ਦੀ ਆਮਦ ਚਾਹੁੰਦਾ ਹੈ।
ਨਿਯਮਾਂ ਵਿਚ ਬਦਲਾਅ ਬਰਤਾਨਵੀ ਆਵਾਸ ਨੀਤੀ ਨੂੰ ਮੁੜ ਸੰਤੁਲਿਤ ਕਰਨ ਵੱਲ ਕਦਮ ਹੈ। ਅਸੀਂ ਵਿਦਿਆਰਥੀਆਂ ਲਈ ਵੀ ਬਿਹਤਰੀਨ ਪ੍ਰਬੰਧ ਕਰਨਾ ਚਾਹੁੰਦੇ ਹਾਂ। ਯੂਨੀਵਰਸਿਟੀਆਂ ਅਤੇ ਵਿਗਿਆਨ ਸਬੰਧੀ ਮੰਤਰੀ ਡੇਵਿਡ ਵਿਲੈੱਟਸ ਨੇ ਭਾਰਤ ਦੌਰੇ ਦੌਰਾਨ ਕਿਹਾ ਸੀ ਕਿ ਬਰਤਾਨੀਆ ਹੁਨਰਮੰਦ ਭਾਰਤੀ ਵਿਦਿਆਰਥੀਆਂ ਦਾ ਸੁਆਗਤ ਕਰਦਾ ਹੈ ਪਰ ਵਿਦਿਆਰਥੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਮਾਨਤਾ ਪ੍ਰਾਪਤ ਕਾਲਜ ਵਿਚ ਹੀ ਦਾਖਲਾ ਲੈਣ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਕੋਲ ਇਨ੍ਹਾਂ ਕੋਰਸਾਂ ਲਈ ਲੋੜੀਂਦੀ ਯੋਗਤਾ ਹੋਵੇ। ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਦੁਨੀਆਂ ਭਰ ਤੋਂ ਆਪਣੇ ਪਰਿਵਾਰ ਦੇ ਜੀਆਂ ਨੂੰ ਮਿਲਣ ਲਈ ਇਥੋਂ ਦਾ ਵੀਜ਼ਾ ਲੈਣ ਵਾਲੇ ਸਚਮੁੱਚ ਆਪਣੇ ਪਰਿਵਾਰਾਂ ਨੂੰ ਹੀ ਮਿਲਣ ਨਾ ਕਿ ਬਰਤਾਨੀਆ ਦੀ ਆਵਾਸ ਪ੍ਰਣਾਲੀ ਦਾ ਫਾਇਦਾ ਚੁੱਕਣ। ਇਸ ਦੇ ਚਿਰਕਾਲੀ ਨਤੀਜੇ ਨਿਕਲਣਗੇ। ਬਰਤਾਨਵੀ ਸਿਆਸਤ ਵਿਚ ਆਵਾਸ ਮੁੱਖ ਅਤੇ ਗੰਭੀਰ ਮੁੱਦਾ ਹੈ। ਮੈਂ ਇਸ ਹਾਲਤ ਨੂੰ ਬਦਲਣਾ ਚਾਹੁੰਦਾ ਹਾਂ। ਇਥੋਂ ਦੇ ਲੋਕਾਂ ਨੂੰ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਕਾਬੂ ਹੇਠ ਹੋਣ ਦਾ ਯਕੀਨ ਦਿਵਾ ਕੇ ਅਤੇ ਇਥੇ ਆਉਣ ਵਾਲਿਆਂ ਲਈ ਚੰਗੀ ਅਤੇ ਨਿਆਂਪੂਰਵਕ ਪ੍ਰਣਾਲੀ ਮੁਹੱਈਆ ਕਰਵਾ ਕੇ ਹੀ ਅਜਿਹਾ ਕੀਤਾ ਜਾ ਸਕਦਾ ਹੈ।
ਨੀਤੀ ਵਿਚ ਤਬਦੀਲੀਆਂ ਦਾ ਮੰਤਵ ਬਰਤਾਨਵੀ ਲੋਕਾਂ ਅਤੇ ਇਥੇ ਆਉਣ ਵਾਲਿਆਂ ਨੂੰ ਲਾਭ ਪਹੁੰਚਾਉਣਾ ਹੈ। ਹਮੇਸ਼ਾ ਦੀ ਤਰ੍ਹਾਂ ਬਰਤਾਨੀਆ ਸਮਰੱਥਾਵਾਨ, ਹੁਨਰਮੰਦ ਅਤੇ ਕਾਰੋਬਾਰੀ ਲੋਕਾਂ ਦਾ ਸੁਆਗਤ ਕਰਦਾ ਰਹੇਗਾ। ਭਾਰਤ ਅਜਿਹੇ ਵਿਅਕਤੀਆਂ ਦਾ ਮੁੱਖ ਸਰੋਤ ਰਿਹਾ ਹੈ। ਇਹ ਆਵਾਸ ਪ੍ਰਣਾਲੀ ਦੋਵਾਂ ਮੁਲਕਾਂ ਦੇ ਸਬੰਧ ਵਧੇਰੇ ਮਜ਼ਬੂਤ, ਵਿਸ਼ਾਲ ਅਤੇ ਗਹਿਰੇ ਬਣਾਉਣ ਵਿਚ ਕਾਰਗਰ ਸਾਬਤ ਹੋਵੇਗੀ।

*ਬਰਤਾਨਵੀ ਆਵਾਸ ਮੰਤਰੀ


Comments Off on ਬਰਤਾਨਵੀ ਆਵਾਸ ਨੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.