ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨਰਮੇ ਦਾ ਰਸ ਚੂਸਣ ਵਾਲੇ ਕੀੜੇ

Posted On August - 27 - 2010

ਬਲਵਿੰਦਰ ਸਿੰਘ ਭੁੱਲਰ

ਨਰਮਾ  ਪੰਜਾਬ ਦੀਆਂ ਮੁੱਖ ਫਸਲਾਂ ਵਿੱਚ ਆਉਂਦਾ ਹੈ, ਕੁਝ ਸਾਲ ਪਹਿਲਾਂ ਅਮਰੀਕਨ ਸੁੰਡੀ ਵੱਲੋਂ ਨਰਮੇ ਦੀ ਫ਼ਸਲ ਦੀ ਕੀਤੀ ਤਬਾਹੀ ਸਦਕਾ ਜਿੱਥੇ ਰਾਜ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਸੀ, ਉੱਥੇ ਉਸ ਨੇ ਨਰਮਾ ਬੀਜਣ ਤੋਂ ਵੀ ਤੋਬਾ ਕਰ ਦਿੱਤੀ ਸੀ। ਨਰਮੇ ਦਾ ਬੀ.ਟੀ. ਬੀਜ ਆਉਣ ਨਾਲ ਕਿਸਾਨਾਂ ਨੇ ਮੁੜ ਆਪਣਾ ਰੁਖ਼ ਨਰਮੇ ਵੱਲ ਕੀਤਾ ਹੈ, ਕਿਉਕਿ ਇਸ ’ਤੇ ਅਮਰੀਕਨ ਸੁੰਡੀ ਦਾ ਹਮਲਾ ਨਹੀਂ ਹੁੰਦਾ। ਫਿਰ ਵੀ ਕੁਝ ਹੋਰ ਹਾਨੀਕਾਰਕ ਕੀੜੇ ਹਨ ਜੋ ਨਰਮੇ ਦਾ ਨੁਕਸਾਨ ਕਰਦੇ ਹਨ ਇਨ੍ਹਾਂ ਵਿੱਚੋਂ ਨਰਮੇ ਦੀ ਮੌਜੂਦਾ ਸਥਿਤੀ ਵਿੱਚ ਰਸ ਚੂਸਣ ਵਾਲੇ ਕੀੜਿਆਂ ਤੋਂ ਖਤਰਾ ਬਣਿਆ ਹੋਇਆ ਹੈ।
ਰਸ ਚੂਸਣ ਵਾਲੇ ਕੀੜਿਆਂ ਵਿੱਚ ਸਭ ਤੋਂ ਖਤਰਨਾਕ ਹੈ ਮੀਲੀ ਬੱਗ, ਇਹ ਕੀੜਾ ਖੇਤ ਦੇ ਬਾਹਰਲੇ ਹੋਰ ਪੌਦਿਆਂ ਜਿਵੇਂ ਕਾਂਗਰਸ ਘਾਹ ਆਦਿ ਤੋਂ ਨੁਕਸਾਨ ਕਰਨਾ ਸ਼ੁਰੂ ਕਰਦਾ ਹੈ ਅਤੇ ਫਿਰ ਹੌਲੀ ਹੌਲੀ ਨਰਮੇ ਦੇ ਖੇਤ ਦੇ ਅੰਦਰ ਤੱਕ ਚਲਾ ਜਾਂਦਾ ਹੈ। ਇਹ ਇੱਕ ਇਕੱਠ ਦੇ ਰੂਪ ਵਿੱਚ ਰਹਿੰਦਾ ਹੈ ਜੋ ਚਿੱਟੇ ਪਾਊਡਰ ਨਾਲ ਢਕਿਆ ਹੁੰਦਾ ਹੈ। ਮੀਲੀ ਬੱਗ ਪੱਤਿਆਂ ਟਾਹਣੀਆਂ ਫੁੱਲਾਂ ਅਤੇ ਨਵੇਂ ਬਣ ਰਹੇ ਟੀਂਡਿਆਂ ਦਾ ਰਸ ਚੂਸਦਾ ਹੈ, ਜਿਸ ਕਾਰਨ ਪੌਦੇ ਆਪਣਾ ਭੋਜਨ ਤਿਆਰ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਮੀਲੀ ਬੱਗ ਦੇ ਹਮਲੇ ਦਾ ਨਰਮੇ ਦੇ ਪੱਤਿਆਂ ਉਪਰ ਕੀੜੇ ਦੇ ਮਲ- ਮੂਤਰ ਤੋਂ ਪਤਾ ਲੱਗ ਜਾਂਦਾ ਹੈ, ਜੋ ਪੱਤਿਆਂ ਉਪਰ ਸ਼ਹਿਦ ਦੀਆਂ ਬੂੰਦਾਂ ਵਾਂਗ ਜੰਮਿਆ ਹੁੰਦਾ ਹੈ। ਇਹ ਕੀੜਾ ਅਪਰੈਲ ਤੋਂ ਲੈ ਕੇ ਅਕਤੂਬਰ ਤੱਕ ਵਧੇਰੇ ਨੁਕਸਾਨ ਕਰਦਾ ਹੈ। ਇਸ ਕੀੜੇ ਦੇ ਹਮਲਾ ਕਰਨ ਤੇ ਮਾਹਰਾਂ ਵੱਲੋਂ ਕਾਰਬਰਿਲ, ਬਾਇਓਡੀਕਾਰਬ, ਪਰੋਫੈਨੋਫਾਸ, ਕੁਇਨਅਫਾਸ, ਐਸੀਫੇਟ, ਕਲੋਰਪਾਈਰੀਫਾਸ ਤੇ ਬੂਪਰੋਫੇਜੀਨ ਆਦਿ ਜ਼ਹਿਰਾਂ ਦੀ ਸਿਫਾਰਸ਼ ਕੀਤੀ ਗਈ ਹੈ।
ਦੂਜਾ ਵੱਧ ਨੁਕਸਾਨ ਕਰਨ ਵਾਲਾ ਕੀੜਾ ਹਰਾ ਤੇਲਾ ਹੈ। ਇਹ ਕੀੜਾ ਖੰਭਾਂ ਵਾਲਾ ਹੈ ਜਿਸ ਦੇ ਖੰਭਾਂ ਦੇ ਮੂਹਰੇ ਕਾਲੇ ਧੱਬੇ ਹੁੰਦੇ ਹਨ। ਇਹ ਕੀੜਾ ਪੱਤਿਆਂ ਦੇ ਹੇਠਲੇ ਪਾਸੇ ਤੋਂ ਰਸ ਚੂਸਦਾ ਹੈ, ਜਿਸ ਕਾਰਨ ਪੱਤੇ ਝੁਰੜ ਮੁਰੜ ਹੋ ਕੇ ਲਾਲ ਹੋ ਜਾਂਦੇ ਹਨ ਅਤੇ ਫਿਰ ਝੜ ਜਾਂਦੇ ਹਨ। ਜੁਲਾਈ ਤੋਂ ਸਤੰਬਰ ਮਹੀਨੇ ਤੱਕ ਇਹ ਜ਼ਿਆਦਾ ਨੁਕਸਾਨ ਕਰਦਾ ਹੈ। ਇਸ ਦੇ ਹਮਲੇ ਨੂੰ ਰੋਕਣ ਲਈ ਇਮੀਡਾਕਲੋਪਰਿਡ, ਐਸੀਟਾਮੀਪਰਿਡ ਤੇ ਥਾਇਓਮੀਥਾਕਸਮ ਨਾਂ ਦੀਆਂ ਦਵਾਈਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਤੀਜਾ ਜ਼ਿਆਦਾ ਨੁਕਸਾਨ ਕਰਨ ਵਾਲਾ ਕੀੜਾ ਚਿੱਟੀ ਮੱਖੀ ਹੈ। ਪੀਲੇ ਰੰਗ ਦੇ ਇਸ ਕੀੜੇ ਦੇ ਸਰੀਰ ਉਪਰ ਕੰਡੇ ਜਿਹੇ ਹੁੰੰਦੇ ਹਨ ਅਤੇ ਇਸ ਦਾ ਸਰੀਰ ਚਿੱਟੇ ਪਾਊਡਰ ਨਾਲ ਢਕਿਆ ਹੁੰਦਾ ਹੈ, ਇਹ ਕੀੜਾ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਉਡਾਰੀ ਲਗਾ ਸਕਦਾ ਹੈ। ਇਹ ਕੀੜਾ ਪੱਤੇ ਦੇ ਹੇਠਲੇ ਪਾਸੇ ਤੋਂ ਰਸ ਚੂਸਦਾ ਹੈ, ਜਿਸ ਕਾਰਨ ਪੱਤੇ ਝੜ ਜਾਂਦੇ ਹਨ। ਪੱਤਿਆਂ ਉਪਰ ਕੀੜੇ ਦੇ ਜੰਮੇ ਚਿਪਚਿਪੇ ਮਲਤਿਆਗ ਤੋਂ ਇਸ ਦੇ ਹਮਲੇ ਦਾ ਪਤਾ ਚਲਦਾ ਹੈ। ਇਸ ਦੇ ਹਮਲੇ ਨਾਲ ਪੱਤਾ ਮਰੋੜ ਬਿਮਾਰੀ ਫੈਲਦੀ ਹੈ। ਜੁਲਾਈ ਤੋਂ ਅਕਤੂਬਰ ਤੱਕ ਇਹ ਕੀੜਾ ਵਧੇਰੇ ਹਮਲਾ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਚੇਪਾ ਅਤੇ ਭੂਰੀ ਜੂੰਅ ਨਾਂ ਦੇ ਕੀੜੇ ਵੀ ਰਸ ਚੂਸਣ ਵਾਲੇ ਕੀੜੇ ਹਨ ਜੋ ਨਰਮੇ ਦਾ ਨੁਕਸਾਨ ਕਰਦੇ ਹਨ। ਇਸ ਕੀੜੇ ਦੇ ਹਮਲੇ ਤੋਂ ਬਚਾਅ ਲਈ ਟਰਾਈਜ਼ੋਫਾਸ ਤੇ ਈਥੀਆਨ ਦਵਾਈਆਂ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਹੈ।
ਨਰਮੇ ਦੇ ਖੇਤਾਂ ਵਿੱਚ ਕੇਵਲ ਦੁਸ਼ਮਣ ਕੀੜੇ ਹੀ ਨਹੀਂ ਹੁੰਦੇ, ਬਲਕਿ ਮਿੱਤਰ ਕੀੜੇ ਵੀ ਹੁੰਦੇ ਹਨ, ਜੋ ਕਿਸਾਨ ਲਈ ਸਹਾਈ ਹੁੰਦੇ ਹਨ। ਇਸ ਲਈ ਦੁਸ਼ਮਣ ਕੀੜਿਆਂ ਦੇ ਮਾਮੂਲੀ ਜਿਹੇ ਹਮਲੇ ਨੂੰ ਦੇਖਦਿਆਂ ਹੀ ਕੀੜੇਮਾਰ ਦਵਾਈਆਂ ਦਾ ਛਿੜਕਾਅ ਸ਼ੁਰੂ ਨਹੀਂ ਕਰ ਦੇਣਾ ਚਾਹੀਦਾ, ਅਜਿਹਾ ਕਰਨ ਨਾਲ ਮਿੱਤਰ ਕੀੜੇ ਵੀ ਖਤਮ ਹੋ ਜਾਂਦੇ ਹਨ। ਇਸ ਲਈ ਇੱਕ ਏਕੜ ਖੇਤ ਵਿੱਚ ਵੱਖ-ਵੱਖ ਥਾਵਾਂ ’ਤੇ ਇੱਕ ਦਰਜਨ ਪੌਦਿਆਂ ਦੀ ਚੋਣ ਕਰੋ ਅਤੇ ਉਸ ਦਾ ਪੂਰੇ ਧਿਆਨ ਨਾਲ ਸਰਵੇਖਣ ਕਰੋ। ਜੇਕਰ ਕੁਝ ਪੌਦਿਆਂ ’ਤੇ ਬੀਮਾਰੀ ਦਿਖਾਈ ਦੇਵੇ ਤਾਂ ਉਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਚੁਣੇ ਹੋਏ ਪੌਦਿਆਂ ਵਿੱਚੋਂ 50 ਫੀਸਦੀ ਪੌਦਿਆਂ ’ਤੇ ਹਮਲਾ ਹੋ ਚੁੱਕਾ ਹੋਵੇ ਤਾਂ ਹੀ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਕਿਸਾਨਾਂ ਨੂੰ ਚਾਹੀਦਾ ਹੈ ਕਿ ਨਰਮੇ ਨੂੰ ਦੁਸ਼ਮਣ ਕੀੜਿਆਂ ਤੋਂ ਬਚਾਉਣ ਅਤੇ ਵਧੇਰੇ ਝਾੜ ਲੈਣ ਲਈ ਸੁਣੀਆਂ ਸੁਣਾਈਆਂ ਗੱਲਾਂ ਦੇ ਅਧਾਰ ’ਤੇ ਦਵਾਈਆਂ ਜ਼ਹਿਰਾਂ ਦੀ ਵਰਤੋਂ ਕਰਨ ਦੀ ਬਜਾਏ ਖੇਤੀ ਮਾਹਰਾਂ ਦੀ ਰਾਇ ਨਾਲ ਹੀ ਛਿੜਕਾਅ ਕੀਤਾ ਜਾਵੇ।


Comments Off on ਨਰਮੇ ਦਾ ਰਸ ਚੂਸਣ ਵਾਲੇ ਕੀੜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.