ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਗਾਥਾ ਤਲਵੰਡੀ ਸਾਬੋ ਦੇ ਕਾਲਜ ਦੀ

Posted On August - 21 - 2010

ਵਿਦਿਅਕ ਯਾਦਾਂ

ਸ.ਪ. ਸਿੰਘ

ਪੰਜਾਬ ਦੀ 65 ਫੀਸਦੀ ਵਸੋਂ ਪਿੰਡਾਂ ਵਿਚ ਰਹਿੰਦੀ ਹੈ ਪਰ ਸਿੱਖਿਆ ਦਾ ਪੇਂਡੂ ਖੇਤਰਾਂ ਵਿਚ ਬੁਰਾ ਹਾਲ ਹੈ। ਸਕੂਲੀ ਸਿੱਖਿਆ ਲਈ ਕੁਝ ਯਤਨ ਤਾਂ ਹੋ ਰਹੇ ਹਨ ਪਰ ਉਚੇਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਪਿੰਡਾਂ ਦੇ ਵਿਦਿਆਰਥੀ ਸਮੁੱਚੇ ਪ੍ਰਬੰਧ ਵਿਚੋਂ ਲਗਪਗ ਬਾਹਰ ਹੀ ਹੋ ਰਹੇ ਹਨ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪ੍ਰੋਫੈਸ਼ਨਲ ਉਚੇਰੀ ਸਿੱਖਿਆ ਵਿਚ ਪਿੰਡਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੋ ਗਈ ਹੈ। ਇਹ ਸਥਿਤੀ ਪੰਜਾਬ ਦੀ ਸਮਾਜਕ ਤੇ ਆਰਥਿਕ ਸਥਿਤੀ ਲਈ ਆਪਣੇ ਆਪ ਵਿਚ ਘਾਤਕ ਸਿੱਧ ਹੋ ਸਕਦੀ ਹੈ। ਭਾਵੇਂ ਇਸ ਪਾਸੇ ਵੱਲ ਸਰਕਾਰ ਵੱਲੋਂ ਸਮੇਂ ਸਮੇਂ ਬਿਆਨਬਾਜ਼ੀ ਕੀਤੀ ਜਾਂਦੀ ਹੈ ਪਰ ਅਮਲੀ ਤੌਰ ’ਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ। ਉਪਰੋਕਤ ਸਥਿਤੀ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਕ ਵੱਡੀ ਪੁਲਾਂਘ ਪੁੱਟਣ ਦਾ ਯਤਨ ਕੀਤਾ ਜਿਸ ਦੇ ਅੰਤਰਗਤ ਤਲਵੰਡੀ ਸਾਬੋ ਦੇ ਰਿਜਨਲ ਸੈਂਟਰ ਵਿਚ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਦੀ ਸਥਾਪਨਾ ਦਾ ਐਲਾਨ ਉਸ ਸਮੇਂ ਦੇ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਨੇ ਕੀਤਾ ਅਤੇ ਦਾਅਵਾ ਕੀਤਾ ਕਿ ਇਸ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਨ ਵਾਲੇ ਹਰ ਪੇਂਡੂ ਗਰੀਬ ਵਿਦਿਆਰਥੀ, ਜਿਸ ਦੇ ਬਾਰ੍ਹਵੀਂ ਜਮਾਤ ਵਿਚ ਸੱਠ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹੋਣਗੇ, ਨੂੰ ਮੁਫਤ ਪੜ੍ਹਾਇਆ ਹੀ ਨਹੀਂ ਜਾਵੇਗਾ, ਸਗੋਂ ਲੋੜ ਅਨੁਸਾਰ ਪੁਸਤਕਾਂ ਤੇ ਹੋਸਟਲ ਦੇ ਖਰਚੇ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸ੍ਰੀ ਬੋਪਾਰਾਏ ਦੇ ਇਸ ਐਲਾਨ ਨੇ ਜਿੱਥੇ ਸਾਧਾਰਨ ਲੋਕਾਂ ਤੇ ਰਾਜਨੀਤਕ ਨੇਤਾਵਾਂ ਵਿਚ ਉਤਸ਼ਾਹ ਪੈਦਾ ਕਰ ਦਿੱਤਾ, ਉਥੇ ਸਿੱਖਿਆ ਦੇ ਪ੍ਰਬੰਧਕਾਂ ਨੇ ਇਸ ਸਕੀਮ ਦੇ ਅਮਲੀ ਰੂਪ ਸਬੰਧੀ ਕਈ ਸ਼ੰਕੇ ਵੀ ਪ੍ਰਗਟ ਕੀਤੇ।
ਸਵਰਨ ਸਿੰਘ ਬੋਪਾਰਾਏ ਨੇ ਆਪਣੇ ਪ੍ਰਸ਼ਾਸਨਿਕ ਤਜਰਬੇ ਅਤੇ ਦੇਸ਼-ਵਿਦੇਸ਼ ਵਿਚ ਆਪਣੇ ਨਿੱਜੀ ਸਬੰਧਾਂ ਨਾਲ ਅਮੀਰ ਦੇਸ਼ ਤੇ ਪਰਵਾਸੀ ਲੋਕਾਂ ਕੋਲੋਂ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਲਈ ‘ਵਿਦਿਆਰਥੀ ਅਪਨਾਓ’ ਦੀ ਸਕੀਮ ਤਿਆਰ ਕੀਤੀ। ਇਸ ਤਰ੍ਹਾਂ ਪਹਿਲੇ ਸਾਲਾਂ ਵਿਚ ਵਿੱਤੀ ਸਹਾਇਤਾ ਜੁਟਾਉਣ ਵਿਚ ਸਫਲਤਾ ਵੀ ਪ੍ਰਾਪਤ ਕੀਤੀ। ਪਰ ਸ੍ਰੀ ਬੋਪਾਰਾਏ ਇਸ ਸਕੀਮ ਨੂੰ ਭਵਿੱਖਮੁਖੀ ਬਣਾਉਣ ਵਿਚ ਸਫਲ ਨਹੀਂ ਹੋਏ। ਉਨ੍ਹਾਂ ਨੇ ਇਸ ਸਕੀਮ ਵਿਚ ‘ਐਨਡਾਊਨਮੈਂਟ ਫੰਡ’ ਕਾਇਮ ਨਹੀਂ ਕੀਤਾ। ਯੋਜਨਾ ਵਿਚ ਇਹ ਘਾਟ ਹੁਣ ਘਾਤਕ ਸਿੱਧ ਹੋ ਰਹੀ ਹੈ।
ਯਾਦਵਿੰਦਰ ਇੰਜੀਨੀਅਰ ਕਾਲਜ ਦੇ ਪਹਿਲੇ ਸਾਲਾਂ ਦੇ ਖਰਾਬ ਨਤੀਜੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਨਿਰਾਸ਼ ਨਾ ਕਰ ਸਕੇ, ਸਗੋਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਹੀ ਚੰਗੇ ਇੰਜੀਨੀਅਰ ਬਣਾਉਣ ਲਈ ਗਿਆਰਵੀਂ ਤੇ ਬਾਰ੍ਹਵੀਂ ਜਮਾਤਾਂ ਨੂੰ ਵੀ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ ਲਿਆ ਕੇ ਪੇਂਡੂ ਵਿਦਿਆਰਥੀਆਂ ਨੂੰ ਚੰਗੇਰੀ ਸਿੱਖਿਆ ਪ੍ਰਦਾਨ ਕਰਨ ਦਾ ਮਾਹੌਲ ਤਿਆਰ ਕੀਤਾ।
ਅੱਜ ਸਥਿਤੀ ਇਹ ਹੈ ਕਿ ਤਲਵੰਡੀ ਸਾਬੋ ਵਿਖੇ ਵਧੀਆ ਇਮਾਰਤ, ਵਧੀਆ ਪ੍ਰਯੋਗਸ਼ਾਲਾਵਾਂ ਹਨ, ਉਤਸ਼ਾਹਿਤ ਤੇ ਮਿਹਨਤੀ ਲੋੜਵੰਦ ਵਿਦਿਆਰਥੀ ਹਨ ਪਰ ਅਧਿਕਾਰਾਂ ਦੀ ਘਾਟ ਹੈ ਜਿਸ ਕਾਰਨ ਸਮੁੱਚਾ ਅਕਾਦਮਿਕ ਮਾਹੌਲ ਸਥਾਪਤ ਨਹੀਂ ਹੋ ਰਿਹਾ। ਇਸ ਦੇ ਨਾਲ ਨਾਲ ਹੀ ਪੜ੍ਹ ਰਹੇ ਗਰੀਬ ਵਿਦਿਆਰਥੀਆਂ ਲਈ ਖਤਰੇ ਦੀ ਘੰਟੀ ਵੀ ਵੱਜ ਰਹੀ ਹੈ ਕਿ ਦੇਸ਼ ਤੇ ਵਿਦੇਸ਼ ਵਿਚ ਸਹਾਇਤਾ ਦੇਣ ਲਈ ਵਚਨਬੱਧ ਦਾਨੀ ਸੱਜਣ ਵੱਖ-ਵੱਖ ਕਾਰਨਾਂ ਕਰਕੇ ਪਿੱਛੇ ਹਟ ਰਹੇ ਹਨ। ਮੌਜੂਦਾ ਪ੍ਰਬੰਧ ਵਿਚ ਨਵੇਂ ਦਾਨੀ ਸੱਜਣ ਇਸ ਯੋਜਨਾ ਨਾਲ ਜੁੜ ਨਹੀਂ ਰਹੇ ਅਤੇ ਪੁਰਾਣੇ ਵੱਖ-ਵੱਖ ਕਾਰਨਾਂ ਕਰਕੇ ਘਟ ਰਹੇ ਹਨ। ਇਸ ਸਥਿਤੀ ਵਿਚ ਇਸ ਸਕੀਮ ਦੇ ਭਵਿੱਖ ਸਬੰਧੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ। ਸਥਾਪਤੀ ਸਮੇਂ ਮੁੱਖ ਮੰਤਰੀ ਦੇ ਪਿਤਾ ਦੇ ਨਾਂ ’ਤੇ ‘ਯਾਦਵਿੰਦਰ ਸਿੰਘ’ ਵੀ ਮੌਜੂਦਾ ਸਰਕਾਰ ਲਈ ਬੇਵਸੀ ਦਾ ਕਾਰਨ ਹੈ। ਇਸ ਦੇ ਨਾਲ ਹੀ ਦਾਨੀ ਸੱਜਣਾਂ ਵੱਲੋਂ ਸੋਸ਼ਣ ਦੇ ਯਤਨ, ਯੂਨੀਵਰਸਿਟੀ ਨਾਲ ਸਬੰਧਤ ਨਾਜਾਇਜ਼ ਕੰਮ ਕਰਵਾਉਣ ਲਈ ਯਤਨਸ਼ੀਲ ਹੋਣਾ ਅਤੇ ਲੋੜ ਤੋਂ ਵੱਧ ਖਾਤਰਦਾਰੀ ਦੀ ਯੂਨੀਵਰਸਿਟੀ ਤੋਂ ਉਮੀਦ ਰੱਖਣਾ ਵੀ ਕੁਝ ਕਾਰਨ ਸਮਝੇ ਜਾ ਸਕਦੇ ਹਨ।
ਪਰ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਸ੍ਰੀ ਬੋਪਾਰਾਏ ਦੀ ਭਵਿੱਖਮੁਖੀ ਇਹ ਯੋਜਨਾ ਆਪਣੇ ਆਪ ਵਿਚ ਸਾਕਾਰਾਤਮਕ ਸੁਨੇਹਾ ਦਿੰਦੀ ਹੈ ਅਤੇ ਇਕ ਅਜਿਹਾ ਪ੍ਰਬੰਧ ਪੇਸ਼ ਕਰਦੀ ਹੈ ਜਿਸ ਨੂੰ ਮੌਜੂਦਾ ਯੂਨੀਵਰਸਿਟੀ ਪ੍ਰਬੰਧਕ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਸ ਨੂੰ ਚਾਲੂ ਰੱਖਣ ਵਿਚ ਸਫਲ ਹੋ ਸਕਦੀ ਹੈ। ਯਾਦਵਿੰਦਰਾ ਕਾਲਜ, ਤਲਵੰਡੀ ਸਾਬੋ ਦੀ ਇਸ ਯੋਜਨਾ ਦਾ ਅਸਫਲ ਹੋਣਾ, ਪੰਜਾਬ ਦੇ ਪੇਂਡੂ ਲੋਕਾਂ ਲਈ ਬਦਕਿਸਮਤੀ ਦਾ ਕਾਰਨ ਹੀ ਸਿੱਧ ਹੋਵੇਗੀ। ਇਸ ਲਈ ਪੰਜਾਬ ਸਰਕਾਰ ਨੂੰ ਸੰਜੀਦਗੀ ਨਾਲ ਯੂਨੀਵਰਸਿਟੀ ਨੂੰ ਸਹਾਇਤਾ ਦੇ ਕੇ ਇਸ ਯੋਜਨਾ ਨੂੰ ਚਾਲੂ ਰੱਖਣ ਵੱਲ ਸੇਧਤ ਹੋਣਾ ਚਾਹੀਦਾ ਹੈ।


Comments Off on ਗਾਥਾ ਤਲਵੰਡੀ ਸਾਬੋ ਦੇ ਕਾਲਜ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.