ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਟਰੈਕ ਤੇ ਫੀਲਡ ਦੀ ਰਾਣੀ

Posted On August - 21 - 2010

ਮਾਨਵੀ ਵਿਰਸੇ ਦਾ ਮਾਣ

ਪੀ.ਟੀ. ਊਸ਼ਾ

‘ਪਾਇਓਲੀ ਐਕਸਪ੍ਰੈਸ’ ਦੱਖਣੀ ਭਾਰਤੀ ਰੇਲਵੇ ਵਿਚ ਅਫ਼ਸਰ ਵਜੋਂ ਨੌਕਰੀ ਕਰਦੀ ਹੈ। ਪਾਇਓਲੀ ਐਕਸਪ੍ਰੈਸ ਕਿਸੇ ਤੇਜ਼ ਚੱਲਣ ਵਾਲੀ ਰੇਲਗੱਡੀ ਦਾ ਨਾਂ ਨਹੀਂ, ਸਗੋਂ ਪਿੰਡ ਪਾਇਓਲੀ (ਕੋਜ਼ੀਕੋਡ, ਕੇਰਲ) ਵਿਖੇ 27 ਜੂਨ, 1964 ਨੂੰ ਈ.ਪੀ.ਐਮ.ਪੈਥਲ ਤੇ ਟੀ.ਵੀ.ਲਕਸ਼ਮੀ ਦੇ ਗ੍ਰਹਿ ਵਿਖੇ ਜਨਮ ਲੈਣ ਵਾਲੀ ਪਿਲਾਵੁਲਾਕੰਡੀ ਥੀਕੇਪਰੰਬਿਲ ਊਸ਼ਾ ਨੂੰ ਕਿਹਾ ਜਾਂਦਾ ਹੈ। ਇਥੇ ਭਾਰਤ ਦੀ ਪ੍ਰਸਿੱਧ ਐਥਲੀਟ/ਤੇਜ਼ ਦੌੜਾਕ ਪੀ.ਟੀ.ਊਸ਼ਾ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ‘ਸੁਨਹਿਰੀ ਲੜਕੀ’ ਵੀ ਕਿਹਾ ਜਾਂਦਾ ਹੈ।
ਸਕੂਲੀ ਐਥਲੈਟਿਕਸ ਖੇਡ ਮੁਕਾਬਲਿਆਂ ਵਿਚ ਅੱਵਲ ਰਹਿਣ ਦੀ ਲਗਨ ਦੇਖਦਿਆਂ ਕੇਰਲ ਸਰਕਾਰ ਨੇ ਬਾਰਾਂ ਵਰ੍ਹਿਆਂ ਦੀ ਊਸ਼ਾ ਨੂੰ ਆਪਣੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨ ਲਈ ਉਸ ਸਕੂਲ ਵਿਚ ਦਾਖਲ ਕਰ ਲਿਆ। ਸਿਰਫ਼ ਤਿੰਨ ਵਰ੍ਹਿਆਂ ਬਾਅਦ 1979 ਵਿਚ ਨੈਸ਼ਨਲ ਸਕੂਲ ਖੇਡਾਂ ਵਿਚ ਇਕੱਲਿਆਂ ਚੈਂਪੀਅਨਸ਼ਿਪ ਜਿੱਤਣ ਉਪਰੰਤ ਉਹ ਭਾਰਤੀ ਐਥਲੈਟਿਕਸ ਨੂੰ ਤਨੋ-ਮਨੋ ਸਮਰਪਿਤ ਹੋ ਗਈ। ਇਨ੍ਹਾਂ ਖੇਡਾਂ ਵਿਚ ਉਸ ਨੇ ਕੋਚ ਓ.ਐਮ.ਨਾਂਬੀਅਰ ਦਾ ਦਿਲ ਜਿੱਤ ਲਿਆ। ਨਤੀਜਾ ਇਹ ਹੋਇਆ ਕਿ ਨਾਂਬੀਅਰ ਨੇ ਊਸ਼ਾ ਦੇ ਤਕਰੀਬਨ ਸਾਰੇ ਖੇਡ ਕਰੀਅਰ ਦੌਰਾਨ ਉਸ ਨੂੰ ਕੋਚਿੰਗ ਦਿੱਤੀ।
ਅੰਤਰ-ਰਾਸ਼ਟਰੀ ਪੱਧਰ ਦੇ ਅਨੇਕ ਐਥਲੈਟਿਕ ਮੁਕਾਬਲਿਆਂ ਵਿਚ ਉਸ ਨੇ ਸੋਨ ਤਗਮੇ ਹਾਸਲ ਕੀਤੇ। ਸਵੇਰੇ-ਸ਼ਾਮ ਅਭਿਆਸ ਕਰਕੇ ਉਹ 1982 ਤੱਕ ਤੇਜ਼ ਦੌੜਾਕ ਬਣ ਗਈ ਸੀ। ਇਸ ਦਾ ਪਤਾ ਉਦੋਂ ਲੱਗਾ ਜਦੋਂ ਇਸ ਵਰ੍ਹੇ ਨਵੀਂ ਦਿੱਲੀ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਉਸ ਨੇ 100 ਮੀ. ਤੇ 200 ਮੀ. ਦੌੜ ਵਿਚ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਇਸ ਉਪਰੰਤ ਅਰੰਭ ਹੋਈ ਊਸ਼ਾ ਦੀ ਜ਼ਿੰਦਗੀ ਵਿਚ ਅੰਤਰਰਾਸ਼ਟਰੀ ਤਗਮਿਆਂ ਦੀ ਆਮਦ। ਇਸ ਤੋਂ ਦੋ ਵਰ੍ਹੇ ਪਹਿਲਾਂ ਜਦੋਂ ਉਹ ਕੇਵਲ ਸੋਲ੍ਹਾਂ ਵਰ੍ਹਿਆਂ ਦੀ ਸੀ, ਮਾਸਕੋ ਓਲੰਪਿਕ (1980) ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੀ ਸੀ ਤੇ ਕਰਾਚੀ ਵਿਖੇ ਹੋਈਆਂ ਖੇਡਾਂ ਵਿਚ 4 ਸੋਨ ਤਗਮੇ ਹਾਸਲ ਕਰ ਚੁੱਕੀ ਸੀ। 1982 ਵਿਚ ਹੀ ਸਿਓਲ ’ਚ ਹੋਏ ਵਿਸ਼ਵ ਜੂਨੀਅਰ ਖੇਡ ਮੁਕਾਬਲਿਆਂ ਵਿਚ ਉਸ ਨੇ 1 ਸੋਨੇ ਤੇ 1 ਚਾਂਦੀ ਦਾ ਅਤੇ ਨਵੀਂ ਦਿੱਲੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ 2 ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। 1983 ਵਿਚ ਕੁਵੈਤ ਵਿਖੇ ਏਸ਼ੀਅਨ ਟਰੈਕ ਅਤੇ ਫੀਲਡ (ਏ.ਟੀ.ਐਫ.) ਚੈਂਪੀਅਨਸ਼ਿਪ ਸ਼ੁਰੂ ਹੋਈ। ਉਸ ਨੇ 400 ਮੀ. ਦੌੜ ਵਿਚ ਨਵਾਂ ਏਸ਼ੀਅਨ ਰਿਕਾਰਡ ਕਾਇਮ ਕੀਤਾ। 1984 ਵਿਚ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਉਹ 400 ਮੀ. ਹਰਡਲਜ਼ ਦੇ ਫਾਈਨਲ ਤੱਕ ਗਈ। ਵੀਹ ਵਰ੍ਹਿਆਂ ਦੀ ਛੋਟੀ ਉਮਰ ਵਿਚ ਓਲੰਪਿਕ ਫਾਈਨਲ ਤੱਕ ਜਾਣ ਵਾਲੀ ਉਹ ਪਹਿਲੀ ਭਾਰਤੀ ਔਰਤ ਹੈ। 1985 ਵਿਚ ਵਿਸ਼ਵ ਰੇਲਵੇ ਖੇਡਾਂ ਓਲੋਮੌਗ ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿਚ 2 ਸੋਨੇ ਤੇ 2 ਚਾਂਦੀ ਦੇ ਤਗਮੇ ਹਾਸਲ ਕਰਨ ਕਰਕੇ ਊਸ਼ਾ ਨੂੰ ਸਰਵੋਤਮ ਖਿਡਾਰਨ ਐਲਾਨਿਆ ਗਿਆ। ਇਹ ਖਿਤਾਬ ਪ੍ਰਾਪਤ ਕਰਨ ਵਾਲੀ ਵੀ ਉਹ ਪਹਿਲੀ ਭਾਰਤੀ ਔਰਤ ਸੀ। 1985 ਵਿਚ ਹੀ ਜਕਾਰਤਾ ਵਿਖੇ ਹੋਈ ਏ.ਟੀ.ਐਫ. ਚੈਂਪੀਅਨਸ਼ਿਪ ਵਿਚ ਉਸ ਨੇ ਨਵਾਂ ਰਿਕਾਰਡ ਕਾਇਮ ਕਰਦਿਆਂ 5 ਸੋਨ ਅਤੇ 1 ਕਾਂਸੀ ਪਦਕ ਪ੍ਰਾਪਤ ਕੀਤਾ। ਇਕ ਅੰਤਰਰਾਸ਼ਟਰੀ ਮੀਟ ਵਿਚ 5 ਸੋਨ ਤਗਮੇ ਪ੍ਰਾਪਤ ਕਰਨ ਵਾਲੀ ਉਹ ਇਕਲੌਤੀ ਭਾਰਤੀ ਔਰਤ ਐਥਲੀਟ ਹੈ। ਇਸ ਮੀਟ ਤੋਂ ਬਾਅਦ ਉਸਨੂੰ ‘ਸਪਰਿੰਟ ਕੁਈਨ’ ਕਿਹਾ ਜਾਣ ਲੱਗਾ। ਉਸ ਦਾ ਇਹ ਰਿਕਾਰਡ ਅਜੇ ਤੱਕ ਕਿਸੇ ਵੀ ਮਰਦ ਜਾਂ ਔਰਤ ਖਿਡਾਰਨ ਵਲੋਂ ਨਹੀਂ ਤੋੜਿਆ ਗਿਆ। 1986 ਵਿਚ ਸਿਓਲ ਵਿਖੇ ਹੋਈਆਂ ਦਸਵੀਆਂ ਏਸ਼ੀਅਨ ਖੇਡਾਂ ਵਿਚ ਊਸ਼ਾ ਨੇ 4 ਸੋਨੇ ਅਤੇ 1 ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇਥੇ ਉਸ ਨੇ ਸਾਰੇ ਈਵੈਂਟਸ ਵਿਚ ਨਵੇਂ ਰਿਕਾਰਡ ਕਾਇਮ ਕਰਕੇ ਐਦੀਦਾਸ ਸੋਨ ਜੁੱਤੀ ਹਾਸਲ ਕੀਤੀ। ਇਸੇ ਵਰ੍ਹੇ ਉਹ ਸਿੰਗਾਪੁਰ ਵਿਖੇ ਹੋਈ ਲਾਇਨਜ਼ ਐਥਲੈਟਿਕ ਮੀਟ ਵਿਚ 3 ਸੋਨ ਤਗਮੇ ਅਤੇ ਇਸ ਤੋਂ ਅਗਲੇ ਵਰ੍ਹੇ ਉਥੇ ਹੀ ਹੋਈ ਏ.ਟੀ.ਐਫ. ਮੀਟ ਵਿਚ 3 ਸੋਨ ਤਗਮਿਆਂ ਦੇ ਨਾਲ ਦੋ ਚਾਂਦੀ ਦੇ ਪਦਕ ਵੀ ਆਪਣੀ ਝੋਲੀ ਪਾਉਣ ਵਿਚ ਸਫਲ ਰਹੀ। 1983-89 ਤੱਕ ਊਸ਼ਾ ਨੇ ਏ.ਟੀ.ਐਫ. ਮੀਟਸ ਵਿਚ 13 ਸੋਨ, 3 ਚਾਂਦੀ ਅਤੇ 1 ਕਾਂਸੀ ਪਦਕ ਹਾਸਲ ਕੀਤਾ। ਬੀਜਿੰਗ ਏਸ਼ੀਅਨ ਖੇਡਾਂ ਜੋ 1990 ਵਿਚ ਹੋਈਆਂ, ਵਿਚ ਊਸ਼ਾ ਨੇ 3 ਚਾਂਦੀ ਦੇ ਤਗਮੇ ਅਤੇ ਹੀਰੋਸ਼ੀਮਾ ਏਸ਼ੀਅਨ ਖੇਡਾਂ ਵਿਚ ਇਕ ਚਾਂਦੀ ਦਾ ਤਗਮਾ ਹਾਸਲ ਕੀਤਾ।
ਐਥਲੈਟਿਕਸ ਵਿਚ ਅੰਤਾਂ ਦੇ ਮੋਹ ਕਰਕੇ ਉਸਦੀ ਵਿਆਹੁਤਾ ਜ਼ਿੰਦਗੀ ਉਸ ਲਈ ਕਦੇ ਰੁਕਾਵਟ ਨਾ ਬਣੀ। ਉਸ ਨੂੰ ਬਹੁਤ ਚੰਗੀ ਸ਼ਖ਼ਸੀਅਤ ਦੇ ਮਾਲਕ ਅਤੇ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੇ ਪਤੀ (ਵੀ.ਸ੍ਰੀਨਿਵਾਸਨ) ਦਾ ਸੰਗ (ਵਿਆਹ 1991) ਨਸੀਬ ਹੋਇਆ, ਜਿਸ ਨੇ ਹਰ ਕਦਮ ’ਤੇ ਉਸਦਾ ਸਾਥ ਦਿੱਤਾ।  ਅਜੇ ਵੀ ਉਸ ਨੂੰ ਉਹ ਸਮਾਂ ਨਹੀਂ ਭੁੱਲਦਾ ਜਦੋਂ ਉਹ 1984 ਵਿਚ ਲਾਸ ਏਂਜਲਸ ਓਲੰਪਿਕ ਖੇਡਾਂ ਦੌਰਾਨ 400 ਮੀ. ਹਰਡਲਜ਼ ਵਿਚ 1/100ਸੈਕਿੰਡ ’ਤੇ ਭਾਰਤ ਲਈ ਪਹਿਲਾ ਟਰੈਕ ਅਤੇ ਫੀਲਡ ਕਾਂਸੀ ਪਦਕ ਲੈਣ ਤੋਂ ਖੁੰਝ ਗਈ ਸੀ।
ਭਾਰਤ ਵਿਚ ਖੇਡਾਂ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਸਰਵੋਤਮ ਸਨਮਾਨ ‘ਅਰਜੁਨ ਐਵਾਰਡ’ ਪੀ.ਟੀ. ਊਸ਼ਾ ਨੂੰ 1984 ਵਿਚ ਰਾਸ਼ਟਰਪਤੀ ਵਲੋਂ ਪ੍ਰਦਾਨ ਕੀਤਾ ਗਿਆ। ਇਸੇ ਵਰ੍ਹੇ ਉਸ ਨੂੰ ‘ਪਦਮਸ਼੍ਰੀ’ ਸਨਮਾਨ ਵੀ ਭੇਟ ਕੀਤਾ ਗਿਆ। 1985-86 ਵਿਚ ਉਸ ਨੂੰ ਸਰਵੋਤਮ ਐਥਲੀਟ ਹੋਣ ਕਰਕੇ ਵਿਸ਼ਵ ਟਰਾਫੀ ਪ੍ਰਦਾਨ ਕੀਤੀ ਗਈ। 1984, 1985, 1989 ਅਤੇ 1990 ਵਿਚ ਰੇਲਵੇ ਦੀ ਉਤਮ ਖਿਡਾਰਨ ਰਹਿਣ ਕਰਕੇ ਉਸ ਨੂੰ ‘ਮਾਰਸ਼ਲ ਟੀਟੋ’ ਅਤੇ 1999 ਵਿਚ ‘ਕੇਰਲ ਸਪੋਰਟਸ ਜਰਨਲਿਸਟ’ ਐਵਾਰਡ ਪ੍ਰਦਾਨ ਕੀਤਾ ਗਿਆ। ਦੋ ਦਹਾਕਿਆਂ ਦੇ ਖੇਡ ਕਰੀਅਰ ਵਿਚ ਉਡਣ-ਪਰੀ ਊਸ਼ਾ ਨੇ 101 ਅੰਤਰਰਾਸ਼ਟਰੀ ਤਗਮੇ ਹਾਸਲ ਕੀਤੇ। ਨੌਜਵਾਨਾਂ ਵਿਚਲੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਉਸ ਨੇ ਕੇਰਲ ਵਿਖੇ ਊਸ਼ਾ ਸਕੂਲ ਆਫ ਐਥਲੈਟਿਕਸ’ ਖੋਲ੍ਹਿਆ ਹੋਇਆ ਹੈ। ਉਸ ਦਾ ਸੁਪਨਾ ਹੈ ਕਿ ਉਹ ਆਪਣੇ ਸਕੂਲ ਤੋਂ ਹਜ਼ਾਰਾਂ ਐਥਲੀਟ ਚੈਂਪੀਅਨ ਪੈਦਾ ਕਰੇ। 1984 ਤੋਂ 1989 ਤੱਕ ਏਸ਼ੀਆ ਦੀ ਬੈਸਟ ਐਥਲੀਟ ਰਹਿਣ ਵਾਲੀ ਪੀ.ਟੀ.ਊਸ਼ਾ ਨੇ 25 ਜੁਲਾਈ 2000 ਨੂੰ ਖੇਡਾਂ ਤੋਂ ਸੰਨਿਆਸ ਲੈ ਲਿਆ।

-ਰਾਜਵੰਤ ਕੌਰ ਪੰਜਾਬੀ


Comments Off on ਟਰੈਕ ਤੇ ਫੀਲਡ ਦੀ ਰਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.