ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਖੇਤੀ ਗਿਆਨ ਤੋਂ ਬਿਨਾਂ ਕਿਸਾਨ ਅਧੂਰਾ

Posted On August - 27 - 2010

ਇਕ ਕਿਸਾਨ ਕੈਂਪ ਵਿਚ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਸ. ਬਲਵਿੰਦਰ ਸਿੰਘ ਸਿੱਧੂ ਨਾਲ ਕਿਸੇ ਗੱਲ ’ਤੇ ਸਲਾਹ ਮਸ਼ਵਰਾ ਕਰਦੇ ਹੋਏ

ਡਾ. ਬਲਵਿੰਦਰ ਸਿੰਘ ਸੋਹਲ

ਹਰੇਕ ਦੁਕਾਨਦਾਰ, ਵਪਾਰੀ ਜਦੋਂ ਆਪਣੇ ਕਿੱਤੇ ਨੂੰ ਸਵੇਰੇ ਸ਼ੁਰੂ ਕਰੇਗਾ ਤਾਂ ਉਹ ਆਪਣੀ ਦੁਕਾਨ ਨੂੰ ਨਮਸਕਾਰ ਕਰਕੇ ਪੂਜਾ ਕਰਨ ਤੋਂ ਬਾਅਦ ਕੰਮ ਸ਼ੁਰੂ ਕਰੇਗਾ ਪ੍ਰੰਤੂ ਬਿਲਕੁਲ ਇਸ ਦੇ ਉਲਟ ਕਿਸਾਨ ਆਪਣੇ ਖੇਤਾਂ ’ਚ ਕੰਮ ਸ਼ੁਰੂ ਕਰਨ ਵੇਲੇ ਖੇਤਾਂ ਨੂੰ ਨਮਸਕਾਰ ਜਾਂ ਪੂਜਾ ਤਾਂ ਦੂਰ ਰਹੀ ਸਗੋਂ ਇੱਕ ਦੋ ਗਾਲਾਂ ਕੱਢ ਕੇ ਕਹੇਗਾ ਕਿ ਅਜੇ ਤਾਂ ਆਹ ਪੰਗਾ ਵੀ ਕਰਨ ਵਾਲਾ ਹੈ। ਇਹ ਗੱਲ ਤਾਂ ਬੜੀ ਸਪੱਸ਼ਟ ਹੈ ਕਿ ਜਿਸ ਦੀ ਇੱਜ਼ਤ ਜਾਂ ਇਬਾਦਤ ਕਰਾਂਗੇ, ਉਹ ਵੀ ਅੱਗੋਂ ਉਹੋ ਜਿਹਾ ਹੀ ਵਰਤਾਰਾ ਕਰਦਾ ਹੈ। ਜਦੋਂ ਕਿਸਾਨ ਠੰਢੇ ਸੁਭਾਅ ਨਾਲ ਆਪਣੇ ਕਿੱਤੇ ਦੀ ਪੂਜਾ ਕਰਨੀ ਸਿੱਖੇਗਾ ਤੇ ਆਪਣੇ ਮਹਿੰਗੇ ਭਾਅ ਖਰੀਦੇ ਸੰਦਾਂ ਨੂੰ ਸਵੇਰੇ ਮੱਥਾ ਟੇਕੇਗਾ ਤਾਂ ਉਹ ਇੱਕਦਮ ਦੇਖ ਲਵੇਗਾ ਕਿ ਕੀ ਟਰੈਕਟਰ ਕਿਤਿਉਂ ਲੀਕ ਤਾਂ ਨਹੀਂ ਕਰ ਰਿਹਾ ਜਾਂ ਮਸ਼ੀਨਰੀ ਨੂੰ ਜੰਗ ਤਾਂ ਨਹੀਂ ਲੱਗੀ ਜਾਂਦੀ, ਹੈਰੋਂ ਦੇ ਬੈਰਿੰਗ ਤਾਂ ਨਹੀਂ ਲੀਕ ਕੀਤੇ ਤੇ ਜੇਕਰ ਉਸ ਦੇ ਧਿਆਨ ਵਿੱਚ ਇਹੋ ਜਿਹੀ ਗੱਲ ਆ ਗਈ ਤਾਂ ਉਹ ਉਸ ਨੂੰ  ਸਮੇਂ ਸਿਰ ਘੱਟ ਖਰਚੇ ਨਾਲ ਠੀਕ ਕਰਵਾ ਲਵੇਗਾ। ਦੂਸਰਾ ਖੇਤਾਂ ਨੂੰ ਨਮਸਕਾਰ ਤਾਂ ਉਸ ਮਿੱਟੀ ਦੀ ਪੂਜਾ ਹੈ, ਜਿਸ ਵਿੱਚ ਅਸਾਂ ਸਭਨਾਂ ਨੇ ਆਖਰ ਰਲ ਜਾਣਾ ਹੈ।
ਦੂਸਰਾ ਸਵਾਲ ਹੈ ਕਿੱਤੇ ਨੂੰ ਤਕਨੀਕੀ ਗਿਆਨ ਦੇ ਨਾਲ ਸ਼ੁਰੂ ਕਰਨ ਦਾ। ਇਹ ਗਿਆਨ ਕਿਸੇ ਮਾਹਰ ਵਿਅਕਤੀ ਜਾਂ ਕਿਸੇ ਸੰਸਥਾ ਤੋਂ ਹੀ ਹਾਸਲ ਕੀਤਾ ਜਾਂਦਾ ਹੈ। ਜੇਕਰ ਕਿਸੇ ਨੇ ਸਾਈਕਲ, ਮੋਟਰਸਾਈਕਲ ਨੂੰ ਪੈਂਚਰ ਲਾਉਣ ਦਾ ਕੰਮ  ਵੀ ਸ਼ੁਰੂ ਕਰਨਾ ਹੈ ਤਾਂ ਉਸ ਨੂੰ ਕਿਸੇ ਮਾਹਰ ਪੈਂਚਰ ਲਗਾਉਣ ਵਾਲੇ ਕਾਰੀਗਰ ਦੇ ਨਾਲ ਕੰਮ ਕਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਉਹ ਕੰਮ ਸਿੱਖਦਾ ਹੈ। ਇਸੇ ਤਰ੍ਹਾਂ ਹੀ ਇਲੈਕਟ੍ਰਾਨਿਕ, ਮਕੈਨੀਕਲ ਜਾਂ ਹੋਰ ਕਈ ਕਿੱਤੇ ਹਨ,ਜੋ ਕਿ ਗੁਰੂ ਧਾਰਨ ਕਰਨ ਤੋਂ ਬਿਨ੍ਹਾਂ ਸਿੱਖੇ ਨਹੀਂ ਜਾ ਸਕਦੇ। ਇੱਕ ਪੱਧਰ ਉਹ ਹੈ ਜੋ ਹੁਣ ਤੱਕ ਦੁਨੀਆਂ ਵਿੱਚ ਖੋਜ ਕਰਕੇ ਬਣ ਚੁੱਕਾ ਹੈ ਸਿਰਫ ਉਸ ਦੀ ਮੁਰੰਮਤ ਕਰਨੀ ਸਿੱਖਣੀ ਹੈ। ਉਹ ਤਾਂ ਸਿਰਫ ਕੰਮ ਕਰਕੇ ਬਣਿਆ ਮਾਹਰ ਆਪ ਨੂੰ ਦੱਸ ਦੇਵੇਗਾ ਪ੍ਰੰਤੂ ਅੱਜ ਤੇਜੀ ਦੇ ਸਮੇਂ ਵਿੱਚ ਬਦਲ ਰਹੀ ਟੈਕਨਾਲੋਜੀ ਲਈ ਬੇਸਿਕ ਥਿਊਰੀਆਂ ਪੜਨ ਦੀ ਵੀ ਬਹੁਤ ਜ਼ਰੂਰਤ ਹੈ ਜਿਸ ਵਿਚੋਂ ਅਸੀਂ ਨਵੀਂ ਖੋਜ ਕੱਢ ਸਕਦੇ ਹਾਂ। ਇਨ੍ਹਾਂ ਪੈਦਾ ਹੋਏ ਸਵਾਲਾਂ ਕਰਕੇ ਹੀ ਹੁਣ ਕਿੱਤਾ-ਮੁਖੀ ਕੋਰਸ ਬੱਚਿਆਂ ਦੀ ਪੜ੍ਹਾਈ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਸਾਨੂੰ ਵੀ ਇਹ ਸਮਝ ਕੇ ਇਸ ਵੱਲ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਪਿੰਡਾਂ ਵਿੱਚ ਅੱਜ ਵੀ ਬਹੁਤੇ ਪਰਿਵਾਰ ਸਿੱਧੇ ਖੇਤੀ ’ਤੇ ਨਿਰਭਰ ਹਨ ਪ੍ਰੰਤੂ ਬਹੁ ਗਿਣਤੀ ਨੇ ਹੁਣ ਤੱਕ ਖੇਤੀ ਨੂੰ ਅਣਗੌਲੇ ਕਿੱਤੇ ਵਾਂਗ ਹੀ ਕੀਤਾ ਅਤੇ ਉਨ੍ਹਾਂ ਹੀ ਹਾਲਤਾਂ ਵਿੱਚ ਪੀੜੀ ਦਰ ਪੀੜੀ ਅੱਗੇ ਵਧਾਉਂਦੇ ਗਏ। ਇਸ ਨੂੰ ਤਕਨੀਕੀ ਰਾਂਹਾਂ ’ਤੇ ਲਿਆਉਣ ਲਈ ਪੂਰੀ ਤਰ੍ਹਾਂ ਸੋਚਿਆ ਹੀ ਨਹੀਂ। ਨਵੀਆਂ ਤਕਨੀਕਾਂ ਦੀ ਜਾਣਕਾਰੀ ਲੈਣ ਲਈ ਆਪਣੇ ਬੱਚਿਆਂ ਨੂੰ ਕੋਈ ਟ੍ਰੇਨਿੰਗ, ਸਰਟੀਫਿਕੇਟ ਕੋਰਸ ਵਗੈਰਾ ਕਰਵਾ ਕੇ ਖੇਤੀ ਕਰਨ ਦਾ ਸੁਝਾਅ ਜਾਂ ਉਪਰਾਲਾ ਨਹੀਂ ਕੀਤਾ। ਇਸ ਦੇ ਲਈ ਇਹ  ਢੁੱਕਵਾਂ ਸਮਾਂ ਹੈ।
ਮੌਜੂਦਾ ਖੇਤਾਂ ਵਿੱਚ ਖੜੀਆਂ ਫਸਲਾਂ ’ਤੇ ਕੀੜੇ-ਮਕੌੜੇ ਤੇ ਬਿਮਾਰੀਆਂ ਲੱਗਣ ਦਾ ਸਮਾਂ ਵੀ ਹੈ ਅਤੇ ਆਪਾਂ ਅਗਲੀ ਫਸਲ ਦੀ ਬਿਜਾਈ ਬਾਰੇ ਵੀ ਯੋਜਨਾਬੰਦੀ ਕਰਨੀ ਹੈ। ਇਨ੍ਹਾਂ ਸਭ ਮੁੱਦਿਆਂ ਦੇ ਹੱਲ ਵਜੋਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਕਨੀਕੀ ਗਿਆਨ ਦੇ ਕੈਂਪ ਅਤੇ ਮੇਲੇ ਲਗਾਏ ਜਾ ਰਹੇ ਹਨ। ਮੇਰਾ ਵਿਚਾਰ ਹੈ ਕਿ ਇਨ੍ਹਾਂ ਕੈਂਪਾਂ ਵਿਚ ਆਉਣ ਲਈ ਸਾਨੂੰ ਕੋਈ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਜੇਕਰ ਇਹਨਾਂ ਨਿਯਮਾਂ ਦੀ  ਦੋਹਾਂ ਹੀ ਧਿਰਾਂ (ਖੇਤੀ ਵਿਗਿਆਨੀ/ਮਾਹਿਰ ਅਤੇ ਕਿਸਾਨ) ਵੱਲੋਂ ਪਾਲਣਾ ਕੀਤੀ ਜਾਵੇ ਤਾਂ ਖੇਤੀ ਨੂੰ ਲਾਹੇਵੰਦ ਬਣਾਉਣ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ।
– ਉਨ੍ਹਾਂ ਖੇਤੀ ਵਿਗਿਆਨੀਆਂ ਜਾਂ ਮਾਹਿਰਾਂ ਦੀ ਟੀਮ ਬਣਾਈ ਜਾਵੇ ਜੋ ਕਿ ਵਿਸ਼ੇ ਦਾ ਪੂਰਾ ਗਿਆਨ ਤੇ ਫੀਲਡ ਦਾ ਤਜਰਬਾ ਰੱਖਦੇ ਹੋਣ ਤਾਂ ਜੋ ਲੰਬੇ ਭਾਸ਼ਨ ਨਾਲੋਂ ਜ਼ਿਆਦਾ ਜ਼ੋਰ ਧਿਆਨ ਰੱਖਣ ਵਾਲੇ ਨੁਕਤਿਆਂ ’ਤੇ ਹੀ ਦਿੱਤਾ ਜਾਵੇ।
– ਲੈਕਚਰ ਕਰਨ ਵਾਲਾ ਵਿਅਕਤੀ ਵਧੀਆ ਤੇ ਉਨ੍ਹਾਂ ਲੋਕਾਂ ਦੀ ਭਾਸ਼ਾ ਬੋਲ ਕੇ ਆਪਣਾ ਵਿਸ਼ਾ ਸਪੱਸ਼ਟ ਕਰੇ ਜੋ ਉਸ ਦੇ ਸਾਹਮਣੇ ਉਸ ਨੂੰ ਸੁਣ ਰਹੇ ਹੋਣ।
– ਕਿਸਾਨਾਂ ਤੋਂ ਆਉਣ ਵਾਲੀ ਫੀਡ ਬੈਕ ਨੂੰ ਸਹਿਜ ਨਾਲ ਸੁਣਨ ਦੀ ਸਮਰੱਥਾ ਰੱਖਦਾ ਹੋਵੇ।
– ਜਿਹੜੇ ਫਸਲੀ ਚੱਕਰ ਉਸ ਇਲਾਕੇ ਵਿੱਚ ਕਿਸਾਨਾਂ ਵੱਲੋਂ ਅਪਣਾਏ ਜਾ ਰਹੇ ਹਨ, ਉਨ੍ਹਾਂ ਵਿਸ਼ਿਆਂ ’ਤੇ ਜ਼ੋਰ ਦਿੱਤਾ ਜਾਵੇ।
– ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਵਿਭਾਗ ਜਾਂ ਕੇਂਦਰ ਸਰਕਾਰ ਦੇ ਕੁਝ ਅਦਾਰਿਆਂ ਵੱਲੋਂ ਖੇਤੀਬਾੜੀ ਦੇ ਸਹਾਇਕ ਧੰਦਿਆਂ ਬਾਰੇ ਜੋ ਕੋਈ ਕੋਰਸ ਚਲਾਏ ਜਾ ਰਹੇ ਹਨ, ਉਨ੍ਹਾਂ ਸਬੰਧੀ ਵੀ ਜਾਣਕਾਰੀ ਦੇਣ ਦਾ ਵਿਸ਼ਾ ਹੋਣਾ ਚਾਹੀਦਾ ਹੈ।
– ਖੇਤੀ ਉਪਜ ਤੋਂ ਖਾਣ ਵਾਲੇ ਪਦਾਰਥ ਬਣਾ ਕੇ ਸਹਾਇਕ ਧੰਦਾ ਸ਼ੁਰੂ ਕਰਨ ਬਾਰੇ ਵੀ ਮਾਹਿਰਾਂ ਦੇ ਵਿਚਾਰ ਆਉਣੇ ਚਾਹੀਦੇ ਹਨ।
– ਘਰੇਲੂ ਸੁਆਣੀਆਂ ਲਈ ਵੀ ਨੁਕਤੇ ਸਾਂਝੇ ਕਰਨ ਵਾਲੇ ਮਾਹਿਰ ਹਾਜ਼ਰ ਹੋਣੇ ਚਾਹੀਦੇ ਹਨ।
– ਖੇਤੀਬਾੜੀ ਵਿਭਾਗ ਤੇ ਹੋਰ ਦੂਸਰੇ ਵਿਭਾਗਾਂ ’ਚ ਪੰਜਾਬ ਸਰਕਾਰ ਵੱਲੋਂ ਕਿਸਾਨ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਵੀ ਦੇਣੀ ਚਾਹੀਦੀ ਹੈ।
ਕਿਸਾਨਾਂ ਵੱਲੋਂ ਵੀ ਇਨ੍ਹਾਂ ਤਕਨੀਕੀ ਕੈਂਪਾਂ ਜਾਂ ਮੇਲਿਆਂ ਵਿੱਚ ਆਉਣ ਸਮੇਂ  ਹੇਠਾਂ ਦੱਸੇ ਨੁਕਤਿਆਂ ਜਾਂ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ :-
– ਖੇਤੀ ਦੇ ਤਕਨੀਕੀ ਕੈਂਪ/ਮੇਲੇ ਨੂੰ ਤਕਨੀਕੀ ਹੀ ਸਮਝਿਆ ਜਾਵੇ। ਇਸ ਨੂੰ ਕੋਈ ਹੋਰ ਸਮਾਜਿਕ, ਧਾਰਮਿਕ ਜਾਂ ਰਾਜਨੀਤਕ ਮੇਲਿਆਂ ਵਾਂਗ ਨਾ ਲਿਆ ਜਾਵੇ।
– ਮੇਲੇ ਵਿੱਚ ਸ਼ਾਮਲ ਹੋਣ ਵਾਲੇ ਹਰ ਕਿਸਾਨ ਕੋਲ ਇੱਕ ਖੇਤੀ ਵਿਕਾਸ ਵਹੀ, ਜੋ ਕਿ ਵਧੀਆ ਕਾਪੀ ਜਾਂ ਰਜਿਸਟਰ ਦੇ ਰੂਪ ਵਿੱਚ ਹੋ ਸਕਦੀ ਹੈ, ਹੋਣੀ ਚਾਹੀਦੀ ਹੈ, ਤਾਂ ਜੋ ਧਿਆਨ ਰੱਖਣ ਵਾਲੀਆਂ ਗੱਲਾਂ ਜੋ ਕਿ ਖੇਤੀ ਵਿਗਿਆਨੀ ਵਾਰ-ਵਾਰ ਸਾਨੂੰ ਕਹਿ ਰਿਹਾ ਹੈ, ਉਸ ਨੂੰ ਨੋਟ ਕੀਤਾ ਜਾ ਸਕੇ।
– ਮੇਲਿਆਂ ਜਾਂ ਕੈਂਪਾਂ ਵਿੱਚ ਨਵੀਂ-ਨਵੀਂ ਮਸ਼ੀਨਰੀ ਜਾਂ ਤਕਨੀਕ ਪ੍ਰਦਰਸ਼ਨੀ ਦੇ ਰੂਪ ਵਿੱਚ ਲਗਾਈ ਗਈ ਹੁੰਦੀ ਹੈ, ਉਸ ਨੂੰ ਧਿਆਨ ਨਾਲ ਵੇਖੋ ਅਤੇ ਉਸ ਬਾਰੇ ਪੂਰੀ ਜਾਣਕਾਰੀ ਉੱਥੇ ਖੜੇ ਮਾਹਰ ਤੋਂ ਲਵੋ।
– ਚੱਲ ਰਹੇ ਤਕਨੀਕੀ ਸੈਸ਼ਨ ਦੌਰਾਨ ਮਾਹਰ ਦੀ ਪੂਰੀ ਗੱਲ ਸੁਣੋ ਅਤੇ ਜੇਕਰ ਉਸ ਪ੍ਰਤੀ ਕੋਈ ਸੁਆਲ ਮਨ ਵਿੱਚ ਆਵੇ ਤਾਂ ਲੈਕਚਰ ਖ਼ਤਮ ਹੋਣ ਤੋਂ ਬਾਅਦ ਲਿਖਤੀ ਜਾਂ ਬੋਲ ਕੇ ਉਸ ਨੂੰ ਨਿਵਿਰਤ ਕੀਤਾ ਜਾਵੇ।
– ਸਵਾਲ ਕਰਦੇ ਸਮੇਂ ਇਹ ਵੀ ਧਿਆਨ ਰੱਖਿਆ ਜਾਵੇ ਕਿ ਸਵਾਲ ਉਸ ਵਿਸ਼ੇ ਨਾਲ ਢੁੱਕਵਾਂ ਤੇ ਸੰਖੇਪ ਹੋਵੇ।
– ਜੇਕਰ ਕੋਈ ਕਿਸੇ ਇਕੱਲੇ ਕਿਸਾਨ ਦੀ ਸਮੱਸਿਆ ਵੱਡੀ ਹੋਵੇ ਤਾਂ ਉਹ ਉਸ ਮਾਹਰ ਤੋਂ ਉਸ ਦਾ ਫੋਨ ਨੰਬਰ ਲੈ ਲਵੇ ਜਾਂ ਬਾਅਦ ਵਿੱਚ, ਉਸ ਨਾਲ ਮਸ਼ਵਰਾ ਕਰਕੇ ਆਪਣੀ ਮੁਸ਼ਕਲ  ਦਾ ਹੱਲ ਕਰ ਲਵੇ।
– ਖੇਤੀ ਦੀ ਮੁਸ਼ਕਲ ਦੱਸਦੇ ਸਮੇਂ ਜੇਕਰ ਆਪ ਦੇ ਮਨ ਵਿੱਚ ਉਸ ਦਾ ਕੋਈ ਵਧੀਆ ਹੱਲ ਹੋਵੇ ਤਾਂ ਉਸ ਦਾ ਜ਼ਿਕਰ ਵੀ ਕਰ ਦੇਣਾ ਚਾਹੀਦਾ ਹੈ।
– ਕਹਿੰਦੇ ਨੇ ਇੱਕ, ਇੱਕ ਤੇ ਦੋ ਗਿਆਰਾਂ ਹੁੰਦੇ ਹਨ। ਜੇਕਰ ਆਪਾਂ ਅੱਧੀ ਵਸੋਂ ਜੋ ਔਰਤਾਂ ਹਨ, ਨੂੰ ਖੇਤੀ ਨਾਲ ਨਾ ਜੋੜਿਆ ਤਾਂ ਪੂਰੇ ਨਤੀਜੇ ਨਹੀਂ ਆ ਸਕਣਗੇ। ਸੋ ਸਾਨੂੰ ਆਪਣੀਆਂ ਬੱਚੀਆਂ ਜਾਂ ਪਤਨੀਆਂ ਨੂੰ ਵੀ ਇਨ੍ਹਾਂ ਕੈਂਪਾਂ ਵਿੱਚ ਨਾਲ ਲੈ ਕੇ ਆਉਣਾ ਚਾਹੀਦਾ ਹੈੈ।
– ਵਰਤਮਾਨ ਬਾਰੇ ਹੀ ਨਹੀਂ ਸਗੋਂ ਸਾਨੂੰ ਭਵਿੱਖ ਦੇ ਆਰਥਿਕ ਸ੍ਰੋਤ ਵਧਾਉਣ ਬਾਰੇ ਸੋਚ ਕੇ ਖੇਤੀਬਾੜੀ ਨੂੰ ਤਕਨੀਕੀ ਰੂਪ ਦੇਣ ਲਈ ਸਰਕਾਰਾਂ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਜਾਂ ਟਰੇਨਿੰਗਾਂ ਬਾਰੇ ਵੀ ਸੁਆਲਾਂ ਦੀ ਬੁਛਾੜ ਕਰਨੀ ਚਾਹੀਦੀ ਹੈ, ਤਾਂ ਜੋ ਟ੍ਰੇਨਿੰਗਾਂ ਵਿੱਚ ਭਾਗ ਲੈਣ ਬਾਰੇ ਵਿਅਕਤੀ ਦੀ ਯੋਗਤਾ, ਫੀਸ ਸਥਾਨ ਤੇ ਸਮੇਂ ਬਾਰੇ ਪੂਰਾ ਪਤਾ ਲਗ ਸਕੇ।
– ਹਰ ਵਿਅਕਤੀ ਕੋਈ ਅਹਿਮ ਮੁਸ਼ਕਲ ਜਾਂ ਵਧੀਆ ਸੁਝਾਅ ਕਈ ਵਾਰ ਆਪ ਨਹੀਂ ਕਹਿ ਸਕਦੇ, ਇੱਥੇ ਕਿਸਾਨ ਨੁਮਾਇੰਦੇ ਦਾ ਫਰਜ਼ ਬਣਦਾ ਹੈ ਕਿ, ਉਸ ਮੁਸ਼ਕਲ ਜਾਂ ਸੁਝਾਅ ਨੂੰ ਬਿਨ੍ਹਾਂ ਕਿਸੇ ਰਾਜਨੀਤਕ ਚੋਟ ਦੇ ਅਧਿਕਾਰੀਆਂ ਸਾਹਮਣੇ ਰੱਖਣ।
ਖੇਤੀ ਵਿਕਾਸ ਵਹੀ, ਜਿਸ ਦਾ ਮੈਂ  ਉਪਰ ਜ਼ਿਕਰ ਕੀਤਾ ਹੈ, ਉਸ ਦੀ ਵਿਸਥਾਰਤਾ ’ਚ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਇੱਕ ਨਵਾਂ ਪਰਿਵਾਰ ਬਣਨ ਦੇ ਨਾਲ ਹੀ ਉਸ ਦੇ ਸਮਾਜਿਕ ਤਾਣੇ ਬਾਣੇ ਦਾ ਸਮਤੋਲ ਰੱਖਣ ਲਈ ਇੱਕ ਵਹੀ ਲੱਗਦੀ ਹੈ, ਜਿਸ ਦੇ ਵਿੱਚ ਕਿਸੇ ਨੂੰ ਦਿੱਤੇ ਨਿਊਂਦੇ, ਸ਼ਗਨ, ਉਧਾਰ, ਜਾਂ ਤੋਹਫਿਆਂ ਬਾਰੇ ਲਿਖਿਆ ਜਾਂਦਾ ਹੈ ਤੇ ਫਿਰ ਉਸ ਮੁਤਾਬਕ ਸ਼ਰੀਕੇ ਜਾਂ ਰਿਸ਼ਤੇਦਾਰਾਂ ਨਾਲ ਵਰਤਿਆ ਜਾਂਦਾ ਹੈ, ਇਸੇ ਤਰ੍ਹਾਂ ਖੇਤੀ ਨੂੰ ਨਵੀਂ ਤਕਨੀਕ ਨਾਲ ਚਲਾਉਣ ਲਈ  ਸਾਨੂੰ ਇੱਕ  ਖੇਤੀ ਗਿਆਨ ਹਾਸਲ ਕਰਨ ਬਾਰੇ ਵਹੀ/ਰਜਿਸਟਰ ਜਾਂ ਕਾਪੀ ਲਾ ਲੈਣੀ ਚਾਹੀਦੀ ਹੈ। ਜਦੋਂ ਤੁਸੀ ਕਿਸੇ  ਵੀ ਪੱਧਰ ਦੇ ਕੈਂਪ ਜਾਂ ਟ੍ਰੇਨਿੰਗ ਵਿੱਚ ਜਾਵੋ ਤਾਂ ਉਹ ਤੁਹਾਡੇ ਪਾਸ ਹੋਵੇ ਤੇ ਉਸ ਤੇ ਤੁਹਾਡੇ ਵੱਲੋਂ ਲਿਖੇ ਨੁਕਤੇ ਬਾਅਦ ਵਿੱਚ ਪੜ੍ਹ ਕੇ ਤੁਸੀਂ ਉਨ੍ਹਾਂ ’ਤੇ ਅਮਲ ਕਰ ਸਕੋ। ਸਿਆਣੇ ਕਹਿੰਦੇ ਨੇ ਚੰਗੀ ਸੁਣੀ ਗੱਲ 24 ਘੰਟਿਆਂ ਬਾਅਦ ਸੁੰਗੜਨੀ ਸ਼ੁਰੂ ਹੋ ਜਾਂਦੀ ਹੈ ਤੇ ਬਾਅਦ ਵਿੱਚ ਉਹ ਸਿਫਰ ਹੀ ਹੋ ਜਾਂਦੀ ਹੈ ਤੇ ਲਿਖਤੀ ਰੂਪ ਵਿੱਚ ਪਾਇਆ ਗਿਆਨ ਕਦੇ ਵੀ ਖਤਮ ਨਹੀਂ ਹੁੰਦਾ, ਜੇਕਰ ਤੁਹਾਡੇ ਨਹੀਂ ਤਾਂ ਅਗਲੀ ਪੀੜੀ ਦੇ ਕੰਮ ਵੀ ਆ ਸਕਦਾ ਹੈ।
ਇੱਕ ਗੱਲ ਮੈਂ ਬਹੁਤ ਜੋਰ ਦੇਕੇ  ਕਹਿਣੀ ਚਾਹੁੰਦਾ ਹਾਂ ਕਿ ਜੋ ਵੀ ਵਿਅਕਤੀ ਕਿਸੇ ਗਿਆਨ ਵੰਡਣ ਵਾਲੀ ਸੰਸਥਾ ਜਾਂ ਵਿਭਾਗ ਨਾਲ ਜੁੜਿਆ ਹੈ ਤੇ ਉਸ ਨੇ ਆਪਣੇ ਹੱਥ ਵਿੱਚ ਖੇਤੀ ਵਿਕਾਸ, ਵਹੀ ਤੇ ਪੈਨ ਲੈ ਲਿਆ ਤਾਂ ਉਸ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਆਓ ਵਹੀ ਦਾ ਭਾਰ ਚੁੱਕ ਲਈਏ ਤਾਂ ਜੋ ਕਰਜ਼ੇ ਦੀ ਪੰਡ ਹੌਲੀ ਕੀਤੀ ਜਾ ਸਕੇ।


Comments Off on ਖੇਤੀ ਗਿਆਨ ਤੋਂ ਬਿਨਾਂ ਕਿਸਾਨ ਅਧੂਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.