ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਫਲਦਾਰ ਬੂਟੇ ਲਗਾਉਣ ਲਈ ਹੁਣ ਢੁੱਕਵਾਂ ਸਮਾਂ

Posted On August - 27 - 2010

ਡਾ. ਰਣਜੀਤ ਸਿੰਘ

ਇਹ ਪੰਦਰਵਾੜਾ ਫਲਦਾਰ ਬੂਟੇ ਲਗਾਉਣ ਲਈ ਬਹੁਤ ਢੁੱਕਵਾਂ ਹੈ। ਹਰ ਤਰ੍ਹਾਂ ਦੇ ਸਦਾ-ਬਹਾਰ ਬੂਟੇ ਇਸ ਮਹੀਨੇ ਲਗਾਏ ਜਾ ਸਕਦੇ ਹਨ। ਸਾਡੇ ਸੂਬੇ ਵਿਚ ਅੰਬ, ਨਿੰਬੂ ਜਾਤੀ ਦੇ ਫਲ, ਪਪੀਤਾ ਅਤੇ ਅਮਰੂਦ ਮੁੱਖ ਫਲ ਹਨ। ਗੁਰਦਾਸਪੁਰ ਦੇ ਕੁਝ ਇਲਾਕੇ ਵਿਚ ਲੀਚੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਲੁਕਾਟ ਦੇ ਬੂਟੇ ਵੀ ਘਰ-ਬਗੀਚੀ ਵਿਚ ਲਗਾਏ ਜਾ ਸਕਦੇ ਹਨ। ਪਰ ਇਸ ਫਲ ਦੇ ਬਾਗ ਪੰਜਾਬ ਵਿਚ ਵਿਉਪਾਰਕ ਪੱਧਰ ਉੱਤੇ ਨਹੀਂ ਲਗਾਏ ਜਾਂਦੇ। ਅੰਬ ਪੰਜਾਬ ਦਾ ਮੁੱਖ ਫਲ ਮੰਨਿਆ ਜਾਂਦਾ ਸੀ ਪਰ ਹੁਣ ਪਹਿਲੇ ਨੰਬਰ ’ਤੇ ਕਿੰਨੋ ਆ ਗਿਆ ਹੈ। ਫਿਰ ਵੀ ਅੰਬ ਨੂੰ ਫਲਾਂ ਦਾ ਬਾਦਸ਼ਾਹ ਆਖਿਆ ਜਾਂਦਾ ਹੈ। ਦੁਸਹਿਰੀ, ਲੰਗੜਾ, ਬੰਬੇ ਗਰੀਨ, ਚੌਸਾ ਅਤੇ ਐਲਫ਼ੈਜੋ ਅੰਬਾਂ ਦੀਆਂ ਕਿਸਮਾਂ ਹਨ ਜਿਨ੍ਹਾਂ ਦੇ ਬੂਟੇ ਪੰਜਾਬ ਵਿਚ ਲਗਾਏ ਜਾ ਸਕਦੇ ਹਨ। ਚੂਪਣ ਵਾਲੇ ਜਾਂ ਦੇਸੀ ਅੰਬ ਪੰਜਾਬ ਦੇ ਮਸ਼ਹੂਰ ਸਨ ਪਰ ਹੁਣ ਇਨ੍ਹਾਂ ਹੇਠ ਰਕਬਾ ਬਹੁਤ ਘਟ ਰਹਿ ਗਿਆ ਹੈ। ਇਨ੍ਹਾਂ ਦੀਆਂ ਚੰਗੀਆਂ ਕਿਸਮਾਂ ਦੀ ਭਾਲ ਕਰ ਕੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਜੀ.ਐਨ.-1 ਤੋਂ ਜੀ.ਐਨ.-7 ਤੀਕ ਸੱਤ ਨੰਬਰ ਹੇਠ ਬੂਟੇ ਤਿਆਰ ਕੀਤੇ ਹਨ। ਦੇਸੀ ਅੰਬਾਂ ਦੇ ਬੂਟੇ ਇਨ੍ਹਾਂ ਕਿਸਮਾਂ ਵਿਚੋਂ ਹੀ ਲਗਾਉਣੇ ਚਾਹੀਦੇ ਹਨ। ਇਨ੍ਹਾਂ ਵਿਚ ਵੀ ਜੀ.ਐਨ.-2 ਅਤੇ ਜੀ.ਐਨ.-5 ਵਧੀਆ ਹਨ। ਅੰਬਾਂ ਦੇ ਬਾਗ ਲਗਾਉਣ ਸਮੇਂ ਕਲਮੀ ਕਿਸਮਾਂ ਦੇ ਬੂਟਿਆਂ ਵਿਚ 30 ਫੁੱਟ ਦਾ ਫਾਸਲਾ ਰੱਖੋ ਜਦੋਂ ਕਿ ਦੇਸੀ ਅੰਬਾਂ ਦਾ ਫਾਸਲਾ 35 ਫੁੱਟ ਰੱਖੋ। ਅੰਬਾਂ ਦੇ ਬਾਗ ਵਿਚ ਸ਼ੁਰੂ ਦੇ ਸਾਲਾਂ ਵਿਚ ਪਪੀਤਾ ਜਾਂ ਆੜੂ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ।
ਨਿੰਬੂ ਜਾਤੀ ਦੇ ਬੂਟਿਆਂ ਵਿਚ ਕਿੰਨੋ ਅਤੇ ਮਾਲਟਾ ਮੁੱਖ ਹਨ। ਕਿੰਨੋ ਦੀ ਕੇਵਲ ਇਕ ਹੀ ਕਿਸਮ ਮਿਲਦੀ ਹੈ ਜਦੋਂ ਕਿ ਮਾਲਟੇ ਦੀਆਂ ਮੁਸੰਮੀ, ਜਾਫ਼ਾ, ਬਲੱਡ ਰੈਡ ਅਤੇ ਬਲੇਸ਼ੀਆ ਕਿਸਮਾਂ ਮੁੱਖ ਹਨ। ਨਿੰਬੂ ਹਮੇਸ਼ਾ ਬਾਰਾਮਾਸੀ ਹੀ ਲਗਾਉਣਾ ਚਾਹੀਦਾ ਹੈ।
ਅਮਰੂਦ ਦੇ ਇਕ ਦੋ ਬੂਟੇ ਘਰ ਬਗੀਚੀ ਵਿਚ ਜ਼ਰੂਰ ਲਗਾ ਲੈਣੇ ਚਾਹੀਦੇ ਹਨ। ਸਰਦਾਰ ਅਤੇ ਅਲਾਹਾਬਾਦ ਸਫੈਦ, ਇਸ ਦੀਆਂ ਮੁੱਖ ਕਿਸਮਾਂ ਹਨ। ਅਮਰੂਦ ਆਮ ਤੌਰ ’ਤੇ ਸਾਲ ਵਿਚ ਦੋ ਵਾਰ ਫ਼ਲ ਦਿੰਦਾ ਹੈ ਪਰ ਸਰਦੀਆਂ ਵਾਲੀ ਫਸਲ ਵਧੀਆ ਹੁੰਦੀ ਹੈ। ਇਸ ਕਰ ਕੇ ਸਰਦੀਆਂ ਵਾਲੀ ਫਸਲ ਵਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਲੁਕਾਟ ਦੇ ਬੂਟੇ ਵੀ ਇਸ ਮਹੀਨੇ ਲਗਾਏ ਜਾ ਸਕਦੇ ਹਨ। ਗੋਲਡਨ ਯੈਲੋ, ਪੇਲ ਯੈਲੋ ਅਤੇ ਕੈਲੀਫੋਰਨੀਆ ਐਡਵਾਂਸ ਉੱਨਤ ਕਿਸਮਾਂ ਹਨ।  ਪਪੀਤਾ ਇਕ ਹੋਰ ਫਲ ਹੈ ਜਿਹੜਾ ਘਰ  ਬਗੀਚੀ ਵਿਚ ਲਗਾਇਆ ਜਾ ਸਕਦਾ ਹੈ। ਜਿਸ ਵਿਚ ਬਹੁਤ ਖੁਰਾਕੀ ਤੱਤ ਹੁੰਦੇ ਹਨ। ਪਪੀਤੇ ਦੀਆਂ ਪੂਸਾ ਡਲੀਸ਼ੀਅਸ, ਪੰਜਾਬ ਸਵੀਟ ਅਤੇ ਪੂਸਾ ਡਵਾਰਫ਼ ਉੱਨਤ ਕਿਸਮਾਂ ਹਨ। ਇਸ ਦੇ ਬੂਟੇ ਲਗਾਉਣ ਲਈ ਤਿੰਨ ਮੀਟਰ ਦੇ ਫਾਸਲੇ ਉੱਤੇ ਟੋਏ ਪੁਟੋ। ਹਰ ਟੋਏ ਵਿਚ ਤਿੰਨ ਜਾਂ ਚਾਰ ਬੂਟੇ ਲਗਾਵੋ। ਜਦੋਂ ਬੂਟਿਆਂ ਨੂੰ ਫਲ ਆ ਜਾਣ ਤਾਂ ਹਰ ਟੋਏ ਵਿਚ ਇਕ ਬੂਟਾ ਰੱਖ ਕੇ ਬਾਕੀ ਦੇ ਪੁੱਟ ਦੇਵੋ। ਬੂਟੇ ਪੁੱਟਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਦਸ ਮਾਦਾ ਬੂਟਿਆਂ ਪਿੱਛੇ ਇਕ ਨਰ ਬੂਟਾ ਜ਼ਰੂਰ ਰੱਖਿਆ ਜਾਏ। ਪਪੀਤੇ ਨੂੰ ਫਲ ਦੋਵੇਂ ਤਰ੍ਹਾਂ ਦੇ ਬੂਟੇ ਹੋਣ ਉੱਤੇ ਹੀ ਲੱਗ ਸਕਦਾ ਹੈ। ਬੂਟੇ ਲਗਾਉਣ ਤੋਂ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾ ਲਵੋ। ਬੂਟੇ ਹਮੇਸ਼ਾ ਕਿਸੇ ਸਰਕਾਰੀ ਜਾਂ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ। ਬੂਟਿਆਂ ਦੀ ਚੋਣ ਬਹੁਤ ਸਾਵਧਾਨੀ ਨਾਲ ਕਰੋ। ਸਹੀ ਕਿਸਮ, ਰੋਗ ਰਹਿਤ ਅਤੇ ਘੱਟ ਉਮਰ ਦੇ ਬੂਟੇ ਹੀ ਲਗਾਣੇ ਚਾਹੀਦੇ ਹਨ। ਜੇਕਰ ਇਕ ਵੇਰ ਖਰਾਬ ਬੂਟੇ ਲਗ ਜਾਣ ਤਾਂ ਇਸ ਦਾ ਪਤਾ ਕਈ ਸਾਲਾਂ ਪਿੱਛੋਂ ਲਗਦਾ ਹੈ। ਉਦੋਂ ਤੀਕ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਬਰਸਾਤਾਂ ਵਿਚ ਛੋਟੇ ਕਟੜੂ ਵਛੜੂ ਵਧੇਰੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਨੂੰ ਹਮੇਸ਼ਾ ਸੁੱਕੀ ਥਾਂ ਬੰਨੋ। ਇਨ੍ਹਾਂ ਨੂੰ ਮਲੱਪਾਂ ਦੀ ਦਵਾਈ ਦੇਣੀ ਅਤੇ ਟੀਕੇ ਲਗਾਉਣੇ ਕਦੇ ਨਾ ਭੁੱਲੋ। ਬਰਸਾਤਾਂ ਵਿਚ ਪਸ਼ੂਆਂ ਨੂੰ ਚਿੱਚੜ ਵੀ ਲਗ ਸਕਦੇ ਹਨ। ਜੇਕਰ ਚਿੱਚੜ ਹੋਣ ਤਾਂ ਇਨ੍ਹਾਂ ਦੀ ਰੋਕਥਾਮ ਲਈ 0.5% ਮੈਲਾਥੀਅਨ ਜਾਂ ਸੇਵਨ ਜਾਂ ਸੁਮੀਥੀਅਨ ਦੀ ਵਰਤੋਂ ਕਰੋ। ਖਾਲੀ ਪਏ ਖੇਤਾਂ ਦੀ ਵਹਾਈ ਜ਼ਰੂਰ ਕਰ ਲੈਣੀ ਚਾਹੀਦੀ ਹੈ। ਇੰਜ ਇਕ ਤਾਂ ਨਦੀਨਾਂ ਦਾ ਨਾਸ਼ ਹੋ ਜਾਵੇਗਾ, ਦੂਜਾ ਵੱਤਰ ਵੀ ਸਾਂਭਿਆ ਜਾਵੇਗਾ। ਬਰਸੀਮ, ਆਲੂ ਅਤੇ ਤੋਰੀਆਂ ਆਦਿ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਇਸੇ ਮਹੀਨੇ ਕਰ ਲੈਣੀ ਚਾਹੀਦੀ ਹੈ।
ਮੂਲੀ ਗਾਜਰ ਅਤੇ ਸ਼ਲਗਮ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਹੁਣ ਕਰ ਦੇਣੀ ਚਾਹੀਦੀ ਹੈ। ਨੰਬਰ 29, ਪੀ.ਸੀ.34 ਅਤੇ ਸਲੈਕਸ਼ਨ 21 ਗਾਜਰ ਦੀਆਂ; ਪੰਜਾਬ ਸਫੈਦ, ਪੂਸਾ ਚੇਤਕੀ, ਵਾਈਟ ਆਈਸੀਕਲ ਅਤੇ ਪੰਜਾਬ ਅਗੇਤੀ ਮੂਲੀ ਦੀਆਂ ਅਤੇ ਐਲ.-1, 4-ਵਾਈਟ ਅਤੇ ਗੋਲਡਨ ਬਾਲ ਸ਼ਲਗਮ ਦੀਆਂ ਉੱਨਤ ਕਿਸਮਾਂ ਹਨ। ਮੂਲੀ ਅਤੇ ਗਾਜਰ ਦਾ 4 ਤੋਂ 5 ਕਿਲੋ ਅਤੇ ਸ਼ਲਗਮ ਦਾ 2-3 ਕਿਲੋ ਬੀਜ ਪ੍ਰਤੀ ਏਕੜ ਵਰਤੋ।
ਕਿਸਾਨਾਂ ਨੂੰ ਚਾਹੀਦਾ ਹੈ ਕਿ ਮੰਡੀ ਵਿਚ ਵੇਚਣ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕਰਨ। ਸਬਜ਼ੀਆਂ ਵਿਚੋਂ ਪੈਸੇ ਵੀ ਵਧੇਰੇ ਮਿਲਦੇ ਹਨ ਅਤੇ ਰੋਜ਼ ਦੀ ਰੋਜ਼ ਆਮਦਨ ਵੀ ਹੁੰਦੀ ਰਹਿੰਦੀ ਹੈ। ਜੇਕਰ ਮੰਡੀ ਲਈ ਕਾਸ਼ਤ ਨਹੀਂ ਕਰਨੀ ਤਾਂ ਘਰ ਲਈ ਸਬਜ਼ੀਆਂ ਦੀ ਕਾਸ਼ਤ ਬਹੁਤ ਜ਼ਰੂਰੀ ਹੈ। ਹਰ ਕਿਸਾਨ ਨੂੰ ਆਪਣੇ ਟਿਊਬਵੈੱਲ ਉੱਤੇ ਘਰ ਬਗੀਚੀ ਜ਼ਰੂਰ ਲਗਾਉਣੀ ਚਾਹੀਦੀ ਹੈ। ਮੁੱਲ ਲੈ ਕੇ ਸਬਜ਼ੀ ਖਾਣੀ ਬੜੀ ਔਖੀ ਹੈ। ਉਂਜ ਵੀ ਬਾਜ਼ਾਰ ਵਿਚ ਮਿਲਣ ਵਾਲੀਆਂ ਸਬਜ਼ੀਆਂ ਕਈ ਵੇਰ ਜ਼ਹਿਰਾਂ ਦੇ ਅਸਰ ਵਾਲੀਆਂ ਹੁੰਦੀਆਂ ਹਨ। ਸਬਜ਼ੀਆਂ ਸਾਡੀ ਖੁਰਾਕ ਦਾ ਬਹੁਤ ਜ਼ਰੂਰੀ ਅੰਗ ਹਨ। ਇਨ੍ਹਾਂ ਦੀ ਕਾਸ਼ਤ ਵਲ ਵਿਸ਼ੇਸ਼ ਧਿਆਨ ਦੇਵੋ।
ਅਗਲੇ ਮਹੀਨੇ ਹਾੜੀ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਇਸ ਬਾਰੇ ਆਪਣੇ ਫਾਰਮ ਦੀ ਵਿਉਂਤਬੰਦੀ ਕਰੋ। ਜਿਹੜੀਆਂ ਫਸਲਾਂ ਬੀਜਣੀਆਂ ਹਨ ਉਨ੍ਹਾਂ ਦੀ ਸੂਚੀ ਬਣਾਵੋ। ਇਨ੍ਹਾਂ ਲਈ ਬੀਜ ਅਤੇ ਖਾਦਾਂ ਦਾ ਲੋੜ ਅਨੁਸਾਰ ਪ੍ਰਬੰਧ ਕਰੋ। ਇਨ੍ਹਾਂ ਵਸਤਾਂ ਦਾ ਪਹਿਲਾਂ ਕੀਤਾ ਪ੍ਰਬੰਧ ਸਮੇਂ ਸਿਰ ਬਿਜਾਈ ਕਰਨ ਵਿਚ ਚੌਖੀ ਸਹਾਇਤਾ ਕਰਦਾ ਹੈ। ਇਹ ਮੰਨਿਆ ਗਿਆ ਹੈ ਕਿ ਸੁਧਰੀ ਕਿਸਮ ਦਾ ਰੋਗ ਰਹਿਤ ਬੀਜ ਫਸਲ ਦੀ ਭਰਪੂਰ ਉਪਜ ਲੈਣ ਲਈ ਜ਼ਰੂਰੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੀ ਵਿਉਂਤ ਅਨੁਸਾਰ ਢੁੱਕਵੀਂ ਸੁਧਰੀ ਕਿਸਮ ਦੇ ਵਧੀਆ ਬੀਜ ਦਾ ਪ੍ਰਬੰਧ ਕਰ ਲੈਣ ਤਾਂ ਜੋ ਬਿਜਾਈ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਫਸਲ ਦਾ ਪੂਰਾ ਝਾੜ ਲੈਣ ਲਈ ਇਨ੍ਹਾਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹੁਣ ਮੁਕਾਬਲੇ ਦਾ ਯੁੱਗ ਹੈ। ਇਸ ਕਰਕੇ ਸਾਨੂੰ ਫਸਲਾਂ ਦੀ ਵਿਉਂਤਬੰਦੀ ਅਤੇ ਕਾਸ਼ਤ ਕਰਦੇ ਸਮੇਂ ਕੋਈ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ।
ਖੇਤੀ ਖਰਚਿਆਂ ਨੂੰ ਘੱਟ ਕਰਨ ਦੇ ਪੂਰੇ ਯਤਨ ਕਰਨੇ ਚਾਹੀਦੇ ਹਨ, ਕਿਉਂਕਿ ਖ਼ਰਚਿਆਂ ਨੂੰ ਘੱਟ ਕੀਤਿਆਂ ਹੀ ਵਿਸ਼ਵ ਮੰਡੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਵਿਸ਼ਵ ਮੰਡੀ ਦਾ ਮੁਕਾਬਲਾ ਕਰਨ ਲਈ ਵਧੀਆ ਉਪਜ ਹੋਣੀ ਚਾਹੀਦੀ ਹੈ। ਦੁਧਾਰੂ ਪਸ਼ੂਆਂ ਦੇ ਪਾਲਣ ਵਲ ਧਿਆਨ ਦੇਵੋ। ਇੰਜ ਚਾਰੇ ਹੇਠ ਰਕਬੇ ਵਿਚ ਵਾਧਾ ਹੋਵੇਗਾ। ਨਵੀਆਂ ਫ਼ਸਲਾਂ ਜਿਵੇਂ ਜੜ੍ਹੀ ਬੂਟੀਆਂ ਅਤੇ ਫ਼ੁੱਲਾਂ ਦੀ ਕਾਸ਼ਤ ਵਲ ਵੀ ਧਿਆਨ ਦੇਣ ਦੀ ਲੋੜ ਹੈ। ਹੋ ਸਕੇ ਤਾਂ ਕੁਝ ਬਕਸੇ ਸ਼ਹਿਦ ਦੀਆਂ ਮੱਖੀਆਂ ਅਤੇ ਖੁੰਬਾਂ ਦੇ ਜ਼ਰੂਰ ਰੱਖੋ। ਛੋਟੇ ਕਿਸਾਨਾਂ ਨੂੰ ਅਜਿਹੇ ਧੰਦੇ ਅਪਣਾ ਕੇ ਆਪਣੀ ਆਮਦਨ ਵਿਚ ਵਾਧੇ ਲਈ ਯਤਨ ਕਰਨੇ ਚਾਹੀਦੇ ਹਨ। ਇਨ੍ਹਾਂ ਧੰਦਿਆਂ ਬਾਰੇ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਦੇ ਕੈਰੋਂ ਕਿਸਾਨ ਘਰ ਵਿਚ ਜਾ ਕੇ ਇਨ੍ਹਾਂ ਕੋਰਸਾਂ ਬਾਰੇ ਜਾਣਕਾਰੀ ਹਾਸਲ ਕਰੋ ਅਤੇ ਸਿਖਲਾਈ ਪ੍ਰਾਪਤ ਕਰੋ। ਅਜਿਹੇ ਧੰਦੇ ਹੀ ਆਮਦਨ ਵਿਚ ਵਾਧਾ ਕਰ ਸਕਦੇ ਹਨ।


Comments Off on ਫਲਦਾਰ ਬੂਟੇ ਲਗਾਉਣ ਲਈ ਹੁਣ ਢੁੱਕਵਾਂ ਸਮਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.