ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਤਰੱਕੀ ਦੀ ਰਾਹ ’ਤੇ ਪਿੰਡ ਝਿੰਗੜਾਂ ਕਲਾਂ

Posted On August - 19 - 2010

ਮੇਰਾ ਪਿੰਡ ਝਿੰਗੜਾਂ ਕਲਾਂ ਮੁਹਾਲੀ ਜ਼ਿਲ੍ਹੇ ਦੀ ਤਹਿਸੀਲ ਖਰੜ ਵਿਚ ਪੈਂਦਾ ਹੈ। ਪਿੰਡ ਦੀ ਆਬਾਦੀ ਇਕ ਹਜ਼ਾਰ ਦੇ ਕਰੀਬ ਹੈ। ਇਹ ਪੜ੍ਹੇ-ਲਿਖੇ ਅਤੇ ਸੂਝਵਾਨ ਲੋਕਾਂ ਦਾ ਪਿੰਡ ਹੈ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਸ਼ਹਿਰ ਨੇੜੇ ਹੋਣ ਕਰਕੇ ਕੁਝ ਲੋਕ ਖੇਤੀ ਆਧਾਰਤ ਧੰਦੇ ਵੀ ਕਰਦੇ ਹਨ। ਵਿਦਿਅਕ ਸਹੂਲਤਾਂ ਨਜ਼ਦੀਕ ਮਿਲਣ ਕਰਕੇ ਪੁਰਾਣੇ ਸਮੇਂ ਤੋਂ ਹੀ ਮੇਰੇ ਪਿੰਡ ਦੇ ਲੋਕ ਚੰਗੇ ਪੜ੍ਹੇ-ਲਿਖੇ ਤੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਰਹੇ ਹਨ। ਸਾਡੇ ਕਈ ਬਜ਼ੁਰਗ ਡਾਕਟਰ, ਇੰਜੀਨੀਅਰ, ਮੇਜਰ, ਖੇਤੀਬਾੜੀ ਡਾਇਰੈਕਟਰ ਅਤੇ ਅਧਿਆਪਕ ਵਜੋਂ ਸੇਵਾ ਨਿਭਾਅ ਕੇ ਸੇਵਾਮੁਕਤ ਹੋ ਚੁੱਕੇ ਹਨ। ਕਈ ਨੌਜਵਾਨ ਅੱਜ ਵੀ ਉੱਚੇ ਅਹੁਦਿਆਂ ’ਤੇ ਹਨ। ਮੇਰੇ ਪਿੰਡ ਦੇ ਕੁਝ ਲੋਕ ਵਿਦੇਸ਼ ਵਿਚ ਵੀ ਚੰਗਾ ਨਾਮਣਾ ਖੱਟ ਰਹੇ ਹਨ। ਇੱਥੋਂ ਦੇ ਜੰਮਪਲ ਇਕ ਇੰਜੀਨੀਅਰ ਨੇ ਅਮਰੀਕਾ ਵਿਚ ਸੂਚਨਾ ਤਕਨੀਕ ਦੇ ਖੇਤਰ ਵਿਚ ਆਪਣਾ ਨਾਂ ਅਮਰੀਕਾ ਦੇ ਚੁਣਵੇਂ ਬੰਦਿਆਂ ਦੀ ਸੂਚੀ ਵਿਚ ਦਰਜ ਕਰਵਾ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪਿੰਡ ਦੇ ਬਹੁਤੇ ਵਸਨੀਕ ਧਾਰਮਿਕ ਵਿਚਾਰਾਂ ਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਇਸ ਪਿੰਡ ਦੇ ਵਸਨੀਕ ਦੀ ਨੁਮਾਇੰਦਗੀ ਹੈ। ਪਿੰਡ ਵਾਸੀ ਰਲ-ਮਿਲ ਕੇ ਸਾਰੇ ਤਿਉਹਾਰ ਮਨਾਉਂਦੇ ਹਨ।
ਮੇਰੇ ਪਿੰਡ ਵਿਚ ਮਿਡਾਨ ਤਕ ਸਰਕਾਰੀ ਸਕੂਲ ਹੈ। ਇਸ ਦੀ ਇਮਾਰਤ ਪਿੰਡ ਵਾਸੀਆਂ ਨੇ ਬਹੁਤ ਵਧੀਆ ਉਸਾਰੀ ਹੈ। ਪਿੰਡ ਵਿਚ ਡਾਕਘਰ, ਪਸ਼ੂ ਡਿਸਪੈਂਸਰੀ ਹੈ, ਪਰ ਲੋਕਾਂ ਨੂੰ ਇਲਾਜ ਲਈ ਸ਼ਹਿਰ ਜਾਣਾ ਪੈਂਦਾ ਹੈ। ਇਸ ਲਈ ਇਕ ਹਸਪਤਾਲ ਦੀ ਪਿੰਡ ਨੂੰ ਬਹੁਤ ਘਾਟ ਮਹਿਸੂਸ ਹੋ ਰਹੀ ਹੈ।
ਪਾਣੀ ਦਾ ਪ੍ਰਬੰਧ ਵਧੀਆ ਹੈ। ਜਲ ਸਪਲਾਈ ਵਿਭਾਗ ਵੱਲੋਂ ਟੂਟੀਆਂ ਰਾਹੀਂ ਘਰ-ਘਰ ਪਾਣੀ ਪਹੁੰਚਾਇਆ ਜਾ ਰਿਹਾ ਹੈ। ਪਿੰਡ ਵਿਚ ਟੈਲੀਫੋਨ ਐਕਸਚੇਂਜ, ਦੁੱਧ ਇਕੱਤਰ ਕੇਂਦਰ ਤੇ ਸਹਿਕਾਰੀ ਖੇਤੀਬਾੜੀ ਸੁਸਾਇਟੀ ਹੈ। ਇਸ ਤੋਂ ਪਿੰਡ ਤੇ ਲਾਗਲੇ ਪਿੰਡਾਂ ਦੇ ਕਿਸਾਨ ਖੇਤੀਬਾੜੀ ਲਈ ਸਹੂਲਤਾਂ ਲੈ ਰਹੇ ਹਨ। ਪਿੰਡ ਦੇ ਲੋਕਾਂ ਵਿਚ ਸਵੈ-ਰੁਜ਼ਗਾਰ ਦੀ ਭਾਵਨਾ ਹੈ। ਇਸ ਤਹਿਤ ਪਿੰਡ ਵਿਚ ਫੀਡ ਫੈਕਟਰੀ, ਪੋਲਟਰੀ ਫਾਰਮ, ਆਟਾ ਚੱਕੀ ਤੇ ਕਈ ਹੋਰ ਸਹਾਇਕ ਧੰਦੇ ਕੀਤੇ ਜਾ ਰਹੇ ਹਨ।
ਮੇਰਾ ਪਿੰਡ ਪ੍ਰਦੂਸ਼ਣ ਮੁਕਤ ਹੈ। ਚਾਰੇ ਪਾਸੇ ਹਰਿਆ-ਭਰਿਆ ਵਾਤਾਵਰਨ ਹੈ। ਪਿੰਡ ਦੀ ਪੰਚਾਇਤ ਸਮਝਦਾਰੀ ਨਾਲ ਕੰਮ ਕਰਦੀ ਹੈ। ਖੁੱਲ੍ਹੀਆਂ ਅਤੇ ਪੱਕੀਆਂ ਗਲੀਆਂ ਹਨ। ਦੋ ਆਲੀਸ਼ਾਨ ਗੁਰਦੁਆਰੇ ਤੇ ਇਕ ਧਰਮਸ਼ਾਲਾ ਹੈ।
ਮੇਰੇ ਪਿੰਡ ਵਿਚ ਏਨੀਆਂ ਸਹੂਲਤਾਂ ਦੇ ਬਾਵਜੂਦ ਕੁਝ ਖਾਮੀਆਂ ਵੀ ਹਨ। ਨਾਲੀਆਂ ਦੇ ਪਾਣੀ ਦਾ ਨਿਕਾਸ ਠੀਕ ਨਾ ਹੋਣ ਕਰਕੇ ਗੰਦਾ ਪਾਣੀ ਗਲੀਆਂ ਵਿਚ ਖੜ੍ਹ ਜਾਂਦਾ ਹੈ। ਪਿੰਡ ਦੀਆਂ ਕੁਝ ਗਲੀਆਂ ਜੋ 1952 ਤੋਂ ਪੱਕੀਆਂ ਹਨ, ਨੂੰ ਹੁਣ ਪੱਕਾ ਕਰਨ ਦੀ ਜ਼ਰੂਰਤ ਹੈ। ਪਿੰਡ ਦੇ ਛੱਪੜਾਂ ਦਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰ ਰਿਹਾ ਹੈ। ਇਨ੍ਹਾਂ ਨੂੰ ਸਾਫ ਕਰਕੇ ਮੱਛੀਆਂ ਪਾਲੀਆਂ ਜਾ ਸਕਦੀਆਂ ਹਨ। ਕੁਰਾਲੀ ਤੋਂ ਪਿੰਡ ਨੂੰ ਜਾਣ ਵਾਲੀ ਸੜਕ, ਜੋ ਕਈ ਪਿੰਡਾਂ ਨੂੰ ਆਪਸ ਵਿਚ ਜੋੜਦੀ ਹੋਈ ਚੰਡੀਗੜ੍ਹ ਜਾਂਦੀ ਹੈ, ਦੀ ਖਸਤਾ ਹਾਲਤ ਹੈ। ਇਸ ਦੀ ਮੁਰੰਮਤ ਪਹਿਲ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਈ ਰੱਖਣ ਲਈ ਪਿੰਡ ਵਿਚ ਸਟੇਡੀਅਮ ਦਾ ਹੋਣਾ ਵੀ ਜ਼ਰੂਰੀ ਹੈ। ਕੁੱਲ ਮਿਲਾ ਕੇ ਮੇਰਾ ਪਿੰਡ ਮੈਨੂੰ ਸਵਰਗ ਲਗਦਾ ਹੈ।

ਤਰਨਜੀਤ ਸਿੰਘ ਸ਼ੇਰਗਿੱਲ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕੁਰਾਲੀ।
ਰਾਹੀਂ:- ਮਿਹਰ ਸਿੰਘ (ਪੱਤਰ ਪ੍ਰੇਰਕ, ਕੁਰਾਲੀ)


Comments Off on ਤਰੱਕੀ ਦੀ ਰਾਹ ’ਤੇ ਪਿੰਡ ਝਿੰਗੜਾਂ ਕਲਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.