ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਡੁੱਬਦਿਆਂ ਨੂੰ ਬਚਾਉਣ ’ਚ ਜੁੱਟੇ ਚਾਰ ਨੌਜਵਾਨ

Posted On August - 19 - 2010

ਹਿੰਮਤੀ ਲੋਕ

ਨੌਜਵਾਨ ਵਰਿੰਦਰਪਾਲ ਬੰਟੀ ਤੇ ਧਰਮ ਸਿੰਘ। ਦੂਜੇ ਦੋ ਨੌਜਵਾਨਾਂ ਨੇ ਆਪਣੀਆਂ ਤਸਵੀਰਾਂ ਨਹੀਂ ਖਿੱਚਵਾਈਆਂ

ਲਹਿਰਾਗਾਗਾ ਦੇ ਚਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਚਾਰ ਨੌਜਵਾਨਾਂ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ  ਹੈ। ਜਦੋਂ ਤੋਂ ਨਦਾਮਪੁਰ ਤੋਂ ਆਉਂਦੀ ਘੱਗਰ ਬ੍ਰਾਂਚ ਨਹਿਰ ਪੱਕੀ ਹੋਈ ਹੈ, ਉਦੋਂ ਤੋਂ ਇਸ ’ਚ ਡੁੱਬਣ ਜਾਂ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ।  ਲਹਿਰਾਗਾਗਾ ਸਬ ਡਿਵੀਜ਼ਨ  ’ਚ  ਕੋਈ ਸਰਕਾਰੀ ਗੋਤਾਖ਼ੋਰ ਨਾ ਹੋਣ ਕਰਕੇ ਇੱਥੋਂ ਦੇ ਚਾਰ ਨੌਜਵਾਨ ਇਹ ਸੇਵਾ ਨਿਸ਼ਕਾਮ ਨਿਭਾਅ ਰਹੇ ਹਨ ਜਦੋਂਕਿ ਇਹ ਸਾਰੇ ਨਿੱਤ ਦੇ ਦਿਹਾੜੀਦਾਰ ਹਨ। ਕਿਸੇ ਵੀ ਘਟਨਾ ਵਾਪਰਨ ਦਾ ਪਤਾ ਲੱਗਦੇ ਹੀ ਇਹ ਆਪਣੀ ਦਿਹਾੜੀ ਛੱਡ ਕੇ ਡੁੱਬੇ ਨੂੰ ਬਚਾਉਣ ਲੱਗ ਜਾਂਦੇ ਹਨ।  ਪੁਲੀਸ ਵੱਲੋਂ ਨਹਿਰ ’ਚ ਆਉਂਦੀਆਂ  ਲਾਵਾਰਿਸ ਗਲੀਆਂ-ਸੜੀਆਂ  ਲਾਸ਼ਾਂ ਨੂੰ  ਵੀ ਉਨ੍ਹਾਂ ਰਾਹੀਂ ਹੀ ਕਢਵਾਇਆ ਜਾਂਦਾ ਹੈ ਪਰ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਇਨ੍ਹਾਂ ਨੌਜਵਾਨਾਂ ਨੇ ਗੋਤਾਖੋਰੀ ਦੀ ਸਿਖਲਾਈ ਨਹੀਂ ਲਈ ਬਲਕਿ ਇਸੇ ਨਹਿਰ ’ਚ ਨਹਾਉਂਦੇ ਹੋਏ ਮਾਹਰ ਤੈਰਾਕ ਬਣ ਗਏ ਹਨ।
ਆਪਣੀ ਰੋਜ਼ੀ-ਰੋਟੀ ਲਈ  ਪੱਲੇਦਾਰੀ ਦਾ ਕੰਮ ਕਰਦੇ ਧਰਮਾ ਸਿੰਘ,  ਨਾਈ ਵਜੋਂ ਕੰਮ ਕਰਦੇ ਕ੍ਰਿਸ਼ਨ ਸਿੰਘ, ਚੌਕੀਦਾਰੇ ਦੀ ਕੱਚੀ ਨੌਕਰੀ ਕਰਦੇ ਵਰਿੰਦਰਪਾਲ ਸਿੰਘ ਬੰਟੀ ਅਤੇ ਦਿਹਾੜੀਦਾਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲ ਤੋਂ ਇਹ ਸੇਵਾ ਮੁਫ਼ਤ ਨਿਭਾਅ ਰਹੇ ਹਨ। ਉਹ ਹੁਣ ਤੱਕ ਕਰੀਬ 30-40 ਲਾਸ਼ਾਂ ਨੂੰ ਬਾਹਰ ਕੱਢ ਚੁੱਕੇ ਹਨ।  ਉਨ੍ਹਾਂ ਅੱਧੀ ਦਰਜਨ ਨੂੰ ਡੁੱਬਣ ਤੋਂ ਬਚਾ ਕੇ ਬਾਹਰ ਕੱਢਿਆ ਹੈ ਪਰ ਕਿਸੇ ਵਿਭਾਗ ਨੇ ਉਨ੍ਹਾਂ ਦੀ ਆਰਥਿਕ ਮਦਦ ਨਹੀਂ ਕੀਤੀ। ਨੌਕਰੀ ਜਾਂ ਭੱਤਾ ਵੀ ਨਹੀਂ ਦਿੱਤਾ ਸਗੋਂ ਇਨ੍ਹਾਂ ਦੀ ਉਸ ਦਿਨ ਦੀ ਦਿਹਾੜੀ ਵੀ ਮਰ ਜਾਂਦੀ ਹੈ।  ਪ੍ਰਸ਼ਾਸਨ ਨੇ ਟੀਮ ਦੇ ਦੋ ਮੈਂਬਰਾਂ ਨੂੰ ਸਿਰਫ਼ ਸਰਟੀਫਿਕੇਟ ਹੀ ਦਿੱਤੇ ਹਨ।  ਕੁਝ ਵਰ੍ਹੇ ਪਹਿਲਾਂ ਪ੍ਰਸ਼ਾਸਨ ਕੋਲ ਇਸ ਕੰਮ ਲਈ ਇੱਕ ਲੱਖ ਦੀ ਗਰਾਂਟ ਆਈ ਸੀ ਜੋ ਇੱਕ ਵਾਰ ਵਾਪਸ ਹੋ ਗਈ।  ਪ੍ਰਸ਼ਾਸਨ ਨੇ ਮੁੜ ਆਈ ਗਰਾਂਟ ਨਾਲ ਨਹਿਰ ’ਚ ਪਾਉਣ ਲਈ ਲੋਹੇ ਦਾ ਜਾਲ ਤਾਂ ਬਣਵਾ ਦਿੱਤਾ ਪਰ ਅੱਜ ਤੱਕ ਇਸ ਨੂੰ ਕੋਟੜਾ ਲੇਹਲ ਨੇੜੇ ਨਹਿਰ ਕੋਲ ਝਾਲ ’ਤੇ ਫਿੱਟ ਨਹੀਂ ਕੀਤਾ। ਉਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜੇ ਇਹ ਜਾਲ ਲੱਗ ਜਾਵੇ ਤਾਂ ਡੁੱਬੇ ਵਿਅਕਤੀ ਦੀ 25 ਕਿਲੋਮੀਟਰ ਦੂਰ ਮੰਦਰਾਂ ਪਿੰਡ ਤੱਕ ਭਾਲਣ ਦੀ ਲੋੜ ਨਹੀਂ ਪੈਣੀ। ਉਨ੍ਹਾਂ ਦੱਸਿਆ ਕਿ ਬੇਸ਼ੱਕ ਪ੍ਰਸ਼ਾਸਨ ਨੇ ਪੰਜ ਲਾਇਫ਼ ਸੇਵਿੰਗ ਜਾਕਟਾਂ ਲੈ ਕੇ ਜ਼ਰੂਰ  ਦਿੱਤੀਆਂ ਹਨ ਪਰ ਗੋਤਾਖੋਰੀ ਸਮੇਂ ਇਸ ਜੈਕਟ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਇਹ ਪਾਣੀ ਅੰਦਰ ਜਾਣ ਨਹੀਂ ਦਿੰਦੀ ਜਦੋਂਕਿ ਡੁੱਬੇ ਨੂੰ ਬਚਾਉਣ ਲਈ ਨਹਿਰ ਦੇ ਧੁਰ ਹੇਠਾਂ ਤੱਕ ਜਾਣਾ ਪੈਂਦਾ ਹੈ।
ਇਨ੍ਹਾਂ ਨੌਜਵਾਨਾਂ ਗਿਲਾ ਹੈ ਕਿ ਉਹ ਜਦੋਂ ਕਿਸੇ ਡੁੱਬੇ ਵਿਅਕਤੀ ਨੂੰ ਜ਼ਿੰਦਾ ਜਾਂ ਮੁਰਦਾ ਨਹਿਰ ’ਚੋਂ ਬਾਹਰ ਕੱਢਦੇ ਹਨ ਤਾਂ ਲੋਕ ਉਨ੍ਹਾਂ ਨੂੰ ਭੁੱਲ ਜਾਂਦੇ ਹਨ ਹਾਲਾਂਕਿ ਉਹ ਕਈ ਕਿਲੋਮੀਟਰ ਪੈਦਲ ਤੁਰ ਕੇ ਵਾਪਸ ਆਉਂਦੇ ਹਨ।  ਸਰਕਾਰ ਨੇ ਸਥਾਨਕ ਨਹਿਰ ਦੇ ਪੁਲ ਨੇੜੇ  ਕੋਟੜਾ ਅਤੇ ਅੜਕਵਾਸ ’ਚ ਲੋਕਾਂ ਨੂੰ ਬਚਾਉਣ ਲਈ ਲੋਹੇ ਦੇ ਸੰਗਲ ਲਗਵਾਏ ਹਨ।  ਨਹਿਰ ਦੀ ਡੂੰਘਾਈ 17 ਫੁੱਟ ਅਤੇ ਚੌੜਾਈ ਵੀਹ ਫੁੱਟ ਤੋਂ ਵੱਧ ਹੈ। ਵਿਭਾਗ ਨੇ ਨਹਿਰ ਕਿਨਾਰੇ  ਡੁੱਬੇ ਲੋਕਾਂ/ਪਸ਼ੂਆਂ ਨੂੰ  ਬਚਾਉਣ ਬਦਲੇ ਸਿਰਫ ਉਨ੍ਹਾਂ ਦੇ ਬੋਰਡ ਲਾ ਕੇ ਸਿਰਫ ਉਨ੍ਹਾਂ ਦੇ ਨਾਂ ਛਾਪ ਦਿੱਤੇ ਹਨ ਪਰ ਰੁਜ਼ਗਾਰ/ਆਰਥਿਕ ਮਦਦ  ਲਈ ਕੁਝ ਨਹੀਂ ਕੀਤਾ। ਫਿਰ ਵੀ ਚਾਰੇ ਨੌਜਵਾਨ ਲੋਕਾਂ ਦੀ ਮਦਦ ਲਈ ਹਰ ਵੇਲੇ ਤੱਤਪਰ ਰਹਿੰਦੇ ਹਨ।

ਰਮੇਸ਼ ਭਾਰਦਵਾਜ
(ਪੱਤਰ ਪ੍ਰੇਰਕ, ਲਹਿਰਾਗਾਗਾ)


Comments Off on ਡੁੱਬਦਿਆਂ ਨੂੰ ਬਚਾਉਣ ’ਚ ਜੁੱਟੇ ਚਾਰ ਨੌਜਵਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.