ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    

ਜਦੋਂ ਰਾਹ ਦਸੇਰਿਆਂ ਕੋਲ ਹੀ ਮੰਜ਼ਿਲ ਨਹੀਂ…

Posted On August - 21 - 2010

ਡਾ. ਅਰਵਿੰਦਰ ਕੌਰ ਕਾਕੜਾ

ਸਾਡੇ ਗੁਆਂਢੀਆਂ ਦੀ ਲੜਕੀ 10+1 ਵਿੱਚ ਦਾਖਲ ਹੋਣ ਦਾ ਪ੍ਰਾਸਪੈਕਟ ਲੈ ਕੇ ਆਈ। ਮੈਨੂੰ ਕਹਿਣ ਲੱਗੀ ਆਂਟੀ ਦੱਸੋ ਮੈਂ ਕੀ ਕਰਾਂ ਸਮਝ ਨਹੀਂ ਆਉਂਦੀ, ਕੋਈ ਕਹਿੰਦਾ ਹੈ ਕਿ ਤੂੰ ਮੈਡੀਕਲ ਲਾਈਨ ਵੱਲ ਜਾ, ਕੋਈ ਕਹਿੰਦਾ ਹੈ ਕਾਮਰਸ, ਮੇਰੇ ਭੂਆ ਜੀ ਦੇ ਮੁੰਡੇ ਕਹਿੰਦੇ ਹਨ ਕਿ ਤੂੰ ਵਕੀਲ ਬਣੀ। ਮੈਨੂੰ ਨਹੀਂ ਪਤਾ ਮੈਂ ਕੀ ਬਣਨਾ ਹੈ। ਮੈਂ ਉਸ ਨੂੰ ਬਹੁਤ ਹੀ ਪਿਆਰ ਨਾਲ ਪੁੱਛਿਆ, ‘‘ਬੇਟਾ, ਤੂੰ ਕਦੇ ਨਹੀਂ ਸੋਚਿਆ, ਕੁਝ ਬਣਨ ਲਈ।’’
ਨਹੀਂ, ਬਿਲਕੁਲ ਨਹੀਂ, ਪਰ ਸਾਡੇ ਸਮਾਜਕ ਸਿੱਖਿਆ ਵਾਲੇ ਮੈਡਮ ਜੀ ਅਕਸਰ ਕਹਿੰਦੇ ਹੁੰਦੇ ਸਨ ਕਿ ਤੁਸੀਂ ਅਧਿਆਪਕ ਨਾ ਬਣਨਾ ਭਾਵੇਂ ਹੋਰ ਜੋ ਕੁਝ ਮਰਜ਼ੀ ਬਣ ਜਾਣਾ। ਇਹ ਗੱਲ ਸੁਣ ਕੇ ਮੈਨੂੰ ਕੁਝ ਠੇਸ ਜਿਹੀ ਪੁੱਜੀ ਕਿ ਇਕ ਅਧਿਆਪਕ ਹੀ ਆਪਣੇ ਰੁਤਬੇ ਨੂੰ ਇਸ ਤਰ੍ਹਾਂ ਸਮਝ ਰਿਹਾ ਹੈ, ਪਤਾ ਨਹੀਂ ਉਸ ਨੇ ਅਜਿਹਾ ਕਿਉਂ ਕਿਹਾ ਹੋਵੇਗਾ। ਮੈਂ ਉਸ ਅਧਿਆਪਕ ਦੀ ਪ੍ਰਸਥਿਤੀ ਨਹੀਂ ਜਾਣਦੀ ਸੀ, ਪਰ ਮੁੜ ਕੇ ਮੇਰਾ ਉਸ ਲੜਕੀ ਨੂੰ ਏਹੀ ਸਵਾਲ ਰਿਹਾ ਤੂੰ ਅਧਿਆਪਕ ਬਣਨਾ ਪਸੰਦ ਨਹੀਂ ਕਰੇਗੀ, ਉਹ ਦਾ ਜਵਾਬ ਨਾਂਹ ਵਿੱਚ ਸੀ। ਮੈਂ ਉਸ ਦੇ ਅੰਦਰਲੇ ਮਨ ਨੂੰ ਘੋਖਨ ਲੱਗੀ ਤੇ ਝੱਟ ਹੀ ਉਹ ਦਾ ਜਵਾਬ ਉਹ ਦੀ ਜ਼ੁਬਾਨ ’ਤੇ ਆ ਗਿਆ। ਆਂਟੀ ਅਧਿਆਪਕ ਤਾਂ ਬੇਕਾਰ ਹੁੰਦੇ ਹਨ, ਪਰ ਕਿਉਂ ਮੈਨੂੰ ਉਹ ਦੇ ਉਪਰ ਗੁੱਸਾ ਬਹੁਤ ਆਇਆ, ਪਰ ਮੈਂ ਜਾਣਨਾ ਚਾਹੁੰਦੀ ਸਾਂ, ਉਸ ਨੇ ਅਜਿਹਾ ਕਿਉਂ ਕਿਹਾ। ਉਹ ਕਹਿਣ ਲੱਗੀ ਪਹਿਲਾਂ ਆਪਾਂ ਫਾਰਮ ਭਰ ਲਈਏ- ਫਿਰ ਮੈਂ ਤੁਹਾਨੂੰ ਦੱਸਾਂਗੀ ਮੈਂ ਅਧਿਆਪਕ ਬਣਨਾ ਪਸੰਦ ਕਿਉਂ ਨਹੀਂ ਕਰਦੀ। ਹੁਣ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਦੇ ਫਾਰਮ ਵਿੱਚ ਮੈਂ ਕਿਹੜੀ ਸਕੀਮ ਦੇ ਵਿਸ਼ੇ ਭਰਾਂ। ਉਹ ਵਿੱਚੋਂ ਹੀ ਬੋਲ ਪਈ, ਆਂਟੀ ਮੈਂ ਇੰਜੀਨੀਅਰ ਬਣਨਾ ਵੀ ਸੋਚ ਸਕਦੀ ਹਾਂ। ਸੋਚ ਸਕਦੀ ਹਾਂ ਇਹ ਕੀ ਉਹ ਵਿਚਾਰੀ ਖੁਦ ਡਾਵਾਂਡੋਲ ਸੀ। ਉਸ ਨੂੰ ਆਪਣੀ ਮੰਜ਼ਿਲ ਦਾ ਰਸਤਾ ਪਤਾ ਨਹੀਂ ਸੀ। ਮੈਂ ਕਿਹਾ, ਬੇਟਾ ਤੂੰ ਜੇਕਰ ਇੰਜੀਨੀਅਰ ਬਣਨਾ ਹੈ ਤਾਂ ਤੈਨੂੰ 10+1 ਵਿੱਚ ਨਾਨ-ਮੈਡੀਕਲ ਰੱਖਣਾ ਪਵੇਗਾ। ਕੀ ਉਹ ਵਿਸ਼ੇ ਅੰਗਰੇਜ਼ੀ ਵਿੱਚ ਹੋਣਗੇ। ਹਾਂ..ਮੇਰਾ ਉੱਤਰ ਸੁਣ ਕੇ ਉਹ ਡਰ ਗਈ। ਕਿਉਂਕਿ ਗੱਲ ਏ ਆਂਟੀ ਮੈਨੂੰ ਤੇ ਅੰਗਰੇਜ਼ੀ ਘੱਟ ਆਉਂਦੀ ਹੈ। ਨਾਲੇ ਮੈਂ ਹੁਣ ਤੱਕ ਪੰਜਾਬੀ ਮਾਧਿਅਮ ਵਾਲੇ ਸਕੂਲ ਵਿੱਚ ਪੜ੍ਹੀ ਹੋਈ ਹਾਂ। ਮੈਂ ਹੁਣ ਉਹ ਨੂੰ ਕਿਵੇਂ ਸਮਝਾਵਾਂ-ਉਹ ਵਿੱਚੋਂ ਫਿਰ ਬੋਲ ਪਈ ਜੇਕਰ ਮੈਂ 10+2 ਤੋਂ ਬਾਅਦ ਇੰਜੀਨੀਅਰਿੰਗ ਕਰ ਲਵਾਂ ਤੇ ਨਾਲ ਹੀ ਉਹ ਦਾ ਸਵਾਲ ਸੀ ਕਿ ਮੈਨੂੰ ਨੌਕਰੀ ਮਿਲ ਜਾਵੇਗੀ ਅਸਲ ਵਿੱਚ ਮੈਂ ਨੌਕਰੀ ਕਰਨਾ ਚਾਹੁੰੰਦੀ ਹਾਂ। ਹੁਣ ਦੱਸੋ ਆਂਟੀ ਮੈਂ ਕਿਹੜੇ ਰਾਹ ’ਤੇ ਚੱਲਾਂ? ਉਸ ਨੇ ਮੈਨੂੰ ਹੋਰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਜਦ ਮੈਂ ਉਹ ਦੇ ਘਰ ਵੱਲ ਝਾਤੀ ਮਾਰੀ ਤੇ ਆਰਥਿਕਤਾ ਦੀ ਮਾਰ ਹੇਠ ਕੁਚਲਿਆ ਗਰੀਬੀ ਹੰਢਾ ਰਿਹਾ ਉਹ ਗਰੀਬ ਪਰਿਵਾਰ ਜਿਸ ਦੀ ਬੇਟੀ ਦੇ ਉੱਚੇ ਸੁਪਨੇ ਤੇ ਇਕ ਨਵੀਂ ਜ਼ਿੰਦਗੀ ਦੀ ਨਵੀਂ ਰੀਝ ਨੈਣਾਂ ਵਿੱਚ ਝਲਕਦੀ ਪਈ ਸੀ।
ਅਜੋਕੇ ਸਮੇਂ ਵਿੱਚ ਨੌਕਰੀ ਦੇ ਅਵਸਰ ਘੱਟ ਹੋਣ ਕਰਕੇ ਪਹਿਲਾਂ ਹੀ ਕਿੰਨੇ ਪੜ੍ਹੇ-ਲਿਖੇ ਨੌਜਵਾਨ ਇਹ ਤ੍ਰਾਸਦੀ ਹੰਢਾ ਰਹੇ ਹਨ। ਮੈਂ ਕਿਵੇਂ ਕਹਾਂ ਕਿ ਬੇਟਾ ਤੂੰ ਇੰਜੀਨੀਅਰ ਬਣ ਕੇ ਚੰਗੀ ਨੌਕਰੀ ਪ੍ਰਾਪਤ ਕਰ ਲਵੇਂਗੀ। ਮੈਂ ਉਸ ਨੂੰ ਕਿੱਤਾਮੁਖੀ ਕੋਰਸ ਕਰਨ ਦੀ ਸਲਾਹ ਦਿੱਤੀ। ਉਹ ਦਾ ਜਵਾਬ ਨਾਂਹ ਵਿੱਚ ਸੀ। ਮੈਂ ਉਸ ਨੂੰ ਕਿਹਾ ਤੂੰ ਵੀ ਆਪਣਾ ਇਕ ਨਿਸ਼ਾਨਾ ਮਿੱਥ ਕੇ ਫੈਸਲਾ ਲੈ, ਪਰ ਵਿੱਚੋਂ ਤਾਂ ਮੈਂ ਵੀ ਜਾਣਦੀ ਸਾਂ ਕਿ ਕਿਹਦਾ-ਕਿਹਦਾ ਨਿਸ਼ਾਨਾ ਪੂਰਾ ਹੋਇਐ। ਮੈਂ ਇਹ ਕਹਿ ਕੇ ਆਪਣੀ ਗੱਲ ਖਤਮ ਕੀਤੀ ਕਿ ਤੈਨੂੰ ਇਸ ਬਾਰੇ ਕੱਲ੍ਹ ਨੂੰ ਦੱਸਾਂਗੀ, ਤੂੰ ਵੀ ਸੋਚ ਲਵੀਂ। ਮੇਰਾ ਧਿਆਨ ਉਸ ਸਮੇਂ ਹੀ ਉਖੜ ਗਿਆ ਸੀ ਜਦ ਉਹ ਨੇ ਕਿਹਾ ਕਿ ਅਧਿਆਪਕ ਬੇਕਾਰ ਹੁੰਦੇ ਹਨ, ਪਰ ਨਹੀਂ ਅੱਜ ਤਾਂ ਕਬੀਰ ਦਾ ਜਨਮ ਦਿਹਾੜਾ ਹੈ। ਕਬੀਰ ਸਾਹਿਬ ਨੇ ਤਾਂ ਗੁਰੂ ਨੂੰ ਮਹਾਨ ਦਰਜਾ ਦੇ ਕੇ ਪ੍ਰਥਮ ਲਾਈਨ ਵਿੱਚ ਖੜ੍ਹਾ ਕੀਤਾ, ਪਰ ਅੱਜ ਦੇ ਦੌਰ ਵਿੱਚ ਅਜਿਹਾ ਕਿਉਂ?
ਅਧਿਆਪਕ ਬਾਰੇ ਅਜਿਹੀ ਵਿਦਿਆਰਥੀ ਦੀ ਸੋਚ! ਮੈਂ ਉਸ ਨੂੰ ਜਾਣ ਤੋਂ ਪਹਿਲਾਂ ਫਿਰ ਪੁੱਛ ਹੀ ਲਿਆ, ‘‘ਬੇਟਾ ਤੂੰ ਮੈਨੂੰ ਖੋਲ੍ਹ ਕੇ ਦੱਸ ਅਧਿਆਪਕ ਪ੍ਰਤੀ ਤੇਰਾ ਇਹ ਨਜ਼ਰੀਆ ਕਿਵੇਂ ਬਣਿਆ।’’ ਉਸ ਨੇ ਕਹਿਣਾ ਸ਼ੁਰੂ ਕੀਤਾ, ‘‘ਸਾਡੇ ਅਧਿਆਪਕ ਆਪ ਹੀ ਕਿਹਾ ਕਰਦੇ ਕਿ 25 ਸੌ ਰੁਪਏ ਤਨਖਾਹ ਪਿੱਛੇ 3 ਹਜ਼ਾਰ ਦਾ ਖੂਨ ਤੁਸੀਂ ਚੂਸਦੇ ਹੋ। ਸਾਨੂੰ ਕਲਾਸ ਵਿੱਚ ਆਉਂਦੀਆਂ ਹੀ ਬਹੁਤ ਗੁੱਸਾ ਆਉਂਦਾ ਹੈ। ਤੁਸੀਂ ਮੱਤ ਮਾਰ ਦਿੱਤੀ ਹੈ।’’ ਉਹ ਹੋਰਾਂ ਦਾ ਗੁੱਸਾ ਸਾਡੇ ਉਤੇ ਕੱਢ ਦਿੰਦੇ। ਮੈਨੂੰ ਉਹ ਦੀ ਗੱਲ ਸੁਣ ਕੇ ਸਮਝ ਆ ਗਈ ਸੀ ਕਿ ਜਿਸ ਅਧਿਆਪਕ ਦੇ ਮਨ ਦੀ ਸ਼ਾਂਤੀ ਬੇਰੁਜ਼ਗਾਰੀ ਨੇ ਲੁੱਟ ਲਈ ਹੋਵੇ ਉਹ ਕਿਸ ਤਰ੍ਹਾਂ ਸੰਤੁਸ਼ਟ ਹੋ ਕੇ ਵਿਦਿਆਰਥੀਆਂ ਨੂੰ ਪੜ੍ਹਾ ਪਾਵੇਗਾ। ਐਮ.ਏ., ਬੀ.ਐੱਡ. ਕਰਨ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਵਿੱਚ ਕੰਮ  ਕਰਦੇ ਇਹ ਅਧਿਆਪਕ ਕਿੰਨੀ ਲੁੱਟ-ਖਸੁੱਟ ਦਾ ਸ਼ਿਕਾਰ ਹੁੰਦੇ ਹਨ। ਉਹ ਕੀ ਦੇ ਪਾਉਣਗੇ ਵਿਦਿਆਰਥੀਆਂ ਨੂੰ ਸਾਰਥਕ ਸੇਧ। ਉਹ ਤਾਂ ਆਪਣੀ ਜ਼ਿੰਦਗੀ ਦੀ ਸੇਧ ਤੋਂ ਵੀ ਡੋਲੇ ਖੜ੍ਹੇ ਹਨ।
ਪ੍ਰਾਈਵੇਟ ਸਕੂਲਾਂ ਵਿੱਚ ਲੱਗੇ ਹੋਏ ਇਹ ਅਧਿਆਪਕ ਆਪਣੇ ਹੱਕਾਂ ਖਾਤਰ ਵੀ ਨਹੀਂ ਲੜ ਸਕਦੇ, ਜੇਕਰ ਲੜੇ ਤਾਂ ਨੌਕਰੀ ਤੋਂ ਜਵਾਬ। ਸਰਕਾਰ ਨੇ ਭਾਵੇਂ ਅਧਿਆਪਕਾਂ ਨੂੰ ਝੂਠੇ ਭਰੋਸੇ ਵਿੱਚ ਰੱਖ ਕੇ ਠੇਕੇ ’ਤੇ ਭਰਤੀ ਕੀਤੀ ਹੈ। ਉਹ ਅਧਿਆਪਕ ਵੀ ਆਪਣੇ ਹੱਕਾਂ ਖਾਤਰ ਲੜਦੇ ਕਿਤੇ ਮੁਜ਼ਾਹਰੇ ਤੇ ਕੀਤੇ ਹੜਤਾਲਾਂ ਕਰ ਰਹੇ ਹਨ। ਹੱਕਾਂ ਦੀ ਖਾਤਰ ਸੁਚੇਤ ਕਰਨ ਵਾਲੇ ਉਹ ਸਿੱਖਿਆ ਕਰਮੀ ਆਪਣੇ ਵਿਦਿਆਰਥੀਆਂ ਨੂੰ ਕਿਵੇਂ ਰਾਹ ਦਰਸਾ ਪਾਉਣਗੇ, ਜਦ ਉਹ ਖੁਦ ਹੀ ਹੱਕ ਵਿਹੂਣੇ ਹਨ। ਸਰਕਾਰ ਕਿੱਥੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਦਾਅਵਾ ਕਰੇਗੀ, ਜਦੋਂ ਕਿ ਪੰਜਾਬ ਵਿਚਲੇ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਦੇ 5752 ਸਕੂਲਾਂ ਵਿਚਲੇ 13034 ਈ.ਟੀ.ਟੀ. ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿੰਨਾ ਚਿਰ ਅਧਿਆਪਕਾਂ ਨੂੰ ਪੂਰੇ ਹੱਕ ਨਹੀਂ ਮਿਲਦੇ ਓਨਾ ਚਿਰ ਸਿੱਖਿਆ ਦਾ ਮਿਆਰ ਉੱਚਾ ਨਹੀਂ ਹੋ ਪਾਵੇਗਾ।


Comments Off on ਜਦੋਂ ਰਾਹ ਦਸੇਰਿਆਂ ਕੋਲ ਹੀ ਮੰਜ਼ਿਲ ਨਹੀਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.