ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    ਪੰਜਾਬ ਦਾ ਬਜਟ ਵਧਣ ਦੀ ਥਾਂ ਘਟਿਆ !    ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    

ਖੂਨ ਦੀ ਘਾਟ (ਅਨੀਮੀਆ) ਦੂਰ ਕਰੋ ਨੈਚੁਰੋਪੈਥੀ ਰਾਹੀਂ

Posted On August - 24 - 2010

ਡਾ. ਹਰਪ੍ਰੀਤ ਸਿੰਘ ਭੰਡਾਰੀ

ਭਾਰਤ ਵਰਗੇ ਦੇਸ਼ ਵਿੱਚ ਆਮ ਲੋਕਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ/ਮੁਸ਼ਕਲਾਂ ਬਹੁਤ ਜ਼ਿਆਦਾ ਹਨ। ਸਹੀ ਸਿੱਖਿਆ ਦੀ ਘਾਟ ਅਤੇ ਆਮ ਸਿਹਤ ਸਬੰਧੀ ਗਿਆਨ ਦੀ ਅਣਹੋਂਦ ਦੇ ਕਾਰਨ ਇੱਥੇ ਬਹੁਤ ਬਿਮਾਰੀਆਂ ਦੀ ਭਰਮਾਰ ਹੋਈ ਪਈ ਹੈ। ਸਿਹਤ ਅਤੇ ਸਿੱਖਿਆ ਦੋਵੇਂ ਬਹੁਤ ਹੀ ਅਹਿਮ ਵਿਸ਼ੇ ਹਨ ਅਤੇ ਸਾਡੀ ਬਹੁਤੀ ਵਸੋਂ ਨੂੰ ਇਨ੍ਹਾਂ ਦੋਵਾਂ ਹੀ ਵਿਸ਼ਿਆਂ ਪ੍ਰਤੀ ਦਿਲਚਸਪੀ ਘੱਟ ਹੈ ਜਾਂ ਬਿਲਕੁਲ ਵੀ ਨਹੀਂ ਹੈ। ਬਹੁਤ ਤਰ੍ਹਾਂ ਦੇ ਰੋਗਾਂ ਵਿਚੋਂ ਇੱਕ ਰੋਗ ਅਜਿਹਾ ਵੀ ਹੈ ਜਿਸ ਨੇ ਸਿਰਫ ਭਾਰਤ ਹੀ ਨਹੀਂ ਬਲਕਿ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿੱਚ ਸਮੱਸਿਆ ਪੈਦਾ ਕੀਤੀ ਹੋਈ ਹੈ। ਉਹ ਰੋਗ ਹੈ, ਖੂਨ ਦੀ ਘਾਟ, ਭਾਵ ‘ਅਨੀਮੀਆ’। ਜਦੋਂ ਵਿਅਕਤੀ ਦੇ ਸਰੀਰ ਵਿੱਚ ਲੋਹ ਤੱਤ ਦੀ ਘਾਟ ਹੋ ਜਾਂਦੀ ਹੈ ਤਾਂ ਉਸ ਨੂੰ ਅਨੀਮੀਆ ਨਾਮ ਦਾ ਰੋਗ ਹੋ ਜਾਂਦਾ ਹੈ। ਵਿਅਕਤੀ ਵਿੱਚ ਖੂਨ ਦੀ ਘਾਟ ਪੈਦਾ ਹੋ ਜਾਂਦੀ ਹੈ। ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ ਜਾਂ ਚਿੱਟਾ ਦਿਖਣ ਲੱਗ ਜਾਂਦਾ ਹੈ। ਜ਼ਿੰਦਗੀ ਜਿਉਣ ਦੀ ਸਮਰੱਥਾ ਘੱਟ ਜਾਂਦੀ ਹੈ। ਸਰੀਰ ਜਲਦੀ ਥੱਕ ਜਾਂਦਾ ਹੈ। ਤੰਦਰੁਸਤੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਹ ਫੁੱਲਣਾ, ਸਿਰ ਚਕਰਾਉਣਾ, ਅੱਖਾਂ ਅੱਗੇ ਹਨੇਰਾ ਆ ਜਾਣਾ, ਖੂਨ ਦੇ ਦਬਾਓ ਦਾ ਘੱਟ ਜਾਣਾ, ਥੋੜ੍ਹੇ ਜਿਹੇ ਕੰਮ ਦੇ ਨਾਲ ਹੀ ਦਿਲ ਦੀ ਧੜਕਣ ਦਾ ਵਧ ਜਾਣਾ, ਇਹ ਅਨੀਮੀਆ ਦੇ ਪ੍ਰਮੁੱਖ ਲੱਛਣ ਹਨ। ਖੂਨ ਨੂੰ ਲਾਲ ਰੰਗ ਦੇਣ ਵਾਲੇ ਹੀਮੋਗਲੋਬਿਨ ਨਾਂ ਦੇ ਤੱਤ ਦਾ ਜ਼ਿਆਦਾ ਭਾਗ ਖੂਨ ਵਿੱਚ ਹੋਣ ਕਾਰਨ ਅਨੀਮੀਆ ਮਹਿਸੂਸ ਹੋਣ ’ਤੇ ਹੀਮੋਗਲੋਬਿਨ (ਐਚ.ਬੀ.) ਦੀ ਜਾਂਚ ਕਰਕੇ ਪਤਾ ਲਗਾਇਆ ਜਾਂਦਾ ਹੈ ਕਿ ਕਿਤੇ ਹੀਮੋਗਲੋਬਿਨ ਦੀ ਘਾਟ ਤਾਂ ਨਹੀਂ। ਸਿਹਤ ਵਿਗਿਆਨੀਆਂ ਨੇ ਪੂਰੀ ਦੁਨੀਆਂ ਵਿੱਚ ਅਲੱਗ-ਅਲੱਗ ਉਮਰ ਦੇ ਲੋਕਾਂ ਦੇ ਖੂਨ ਦੇ ਨਮੂਨੇ ਟੈਸਟ ਕਰਕੇ ਇਹ ਪਤਾ ਲਗਾਇਆ ਹੈ ਕਿ ਜਿਸ ਵਿਅਕਤੀ ਦਾ ਹੀਮੋਗਲੋਬਿਨ ਘੱਟ ਹੈ ਉਹ ਵਿਅਕਤੀ ਖੂਨ ਦੀ ਘਾਟ ਭਾਵ ਅਨੀਮੀਆ ਦਾ ਸ਼ਿਕਾਰ ਹੁੰਦੇ ਹਨ। ਛੇ ਮਹੀਨਿਆਂ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਵਿੱਚ ਲਗਪਗ 10.5 ਮਿਲੀਗ੍ਰਾਮ, ਪੰਜ ਸਾਲ ਤੋਂ ਨੌਂ ਸਾਲ ਤੱਕ ਦੇ ਬੱਚਿਆਂ ਵਿੱਚ 11.5 ਮਿਲੀਗ੍ਰਾਮ, ਦਸ ਤੋਂ ਚੌਦਾਂ ਸਾਲ ਦੇ ਬੱਚਿਆਂ ਵਿੱਚ 12.5 ਮਿਲੀਗ੍ਰਾਮ, ਤੰਦਰੁਸਤ ਆਦਮੀ ਵਿੱਚ 14 ਮਿਲੀਗ੍ਰਾਮ, ਔਰਤਾਂ ਵਿੱਚ 12 ਮਿਲੀਗ੍ਰਾਮ ਅਤੇ ਗਰਭਵਤੀ ਔਰਤਾਂ ਵਿੱਚ ਵੀ 12.5 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੀਮੋਗਲੋਬਿਨ (ਐਚ.ਬੀ.) ਹੋਣਾ ਚਾਹੀਦਾ ਹੈ। ਅਨੀਮੀਆ ਦਾ ਮੁੱਖ ਕਾਰਨ ਪੇਟ ਦੇ ਕੀੜੇ (ਆਮ ਤੌਰ ’ਤੇ ਹੁੱਕਵਰਮ) ਅਤੇ ਅਲੱਗ-ਅਲੱਗ ਤਰ੍ਹਾਂ ਦੇ ਪੈਰਾਸਾਈਟ ਹੋਣਾ ਮੰਨਿਆ ਜਾਂਦਾ ਹੈ, ਜਿਸ ਦੇ ਕਾਰਨ ਲੋਹ ਤੱਤ ਘਟਣ ਲੱਗ ਜਾਂਦਾ ਹੈ। ਲਾਲ ਲਹੂ ਕਣ ਖੂਨ ਨੂੰ ਹੀਮੋਗਲੋਬਿਨ ਕਾਰਨ ਸਿਰਫ ਲਾਲ ਰੰਗ ਹੀ ਨਹੀਂ ਦਿੰਦੇ ਬਲਕਿ ਸਰੀਰ ਦੇ ਹਰ ਭਾਗ ਨੂੰ ਤੰਦਰੁਸਤ ਬਣਾਈ ਰੱਖਦੇ ਹਨ ਅਤੇ ਤਾਕਤ ਵੀ ਦਿੰਦੇ ਹਨ। ਨਾਲ ਹੀ ਸਾਡੇ ਫੇਫੜਿਆਂ ਵਿਚੋਂ ਆਕਸੀਜਨ ਲੈ ਕੇ ਸਰੀਰ ਦੇ ਅਲੱਗ-ਅਲੱਗ ਭਾਗਾਂ ਵਿੱਚ ਪਹੁੰਚਾਉਂਦੇ ਹਨ। ਫਿਰ ਉਥੋਂ ਕਾਰਬਨ-ਡਾਈਆਕਸਾਈਡ ਲੈ ਫੇਫੜਿਆਂ ਵਿੱਚ ਪਹੁੰਚਦੇ ਹਨ। ਸਾਡੀ ਸਾਹ ਕ੍ਰਿਆ ਸਹੀ ਢੰਗ ਨਾਲ ਚਲਦੀ ਰਹੇ ਇਸ ਲਈ ਲਾਲ ਲਹੂ ਕਣਾਂ ਦਾ ਬਣਦੇ ਰਹਿਣਾ ਬਹੁਤ ਜ਼ਰੂਰੀ ਹੈ।
ਲਾਲ ਲਹੂ ਕਣ ਮੁੱਖ ਰੂਪ ਵਿੱਚ ਜਿਗਰ ਅਤੇ ਤਿੱਲੀ ਵਿੱਚ ਬਣਦੇ ਹਨ ਅਤੇ ਉਥੋਂ ਹੀ ਇਹ ਲਹੂ ਕਣ ਹੌਲੀ-ਹੌਲੀ ਖੂਨ ਦੇ ਵਹਾਅ ਵਿੱਚ ਪਹੁੰਚਦੇ ਹਨ। ਜਿਨ੍ਹਾਂ ਕਾਰਨਾਂ ਕਰਕੇ ਖੂਨ ਦੀ ਘਾਟ ਹੁੰਦੀ ਹੈ, ਉਨ੍ਹਾਂ ਕਾਰਨਾਂ ਵਿੱਚ ਨੌਜਵਾਨ ਲੜਕਿਆਂ ਵਿੱਚ ਸਰੀਰ ਦੇ ਵਾਧੇ ਕਾਰਨ ਇਨ੍ਹਾਂ ਕਣਾਂ ਦੀ ਬਹੁਤ ਖਪਤ ਹੁੰਦੀ ਹੈ, ਜਿਸ ਕਾਰਨ ਖੂਨ ਦੀ ਘਾਟ ਹੋ ਜਾਂਦੀ ਹੈ। ਔਰਤਾਂ ਵਿਚ ਮਾਹਵਾਰੀ ਦੇ ਸਮੇਂ ਜੇ ਖੂਨ ਜ਼ਿਆਦਾ ਆਵੇ ਤਾਂ ਵੀ ਖੂਨ ਦੀ ਘਾਟ ਪੈਦਾ ਹੋ ਜਾਂਦੀ ਹੈ। ਔਰਤਾਂ ਵਿੱਚ ਆਮ ਤੌਰ ’ਤੇ ਲਾਲ ਲਹੂ ਕਣ ਘੱਟ ਹੀ ਵੇਖੇ ਜਾਂਦੇ ਹਨ। ਇਸ ਲਈ ਔਰਤਾਂ ਨੂੰ ਖੂਨ ਦੀ ਘਾਟ ਕੁਦਰਤੀ ਹੋ ਜਾਂਦੀ ਹੈ। ਗਰਭਵਤੀ ਔਰਤ ਦਾ ਸਰੀਰ ਲਹੂ ਕਣਾਂ ਦੀ ਜ਼ਿਆਦਾ ਮੰਗ ਕਰਦਾ ਹੈ ਅਤੇ ਮੰਗ ਨਾ ਪੂਰੀ ਹੋਣ ’ਤੇ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੋਹਾਂ ਵਿੱਚ ਖੂਨ ਦੀ ਘਾਟ ਪੈਦਾ ਹੋ ਜਾਂਦੀ ਹੈ। ਹੁਣ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੁੰ ਫਿਰ ਲੋਹ ਤੱਤ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਇਹ ਜ਼ਰੂਰਤ ਪੂਰੀ ਨਾ ਹੋਣ ਕਰਕੇ ਅਨੀਮੀਆ ਹੋ ਜਾਂਦਾ ਹੈ। ਮਲੇਰੀਆ, ਟਾਈਫਾਈਡ, ਪੇਟ ਦੀਆਂ ਬਿਮਾਰੀਆਂ ਅਤੇ ਹਾਜ਼ਮੇ ਸਬੰਧੀ ਰੋਗਾਂ ਕਾਰਨ ਵੀ ਲੋਹ ਤੱਤ ਦੀ ਘਾਟ ਹੋ ਜਾਂਦੀ ਹੈ। ਨਕਸੀਰ ਆਉਣ ’ਤੇ ਜਾਂ ਬਵਾਸੀਰ ਵਾਲੇ ਮਰੀਜ਼ ਵੀ ਅਨੀਮੀਆ ਦੇ ਸ਼ਿਕਾਰ ਹੋ ਸਕਦੇ ਹਨ। ਜ਼ਿਆਦਾ ਚਾਹ ਪੀਣ ਜਾਂ ਸ਼ਰਾਬ ਵਗੈਰਾ ਪੀਣ ਨਾਲ ਸਰੀਰ ਵਿਚ ਖੂਨ ਦੀ ਘਾਟ ਹੋ ਜਾਂਦੀ ਹੈ, ਜਦਕਿ ਸਿਗਰਟ, ਗਾਂਜਾ, ਅਫੀਮ, ਭੁੱਕੀ, ਜ਼ਰਦਾ ਸਰੀਰ ਵਿੱਚ ਭੁੱਖ ਨਹੀਂ ਲੱਗਣ ਦਿੰਦਾ ਅਤੇ ਸਰੀਰ ਨੂੰ ਖੂਨ ਦੀ ਘਾਟ ਹੋ ਜਾਂਦੀ ਹੈ। ਬੇ-ਤਰਤੀਬਾ ਅਤੇ ਬੇ-ਹਿਸਾਬਾ ਵਰਤ ਰੱਖਣਾ ਅਤੇ ਸਰੀਰ ਦੀ ਮੰਗ ਦੇ ਅਨੁਸਾਰ ਪੌਸ਼ਟਿਕ ਅਤੇ ਕੁਦਰਤੀ ਭੋਜਨ ਦੀ ਅਣਹੋਂਦ ਕਾਰਲ, ਜ਼ਿਆਦਾ ਮਾਤਰਾ ਵਿੱਚ ਜ਼ਹਿਰੀਲੀਆਂ ਅਤੇ ਖਤਰਨਾਕ ਆਮ ਖਵਾਈਆਂ ਜਾਣ ਵਾਲੀਆਂ ਅੰਗਰੇਜ਼ੀ ਦਵਾਈਆਂ ਖਾਸ ਤੌਰ ’ਤੇ ਸਲਫਾ ਗਰੁੱਪ, ਕਲੋਰੋਮਾਈਸਟਿਨ, ਸਟਰੈਪਟੋਮਾਈਸਿਨ ਖਾਣ ਦੇ ਨਾਲ ਖੂਨ ਦੀ ਘਾਟ ਪੈਦਾ ਹੋ ਜਾਂਦੀ ਹੈ। ਕਿਸੇ ਦੁਰਘਟਨਾ ਕਾਰਨ ਸੱਟ ਵੱਜਣ ਕਾਰਨ, ਜ਼ਿਆਦਾ ਖੂਨ ਡੁੱਲ੍ਹਣ ਕਾਰਨ ਵੀ ਖੂਨ ਦੀ ਘਾਟ ਪੈਦਾ ਹੋ ਜਾਂਦੀ ਹੈ। ਇਹ ਤਾਂ ਹੋਈ ਕਾਰਨਾਂ ਦੀ ਗੱਲ। ਹੁਣ ਆਪਾਂ ਕੁਦਰਤੀ ਇਲਾਜ ਪ੍ਰਣਾਲੀ (ਨੈਚੁਰੋਪੈਥੀ) ਰਾਹੀਂ ਖੂਨ ਦੀ ਘਾਟ ਪੂਰੀ ਕਰਨ ਬਾਰੇ ਜਾਣਾਗੇ। ਆੜੂ, ਖੁਰਮਾਨੀ, ਗਾਜਰ, ਚੁਕੰਦਰ, ਅੰਗੂਰ, ਦਾਖਾਂ, ਮੁਨੱਕਾ, ਖਜੂਰ, ਪਾਲਕ, ਬਾਥੂ, ਪੁਦੀਨਾ, ਤਿਲ, ਗੰਨੇ ਦਾ ਰਸ ਇਸ ਰੋਗ ਨੂੰ ਜੜ੍ਹੋਂ ਖਤਮ ਕਰਨ ਲਈ ਬਹੁਤ ਵਧੀਆ ਤਰੀਕਿਆਂ ਵਿੱਚ ਸ਼ਾਮਲ ਹਨ। ਭਾਵੇਂ ਕਿ ਫਲ ਲੋਹ ਤੱਤ ਦੇ ਪ੍ਰਮੁੱਖ ਰੂਪ ਵਿੱਚ ਹਿੱੱਸੇਦਾਰ ਨਹੀਂ ਹਨ, ਪਰ ਇਨ੍ਹਾਂ ਦਾ ਜ਼ਿਆਦਾਤਰ ਲੋਹ ਤੱਤ ਖੂਨ ਵਿੱਚ ਬਹੁਤ ਜਲਦੀ ਮਿਲ ਜਾਂਦਾ ਹੈ।
17 ਸਾਲਾਂ ਦਾ ਦਲਜੀਤ ਪਿਛਲੇ ਤਿੰਨ ਸਾਲਾਂ ਤੋਂ ਖੂਨ ਦੀ ਘਾਟ (ਅਨੀਮੀਆ) ਦਾ ਰੋਗੀ ਸੀ। ਜਦ ਮੇਰੇ ਕੋਲ ਉਹ ਕੁਦਰਤੀ ਇਲਾਜ ਪ੍ਰਣਾਲੀ ਮੁਤਾਬਕ ਇਲਾਜ ਕਰਵਾਉਣ ਆਇਆ ਤਾਂ ਉਸ ਦਾ ਖੂਨ 3.8 ਮਿਲੀਗ੍ਰਾਮ ਸੀ। ਕੁਦਰਤੀ ਇਲਾਜ ਪ੍ਰਣਾਲੀ ਮੁਤਾਬਕ ਉਸ ਦਾ ਇਲਾਜ ਕਰਨ ’ਤੇ ਅੱਜ ਉਹ ਬਿਲਕੁਲ ਤੰਦਰੁਸਤ ਹੈ ਅਤੇ ਅੱਜ ਉਸ ਦਾ ਹੀਮੋਗਲੋਬਿਨ 12.4 ਮਿਲੀਗ੍ਰਾਮ ਹੈ ਅਤੇ ਇਲਾਜ ਖਤਮ ਹੋਣ ’ਤੇ 5 ਕੁ ਮਹੀਨਿਆਂ ਬਾਅਦ ਵੀ ਉਸ ਦਾ ਹੀਮੋਗਲੋਬਿਨ 12.5 ਮਿਲੀਗ੍ਰਾਮ ਦੇ ਲਗਪਗ ਹੀ ਰਹਿੰਦਾ ਹੈ। ਕਣਕ ਦੀਆਂ ਸੱਤ ਦਿਨ ਬਾਅਦ ਫੁਟੀਆਂ ਕਰੂੰਬਲਾਂ (ਵਹੀਟ ਗ੍ਰਾਸ) ਖੂਨ ਵਧਾਉਣ ਵਿੱਚ ਜਾਦੂ ਵਾਂਗ ਅਸਰ ਕਰਦੀਆਂ ਹਨ। ਵੈਸੇ ਤਾਂ ਸਧਾਰਨ ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਦੇ ਰੋਗੀਆਂ ਨੂੰ ਵਹੀਟ ਗ੍ਰਾਸ ਬਹੁਤ ਜ਼ਬਰਦਸਤ ਕੁਦਰਤ ਦੀ ਦੇਣ ਹੈ ਅਤੇ ਥੇਲੇਸੀਮਿਆ ਵਰਗੀ ਬਿਮਾਰੀ ਨਾਲ ਲੜ ਰਹੇ ਬੱਚੇ ਅਤੇ ਵੱਡੇ ਦੋਹੇਂ ਤਰ੍ਹਾਂ ਦੇ ਰੋਗੀਆਂ ਲਈ ਵਹੀਟ ਗ੍ਰਾਸ ਇੱਕ ਆਸ ਦੀ ਕਿਰਨ ਬਣਿਆ ਹੋਇਆ ਹੈ। ਬੇਸ਼ੱਕ ਬਜ਼ਾਰ ਵਿੱਚ ਲੋਹ ਤੱਤ ਨਾਲ ਸਬੰਧਤ ਗੋਲੀਆਂ, ਕੈਪਸੂਲ ਫੇਅਰਸ ਸਲਫੇਟ ਅਤੇ ਕਲੋਰਾਈਡ ਅਤੇ ਅਲੱਗ-ਅਲੱਗ ਤਰ੍ਹਾਂ ਦੇ ਦਿਲ ਖਿੱਚਵੇਂ ਟਾਨਿਕ ਮਿਲਦੇ ਹਨ ਪਰ ਨੈਚੁਰੋਪੈਥੀ ਦੇ ਮੁਤਾਬਕ ਭੋਜਨ ਨੂੰ ਸੁਧਾਰ ਕੇ ਹੀ ਤੰਦਰੁਸਤ ਹੋਇਆ ਜਾ ਸਕਦਾ ਹੈ। ਖੁੱਲ੍ਹੇ ਸਾਹ ਲੈਣਾ ਭਾਵ ਕਿ ਪ੍ਰਣਾਯਾਮ ਕਰਨਾ ਖੂਨ ਵਧਾਉਣ ਵਿੱਚ ਬਹੁਤ ਫਾਇਦਾ ਕਰਦਾ ਹੈ। ਉਜਈ, ਨਾੜੀ ਸੋਧਨ, ਕਪਾਲਭਾਤੀ, ਭਰਾਮਰੀ, ਸੀਤਲੀ ਆਦਿ ਪ੍ਰਣਾਯਾਮ ਬਹੁਤ ਵਧੀਆ ਹਨ ਅਤੇ ਇਹ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖ ਕੇ ਹੀ ਕਰਨੇ ਚਾਹੀਦੇ ਹਨ। ਪੇਟ ਦੀ ਸਫਾਈ ਬਹੁਤ ਜ਼ਰੂਰੀ ਹੈ। ਖੁੱਲ੍ਹਾ ਪਾਣੀ ਪੀਣਾ ਚਾਹੀਦਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ, ਸਲਾਦ, ਫਲ ਵਧੀਆ ਮਾਤਰਾ ਵਿੱਚ ਖਾਣੀਆਂ ਚਾਹੀਦੀਆਂ ਹਨ। ਖੁੱਲ੍ਹੀ ਨੀਂਦ ਲੈਣੀ ਚਾਹੀਦੀ ਹੈ।
ਆਂਦਰਾਂ ਦੀ ਸਫਾਈ ਜੇ ਰਹੇਗੀ ਤਾਂ ਕਬਜ਼ ਨਹੀਂ ਹੋਵੇਗੀ ਅਤੇ ਆਂਦਰਾਂ ਦੇ ਵਿੱਚ ਕੀੜੇ ਨਹੀਂ ਪੈਣਗੇ। ਜਿਸ ਕਾਰਨ ਸਾਡਾ ਹਾਜ਼ਮਾ ਵੀ ਠੀਕ ਹੋਵੇਗਾ ਅਤੇ ਸ਼ੁੱਧ ਖੂਨ ਬਣੇਗਾ। ਸ਼ੁੱਧ ਖੂਨ ਬਣਾਉਣ ਅਤੇ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਸੁੱਕਾ ਰਗੜ ਇਸ਼ਨਾਨ ਨੈਚੁਰੋਪੈਥੀ ਵਿੱਚ ਮੈਂ ਮਰੀਜ਼ਾਂ ਨੂੰ ਦਿੰਦਾ ਹਾਂ। ਪਤਲਾ ਤੌਲੀਆ ਲੈ ਕੇ ਪਾਣੀ ਵਿੱਚ ਭਿਉਂ ਕੇ ਮਰੀਜ਼ ਨੂੰ ਉਸ ਦੇ ਸਰੀਰ ’ਤੇ ਰਗੜਨ ਲਈ ਕਹੀਦਾ ਹੈ। ਸਰੀਰ ਦੇ ਗਰਮ ਅਤੇ ਲਾਲ ਹੋਣ ਤੱਕ ਮਰੀਜ਼ ਨੂੰ ਉਸ ਦੇ ਸਰੀਰ ’ਤੇ ਰਗੜਨ ਲਈ ਕਹੀਦਾ ਹੈ। ਸਰੀਰ ਦੇ ਗਰਮ ਅਤੇ ਲਾਲ ਹੋਣ ਤੱਕ ਮਰੀਜ਼ ਰਗੜਦਾ ਰਹਿੰਦਾ ਹੈ। ਇਹ ਸੁੱਕਾ ਰਗੜ ਇਸ਼ਨਾਨ ਹੈ। ਰੋਗੀ ਦੇ ਸਿਰ, ਮੂੰਹ ਅਤੇ ਗਰਦਨ ਨੂੰ ਪਾਣੀ ਨਾਲ ਧੋ ਕੇ ਕੰਬਲ ਨਾਲ ਢੱਕ ਦੇਣ ਤੋਂ ਬਾਅਦ ਸਰੀਰ ਦੇ ਹਰ ਹਿੱਸੇ ਨੂੰ ਵਾਰੀ-ਵਾਰੀ ਰਗੜਨਾ ਚਾਹੀਦਾ ਹੈ, ਜਦੋਂ ਤੱਕ ਕਿ ਉਹ ਹਿੱਸਾ ਥੋੜ੍ਹਾ ਗਰਮ ਨਾ ਹੋ ਜਾਵੇ। ਇਸ ਤਰ੍ਹਾਂ ਕਰਨ ਨਾਲ 15-20 ਦਿਨਾਂ ਦੇ ਵਿੱਚ ਹੀ ਰੋਗੀ ਤੰਦਰੁਸਤ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕੁਦਰਤੀ ਭੋਜਨ, ਯੋਗ ਅਤੇ ਇਲਾਜ ਪ੍ਰਣਾਲੀ ਦੇ ਨਾਲ ਮਰੀਜ਼ ਦਾ ਸਰੀਰ ਚਮਕ ਉਠਦਾ ਹੈ ਅਤੇ ਅਨੀਮੀਆ ਖਤਮ ਹੋ ਜਾਂਦਾ ਹੈ।


Comments Off on ਖੂਨ ਦੀ ਘਾਟ (ਅਨੀਮੀਆ) ਦੂਰ ਕਰੋ ਨੈਚੁਰੋਪੈਥੀ ਰਾਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.