ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਡੇਂਗੂ ਨੇ ਵਜਾਈ ਆਪਣੀ ਆਮਦ ਦੀ ਘੰਟੀ

Posted On August - 31 - 2010

ਡਾ. ਹਰਚੰਦ ਸਿੰਘ ਸਰਹਿੰਦੀ

ਉੱਤਰੀ ਭਾਰਤ ਵਿਚ ਇਨ੍ਹੀਂ ਦਿਨੀਂ ਵਰਖਾ ਦੀ ਰੁੱਤ ਦਾ ਮੌਸਮ ਹੈ। ਇਸ ਤਰ੍ਹਾਂ ਦੀ ਰੁੱਤ, ਡੇਂਗੂ ਬੁਖਾਰ ਦੇ ਵਿਸ਼ਾਣੂ ਨੂੰ ਵਧਣ-ਫੁਲਣ ਲਈ ਉਚਿਤ ਵਾਤਾਵਰਣ ਮੁਹੱਈਆ ਕਰਦੀ ਹੈ। ਇਹੋ ਕਾਰਨ ਹੈ ਕਿ ਇਸ ਰੋਗ ਦੇ ਹਮਲੇ ਦੀਆਂ ਮੁੱਢਲੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਕ ਤਾਜ਼ਾ ਖਬਰ ਅਨੁਸਾਰ ਡੇਂਗੂ ਨੇ ਦਿੱਲੀ ਵਿਚ ਕਈ ਜਾਨਾਂ ਲੈ ਲਈਆਂ ਹਨ। ਭਾਰਤੀ ਉਪ ਮਹਾਂਦੀਪ ਵਿਚ ਡੇਂਗੂ ਬੁਖਾਰ ਦਾ ਇਤਿਹਾਸ ਪ੍ਰਾਪਤ ਵੇਰਵਿਆਂ ਅਨੁਸਾਰ ਲਗਪਗ ਇਕ ਸਦੀ ਪੁਰਾਣਾ ਹੈ। ਬੀਤੇ ਸਮੇਂ ਦਾ ਰਿਕਾਰਡ ਦੱਸਦਾ ਹੈ ਕਿ ਇਹ ਰੋਗ ਇਕ ਮੌਸਮੀ ਵਬਾਅ ਦੇ ਰੂਪ ਵਿਚ ਫੈਲਣ ਲਈ ਬੁਰੀ ਤਰ੍ਹਾਂ ਬਦਨਾਮ ਹੈ। ਲੁਧਿਆਣਾ ਅਤੇ ਦਿੱਲੀ ਵਿਖੇ ਸੰਨ 1996-97 ਦੌਰਾਨ ਇਸ ਰੋਗ ਦੀ ਮਹਾਂਮਾਰੀ ਨੇ ਤੁਹਾਨੂੰ ਯਾਦ ਹੋਵੇਗਾ ਹਾਹਾਕਾਰ ਮਚਾ ਦਿੱਤੀ ਸੀ। ਇਕੱਲੇ ਦਇਆ ਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਡੇਂਗੂ ਬੁਖਾਰ ਤੋਂ ਪੀੜਤ 505 ਮਰੀਜ਼ ਦਾਖਲ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ 28 ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਤਫਾਕਵੱਸ, ਦਾਖਲ ਕਰਵਾਏ ਗਏ ਇਨ੍ਹਾਂ 505 ਮਰੀਜ਼ਾਂ ਵਿਚੋਂ 66.9 ਪ੍ਰਤੀਸ਼ਤ ਨਰ ਅਤੇ 33.1 ਪ੍ਰਤੀਸ਼ਤ ਮਦੀਨ ਸਨ। ਜ਼ਿਆਦਾਤਰ ਮਰੀਜ਼ 21-40 ਸਾਲ ਉਮਰ ਗਰੁੱਪ ਦੇ ਸਨ। ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਡੇਂਗੂ ਬੁਖਾਰ ਇਕ ਗੰਭੀਰ ਸਿਹਤ ਸਮੱਸਿਆ ਹੈ ਪਰ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਭਾਰਤ ਵਾਸੀ ਇਸ ਸਮੱਸਿਆ ਪ੍ਰਤੀ ਸੁਚੇਤ ਨਹੀਂ ਹਨ।
ਰੋਗ ਕਿਵੇਂ ਫੈਲਦਾ ਹੈ: ਡੇਂਗੂ ਬੁਖਾਰ ਇਕ ਵਿਸ਼ਾਣੂੰ ਰੋਗ ਹੈ, ਯਾਨੀ ਵਾਇਰਸ ਰਾਹੀਂ ਫੈਲਣ ਵਾਲਾ ਰੋਗ ਹੈ। ਇਹ ਬੁਖਾਰ ਇਕ ਖਾਸ ਕਿਸਮ ਦੇ ਮੱਛਰ, ਜਿਸ ਨੂੰ ਵਿਗਿਆਨਕ ਸ਼ਬਦਾਵਲੀ ਵਿਚ ਏਡੀਜ਼ ਅਜਿਪਟਾਈ (AEDES AEGYPTI) ਕਿਹਾ ਜਾਂਦਾ ਹੈ, ਦੇ ਕੱਟਣ ਨਾਲ ਫੈਲਦਾ ਹੈ।  ਇਸ ਮੱਛਰ ਦੇ ਕਾਲੇ ਸਰੀਰ ’ਤੇ ਸਫੈਦ ਧਾਰੀਆਂ ਅਤੇ ਪਿਛਲੀਆਂ ਲੱਤਾਂ ’ਤੇ ਸਫੈਦ ਰਿੰਗ ਹੁੰਦੇ ਹਨ। ਇਹ ਮੱਛਰ ਦਿਨ ਵੇਲੇ ਸਰਗਰਮ ਰਹਿੰਦਾ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਡੇਂਗੂ ਬੁਖਾਰ ਮਾਦਾ ਮੱਛਣ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਘਰਾਂ ਅਤੇ ਗਲੀ-ਮੁਹੱਲਿਆਂ ਵਿਚ ਖੜ੍ਹੇ ਪਾਣੀ ਦੇ ਸਰੋਤਾਂ ਜਿਵੇਂ ਕਿ ਟੁੱਟੇ ਘੜੇ, ਪਲਾਸਟਿਕ ਦੇ ਬਰਤਨ, ਪੁਰਾਣੇ ਟਾਇਰ, ਗਮਲੇ, ਕੂਲਰ ਅਤੇ ਅਣਢੱਕੀਆਂ ਪਾਣੀਆਂ ਦੀਆਂ ਟੈਂਕੀਆਂ ਦੇ ਖੜ੍ਹੇ ਪਾਣੀ ਵਿਚ ਪਲਦਾ ਹੈ। ਇਸ ਮੱਛਰ ਦਾ ਜਿਊਣ-ਢੰਗ, ਮਲੇਰੀਆ ਫੈਲਾਉਣ ਵਾਲੇ ਐਨੋਫਿਲਿਜ਼ ਨਾਮਕ ਮੱਛਰ ਤੋਂ ਬਹੁਤ ਫਰਕ ਵਾਲਾ ਹੁੰਦਾ ਹੈ।
ਜਦੋਂ ਇਕ ਮਾਦਾ ਮੱਛਰ ਡੇਂਗੂ ਬੁਖਾਰ ਦੇ ਮਰੀਜ਼ ਨੂੰ ਕੱਟਦੀ ਹੈ ਤਾਂ ਇਹ ਮਰੀਜ਼ ਦੇ ਲਹੂ ਵਿਚ ਮੌਜੂਦ ਵਾਇਰਸ ਨੂੰ ਗ੍ਰਹਿਣ ਕਰ ਲੈਂਦੀ ਹੈ। ਫਿਰ ਇਹ ਵਾਇਰਸ ਮੱਛਰ ਦੀਆਂ  ਥੁੱਕ ਗ੍ਰੰਥੀਆਂ ਵਿਚ ਤਿੰਨ ਤੋਂ ਦਸ ਦਿਨਾਂ ਤਕ ਖੂਬ ਵਧਦਾ ਫੁੱਲਦਾ ਹੈ। ਇਸ ਤੋਂ ਬਾਅਦ ਇਹ ਮਾਦਾ ਮੱਛਰ ਰੋਗ ਦੀ ਲਾਗ ਨੂੰ ਅੱਗੇ ਤੋਰਨ ਦੇ ਸਮਰੱਥ ਹੋ ਜਾਂਦੀ ਹੈ। ਲਾਗ-ਗ੍ਰਸਤ ਮੱਛਰ ਦੇ ਕੱਟਣ ਤੋਂ 3-10 ਦਿਨਾਂ ਬਾਅਦ ਰੋਗ ਦੀਆਂ ਅਲਾਮਤਾਂ ਜ਼ਾਹਿਰ ਹੋ ਜਾਂਦੀਆਂ ਹਨ।
ਲੱਛਣ: ਇਕਦਮ ਤੇਜ਼ ਬੁਖਾਰ, ਸਿਰਦਰਦ, ਖਾਸਕਰ ਅੱਖਾਂ ਦੇ ਪਿੱਛੇ  ਸਖਤ ਦਰਦ, ਮੂੰਹ ਲਾਲ ਹੋ ਜਾਂਦਾ ਹੈ, ਜੋੜਾਂ ਦਾ ਦਰਦ, ਲੱਤਾਂ-ਬਾਹਾਂ ਤੇ ਪੱਠਿਆਂ ਦਾ ਦਰਦ ਅਤੇ ਸਰਦੀ ਵੀ ਮਹਿਸੂਸ ਹੋ ਸਕਦੀ ਹੈ। ਜੀਅ ਘਬਰਾਉਣਾ ਅਤੇ ਉਲਟੀ ਵੀ ਆ ਸਕਦੀ ਹੈ। ਬੁਖਾਰ ਜ਼ਿਆਦਾ ਦਿਨ ਰਹਿਣ ਨਾਲ ਨੱਕ, ਮੂੰਹ, ਮਸੂੜਿਆਂ, ਚਮੜੀ ਅਤੇ ਪਾਚਨ ਪ੍ਰਣਾਲੀ ਦੇ ਅੰਗਾਂ ਵਿਚ ਖੂਨ ਨਿਕਲਣਾ ਸ਼ੁਰੂ ਹੋ ਸਕਦਾ ਹੈ ਅਤੇ ਜ਼ਿਆਦਾ ਖੂਨ ਵੱਗਣ ਨਾਲ ਮੌਤ ਵੀ ਹੋ ਸਕਦੀ ਹੈ।
ਡੇਂਗੂ ਬੁਖਾਰ ਦੀਆਂ ਦੋ ਕਿਸਮਾਂ ਹਨ: (1) ਡੇਂਗੂ ਬੁਖਾਰ (CLASSICAL DENGUE) ਅਤੇ (2) ਖੂਨੀ ਡੇਂਗੂ ਬੁਖਾਰ (HAENORRHAGIC DENGUE) ਖੂਨੂ ਡੇਂਗੂ ਬੁਖਾਰ ਇਸ ਰੋਗ ਦੀ ਭਿਆਨਕ ਕਿਸਮ ਹੈ, ਜੋ ਮਰੀਜ਼ ਨੂੰ ਮੌਤ ਦੇ ਮੂੰਹ ਵਿਚ ਧੱਕ ਸਕਦੀ ਹੈ।
ਇਲਾਜ ਤੇ ਰੋਕਥਾਮ: ਕਿਉਂਕਿ ਇਹ ਇਕ ਵਾਇਰਲ ਰੋਗ ਹੈ। ਇਸ ਲਈ ਇਸ ਦਾ ਕੋਈ ਨਿਸ਼ਚਿਤ ਇਲਾਜ ਉਪਲਬਧ ਨਹੀਂ ਹੈ। ਬਸ, ਅਲਾਮਤਾਂ ਦੇ ਆਧਾਰ ’ਤੇ ਹੀ ਇਲਾਜ ਕੀਤਾ ਜਾਂਦਾ ਹੈ। ਬੁਖ਼ਾਰ ਅਤੇ ਸਰੀਰਕ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਪੈਰਾਸਿਟਾਮੋਲ ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ। ਚੇਤੇ ਰਹੇ! ਬੁਖ਼ਾਰ ਉਤਾਰਨ ਲਈ ਐਸਪਰੀਨ ਜਾਂ ਡਿਸਪਰੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਖੂਨ ਦਾ ਵਹਾਅ ਵਧਣ ਦੀ ਸੰਭਾਵਨਾ ਹੁੰਦੀ ਹੈ। ਜੇ ਬੁਖ਼ਾਰ ਤੇਜ਼ ਹੋਵੇ ਤਾਂ ਠੰਢੀਆਂ ਪੱਟੀਆਂ ਸਹਾਈ ਸਿੱਧ ਹੁੰਦੀਆਂ ਹਨ। ਬੁਖ਼ਾਰ ਦੀ ਸਾਧਾਰਨ ਕਿਸਮ, ਜਿਸ ਨੂੰ ‘ਆਮ ਡੇਂਗੂ ਬੁਖ਼ਾਰ’ ਕਿਹਾ ਜਾਂਦਾ ਹੈ, ਤੋਂ ਪੀੜਤ ਮਰੀਜ਼, ਜੇ ਕੋਈ ਉਲਝਣ ਪੈਦਾ ਨਾ ਹੋਵੇ ਤਾਂ 5-7 ਦਿਨਾਂ ਵਿਚ ਸਿਹਤਯਾਬ ਹੋ ਜਾਂਦਾ ਹੈ। ਬੁਖ਼ਾਰ ਦੀ ਖ਼ਤਰਨਾਕ ਕਿਸਮ, ਜਿਸ ਨੂੰ ‘ਖ਼ੂਨੀ ਡੇਂਗੂ ਬੁਖ਼ਾਰ’ ਕਿਹਾ ਜਾਂਦਾ ਹੈ, ਗੰਭੀਰ ਉਲਝਣਾਂ ਪੈਦਾ ਕਰ ਸਕਦੀ ਹੈ। ਨਿਮਨ-ਦਰਜ ਅਲਾਮਤਾਂ ਜ਼ਾਹਿਰ ਹੋਣ ਦੀ ਸੂਰਤ ਵਿਚ ਮਰੀਜ਼ ਇਕ ਐਮਰਜੈਂਸੀ ਕੇਸ ਬਣ ਜਾਂਦਾ ਹੈ :
* ਬੇਚੈਨੀ * ਹੱਥ ਪੈਰ ਠੰਢੇ * ਤੇਜ਼ ਤੇ ਕਮਜ਼ੋਰ ਨਬਜ਼ * ਮੱਧਮ ਰਕਤ ਦਬਾਅ (ਬੀ.ਪੀ.)
* ਖੂਨ ਦੇ ਲਾਲ ਕਣਾਂ ਦਾ ਕੇਂਦਰੀਕਰਨ (ਇਹ ਸਥਿਤੀ, ਖੂਨ ਦੀਆਂ ਧਮਣੀਆਂ ਦੇ ਫਟਣ ਅਤੇ ਪਲਾਜ਼ਮਾ (ਖੂਨ ਦਾ ਤਰਲ ਭਾਗ) ਦੇ ਰਿਸਣ ਕਾਰਨ ਪੈਦਾ ਹੁੰਦੀ ਹੈ)।
ਉਪਰੋਕਤ ਅਲਾਮਤਾਂ, ਇਕ ਤਰ੍ਹਾਂ ਨਾਲ ‘ਦੁਹਾਈ’ ਦਿੰਦੀਆਂ ਹਨ ਕਿ ਸਥਿਤੀ ਨਾਜ਼ੁਕ ਹੈ ਅਤੇ ਮੌਕੇ ਨੂੰ ਹੱਥੋਂ ਖਿਸਕਣ ਨਾ ਦਿੱਤਾ ਜਾਵੇ। ਦੂਜੇ ਸ਼ਬਦਾਂ ਵਿਚ ਮਰੀਜ਼ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਾਉਣਾ ਸਮੇਂ ਦੀ ਮੰਗ ਹੁੰਦੀ ਹੈ, ਕਿਉਂਕਿ ਇਸ ਹਾਲਤ ਵਿਚ ਮਰੀਜ਼ ਨੂੰ ਨਾੜ ਰਾਹੀਂ ਗੂਲਕੋਜ਼, ਖੂਨ ਜਾਂ ਪਲੇਟਲੈਟ ਪਲਾਜ਼ਮਾ ਦੇਣ ਦੀ ਲੋੜ ਪੈ ਸਕਦੀ ਹੈ।
ਬਚਣ ਦੇ ਉਪਾਓ: ਕਿਉਂਕਿ ਇਸ ਰੋਗ ਦੀ ਕੋਈ ਵੈਕਸੀਨ ਉਪਲਬਧ ਨਹੀਂ ਹੈ, ਇਸ ਲਈ ਇਸ ਰੋਗ ਤੋਂ ਬਚਣ ਦੇ ਉਪਰਾਲੇ, ਮੁੱਖ ਤੌਰ ’ਤੇ ਮੱਛਰਾਂ ਨੂੰ ਖਤਮ ਕਰਨ ਦੁਆਲੇ ਹੀ ਘੁੰਮਦੇ ਹਨ। ਸੋ, ਨਿਮਨ-ਦਰਜ ਹਿਫ਼ਾਜ਼ਤੀ ਪ੍ਰਬੰਧ ਉਪਯੋਗੀ ਸਿੱਧ ਹੁੰਦੇ ਹਨ :
1. ਮੱਛਰ ਦੇ ਕੱਟਣ ਤੋਂ ਬਚਣ ਲਈ ਮੱਛਰ ਭਜਾਓ ਕਰੀਮ ਅਤੇ ਮੱਛਰਦਾਨੀ ਦੀ ਵਰਤੋਂ ਕਰੋ।  2. ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ। ਜੇਕਰ ਪਾਣੀ ਖੜ੍ਹਾ ਹੋਵੇ ਤਾਂ ਉਸ ਉੱਤੇ ਮਿੱਟੀ ਦਾ ਤੇਲ ਜਾਂ ਕਾਲਾ ਤੇਲ ਛਿੜਕਿਆ ਜਾਵੇ।  3. ਘਰਾਂ ਦੇ ਨੇੜੇ-ਤੇੜੇ ਟੁੱਟੇ ਘੜੇ, ਟਾਇਰ, ਬਰਤਨਾਂ ਆਦਿ ਵਿਚ ਪਾਣੀ ਖੜ੍ਹਾ ਨਾ ਹੋਣ ਦਿਓ। 4. ਕੂਲਰਾਂ ਅਤੇ ਟੈਂਕੀਆਂ ਦਾ ਪਾਣੀ ਸਮੇਂ-ਸਮੇਂ ਸਿਰ ਬਦਲਦੇ ਰਹਿਣਾ ਚਾਹੀਦਾ ਹੈ। 5. ਆਪਣੇ ਘਰ ਦੇ ਆਲੇ-ਦੁਆਲੇ ਅਤੇ ਗਲੀ-ਮੁਹੱਲੇ ਵਿਚ ਕੂੜਾ-ਕਰਕਟ ਨਾ ਸੁੱਟਿਆ ਜਾਵੇ।   6. ਘਰ ਵਿਚ ਅਤੇ ਆਲੇ-ਦੁਆਲੇ ਡੀ.ਡੀ.ਟੀ./ਬੀ.ਐਚ.ਸੀ. ਦਾ ਛਿੜਕਾਓ ਕੀਤਾ ਜਾਵੇ। ਬਿਮਾਰੀ ਫੈਲਣ ਦੀ ਸੂਰਤ ਵਿਚ ਕੀੜੇਮਾਰ ਦਵਾਈਆਂ ਦਾ ਛਿੜਕਾਓ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਇਸ ਨਾਲ ਉਹ ਮੱਛਰ ਵੀ ਨਸ਼ਟ ਹੋ ਜਾਂਦੇ ਹਨ, ਜਿਨ੍ਹਾਂ ਦੇ ਸਰੀਰ ਅੰਦਰ ਰੋਗ ਦਾ ਵਾਇਰਸ ਮੌਜੂਦ ਹੁੰਦਾ ਹੈ (ਇਹ ਸੰਤੋਖ ਦੇਣ ਵਾਲੀ ਗੱਲ ਹੈ ਕਿ ਸਰਦੀ ਦੀ ਰੁੱਤ ਦੀ ਆਮਦ ਨਾਲ ਇਹ ਮੱਛਰ ਆਪਣੇ-ਆਪ ਖਤਮ ਹੋ ਜਾਂਦਾ ਹੈ।)
ਇਕ ਗੱਲ ਇਹ ਵੀ ਯਾਦ ਰੱਖੋ ! ਇਨ੍ਹੀਂ-ਦਿਨੀਂ ਕਈ ਕਾਰਨਾਂ ਕਰਕੇ ਬੁਖ਼ਾਰ ਦੀ ਸ਼ਿਕਾਇਤ ਹੋ ਸਕਦੀ ਹੈ, ਸੋ, ਹਰ ਕਿਸਮ ਦੇ ਬੁਖ਼ਾਰ ਨੂੰ ਡੇਂਗ਼ੂ ਬੁਖਾਰ ਹੀ ਨਹੀਂ ਸਮਝ ਲੈਣਾ ਚਾਹੀਦਾ। ਇਹ ਟਾਈਫਾਇਡ ਦਾ ਹਮਲਾ ਹੋ ਸਕਦਾ ਹੈ ਜਾਂ ਮਲੇਰੀਆ/ਵਾਇਰਲ ਬੁਖਾਰ ਦੀ ਇਕ ਮੁੱਢਲੀ ਅਲਾਮਤ ਵੀ ਹੋ ਸਕਦੀ ਹੈ। ਇਸ ਤਰ੍ਹਾਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਬੁਖਾਰ ਹੋਣ ਦੀ ਸੂਰਤ ਵਿਚ ‘ਆਪਣੀ ਡਾਕਟਰੀ ਘੋਟਣ’ ਦੀ ਬਜਾਏ ਕਿਸੇ ਯੋਗਤਾਪ੍ਰਾਪਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।


Comments Off on ਡੇਂਗੂ ਨੇ ਵਜਾਈ ਆਪਣੀ ਆਮਦ ਦੀ ਘੰਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.