ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਜਰਕਾਨ, ਸ਼ਰਾਬ ਤੇ ਜਿਗਰ ਦੀ ਸੋਜ

Posted On August - 17 - 2010

ਡਾ. ਮਨਜੀਤ ਸਿੰਘ ਬੱਲ

ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ, ਆਮ ਕਰਕੇ ਲੋਕ ਸ਼ੌਕੀਆ ਤੌਰ ’ਤੇ ਪੀਣੀ ਸ਼ੁਰੂ ਕਰਦੇ ਹਨ, ਪਰ ਬਾਅਦ ਵਿੱਚ ਇਹੀ ਸ਼ਰਾਬ, ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਇਕ ਪੁਰਾਣਾ ਗਾਣਾ ਹੈ:
‘‘ਬੋਤਲਾਂ ’ਚ ਰੋਲ੍ਹੀ ਏ ਤੂੰ ਸਾਰੀ ਜ਼ਿੰਦਗਾਨੀ ਓਇ
ਲੱਖਾਂ ਦੀ ਇੱਜ਼ਤ ਤੇਰੀ ਐਵੇਂ ਚਲੀ ਜਾਣੀ ਓਇ
ਹੋਸ਼ ਕਰ ਜ਼ਿੰਦਗੀ ਨਹੀਂ ਵਾਰ ਵਾਰ ਆਣੀ ਓਇ
ਬੋਤਲਾਂ ਨੇ ਕੀਤੇ ਲੱਖਾਂ ਵਾਲੇ ਵੀ ਕੰਗਾਲ ਓਇ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਇ’’
ਅੱਜ ਦੀ ਸੁਸਾਇਟੀ ਵਿੱਚ ਸਿਰਫ਼ ਕਿਸਾਨ ਹੀ ਨਹੀਂ, ਹਰੇਕ ਬੰਦਾ ਸਮਝਦਾ ਹੈ ਕਿ ਛੋਟੇ-ਵੱਡੇ ਸਮਾਗਮਾਂ ਜਾਂ ਪਾਰਟੀਆਂ ਵਿੱਚ ਸ਼ਰਾਬ, ਪਿਆਉਣੀ ਇਕ ਸਟੇਟਸ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਂ ਦਰਿਆਵਾਂ ਵਿੱਚ ਪਾਣੀ ਤਾਂ ਘਟ ਗਿਆ ਹੈ, ਪਰ ਸ਼ਰਾਬ ਦਾ ਛੇਵਾਂ ਦਰਿਆ, ਠਾਠਾਂ ਮਾਰਨ ਲੱਗ ਪਿਆ ਹੈ।
ਕੁੱਲ ਦੁਨੀਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ’ਚੋਂ ਸ਼ਰਾਬ ਦਾ ਸੇਵਨ, ਚੌਥਾ ਅਹਿਮ ਕਾਰਨ ਹੈ। 50 ਫੀਸਦ ਤੋਂ ਵਧੇਰੇ ਦੁਰਘਟਨਾਵਾਂ ਤੇ 25 ਫੀਸਦ ਤੋਂ ਵੱਧ ਆਤਮ-ਹੱਤਿਆਵਾਂ ਵੀ ਇਸੇ ਕਰਕੇ ਹੀ ਹੁੰਦੀਆਂ ਹਨ। ਲਗਾਤਾਰ ਸਾਲਾਂ-ਬੱਧੀ ਜ਼ਿਆਦਾ ਪੀਣ ਨਾਲ, ਜਿਗਰ ਦੀ ਸੋਜ ਹੋ ਜਾਂਦੀ ਹੈ, ਜਿਸ ਨੂੰ (Alcoholic Hepatitis) ਕਿਹਾ ਜਾਂਦਾ ਹੈ। ਉਂਜ, ਜਿਗਰ ਦੀ ਸੋਜ ਦੇ ਹੋਰ ਵੀ ਕਈ ਕਾਰਨ ਹੁੰਦੇ ਹਨ (ਜੋ ਇਸੇ ਕਾਲਮ ਵਿੱਚ ਪਹਿਲਾਂ ਹੀ ਇਕ ਲੇਖ ’ਚ ਛਪ ਚੁੱਕੇ ਹਨ)।
ਪਿਆਕੜਾਂ ਅਤੇ ਪਟਿਆਲਾ ਪੈੱਗ ਪੀਣ ਵਾਲਿਆਂ ਵਿੱਚ, ਕੁਝ ਸਾਲਾਂ ’ਚ ਹੀ, ਜਿਗਰ ਦੇ ਸੈੱਲਾਂ ਵਿੱਚ ਚਰਬੀ  (Fatty liver) ਜਮ੍ਹਾਂ ਹੋਣ ਨਾਲ ਜਿਗਰ ਦਾ ਭਾਰ ਅਤੇ ਆਕਾਰ ਬਹੁਤ ਵਧ (Hepatomegaly) ਹੋ ਜਾਂਦਾ ਹੈ। ਰੋਗੀ ਨੂੰ ਜਰਕਾਨ (Jaundice) ਹੋ ਜਾਂਦਾ ਹੈ, ਜਿਸ ਨਾਲ ਡੇਲਿਆਂ, ਚਮੜੀ, ਜੀਭ ਤੇ ਬੁੱਟਾਂ ਆਦਿ ਦਾ ਰੰਗ ਖੱਟਾ ਹੋ ਜਾਂਦਾ ਹੈ, ਮੁੜ੍ਹਕਾ ਤੇ ਪਿਸ਼ਾਬ ਵੀ ਗੂੜ੍ਹੇ ਖੱਟੇ ਰੰਗ ਦੇ ਆਉਂਦੇ ਹਨ। ਜਿਵੇਂ-ਜਿਵੇਂ ਜਿਗਰ ਦੀ ਖ਼ਰਾਬੀ ਵਧਦੀ ਜਾਂਦੀ ਹੈ, ਜਰਕਾਨ ਦੀ ਸਥਿਤੀ ਵੀ ਗੰਭੀਰ ਹੋਈ ਜਾਂਦੀ ਹੈ।
ਸ਼ਰਾਬ ਦਾ ਜਿਗਰ ’ਤੇ ਅਸਰ ਵੇਖਣ ਲਈ ਮੈਂ ਪੋਸਟਮਾਰਟਮ ਕੇਸਾਂ ਦੇ 150 ਜਿਗਰ ਦੇ ਸੈਂਪਲਾਂ ’ਤੇ ਆਧਾਰਤ 2000 ਤੋਂ 2003 ਦੌਰਾਨ ਇਕ ਅਧਿਐਨ ਕੀਤਾ ਸੀ, ਜੋ ਮੇਰੇ ਵਿਭਾਗ ਦੇ ਇਸ ਵੇਲੇ ਸਹਾਇਕ ਪ੍ਰੋਫੈਸਰ ਡਾ. ਵਿਜੈ ਕੁਮਾਰ ਬੋਦਲ ਦੇ ਐਮ.ਡੀ. ਕੋਰਸ ਦਾ ਪ੍ਰਾਜੈਕਟ ਸੀ। ਇਸ ਵਿੱਚ 40 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੇ ਜਿਗਰ, ਪੋਸਟਮਾਰਟਮ ਦੌਰਾਨ ਲਏ ਗਏ ਸਨ। ਤਕਰੀਬਨ ਸਾਰੇ ਮ੍ਰਿਤਕ ਪੰਜਾਬ ਦੇ ਹੀ ਸਨ, ਕਿਉਂਕਿ ਪੰਜਾਬ ਵਿੱਚ ਸ਼ਰਾਬ ਦਾ ਬਹੁਤ ਸੇਵਨ ਕੀਤਾ ਜਾਂਦਾ ਹੈ, ਇਸੇ ਲਈ 65 ਫੀਸਦ ਕੇਸਾਂ ਵਿੱਚ ਜਿਗਰ ਦੇ ਸੈੱਲਾਂ ਵਿੱਚ ਚਰਬੀ (Fatty liver) ਅਤੇ ਜਿਗਰ ਦੀ ਖ਼ਰਾਬੀ (Cirrhosis) ਪਾਏ ਗਏ।
ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਸ਼ਰਾਬ ਪੀਣੀ, ਸ਼ੁਰੂ ਹੀ ਨਾ ਕੀਤੀ ਜਾਵੇ, ਪਰ ਇਸ ਜ਼ਮਾਨੇ ਵਿੱਚ ਇਹ ਨਾਮੁਮਕਿਨ ਲੱਗਦਾ ਹੈ। ਫਿਰ ਵੀ ਜੋ ਸੁਸਾਇਟੀ ਵੀ ਪਾਲ਼ਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ-ਆਪ ’ਤੇ ਕੰਟਰੋਲ ਰੱਖਣਾ ਚਾਹੀਦਾ ਹੈ ਤੇ ਇਸੇ ਹਿਸਾਬ-ਕਿਤਾਬ ਨਾਲ, ਕਦੀ-ਕਦਾਈਂ, ਥੋੜ੍ਹੀ-ਥੋੜ੍ਹੀ ਪੀਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਆਪਣੇ ਜਿਗਰ ਦੇ ਰਾਜ਼ੀ-ਬਾਜ਼ੀ ਹੋਣ ਦੀ ਸਥਿਤੀ ਨੂੰ ਦਰਸਾਉਣ ਵਾਲੇ ਟੈਸਟ (ਖੂਨ ਤੇ ਪਿਸ਼ਾਬ) ਕਰਵਾਉਂਦੇ ਰਹਿਣਾ ਚਾਹੀਦਾ ਹੈ। ਟੈਸਟਾਂ ਨਾਲ, ਜਿਗਰ ਦੀ ਖ਼ਰਾਬੀ ਦਾ ਜੇਕਰ ਮੁੱਢਲੀ ਸਟੇਜ ’ਤੇ ਹੀ ਪਤਾ ਲਗਾ ਲਿਆ ਜਾਵੇ ਤਾਂ ਮੁਕੰਮਲ ਸ਼ਰਾਬ-ਬੰਦੀ ਤੇ ਇਲਾਜ ਨਾਲ, ਹੋਰ ਵਧੇਰੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਪਰ ਜੇਕਰ ਨੁਕਸ ਦਾ ਪਤਾ ਲੱਗਣ ਦੇ ਬਾਅਦ ਵੀ ਬੰਦਾ ਪੀਣੀ ਨਾ ਛੱਡੇ ਤਾਂ ਉਸ ਨੂੰ ਆਪਣੀ ਜ਼ਿੰਦਗੀ ਦੇ ਬਾਕੀ ਰਹਿੰਦੇ ਦਿਨਾਂ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਠੀਕ-ਠਾਕ ਸਿਹਤ ਵਾਲੇ ਇਕ ਸਾਧਾਰਨ ਬੰਦੇ ਦਾ ਜਿਗਰ ਤਕਰੀਬਨ ਡੇਢ ਕਿਲੋਗ੍ਰਾਮ ਹੁੰਦਾ ਹੈ, ਜੋ ਸੱਜੇ ਪਾਸੇ, ਪੇਟ ਵਿੱਚ, ਪੱਸਲੀਆਂ ਦੇ ਹੇਠਾਂ ਲੁਕਿਆ ਹੋਇਆ ਹੁੰਦਾ ਹੈ। ਇਸ ਦਾ ਆਕਾਰ ਵਧਣ ਨਾਲ ਇਹ, ਹੇਠਾਂ ਪੇਟ ਵੱਲ ਨੂੰ ਟੋਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਜੇਕਰ ਇਹਦਾ ਸਾਈਜ਼ ਕਾਫੀ ਵੱਡਾ ਹੋ ਜਾਵੇ ਤਾਂ ਇਹ ਧੁੰਨੀ ਤੱਕ ਵਧ ਸਕਦਾ ਹੈ। ਸਾਈਜ਼ ਵਧਣ ਨਾਲ ਇਸ ਦਾ ਭਾਰ ਵੀ ਵਧ ਜਾਂਦਾ ਹੈ।
ਸ਼ਰਾਬ ਕਾਰਨ ਜਿਗਰ ਦੀ ਬਿਮਾਰੀ ਆਮ ਕਰਕੇ 30 ਤੋਂ 55 ਸਾਲ ਦੇ ਬੰਦਿਆਂ ਵਿੱਚ ਹੁੰਦੀ ਹੈ। ਉਂਜ, ਜੋ ਲੋਕ ਬੇਹਿਸਾਬੀ ਪੀਂਦੇ ਹਨ, ਉਨ੍ਹਾਂ ਨੂੰ ਇਸ ਉਮਰ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਜਿਗਰ ਰੋਗ ਹੋ ਜਾਂਦਾ ਹੈ। ਰੋਗੀ ਨੂੰ, ਕਮਜ਼ੋਰੀ, ਸੁਸਤੀ, ਭਾਰ ਤੇ ਭੁੱਖ ਦੀ ਘਾਟ ਤੇ ਜਰਕਾਨ ਹੋ ਜਾਂਦਾ ਹੈ। ਕੁਝ ਦੇਰ ਬਾਅਦ ਪੇਟ ਵਿੱਚ ਪਾਣੀ  (Ascites) ਜਮ੍ਹਾਂ ਹੋ ਜਾਂਦਾ ਹੈ ਤੇ ਪੈਰਾਂ ’ਤੇ ਸੋਜ ਵੀ ਪੈ ਜਾਂਦੀ ਹੈ। ਸ਼ਰਾਬ ਮੁਕੰਮਲ ਰੂਪ ਵਿੱਚ ਨਾ ਛੱਡੀ ਜਾਵੇ ਤਾਂ ਕੁਝ ਹੀ ਮਹੀਨਿਆਂ ਵਿੱਚ ਜਿਗਰ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ, ਇਸੇ ਨੂੰ ‘ਜਿਗਰ ਫੇਲ੍ਹ’ ਕਹਿੰਦੇ ਹਨ। ਜਦ ਹਾਲਾਤ ਇੱਥੋਂ ਤੱਕ ਪੁੱਜ ਜਾਂਦੇ ਹਨ ਤਾਂ ਜਿਊਣ ਦੇ ਚਾਂਸ ਬਹੁਤ ਘਟ ਜਾਂਦੇ ਹਨ। ਭਾਵੇਂ ਦੁਨੀਆਂ ਦੇ ਕਈ ਮੁਲਕਾਂ ਵਿੱਚ ਜਿਗਰ ਬਦਲਣ ਦੀਆਂ ਸੁਵਿਧਾਵਾਂ ਹਨ, ਫਿਰ ਵੀ ਜਿਗਰ-ਦਾਨੀਆਂ ਦੀ ਘਾਟ, ਆਰਥਿਕ ਅਤੇ ਹੋਰ ਕਾਰਨਾਂ ਕਰਕੇ, ਭਾਰਤ ਵਿੱਚ ਅਜੇ ਇਹ ਸੰਭਵ ਨਹੀਂ। ਡੂੰਘੀ ਬੇਹੋਸ਼ੀ (Coma), ਪੇਟ ਅੰਦਰ ਖੂਨ ਦੀ ਨਾੜੀ ਫਟਣਾ, ਦਿਮਾਗ਼ ਦੀ ਨਾੜੀ ਫਟਣਾ, ਖੂਨ ਦੀ ਉਲਟੀ, ਟੱਟੀ ਰਸਤੇ ਖੂਨ, ਨਕਸੀਰ ਅਤੇ ਇਨਫੈਕਸ਼ਨਾਂ ਆਦਿ, ਐਸੇ ਰੋਗੀਆਂ ਵਿੱਚ ਮੌਤ ਦਾ ਕਾਰਨ ਬਣਦੀਆਂ ਹਨ।
ਪੱਛਮੀ ਦੇਸ਼ਾਂ ਵਿੱਚ ਜਿਗਰ ਦੇ ਖ਼ਰਾਬ ਹੋਣ (Cirrhosis) ਦਾ ਮੁੱਖ ਕਾਰਨ ਸ਼ਰਾਬ ਹੈ। ਇਸ ਖ਼ਰਾਬੀ ਦੇ 60 ਤੋਂ 70 ਫੀਸਦ ਰੋਗੀ, ਵਧੇਰੇ ਅਤੇ ਬਿਨਾਂ ਪਾਣੀ (ਨੀਟ) ਸ਼ਰਾਬ ਪੀਣ ਵਾਲੇ ਹੁੰਦੇ ਹਨ। ਸ਼ਰਾਬ ਵਿਚਲਾ ਜ਼ਹਿਰੀਲਾ ਰਸਾਇਣ (ਈਥੇਨੋਲ) ਜਿਗਰ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ। ਇਨ੍ਹਾਂ ਸੈੱਲਾਂ ਦੇ ਖ਼ਤਮ ਹੋਣ ਨਾਲ ਖਰੀਂਢ (Fibrous tissue) ਬਣ ਜਾਂਦਾ ਹੈ, ਇਸ ਨੂੰ ਜਿਗਰ ਦਾ ਸਿਰੋਸਿਸ (Cirrhosis of liver) ਕਿਹਾ ਜਾਂਦਾ ਹੈ। ਨਾਰਮਲ ਜਿਗਰ ਦਾ ਬਾਹਰਲਾ ਤਲ ਨਰਮ ਤੇ ਪੱਧਰਾ ਹੁੰਦਾ ਹੈ, ਪਰ ਸਿਰੋਸਿਸ ਵਿੱਚ ਇਹ ਉੱਘੜਾ-ਦੁੱਘੜਾ ਅਤੇ ਸਖ਼ਤ ਹੋ ਜਾਂਦਾ ਹੈ। ਸ਼ਰਾਬ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਜੇ ਆਦਮੀ ਦੀ ਜ਼ਿੰਦਗੀ ਕੁਝ ਸਾਲ ਹੋਵੇ ਤਾਂ ਉਸ ਦੌਰਾਨ ਜਿਗਰ ਦਾ ਕੈਂਸਰ ਉਤਪੰਨ ਹੋਣ ਦੇ ਬਹੁਤ ਚਾਂਸ ਹੁੰਦੇ ਹਨ।
ਜਿਗਰ ਤੋਂ ਇਲਾਵਾ ਸ਼ਰਾਬ ਦੇ ਪ੍ਰਕੋਪ ਦਾ ਸ਼ਿਕਾਰ ਹੋਣ ਵਾਲੇ ਬਾਕੀ ਅੰਗ ਹਨ: ਗਲ਼ਾ, ਜੀਭ, ਬੁੱਲ੍ਹ, ਭੋਜਨ-ਨਲੀ, ਮਿਹਦਾ, ਮਸਾਨਾ ਆਦਿ। ਇਨ੍ਹਾਂ ਅੰਗਾਂ ਵਿੱਚ ਵੀ ਕੈਂਸਰ ਵਿਕਸਤ ਹੋ ਸਕਦੇ ਹਨ। ਸ਼ਰਾਬ ਨਾਲ ਮਨੋਵਿਗਿਆਨਕ ਰੋਗ ਅਤੇ ਦਿਮਾਗ਼ੀ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।
ਜਰਕਾਨ ਕੋਈ ਬਿਮਾਰੀ ਨਹੀਂ, ਇਹ ਤਾਂ ਜਿਗਰ ਦੇ ਨੁਕਸਾਨੇ ਜਾਣ ਦਾ ਇਕ ਚਿੰਨ੍ਹ/ਲੱਛਣ ਹੈ। ਸੋ, ਜਰਕਾਨ ਸੋਫ਼ੀ ਬੰਦਿਆਂ (ਸ਼ਰਾਬ ਨਾ ਪੀਣ ਵਾਲਿਆਂ) ਵਿੱਚ ਵੀ ਹੁੰਦਾ ਹੈ। ਜਿਗਰ ਦੀਆਂ ਵਾਇਰਲ ਇਨਫੈਕਸ਼ਨਜ਼, ਜਿਗਰ ਦੀ ਸੋਜ ਜਾਂ ਹੈਪੇਟਾਇਟਿਸ ਪੈਦਾ ਕਰਦੀਆਂ ਹਨ, ਜਿਸ ਨਾਲ ਜਰਕਾਨ ਹੋ ਜਾਂਦਾ ਹੈ। ਹੈਪੇਟਾਇਟਿਸ ‘ਏ’ ਵਾਇਰਸ ਗੰਦਾ ਪਾਣੀ ਪੀਣ ਨਾਲ ਜਾਂ ਅਸਵਸਥ ਭੋਜਨ ਛਕਣ ਨਾਲ ਸਰੀਰ ਅੰਦਰ ਦਾਖ਼ਲ ਹੁੰਦਾ ਹੈ, ਜਦਕਿ ਹੈਪੇਟਾਇਟਿਸ ‘ਬੀ’ ਤੇ ‘ਸੀ’ ਵਾਇਰਸ, ਇਨਫੈਕਸ਼ਨ ਵਾਲੀ ਟੀਕੇ ਦੀ ਸੂਈ ਜਾਂ ਲਾਗ ਵਾਲੇ ਖੂਨ ਰਾਹੀਂ ਫੈਲਦਾ ਹੈ। ਇਨ੍ਹਾਂ ਤੋਂ ਇਲਾਵਾ, ਡੈਲਟਾ ਅਤੇ ਹੋਰ ਵੀ ਵਾਇਰਸ ਹਨ, ਜੋ ਹੈਪੇਟਾਇਟਿਸ ਪੈਦਾ ਕਰਦੇ ਹਨ। ਇਨ੍ਹਾਂ ਸਭਨਾਂ ’ਚੋਂ ‘ਬੀ’ ਤੇ ‘ਸੀ’ ਸਭ ਤੋਂ ਵੱਧ ਖ਼ਤਰਨਾਕ ਹਨ। ਸੋ ਕਿਸੇ ਵੀ ਤਰ੍ਹਾਂ ਦੀ ਉਕਤ ਵਾਇਰਲ ਇਨਫੈਕਸ਼ਨ ਹੋਵੇ ਤਾਂ ਜਰਕਾਨ, ਥੋੜ੍ਹਾ-ਥੋੜ੍ਹਾ ਬੁਖਾਰ, ਸੱਜੇ ਪਾਸੇ ਪੱਸਲੀਆਂ ਥੱਲੇ ਦਰਦ, ਜੀਅ ਕੱਚਾ, ਕਦੇ-ਕਦੇ ਉਲਟੀ, ਭੁੱਖ ਦਾ ਘਟਣਾ ਅਤੇ ਗੂੜ੍ਹੇ ਰੰਗ ਦਾ ਪਿਸ਼ਾਬ ਆਦਿ ਲੱਛਣ ਹੁੰਦੇ ਹਨ। ਇਨ੍ਹਾਂ ਇਨਫੈਕਸ਼ਨਜ਼ ਦੇ ਮਰੀਜ਼ਾਂ ਨੂੰ ਆਮ ਕਰਕੇ, ਜ਼ਿਆਦਾ ਕਾਰਬੋਹਾਈਡਰੇਟਸ (ਚੌਲ, ਆਲੂ, ਗੁੜ, ਰੌਹ ਆਦਿ) ਵਾਲੇ ਅਤੇ ਚਿਕਨਾਈ-ਰਹਿਤ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਨੁਕਸਾਨੇ ਹੋਏ/ਬਿਮਾਰ ਜਿਗਰ ਨੂੰ ਕੁਝ ਆਰਾਮ ਮਿਲ ਸਕੇ।
ਜੇਕਰ ਪਿੱਤੇ ਦੀ ਪਥਰੀ, ਨਾਲੀ ਵਿੱਚ ਫ਼ਸ ਜਾਵੇ ਤਾਂ ਵੀ ਜਰਕਾਨ ਹੋ ਜਾਂਦਾ ਹੈ, ਜੋ ਥੋੜ੍ਹੇ ਸਮੇਂ ਵਿੱਚ ਕਾਫੀ ਗਹਿਰਾ ਹੋ ਜਾਂਦਾ ਹੈ। ਇਸ ਤਰ੍ਹਾਂ ਹੋਵੇ ਤਾਂ ਵਿਸਤਰਿਤ ਜਾਂਚ ਤੇ ਇਨਵੈਸਟੀਗੇਸ਼ਨਜ਼ ਤੋਂ ਬਾਅਦ ਅਪਰੇਸ਼ਨ ਦੁਆਰਾ ਪਿੱਤਾ ਅਤੇ ਪਥਰੀਆਂ ਕਢਵਾਉਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਲਬਲਬੇ ਦੇ ਕੈਂਸਰ (Carcinoma Head of Pancreas) ਜਾਂ ਪਿੱਤੇ ਦੀ ਨਾਲੀ ’ਤੇ ਕਿਸੇ ਹੋਰ ਬਾਹਰੀ ਦਬਾਅ ਕਾਰਨ ਜਰਕਾਨ ਹੋ ਸਕਦਾ ਹੈ।
ਜਿਗਰ ਰੋਗ ਤੋਂ ਬਗ਼ੈਰ ਜਰਕਾਨ: ਜਰਕਾਨ, ਜੋ ਇਕ ਲੱਛਣ ਹੈ, ਜਿਗਰ ਰੋਗ ਤੋਂ ਬਗ਼ੈਰ ਵੀ, ਖੂਨ ਦੇ ਲਾਲ ਸੈੱਲਾਂ ਦੇ ਟੁੱਟਣ ਨਾਲ ਉਤਪੰਨ ਹੁੰਦਾ ਹੈ, ਇਸ ਨੂੰ (Hemolytic Jaundice) ਕਿਹਾ ਜਾਂਦਾ ਹੈ। ਨਾਰਮਲ ਹਾਲਤਾਂ ਵਿੱਚ ਪੀਲੇ ਰੰਗ ਦੇ ਤੱਤ (Bilirubin) ਦੀ ਮਾਤਰਾ 0.2 ਤੋਂ 0.8 ਮਿਲੀਗ੍ਰਾਮ ਪ੍ਰਤੀਸ਼ਤ ਹੁੰਦੀ ਹੈ, ਜੋ ਸਾਧਾਰਨ ਹਾਲਤਾਂ ਵਿੱਚ ਪੁਰਾਣੇ ਲਾਲ ਸੈੱਲ ਟੁੱਟਣ ਤੋਂ ਪੈਦਾ ਹੁੰਦੀ ਹੈ। ਜੇ ਕਿਸੇ ਕਾਰਨ ਕਰਕੇ ਲਾਲ ਸੈੱਲ ਤੇਜ਼ੀ ਨਾਲ ਟੁੱਟਣ ਲੱਗਣ ਤਾਂ ਇਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਜਰਕਾਨ ਦੇ ਰੂਪ ਵਿੱਚ ਅੱਖਾਂ, ਚਮੜੀ, ਨੌਹਾਂ ਤੇ ਪਿਸ਼ਾਬ ਦੇ ਰੰਗ ਤੋਂ ਪਤਾ ਲੱਗਦਾ ਹੈ। ਇਸ ਕਿਸਮ ਦੇ ਜਰਕਾਨ ਵਿੱਚ ਜਿਗਰ ਬਿਲਕੁਲ ਸਹੀ ਸਲਾਮਤ ਤੇ ਤੰਦਰੁਸਤ ਹੁੰਦਾ ਹੈ। ਅਜਿਹਾ ਜਰਕਾਨ ਛੋਟੇ ਬੱਚਿਆਂ ਵਿੱਚ ਜਾਂ ਗ਼ਲਤ-ਮੈਚ ਵਾਲਾ ਖੂਨ ਦਾਨ ਲੈਣ ਨਾਲ ਹੁੰਦਾ ਹੈ। ਸੱਪ ਲੜਨ ਜਾਂ ਨਾ ਸੂਟ ਕਰਨ ਵਾਲੀਆਂ ਦਵਾਈਆਂ ਖਾਣ ਨਾਲ ਵੀ ਇਸ ਕਿਸਮ ਦਾ ਜਰਕਾਨ ਹੋ ਜਾਂਦਾ ਹੈ। ਕਈ ਜਮਾਂਦਰੂ ਕਾਰਨਾਂ ਕਰਕੇ ਵੀ ਇਸ ਤਰ੍ਹਾਂ ਦਾ ਜਰਕਾਨ ਹੋ ਸਕਦਾ ਹੈ। ਸਰੀਰ ਦੀਆਂ ਕਈ ਬਿਮਾਰੀਆਂ ਲਈ ਵਹਿਮ-ਭਰਮ ਤੇ ਟੂਣਾ-ਝਾੜਾ ਕਰਨ ਵਾਲਿਆਂ ਬਾਰੇ ਆਮ ਹੀ ਸੁਣਿਆ ਜਾਂਦਾ ਹੈ। ਇਸੇ ਤਰ੍ਹਾਂ ਜਰਕਾਨ ਦਾ ਇਲਾਜ ਕਰਨ ਬਾਰੇ ਵੀ ਕਈਆਂ ਕੋਲੋਂ ਸੁਣਿਐਂ, ‘‘ਫਲਾਣੇ ਸ਼ਹਿਰ ਵਿੱਚ ਸਿਆਣਾ ਇਕੋ ਈ ਪੁੜੀ ਦਿੰਦੈ…।’’ ਇਕ ਹੋਰ ਵਹਿਮ ਬਾਰੇ ਸੁਣਿਐਂ, ‘‘ਕੋਈ ਬਾਬਾ ਕੰਨ ਰਾਹੀਂ ਜਰਕਾਨ ਬਾਹਰ ਕੱਢ ਦਿੰਦਾ ਹੈ। ਤਿੰਨ-ਚਾਰ ਵਾਰ, ਅਖ਼ਬਾਰੀ ਕਾਗ਼ਜ਼ਾਂ ਦੇ ਕੁੱਪੇ ਬਣਾ ਕੇ ਕੰਨਾਂ ਵਿੱਚ ਲਗਾਉਂਦਾ ਹੈ ਤੇ ਸਾਰਾ ਪੀਲੀਆ ਕੰਨਾਂ ਰਾਹੀਂ  ਬਾਹਰ ਆ ਜਾਂਦਾ ਹੈ…ਅਖ਼ਬਾਰ ਪੀਲੀ ਹੋ ਜਾਂਦੀ ਏ…।’’ ਤੇ ਭੋਲ਼ੇ-ਭਾਲ਼ੇ ਲੋਕ, ਰਿਸ਼ਤੇਦਾਰਾਂ ਤੇ ਦੋਸਤਾਂ ਦੇ ਦੱਸਣ ’ਤੇ ਅਜਿਹੇ ਬਾਬਿਆਂ ਤੇ ਸਿਆਣਿਆਂ ਕੋਲ, ਇਲਾਜ ਵਾਸਤੇ ਜਾਂਦੇ ਹਨ।
ਸਾਫ਼-ਸੁਥਰਾ ਜਲ ਛਕੋ, ਸੰਤੁਲਿਤ ਤੇ ਸਵੱਛ ਭੋਜਨ ਖਾਓ ਤੇ ਜਿਗਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਾਇਰਸਾਂ ਤੋਂ ਬਚੋ (ਇਸ ਵਾਸਤੇ ਟੀਕਾਕਰਨ ਵੀ ਉਪਲਬੱਧ ਹਨ)। ਲੋੜ ਪੈਣ ’ਤੇ ਇਕੋ ਵਾਰ ਵਰਤੀਆਂ ਜਾਣ ਵਾਲੀਆਂ ਸੂਈਆਂ ਤੇ ਸਰਿੰਜਾਂ ਵਰਤੋ। ਮਨ ਸੱਚਾ ਤੇ ਸੁੱਚਾ ਰੱਖੋ, ਨਸ਼ਿਆਂ-ਵਿਕਾਰਾਂ ਤੋਂ ਦੂਰ ਰਹੋ ਤੇ ਸ਼ਰਾਬ ਤੋਂ ਬਚੋ। ਇਲਾਜ ਨਾਲੋਂ ਪਰਹੇਜ਼ ਚੰਗਾ।


Comments Off on ਜਰਕਾਨ, ਸ਼ਰਾਬ ਤੇ ਜਿਗਰ ਦੀ ਸੋਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.