ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਕੁੱਲੀ ਨੀ ਫਕੀਰ ਦੀ ਵਿਚੋਂ…

Posted On August - 19 - 2010

ਹਰਮੀਤ ਸਿੰਘ ਅਟਵਾਲ

ਹੰਸ ਰਾਜ ਹੰਸ ਆਪਣੇ ਪਰਿਵਾਰ ਨਾਲ

ਸ਼ਾਸਤਰੀ ਸੰਗੀਤ ਦੇ ਨਿਯਮਾਂ ਅਨੁਸਾਰ ਸਵਰਾਂ ਦੀ ਉਹ ਰਚਨਾ ਜਾਂ ਉਹ ਧੁਨ ਜਿਸ ਵਿਚ ਰੰਜਕਤਾ (ਮਧੁਰਤਾ+ ਮਿਠਾਸ) ਹੋਵੇ, ਜੋ ਸੁਣਨ ਨੂੰ ਵਧੀਆ ਲੱਗੇ, ਜੋ ਮਨ ਨੂੰ ਆਨੰਦ ਦੇਵੇ, ਜੋ ਤਾਲਬੱਧ ਹੋਵੇ ਤੇ ਜੋ ਚੰਗੀ ਤਰ੍ਹਾਂ ਗਾਈ ਜਾਵੇ ਉਸ ਨੂੰ ਸ਼ਾਸਤਰੀ ਸੰਗੀਤ ਕਹਿੰਦੇ ਹਨ। ਵਿਆਕਰਣ ਦੀ ਦ੍ਰਿਸ਼ਟੀ ਤੋਂ ਵੀ ਜੇਕਰ ਸੰਗੀਤ ਸ਼ਬਦ ਨੂੰ ਸਮਝਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਸੰਗੀਤ ਸਮ ਅਤੇ ਗੀਤ ਦੋ ਸ਼ਬਦਾਂ ਦੇ ਮੇਲ ਵਿਚੋਂ ਬਣਿਆ ਹੈ। ਸਮ ਦਾ ਅਰਥ ਹੈ ਸਮਯਕ ਅਰਥਾਤ ਭਲੀਭਾਂਤੀ ਅਤੇ ਗੀਤ ਦਾ ਅਰਥ ਹੈ ਗੀਤਮ ਅਰਥਾਤ ਗਾਉਣਾ। ਇਸ ਤਰ੍ਹਾਂ ਕਿਸੇ ਗੀਤ ਨੂੰ ਭਲੀਭਾਂਤੀ ਜਾਂ ਚੰਗੀ ਤਰ੍ਹਾਂ ਗਾਉਣਾ ਸੰਗੀਤ ਕਹਾਉਂਦਾ ਹੈ। ਉਪਰੋਕਤ ਦੇ ਮੱਦੇਨਜ਼ਰ ਸੰਗੀਤ ਅੰਦਰਲੀ ਐਸੀ ਹੀ ਸੁਹਜਤਾ ਨਾਲ ਸੰਪੰਨ ਹੈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬ ਦਾ ਰਾਜ ਗਾਇਕ ਹੰਸ ਰਾਜ ਹੰਸ। ਹੰਸ ਰਾਜ ਹੰਸ ਦਾ ਹਸਮੁੱਖ ਚਿਹਰਾ, ਗੱਲਬਾਤ ਦਾ ਪੁਰਖਲੂਸ ਅੰਦਾਜ਼ ਤੇ ਰੂਹ ਨੂੰ ਟੁੰਬਦੀ ਆਵਾਜ਼ ਮਿਲਣ ਵਾਲੇ ਨੂੰ ਪਹਿਲੇ ਪੜਾਅ ਵਿਚ ਹੀ ਪ੍ਰਭਾਵਤ ਕਰ ਜਾਂਦੀ ਹੈ। ਉਂਜ ਵੀ ਜਿਸ ਸ਼ਖਸ ਨੂੰ ਮੌਜ ਦੀ ਮਸਤੀ, ਵਗਦੇ ਦਰਿਆ ਫੁੱਲਾਂ-ਕਲੀਆਂ ਦਾ ਖਿੜਾਅ, ਸੁਗੰਧਿਤ ਹਵਾ ਤੇ ਰੱਬ ਦੀ ਰਜ਼ਾ ਚੰਗੀ ਲੱਗਦੀ ਹੋਵੇ, ਉਸ ਦੇ ਗੁਣਾਂ ਦੀ ਗਿਣਤੀ ਹਮੇਸ਼ਾ ਹੀ ਗੌਰਤਲਬ ਹੁੰਦੀ ਹੈ।
ਵੀਹਵੀਂ ਸਦੀ ਦੇ ਅੰਤਿਮ ਦਹਾਕਿਆਂ ਤੋਂ ਗਾਉਣਾ ਸ਼ੁਰੂ ਕਰਕੇ ਹੁਣ ਤੱਕ ਹੰਸ ਰਾਜ ਹੰਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦੀ ਗਾਇਕੀ ਦਾ ਗਰਾਫ ਆਏ ਦਿਨ ਉਪਰ ਨੂੰ ਹੀ ਗਿਆ ਹੈ। ਉਸ ਨੇ ਹੁਣ ਤੱਕ ਅਣਗਿਣਤ ਪੰਜਾਬੀ (ਤੇ ਕੁਝ ਹਿੰਦੀ) ਗੀਤ ਗਾਏ ਹਨ ਜਿਨ੍ਹਾਂ ਵਿਚੋਂ ਬਹੁਤੇ ਅੱਜ ਵੀ ਸੁਣਨ ਵਾਲਿਆਂ ਲਈ ਰੂਹ ਦੀ ਖੁਰਾਕ ਹਨ। ‘ਆਸ਼ਕਾਂ ਦੀ ਕਾਹਦੀ ਜ਼ਿੰਦਗੀ’ ਤੇ ‘ਕਿਹੜੀ ਗੱਲੋਂ ਸਾਡੇ ਕੋਲੋਂ ਦੂਰ-ਦੂਰ ਰਹਿੰਦੇ ਹੋ’ ਗੀਤਾਂ ਨਾਲ ਭਰਵੀਂ ਮਕਬੂਲੀਅਤ ਹਾਸਲ ਕਰਨ ਉਪਰੰਤ ਉਤਸ਼ਾਹਿਤ ਹੋਏ ਹੰਸ ਨੇ ਅਨੇਕਾਂ ਅਜਿਹੇ ਨਰੋਏ ਗੀਤ ਗਾਏ ਹਨ ਜਿਹੜੇ ਸਰੋਤਿਆਂ ਦੇ ਚੇਤਿਆਂ ਵਿਚ ਅੱਜ ਵੀ ਤਾਜ਼ੇ ਹਨ। ਉਨ੍ਹਾਂ ਵਿਚੋਂ ਕੁਝ ਇਕ ਦਾ ਜ਼ਿਕਰ ਕਰੀਏ ਤਾਂ ‘ਨੀ ਵਣਜਾਰਨ ਕੁੜੀਏ’, ‘ਕੋਕਾ’, ‘ਦਿਲ ਚੋਰੀ ਸਾਡਾ ਹੋ ਗਿਆ’, ‘ਪਿਆਰ ਭਰੇ ਖ਼ਤ’, ‘ਇਕ ਡੰਗ ਹੋਰ ਮਾਰ ਜਾਹ’, ‘ਦਿਲ ਹੀ ਉਦਾਸ ਹੈ’, ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’, ‘ਅਸੀਂ ’ਕੱਲੇ ਰਹਿ ਗਏ’, ‘ਨਿੱਤ ਖ਼ੈਰ ਮੰਗਾਂ’, ‘ਇਸ਼ਕ ਦੀ ਗਲੀ’, ‘ਇਹ ਪੰਜਾਬ’, ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ’, ‘ਸਿੱਲ੍ਹੀ ਸਿੱਲ੍ਹੀ ਹਵਾ’, ‘ਕੁੱਲੀ ਨੀ ਫਕੀਰ ਦੀ ਵਿਚੋਂ’, ‘ਚੋਰਨੀ’, ‘ਬਰਸਾਤ’, ‘ਟੋਟੇ’, ‘ਲਾਲ ਗਰਾਰਾ’, ‘ਜੋਗੀਆਂ ਦੇ ਕੰਨਾਂ ਵਿਚ’, ‘’ਕੱਲੇ ’ਕੱਲੇ ਤਾਰੇ ਉਤੇ’ ਆਦਿ ਐਸੇ ਗੀਤ ਹੰਸ ਨੇ ਗਾਏ ਹਨ ਜਿਹੜੇ ਸਦਾ ਬਹਾਰ ਤੇ ਚਿਰ ਸਥਾਈ ਹਨ।
ਹੰਸ ਰਾਜ ਹੰਸ ਦਾ ਜਨਮ ਪਿਤਾ ਸ. ਅਰਜਨ ਸਿੰਘ ਤੇ ਮਾਤਾ ਸ੍ਰੀਮਤੀ ਅਜੀਤ ਕੌਰ ਦੇ ਘਰ 9 ਅਪਰੈਲ, 1964 ਈ. ਪਿੰਡ ਸ਼ਫੀਪੁਰ (ਜਲੰਧਰ) ਵਿਖੇ ਹੋਇਆ। ਹੰਸ ਦਾ ਵਾਸਾ ਇਸ ਵਕਤ ਜਲੰਧਰ ਸ਼ਹਿਰ ਵਿਚ ਹੈ। ਆਪਣੀ ਵਿੱਦਿਅਕ ਯੋਗਤਾ ਬਾਰੇ ਹੰਸ ਆਖਦਾ ਹੈ ਕਿ ‘ਮੈਂ ਗਰੈਜੂਏਸ਼ਨ ਕੀਤੀ ਹੈ ਡੀ.ਏ.ਵੀ. ਕਾਲਜ ਜਲੰਧਰ ਤੋਂ। ਸਾਲ ਐਮ.ਏ. ਜਿੰਨੇ ਹੀ ਲਾਏ ਹਨ। ਬੀ.ਏ.  ਵੀ ਪਤਾ ਨੀ ਹੋਈ ਕਿ ਨਹੀਂ ਹੋਈ। ਉਦੋਂ ਮਸਤਾਂ ਵਾਲਾ ਹਾਲ ਸੀ। ਮੈਨੂੰ ਯਾਦ ਨਹੀਂ। ਮੈਨੂੰ ਏਨਾ ਯਾਦ ਹੈ ਕਿ ਮੈਂ ਗਾਇਕ ਵਜੋਂ ਡੀ.ਏ.ਵੀ. ਕਾਲਜ ਲਈ ਬਹੁਤ ਸਾਰੇ ਕੰਪੀਟੀਸ਼ਨ ਕੀਤੇ। ਸੰਗੀਤ ਦੀ ਦੁਨੀਆਂ ਵਿਚ ਆਪਣੀ ਆਮਦ ਦਾ ਇਜ਼ਹਾਰ ਕਰਦਿਆਂ ਹੰਸ ਆਖਦਾ ਹੈ ਕਿ ‘ਸਾਡੇ ਪਰਿਵਾਰ ਵਿਚ ਤਾਂ ਕੋਈ ਕਿੱਤੇ ਵਜੋਂ ਗਵੱਈਆ ਨਹੀਂ ਸੀ। ਮੇਰੇ ਚਾਚਾ ਜੀ ਜਿਨ੍ਹਾਂ ਨੂੰ ਗਿਆਨੀ ਜੀ ਕਹਿੰਦੇ ਆ ਸਾਰੇ ਪਿੰਡ ਵਾਲੇ- ਉਹ ਦੋ ਤਾਰੀ ਕਿੰਗ ਨਾਲ ਗਾਉਂਦੇ ਹੁੰਦੇ ਸਨ। ਮੇਰਾ ਖਿਆਲ ਆ ਕਿ ਗਾਣਾ ਤਾਂ ਉਨ੍ਹਾਂ ਦਾ ਬਾਕੀ ਭਰਾ ਵੀ ਸੁਣਦੇ ਹੋਣਗੇ ਪਰ ਇਹਦਾ ਮਤਲਬ ਮਾਲਕ ਦੀ ਇਹ ਮੌਜ ਸੀ ਕਿ ਸੰਗੀਤ ਨੇ, ਰਾਗਾਂ ਨੇ ਮੇਰੇ ਵਿਚ ਪ੍ਰਵੇਸ਼ ਕਰਨਾ ਸੀ। ਦਰਅਸਲ ਮਾਲਕ ਨੇ ਪਹਿਲਾਂ ਹੀ ਸਭ ਕੁਝ ਫਿਕਸ ਕੀਤਾ ਹੁੰਦਾ ਹੈ। ਕੁਦਰਤ ਬੜੀ ਬੇਅੰਤ ਹੈ। ਉਹ ਕਿੱਤਾ ਵੀ ਸ਼ਾਇਦ ਚੁਣ ਕੇ ਭੇਜਦੀ ਹੈ। ਮੈਂ ਬਚਪਨ ਤੋਂ ਲੈ ਕੇ ਯਮ੍ਹਲਾ ਜੀ ਦੇ ਗਾਣੇ ਗਾਉਂਦਾ ਹੁੰਦਾ ਸੀ। ਫੇਰ ਮੈਂ ਸੂਫੀ ਸੰਗੀਤ ਕਲਾਸੀਕਲ ਵੱਲ ਆਇਆ। ਫੇਰ ਉਹ ਸਿੱਖਿਆ। ਉਹ ਸਿੱਖਣ ਤੋਂ ਬਾਅਦ ਮੇਰੇ ਰਿਕਾਰਡ ਵਗੈਰਾ ਬਣੇ। ਉਦੋਂ ਐਲ.ਪੀ. ਰਿਕਾਰਡ ਸਨ। 1983 ਵਿਚ ਮੇਰਾ ਪਹਿਲਾ ਰਿਕਾਰਡ ਆ ਗਿਆ ਸੀ। ਉਹਦੇ ਵਿਚ ਹੀ ਇਹ ਗਾਣਾ ਸੀ:-
ਮਿਹਣੇ ਦੁਨੀਆਂ ਦੇ ਝੱਲੇ,
ਪਿਆ ਕੁਝ ਵੀ ਨਾ ਪੱਲੇ
ਸਾਡਾ ਸਭ ਕੁਝ, ਹੀਰੇ ਨੀ, ਤਬਾਹ ਹੋ ਗਿਆ
ਨੀ ਅਸੀਂ ’ਕੱਲੇ ਰਹਿ ਗਏ,
ਤੇਰਾ ਤਾਂ ਵਿਆਹ ਹੋ ਗਿਆ
ਨੀ ਅਸੀਂ ’ਕੱਲੇ ਰਹਿ ਗਏ…।

ਰਿਕਾਰਡ ਤਾਂ ਇਹੀ ਚਰਚਿਤ ਹੋ ਗਿਆ ਸੀ ਪਰ ਫੇਰ ਬਾਅਦ ਵਿਚ ਗੀਤ ਬੜੇ ਚੱਲੇ। ਇਕ ਗਾਣਾ ਸੀ ‘ਆਸ਼ਕਾਂ ਦੀ ਕਾਹਦੀ ਜ਼ਿੰਦਗੀ’ ਤੇ ਇਕ ਸੀ ‘ਕਿਹੜੀ ਗੱਲੋਂ ਸਾਡੇ ਕੋਲੋਂ ਦੂਰ-ਦੂਰ ਰਹਿੰਦੇ ਓ’ ਇਨ੍ਹਾਂ ਦੋ ਗਾਣਿਆਂ ਸਦਕਾ ਕਮਰਸ਼ੀਅਲ ਜਿਹੜਾ ਸਟਾਰਡੰਮ ਜਿਹਾ ਹੁੰਦੈ, ਉਹ ਮੇਰੇ ਹਿੱਸੇ ਵੀ ਆ ਗਿਆ। ਉਸ ਤੋਂ ਬਾਅਦ ਫੇਰ ਬੜਾ ਈ ਕੁਛ ਹੋਇਆ।
ਹੰਸ ਰਾਜ ਦੇ ਗਾਏ ਧਾਰਮਿਕ ਗੀਤ ਵੀ ਪੰਜਾਬੀਆਂ ਨੇ ਖਿੜੇ-ਮੱਥੇ ਪ੍ਰਵਾਨ ਕੀਤੇ ਹਨ। ਹੰਸ ਆਖਦਾ ਹੈ ਕਿ ‘ਜਦੋਂ ਮੈਂ ਧਾਰਮਿਕ ਦੀ ਗੱਲ ਕਰਦਾ ਹਾਂ ਤਾਂ ਮੈਨੂੰ ਉਹ ਸਮਾਂ ਯਾਦ ਆਉਂਦਾ ਹੈ ਜਦੋਂ ਲੋਕੀਂ ਡਰਦੇ ਪ੍ਰੋਫੈਸ਼ਨ ਹੀ ਬਦਲ ਗਏ ਸਨ। ਉਨ੍ਹਾਂ ਸਮਿਆਂ ਵਿਚ ਜਦੋਂ ਗਾਉਣਾ ਮਨ੍ਹਾਂ ਹੀ ਹੋ ਗਿਆ ਸੀ। ਲੋਕੀਂ ਭੱਜ ਗਏ ਸਨ ਇਥੋਂ। ਬੜੇ-ਬੜੇ ਪੰਜਾਬੀ ਦੇ ਅਲੰਬਰਦਾਰ ਕਹਾਉਣ ਵਾਲੇ ਛੱਡ ਗਏ ਸੀ ਇਥੋਂ ਮੈਂ ਓਸ ਝੁਲਦੀ ਹਨ੍ਹੇਰੀ ਦੇ ਵਿਚ ਸਾਰਾ ਹੀ ਸਮਾਂ ਇਥੇ ਰਿਹਾ ਤੇ ਉਨ੍ਹਾਂ ਹਾਲਤਾਂ ਨੂੰ ਝੱਲਿਆ। ਮੈਂ ਜਦੋਂ 1984 ਦੇ ਦੰਗਿਆਂ ਵਾਲੀ ਵੀਡੀਓ ਦੇਖੀ ਤਾਂ ਮੈਂ ਉਦੋਂ ਕੈਨੇਡਾ ਵਿਚ ਸੀ। ਮੇਰੇ ਮਨ ਵਿਚ ਬੜਾ ਵੈਰਾਗ ਆਇਆ ਤੇ ਮੈਂ ਉਦੋਂ ਗੀਤ ਗਾਇਆ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਉਹ ਰਿਲੀਜ਼ ਹੋਣ ਤੋਂ ਬਾਅਦ ਪੁਲੀਸ ਦੀ ਮੁਸ਼ਕਲ ਵੀ ਆਈ। ਮੈਨੂੰ ਗ੍ਰਿਫਤਾਰ ਵੀ ਕੀਤਾ ਗਿਆ ਏਅਰਪੋਰਟ ’ਤੇ। ਫੇਰ ਉਥੋਂ ਕਿਸੇ ਤਰੀਕੇ ਨਾਲ ਛੁਡਾ ਕੇ ਲੈ ਆਏ ਸਨ ਹਮਦਰਦ ਤੇ ਰਾਮੂਵਾਲੀਆ ਬਜਾਤੇ ਖੁਦ ਗਏ ਸਨ।… ਕਾਫੀ ਯਭਖਾਨੇ ਜਹੇ ਵਿਚੋਂ ਮੈਂ ਗੁਜ਼ਰਿਆ ਸੀ ਉਦੋਂ। ਬੇਸ਼ੱਕ ਉਹ ਰਿਕਾਰਡ ਮਸ਼ਹੂਰ ਹੋਇਆ। ਸ਼ਾਇਦ ਹੀ ਕੋਈ ਧਾਰਮਿਕ ਗੀਤਾਂ ਦੀ ਰੀਲ੍ਹ ਏਨੀ ਪਾਪੂਲਰ ਹੋਵੇ।… ਮੇਰੀ ਇੱਛਾ ਇਹੀ ਹੁੰਦੀ ਹੈ ਕਿ ਬੇਸ਼ੱਕ ਘੱਟ ਗਾਏ ਜਾਣ, ਪਰ ਲੰਮੀ ਉਮਰ ਵਾਲੇ ਗਾਣੇ ਹੋਣ… ਇਹ ਨਹੀਂ ਕਿ ਹਫਤਾ ਕੁ ਹੀ ਉਮਰ ਹੋਵੇ ਜਿੰਨੀ ਕੁ ਦੇਰ ਟੀ.ਵੀ. ’ਤੇ ਆਉਂਦਾ ਹੈ।’
ਪੱਛਮੀ ਸੰਗੀਤ ਤੇ ਤਰਜ਼ਿ-ਜ਼ਿੰਦਗੀ ਦੇ ਭਾਰਤੀ ਸੰਗੀਤ ਤੇ ਤਰਜ਼ਿ-ਜ਼ਿੰਦਗੀ ’ਤੇ ਪਏ ਪ੍ਰਭਾਵ ਬਾਰੇ ਹੰਸ ਰਾਜ ਹੰਸ ਦਾ ਖਿਆਲ ਹੈ ਕਿ ਸੰਗੀਤ ਦਾ ਜ਼ਿੰਦਗੀ ਨਾਲ ਸਿੱਧਾ ਸਬੰਧ ਹੈ। ਪਹਿਲਾਂ ਜ਼ਿੰਦਗੀ ਕਿੱਡੀ ਸੋਹਣੀ ਸੀ। ਸਾਦਾ ਸੀ। ਲੰਬੀ ਉਮਰ ਭੋਗਦੇ ਸੀ ਲੋਕੀਂ। ਕੋਈ ਬੀਮਾਰੀਆਂ ਨਹੀਂ ਸੀ ਹੁੰਦੀਆਂ ਏਦਾਂ ਦੀਆਂ। ਹੁਣ ਵੈਸਟਰਨਾਈਜ਼ ਦਾ ਜਿਹੜਾ ਸਾਰਾ ਈ ਰੌਲਾ ਰੱਪਾ ਆ ਉਹ ਸਾਡੀ ਜ਼ਿੰਦਗੀ ਵਿਚ ਵੀ ਸ਼ਾਮਲ ਹੋ ਗਿਆ ਜਿਹੜੀ ਚੀਜ਼ ਜ਼ਿੰਦਗੀ ਵਿਚ ਸ਼ਾਮਲ ਹੋ ਜਾਂਦੀ ਹੈ, ਉਹ ਸ਼ਾਇਰੀ ਵਿਚ ਵੀ ਹੋ ਜਾਂਦੀ ਹੈ ਤੇ ਸੁਰ ਸੰਗੀਤ ਵਿਚ ਵੀ ਹੋ ਜਾਂਦੀ ਹੈ। ਏਸ ਨ੍ਹੇਰੀ ਵਿਚ ਵੀ ਜਿਹੜੇ ਆਪਣੀ ਪਛਾਣ ਬਣਾਈ ਰੱਖਣਗੇ ਉਹ ਸੂਰਮੇ-ਬਹਾਦਰ ਕਹਾਉਣਗੇ। ਨਹੀਂ ਤਾਂ ਭੇਡ ਚਾਲ ਈ ਕਹਿ ਲਓ। ਭੇਡਾਂ ਵਿਚ ਉਹ ਵੀ ਰਲ ਜਾਣਗੇ।’
ਰਾਗ ਵਿੱਦਿਆ ਦੀ ਗੱਲ ਚੱਲਦੀ ਹੈ ਤਾਂ ਹੰਸ ਖੁਲਾਸਾ ਕਰਦਾ ਹੈ ਕਿ ‘ਕੁਲ ਰਾਗ ਤਾਂ 6 ਜਾਂ 7 ਹਨ। 36 ਰਾਗਣੀਆਂ ਹਨ। ਅੱਗੋਂ ਉਨ੍ਹਾਂ ਦੇ ਬਾਲ ਬੱਚੇ ਹਜ਼ਾਰਾਂ ਦੀ ਤਾਦਾਦ ਵਿਚ ਚਲੇ ਜਾਂਦੇ ਹਨ। ਲੇਕਿਨ ਬਜ਼ੁਰਗਾਂ ਨੇ ਕਿਹਾ ਹੈ ਕਿ ‘ਇਕ ਸਾਧੋ ਸਭ ਸਧੇ, ਸਭ ਸਾਧੇ ਸਭ ਜਾਏ।’ ਇਕ ਰਾਗ ਨੂੰ ਪਹਿਲਾਂ ਪਕਾ ਲਓ। ਮਿਸਾਲ ਦੇ ਤੌਰ ’ਤੇ ਮੈਨੂੰ ਮੇਘ ਰਾਗ ਬਹੁਤ ਪਸੰਦ ਹੈ। ਮੈਂ ਉਹਦੇ ’ਤੇ ਈ ਰਗੜਾ ਫੇਰਿਆ। ਹੁਣ ਮੈਂ ਦਰਬਾਰੀ ਵੀ ਗਾ ਲੈਨਾ, ਭੈਰਵੀ ਵੀ ਗਾ ਲੈਨਾ, ਚੰਦਰ ਕੌਂਸ ਵੀ ਗਾ ਲੈਨਾ ਤੇ ਮਾਲ ਕੌਂਸ ਵੀ। ਜੇ ਤੁਸੀਂ ਨਹੀਂ ਵੀ ਗਾ ਸਕਦੇ, ਕਮ ਸੇ ਕਮ ਏਨਾ ਤਾਂ ਪਤਾ ਹੋਵੇ ਕਿ ਆ ਜੇੜ੍ਹਾ ਬੰਦਾ ਗਾ ਰਿਹੈ, ਕਿਹੜੇ ਰਾਗ ਵਿਚ ਗਾ ਰਿਹੈ, ਕਿਹੜਾ ਸੁਰ ਲਾ ਰਿਹੈ, ਕਿਹੜਾ ਲਾਉਣਾ ਚਾਹੀਦੈ…।’

ਹੰਸ ਦੱਸਦਾ ਹੈ ਕਿ ‘ਮੈਂ ਇਕ ਵਾਰੀ ਲੰਬੀ ਪਿੰਡ, ਬਾਦਲ ਸਾਹਿਬ ਦੇ ਪਿੰਡ ਗਾ ਰਿਹਾ ਸੀ। ਚਾਦਰਾ-ਕੁੜਤਾ ਲਾਇਆ ਹੋਇਆ ਸੀ। ਉਨ੍ਹਾਂ ਕਿਹਾ ਮਿਰਜ਼ਾ ਸੁਣਾਓ। ਮੈਂ ਪੀਲੂ ਦਾ ਮਿਰਜ਼ਾ ਸੁਣਾਇਆ। ਵੱਟ ਕੱਢ ’ਤੇ। ਬਾਦਲ ਸਾਹਿਬ ਬੜੇ ਖੁਸ਼ ਹੋਏ। ਫੇਰ ਕਿਤੇ ਮਿਲੇ ਮੈਨੂੰ ਉਹ ਥੋੜ੍ਹੇ ਸਮੇਂ ਬਾਅਦ ਤੇ ਮੈਂ ਕੀਰਤਨ ਕਰ ਰਿਹਾ ਸੀ। ਦਸਤਾਰ ਬੰਨ੍ਹੀ ਹੋਈ ਸੀ ਗੋਲ। ਫੇਰ ਉਹ ਦੇਵੀ ਤਲਾਬ ਮੰਦਰ ਜਲੰਧਰ ਆਏ। ਏਥੇ ਮੈਂ ਭੇਟਾਂ ਗਾ ਰਿਹਾ ਸੀ ਮਾਂ ਦੀਆਂ। ਉਹ ਕਹਿੰਦੇ ਯਾਰ ਇਹ ਤਾਂ ਬੜਾ ਬਹੁਪੱਖੀ ਬੰਦਾ ਆ। ਇਕ ਬੰਦਾ ਇਕ ਟਾਈਪ ਦਾ ਹੀ ਗਾਉਂਦਾ ਹੁੰਦਾ ਪਰ ਇਹ ਤਾਂ ਸੂਫੀ ਵੀ ਗਾਈ ਜਾਂਦੈ। ਕੀਰਤਨ ਵੀ ਕਰੀ ਜਾਂਦੈ। ਮਿਰਜ਼ਾ ਵੀ ਗਾਈ ਜਾਂਦੈ। ਭੇਟਾ ਵੀ ਗਾਈ ਜਾਂਦੈ। ਇਹਨੂੰ ਯਾਰ, ਰਾਜ ਗਾਇਕ ਬਣਾ ਦਿਓ। ਗੁਜਰਾਲ ਸਾਹਿਬ ਵੀ ਸਿਗੇ। ਉਨ੍ਹਾਂ ਨੇ ਮੈਨੂੰ ਅੰਮ੍ਰਿਤਸਰ ਰਾਜ ਗਾਇਕ ਬਣਾ ਦਿੱਤਾ।…. ਮੁੜ ਕੇ ਰਾਜ ਬਦਲ ਗਿਆ। ਰਾਜ ਆ ਗਿਆ ਕੈਪਟਨ ਅਮਰਿੰਦਰ ਸਿੰਘ ਸਾਹਿਬ ਦਾ… ਉਨ੍ਹਾਂ ਵੀ ਰਾਜ ਗਾਇਕ ਦਾ ਪਟਾ ਫੇਰ ਪਾ ’ਤਾ ਮੇਰੇ ਗਲ ’ਚ। ਬੜੇ ਅਦਬ ਨਾਲ, ਸਤਿਕਾਰ ਨਾਲ।’

ਪਹਿਲਾਂ ਪਹਿਲ ਗਾਇਕਾਂ ਦੇ ’ਖਾੜੇ ਲੱਗਿਆ ਕਰਦੇ ਸਨ। ਅੱਜ ਕੱਲ੍ਹ ਪ੍ਰੋਗਰਾਮ ਹੁੰਦੇ ਹਨ ਤੇ ਮਹਿਫਿਲਾਂ ਵੀ ਲੱਗਦੀਆਂ ਹਨ। ‘ਅਖਾੜਾ’, ‘ਪ੍ਰੋਗਰਾਮ’ ਤੇ ‘ਮਹਿਫਿਲ’ ਵਿਚਲਾ ਅੰਤਰ ਹੰਸ ਰਾਜ ਹੰਸ ਸਪੱਸ਼ਟ ਕਰਦਾ ਹੈ ਕਿ ‘ਅਖਾੜਾ ਮਤਲਬ ਹੁੰਦਾ ਖੁੱਲ੍ਹੀ ਜਗ੍ਹਾ। ਜਿਥੇ ਬਹੁਤ ਲੋਕਾਂ ਦਾ ਹਜੂਮ ਆ। ਜ਼ਿਆਦਾ ਬਨਾਵਟੀ ਡੈਕੋਰੇਸ਼ਨ ਨਹੀਂ ਹੈ। ਕੋਈ ਮੰਜਿਆਂ ’ਤੇ ਬੈਠਾ। ਕੋਈ ਦਰੱਖਤਾਂ ’ਤੇ ਬੈਠਾ। ਤਾਂ ਉਹਨੂੰ ’ਖਾੜਾ ਕਹਿੰਦੇ ਸੀ। ਪ੍ਰੋਗਰਾਮ ਕਹਿਣ ਲਗ ਪਏ ਪੈਲਸਾਂ-ਵੈਲਸਾਂ ਵਿਚ। ਮਹਿਫਿਲ ਉਹ ਹੁੰਦੀ ਹੈ ਜਿਥੇ ਗਿਣਾਤਮਕ ਤੌਰ ’ਤੇ ਬਹੁਤ ਜ਼ਿਆਦਾ ਲੋਕ ਨਾ ਹੋਣ, ਲੇਕਿਨ ਸੁਰ ਸੰਗੀਤ ਨੂੰ ਸਮਝਣ ਵਾਲੇ ਲੋਕ ਆਉਣ ਤੇ ਆਰਟਿਸਟ ’ਰਾਮ ਨਾਲ ਬਹਿ ਕੇ ਗਾਵੇ। ਏਦਾਂ ਨਾ ਲੱਗੇ ਕਿ ਕੀੜਿਆਂ ਦੇ ਭੌਣ ’ਤੇ ਖੜਾ ਹੈ ਤੇ ਟੱਪੀ ਜਾ ਰਿਹੈ। ਬਜਾਤੇ ਖੁਦ ਮੈਂ ਮਹਿਫਿਲ ਦਾ ਆਸ਼ਕ ਹਾਂ। ਮਹਿਫਿਲ ਦਾ ਕੰਮ ਮੈਂ ਹੀ ਦੁਬਾਰਾ ਸ਼ੁਰੂ ਕੀਤਾ ਸੀ। ਜਦੋਂ ‘ਟੋਟੇ ਟੋਟੇ’ ਤੇ ‘ਚੋਰਨੀ ਚਾਰਨੀ’ ਚੱਲੀ ਤਾਂ ਮੈਨੂੰ ਬਹੁਤ ਸਾਰੇ ਡਾਂਸਰ ਡੂੰਸਰ ਨਾਲ ਲੈ ਕੇ ਸਰਕਸ ਵਾਂਗੂੰ ਜਾਣਾ ਪੈਂਦਾ ਸੀ। ਇਕ ਦਿਨ ਮੇਰੇ ਸਤਿਗੁਰਾਂ ਨੇ ਕਿਹਾ, ‘ਤਮਾਸ਼ਾ ਬੰਦ ਕਰੋ! ਢਿੱਡ ਭਰਿਆ ਨੀ ਅਜੇ ਤੁਹਾਡਾ। ਪਿਛੋਕੜ ਯਾਦ ਕਰੋ। ਕਿੱਥੋਂ ਤੁਰੇ ਆਂ, ਹੁਣ ਤਮਾਸ਼ਾ ਬੰਦ।’ ਮੈਂ ਓਦਣ ਹੀ ਬਹਿ ਗਿਆ ਸੀ। ਵਿਦੇਸ਼ਾਂ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ-ਬਹਿ ਕੇ ਗਾਉਨਾ। ਉਹਨੂੰ ਮਹਿਫਿਲ ਕਹਿ ਦਿੰਦੇ ਨੇ।’
ਜਦੋਂ ਪਾਕਿਸਤਾਨ ਅੰਦਰਲੀ ਪੰਜਾਬੀ ਗਾਇਕੀ ਦੀ ਗੱਲ ਚੱਲਦੀ ਹੈ ਤਾਂ ਹੰਸ ਤੋਂ ਉਜਾਗਰ ਹੁੰਦਾ ਹੈ ਵਰਤਮਾਨ ਸਮੇਂ ਵਿਚ ਉਥੇ ਵੀ ਕਮਰਸ਼ੀਅਲ ਗਾਣਿਆਂ ਦੀ ਖਿੱਚ ਹੈ। ਹੰਸ ਮੁਤਾਬਕ ‘ਬਦਕਿਸਮਤੀ ਇਹ ਹੈ ਕਿ ਹੁਣ ਵੱਡੇ-ਵੱਡੇ ਉਸਤਾਦਾਂ ਦੇ ਬੱਚੇ ਖੜ੍ਹੇ ਹੋ ਕੇ ਗਾਉਣਾ ਚਾਹੁੰਦੇ ਆ। ਬਹੁਤ ਵੱਡੇ ਆਰਕੈਸਟਰਾ ਨਾਲ ਗਾਉਣਾ ਚਾਹੁੰਦੇ ਆ ਜਿਹੜਾ ਕਿ ਸਿਰਫ ਸਿਰਦਰਦ ਦਾ ਤੇ ਹੋਰ ਕਈ ਬੀਮਾਰੀਆਂ ਦਾ ਕਾਰਨ ਬਣਦਾ ਹੈ।… ਜੇ ਖੜ ਕੇ ਵੀ ਗਾਣਾ ਹੈ ਤਾਂ ਯਮ੍ਹਲੇ ਵਾਂਗ ਗਾਓ, ਮਾਣਕ ਵਾਂਗ ਗਾਓ…।’
ਹੰਸ ਰਾਜ ਹੰਸ ਦਾ ਇਕ ਗੀਤ ‘ਔਹ ਦੇਖੋ ਸੜਕਾਂ ’ਤੇ ਅੱਗ ਤੁਰੀ ਜਾਂਦੀ ਆ’ ਆਪਣੇ ਸਮੇਂ ਵਿਚ ਵਿਵਾਦ ਦਾ ਸ਼ਿਕਾਰ ਹੋ ਗਿਆ ਸੀ। ਉਸ ਬਾਬਤ ਹੰਸ ਦਾ ਆਖਣਾ ਹੈ ਕਿ ‘ਜਦੋਂ ਇਨਸਾਨ ਬਹੁਤ ਸਾਰਾ ਬੋਲਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਪੱਕਾ ਹੀ ਬੋਲਦਾ ਹੈ। ਕਈ ਵਾਰੀ ਕੱਚੀ ਗੱਲ ਵੀ ਹੋ ਜਾਂਦੀ ਹੈ। ਉਹਦਾ ਮਤਲਬ ਤਾਂ ਹੋਰ ਸਿਗਾ। ਮੈਂ ਚੰਡੀਗੜ੍ਹ ਗਿਆ ਸਿਗਾ। ਕੋਈ ਹੌਟ ਮਿਲੀਅਨ ਜਗ੍ਹਾ ਸੀ। ਉਥੇ ਮੈਨੂੰ ਖਾਸ ਤੌਰ ’ਤੇ ਉਦੋਂ ਤਕਲੀਫ ਹੋਈ ਜਦੋਂ ਬੱਚੀਆਂ ਡਰੰਕ ਹੋ ਕੇ ਡਿੱਗ ਰਹੀਆਂ ਸਨ। ਗੱਲ ਤਾਂ ਮੈਂ ਉਨ੍ਹਾਂ ਦੀ ਕੀਤੀ ਸੀ। ਜਿੱਦਾਂ ਸਿਆਣੇ ਕਹਿੰਦੇ ਦੇਖੋ ਕਿੱਦਾਂ, ਅੱਗ ਲੱਗੀ ਨਿਆਣਿਆਂ ਨੂੰ। ਗੱਲ ਤਾਂ ਮੈਂ ਬੜੀ ਚੰਗੀ ਕੀਤੀ ਸੀ। ਉਹ ਮੈਂ ਉਨ੍ਹਾਂ ਸੁਘੜ ਸਿਆਣੀਆਂ ਆਪਣੀਆਂ ਬੇਟੀਆਂ ਲਈ ਨਹੀਂ ਕੀਤੀ ਸੀ… ਫਿਰ ਵੀ ਮੈਂ ਕ੍ਰਿਟੀਸਿਜ਼ਮ ਨੂੰ ਖਿੜੇ ਮੱਥੇ ਕਬੂਲ ਕੀਤਾ। ਸ਼ਿਵ ਨੇ ਵੀ ਲਿਖਿਆ ਸੀ ‘ਅੱਗ ਤੁਰੀ ਪਰਦੇਸ’ ਸ਼ਬਦ ਬੜੇ ਸੋਹਣੇ ਨੇ। ਉਹਦੇ ਵਿਚ ਮੈਂ ਇਹ ਥੋੜ੍ਹੀ ਕਿਹਾ ਕਿ ਔਹ ਪੰਜਾਬਣ ਤੁਰੀ ਜਾਂਦੀ ਆ ਜਾ ਐਦਾਂ। ਮੈਂ ਕਿਹਾ ਬਈ ‘ਮਹਿਕੀ ਮਹਿਕੀ ਜ਼ੁਲਫੇਂ ਹੈਂ, ਬਹਿਕੀ ਬਹਿਕੀ ਚਾਲ ਹੈ’ ਕਿੰਨੀ ਸੋਹਣੀ ਕੁੜੀ ਹੈ ਲੇਕਿਨ ਬਹਿਕੀ ਹੋਈ ਹੈ। ਇਹੀ ਕੁੜੀ ਜੇ ਪੰਜਾਬੀ ਪਹਿਰਾਵੇ ਵਿਚ ਆ ਜਾਵੇ ਤੇ ਦਾਰੂ ਦੀ ਥਾਂ ਮਧਾਣੀ ਰਿੜਕਦੀ ਹੋਵੇ ਤਾਂ ਚੰਗੀ ਗੱਲ ਹੈ।- ਬਾਕੀ ਜੋ ਮਾਲਕ ਨੂੰ ਮਨਜ਼ੂਰ…। ਅੱਜ ਕੱਲ੍ਹ ਰੀਮਿਕਸ ਦੇ ਰਿਵਾਜ ਬਾਰੇ ਹੰਸ ਦੋ ਟੁਕ ਗੱਲ ਆਖਦਾ ਹੈ ਕਿ ‘ਰੀਮਿਕਸ ਜੇ ਤਾਂ ਅਕਲ ਨਾਲ ਕੀਤੀ ਜਾਵੇ ਤਾਂ ਚੰਗਾ ਹੈ। ਜਿਥੇ ਵੀ ਬੇਸੁਰਾਪਣ ਹੈ, ਸ਼ੋਰ ਹੈ, ਉਹ ਮਿਕਸ ਹੈ ਜਾਂ ਰੀਮਿਕਸ ਹੈ, ਮੈਨੂੰ ਤਾਂ ਉਹ ਬੀਮਾਰੀ ਹੀ ਲਗਦੀ ਆ। ਠਕ ਠਕ ਠਕ। ਸਿਰਦਰਦ ਹੋ ਜਾਂਦਾ ਹੈ।’
ਸੰਨ 2002 ਵਿਚ ਹੰਸ ਰਾਜ ਹੰਸ ਨੂੰ ਪੰਜਾਬ ਦੇ ਰਾਜ ਗਾਇਕ ਦੀ ਉਪਾਧੀ ਵੀ ਮਿਲੀ ਹੈ। ਇਹ ਆਪਣੇ ਆਪ ਵਿਚ ਕਿਸੇ ਗਾਇਕ ਦੀ ਬੜੀ ਵੱਡੀ ਪ੍ਰਾਪਤੀ ਹੈ। ਇਸ ਪ੍ਰਾਪਤੀ ਦੀ ਵਿਥਿਆ ਹੰਸ ਇਉਂ ਬਿਆਨਦਾ ਹੈ: ‘ਮੈਂ ਇਕ ਵਾਰੀ ਲੰਬੀ ਪਿੰਡ, ਬਾਦਲ ਸਾਹਿਬ ਦੇ ਪਿੰਡ ਗਾ ਰਿਹਾ ਸੀ। ਚਾਦਰਾ-ਕੁੜਤਾ ਲਾਇਆ ਹੋਇਆ ਸੀ। ਉਨ੍ਹਾਂ ਕਿਹਾ ਮਿਰਜ਼ਾ ਸੁਣਾਓ। ਮੈਂ ਪੀਲੂ ਦਾ ਮਿਰਜ਼ਾ ਸੁਣਾਇਆ। ਵੱਟ ਕੱਢ ਤੇ। ਬਾਦਲ ਸਾਹਿਬ ਬੜੇ ਖੁਸ਼ ਹੋਏ। ਫੇਰ ਕਿਤੇ ਮਿਲੇ ਮੈਨੂੰ ਉਹ ਥੋੜ੍ਹੇ ਸਮੇਂ ਬਾਅਦ ਤੇ ਮੈਂ ਕੀਰਤਨ ਕਰ ਰਿਹਾ ਸੀ। ਦਸਤਾਰ ਬੰਨ੍ਹੀ ਹੋਈ ਸੀ ਗੋਲ। ਫੇਰ ਏਥੇ ਦੇਵੀ ਤਲਾਬ ਮੰਦਰ ਆ ਜਲੰਧਰ। ਏਥੇ ਵੀ ਉਹ ਤਸ਼ਰੀਫ ਲਿਆਏ ਤੇ ਮੈਂ ਭੇਟਾ ਗਾ ਰਿਹਾ ਸੀ ਮਾਂ ਦੀਆਂ। ਉਹ ਕਹਿੰਦੇ ਯਾਰ ਇਹ ਤਾਂ ਬੜਾ ਵਰਸੇਟਾਈਲ ਬੰਦਾ ਆ। ਇਕ ਬੰਦਾ ਇਕ ਟਾਈਪ ਦਾ ਹੀ ਗਾਉਂਦਾ ਹੁੰਦਾ ਪਰ ਇਹ ਤਾਂ ਸੂਫੀ ਵੀ ਗਾਈ ਜਾਂਦੈ। ਕੀਰਤਨ ਵੀ ਕਰੀ ਜਾਂਦੈ। ਮਿਰਜ਼ਾ ਵੀ ਗਾਈ ਜਾਂਦੈ। ਭੇਟਾ ਵੀ ਗਾਈ ਜਾਂਦੈ। ਇਹਨੂੰ ਯਾਰ, ਰਾਜ ਗਾਇਕ ਬਣਾ ਦਿਓ। ਗੁਜਰਾਲ ਸਾਹਿਬ ਵੀ ਸਿਗੇ। ਉਨ੍ਹਾਂ ਨੇ ਮੈਨੂੰ ਅੰਬਰਸਰ ਰਾਜ ਗਾਇਕ ਬਣਾ ਦਿੱਤਾ।…. ਮੁੜ ਕੇ ਰਾਜ ਬਦਲ ਗਿਆ। ਰਾਜ ਆ ਗਿਆ ਕੈਪਟਨ ਅਮਰਿੰਦਰ ਸਿੰਘ ਸਾਹਿਬ ਦਾ… ਉਨ੍ਹਾਂ ਵੀ ਰਾਜ ਗਾਇਕ ਦਾ ਪਟਾ ਫੇਰ ਪਾ ’ਤਾ ਮੇਰੇ ਗਲ ’ਚ। ਬੜੇ ਅਦਬ ਨਾਲ, ਸਤਕਾਰ ਨਾਲ।’
ਹੰਸ ਰਾਜ ਹੰਸ ਸਾਹਿਤ ਦਾ ਗੰਭੀਰ ਪਾਠਕ ਵੀ ਹੈ। ਕਿਸੇ ਹੱਦ ਤਕ ਵਧੀਆ ਲਿਖਾਰੀ ਵੀ ਹੈ। ‘ਕੁੱਲੀ ਨੀ ਫਕੀਰ ਦੀ ਵਿਚੋਂ’ ਨਾਂ ਦੀ ਇਕ ਕਿਤਾਬ ਅਰਜੁਨ ਸ਼ਰਮਾ ਨੇ ਹੰਸ ਰਾਜ ਹੰਸ ਬਾਰੇ ਸੰਪਾਦਿਤ ਕੀਤੀ ਹੈ ਜਿਸ ਵਿਚ 24 ਆਰਟੀਕਲ ਹੰਸ ਰਾਜ ਹੰਸ ਦੇ ਆਪਣੇ ਲਿਖੇ ਹੋਏ ਹਨ। ਇਨ੍ਹਾਂ ਲਿਖਤਾਂ ਵਿਚੋਂ ਹੰਸ ਰਾਜ ਹੰਸ ਦੀ ਸ਼ੈਲੀ ਅੰਦਰਲੀ ਕਾਵਿਕਤਾ ਡੁੱਲ੍ਹ ਡੁੱਲ੍ਹ ਪੈਂਦੀ ਹੈ। ਇਸ ਸਬੰਧੀ ਹੰਸ ਆਖਦਾ ਹੈ ਕਿ ‘ਮੈਂ ਲੇਖਕ ਤਾਂ ਹੈਨੀਗਾ। ਲੇਕਿਨ ਮੈਂ ਜਦੋਂ ਕੱਲਾ ਬੈਠਦਾਂ, ਉਦੋਂ ਮੈਨੂੰ ਜੋ ਖਿਆਲ ਆਉਂਦੈ, ਮੈਂ ਨੋਟ ਕਰ ਲੈਨਾ ਤੇ ਮੈਨੂੰ ਪੜ੍ਹਨ ਦਾ ਬੜਾ ਸ਼ੌਕ ਆ। ਮੈਂ ‘ਪੰਜਾਬੀ ਟ੍ਰਿਬਿਊਨ’ ਪੜ੍ਹਦਾ ਹਾਂ। ਐਡੀਟੋਰੀਅਲ ਪੜ੍ਹਦਾਂ। ਮੈਂ ਹਰ ਐਤਵਾਰ ‘ਹਰਫਾਂ ਦੇ ਆਰ ਪਾਰ’ ਕਾਲਮ ਰੀਝ ਨਾਲ ਪੜ੍ਹਦਾ ਹਾਂ। ਅੰਦਾਜ਼ ਹੀ ਏਨਾ ਖੂਬਸੂਰਤ ਹੈ ਕਿ ਪੂਰਾ ਆਰਟੀਕਲ ਪੜ੍ਹਨਾ ਪੈਂਦਾ ਹੈ। ਬਹੁਤ ਖੂਬਸੂਰਤ।
ਹੰਸ ਰਾਜ ਹੰਸ ਨੇ ਦੁਨੀਆਂ ਦਾ ਕਾਫੀ ਹਿੱਸਾ ਘੁੰਮ ਕੇ ਦੇਖਿਆ ਹੋਇਆ ਹੈ। ਉਸ ਕੋਲ ਵਸੀਹ ਅਨੁਭਵ ਹੈ। ਉਸ ਅਨੁਭਵ ਨੂੰ ਦੇਰ ਸਵੇਰ ਪਾਠਕਾਂ ਨਾਲ ਸਾਂਝਿਆਂ ਕਰਨ ਲਈ ਹੰਸ ਅੱਜ-ਕੱਲ੍ਹ ਇਕ ਸਫਰਨਾਮਾ ਵੀ ਲਿਖ ਰਿਹਾ ਹੈ। ਮੇਰਾ ਅਨੁਮਾਨ ਹੈ ਕਿ ਜਿਥੇ ਇਹ ਸਫਰਨਾਮਾ ਹੰਸ ਅੰਦਰਲੀ ਸਾਹਿਤਿਕਤਾ ਦਾ ਪ੍ਰਮਾਣ ਹੋਵੇਗਾ ਉਥੇ ਪਾਠਕ ਜਗਤ ਵਿਚ ਇਸ ਦੀ ਵਿਲੱਖਣਤਾ ਵੀ ਬਰਕਰਾਰ ਰਹੇਗੀ। ਗਾਇਕੀ ਦੇ ਖੇਤਰ ਵਿਚ ਸਰੋਤੇ ਇਸੇ ਸਾਲ ਵਿਚ ਹੰਸ ਰਾਜ ਹੰਸ ਦੀਆਂ ਤਿੰਨ ਨਵੀਆਂ ਰੀਲ੍ਹਾਂ ਵੀ ਸੁਣ ਸਕਣਗੇ। ਇਕ ਸੂਫੀ ਗਾਇਕੀ ਦੀ, ਇਕ ਗੁਰਬਾਣੀ ਦੀ ਤੇ ਇਕ ਉਰਦੂ ਗ਼ਜ਼ਲਾਂ ਦੀ।
ਦਰਅਸਲ ਹੰਸ ਰਾਜ ਹੰਸ ਫੱਕਰ ਫਨਕਾਰ ਹੈ। ਫਕੀਰੀ ਉਸ ਦੇ ਰੋਮ ਰੋਮ ਵਿਚ ਰਮੀ ਹੋਈ ਭਾਸਦੀ ਹੈ। ਪਿਛਲੇ ਕਾਫੀ ਅਰਸੇ ਤੋਂ ਉਹ ਅਲਮਸਤ ਬਾਪੂ ਲਾਲ ਬਾਦਸ਼ਾਹ ਨਕੋਦਰ ਵਾਲਿਆਂ ਦੇ ਦਰਬਾਰ ਨਾਲ ਜੁੜਿਆ ਹੋਇਆ ਹੈ। ਬਾਪੂ ਲਾਲ ਬਾਦਸ਼ਾਹ ਜੀ ਬਾਰੇ ਹੰਸ ਦੱਸਦਾ ਹੈ ਕਿ ‘ਬਾਪੂ ਜੀ ਨਕੋਦਰ ਸ਼ਹਿਰ ਵਿਚ ਜ਼ਿਆਦਾ ਵਿਚਰੇ ਆ। ਵੈਸੇ ਉਨ੍ਹਾਂ ਦਾ ਜਲੰਧਰ ਨਾਲ ਤਾਅਲੁਕ ਹੈ। ਪਾਰਟੀਸ਼ਨ ਤੋਂ ਬਾਅਦ ਉਹ ਪਾਕਿਸਤਾਨ ਨਹੀਂ ਗਏ। ਉਹ ਜਮਾਂਦਰੂ ਮਸਤ ਸਨ। ਵੱਡੀਆਂ ਵੱਡੀਆਂ ਪੋਸਟਾਂ ਨੇ ਫਕੀਰਾਂ ਦੀਆਂ। ਇਹ ਦੁਨੀਆਂ ਐਵੇਂ ਨਹੀਂ ਚਲਦੀ। ਇਹਦੇ ਵਿਚ ਕਈ ਰੂਪਾਂ ਤੇ ਪ੍ਰਵਿਰਤੀਆਂ ਵਿਚ ਫਕੀਰ ਫਿਰਦੇ ਆ ਤਾਂ ਜਾ ਕੇ ਨਿਜ਼ਾਮ ਚਲਦੈ। ਉਨ੍ਹਾਂ ਵਿਚੋਂ ਇਕ ਮਸਤਾਂ ਦਾ ਦਰਜਾ ਬਹੁਤ ਵੱਡਾ ਗਿਣਿਆ ਜਾਂਦਾ ਹੈ। ਬਹੁਤੀ ਵੱਡੀ ਤਾਕਤ ਸਿਗੇ ਬਾਪੂ ਜੀ। ਉਨ੍ਹਾਂ ਦੀ ਗੱਦੀ ’ਤੇ ਕੋਈ ਹੋਰ ਨਹੀਂ ਬੈਠ ਸਕਦਾ। By law Spirtualism ਦਾ law ਹੈ। ਸ਼ੇਰਾਂ ਦੀ ਗੱਦੀ ’ਤੇ ਕੋਈ ਹੋਰ ਨਹੀਂ ਬੈਠ ਸਕਦਾ। ਪਰ ਕਿਉਂਕਿ ਜਦੋਂ ਮੈਂ ਗਾਣਾ ਸਿੱਖਣ ਗਿਆ। ਉਥੇ ਮੈਂ ਵਿਚਰਦਾ ਸੀ ਕਾਫੀ ਅਰਸੇ ਤੋਂ। ਉਨ੍ਹਾਂ ਦੇ ਨਾਲ ਵੀ ਮਿਲਦਾ ਸੀ। ਜਦੋਂ ਬਾਪੂ ਜੀ ਚੋਲਾ ਛੱਡ ਗਏ, ਮੈਂ ਫਿਰ ਉਥੇ ਗਿਆ। ਉਥੋਂ ਦੇ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਦਾ ਮੇਲਾ ਆ ਰਿਹੈ ਤੇ ਮੇਲੇ ਨੂੰ ਆਪ ਦੇਖੋ। ਇਹ ਦੂਜਾ ਮੇਲਾ ਸੀ ਜਿਹੜਾ ਮੇਰੀ ਦੇਖ-ਰੇਖ ਵਿਚ ਹੋਇਆ।… ਮੈਂ ਸੋਚਿਆ ਕਿ ਬਾਬਾ ਤਾਂ ਮੈਂ ਬਣ ਨਹੀਂ ਸਕਦਾ ਕਿਉਂਕਿ ਬਾਬੇ ਅੱਗੇ ਹੀ ਬਹੁਤ ਨੇ। ਸਾਈਂ ਵੀ ਨੀ ਬਣ ਸਕਦਾ ਕਿਉਂਕਿ ਸਾਈਂ ਇਕੋ ਹੀ ਹੈ ਜਿਸ ਨੇ ਦੁਨੀਆਂ ਬਣਾਈ ਆ। ਉਹ ਸਾਰੇ ਬੰਦੇ ਜਿਹੜੇ ਬਾਪੂ ਜੀ ਦੇ ਆਸ਼ਕ ਸੀ, ਈਮਾਨਦਾਰ ਸੀ। ਪੂਰੇ ਨਕੋਦਰ ਵਿਚੋਂ ਕਮੇਟੀ ਵਿਚ ਹਰ ਕਮਿਊਨਿਟੀ ਦੇ ਬੰਦੇ ਸ਼ਾਮਲ ਕੀਤੇ ਤੇ ਕਮੇਟੀ ਬਣਾਈ।… ਬਾਕੀ ਮੈਂ ਤਾਂ ਆਮ ਆਦਮੀ ਹਾਂ। ਆਮ ਆਦਮੀ ਵਿਚ ਗੁਣ-ਔਗੁਣ ਤਾਂ ਹੁੰਦੇ ਹੀ ਹਨ। ਦਰਵੇਸ਼ ਤਾਂ ਬਾਪੂ ਲਾਲ ਬਾਦਸ਼ਾਹ ਜੀ ਸਨ। ਮੈਂ ਗੱਦੀਨਸ਼ੀਨ ਵੀ ਨਹੀਂਗਾ। ਮੈਂ ਤਾਂ ਉਨ੍ਹਾਂ ਦੇ ਆਸ਼ਕਾਂ ਵਿਚੋਂ ਇਕ ਆਸ਼ਕ ਆਂ-ਮੇਰਾ ਵਿਸ਼ਵਾਸ ਹੈ ਕਿ ਮੈਨੂੰ ਪੀਰਾਂ ਫਕੀਰਾਂ ਨੇ ਦੁਆ ਹੀ ਦਿੱਤੀ ਹੋਏਗੀ ਜਿਹੜਾ ਅੱਜ ਮੈਂ ਪੂਰੀ ਦੁਨੀਆਂ ’ਤੇ ਛਾ ਗਿਆ ਹਾਂ। ਏਸ ਕਰਕੇ ਮੇਰਾ ਇਹ ਫਰਜ਼ ਆ ਕਿ ਮੈਂ ਉਹ ਕਰਜ਼ਾ ਤਾਂ ਚੁਕਾ ਨਹੀਂ ਸਕਦਾ। ਕਮ ਸੇ ਕਮ ਏਡੇ ਵੱਡੇ ਦਰਵੇਸ਼ ਦੀ ਜਗ੍ਹਾ ਦੀ ਸਾਫ ਸਫਾਈ ਤਾਂ ਕਰਾਂਗਾ। ਸੇਵਾ ਤਾਂ ਕਰਾਂਗਾ। ਸੇਵਾਦਾਰ ਵਜੋਂ।’

ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਅਕਾਲੀਆਂ ਵੱਲੋਂ ਕਿਉਂ ਚੋਣ ਲੜਿਆ ਇਹਦੇ ਬਾਰੇ ਤੁਹਾਨੂੰ ਦਸ ਦਿੰਨਾਂ। 10-12 ਸਾਲ ਤੋਂ ਜਿੱਥੇ ਵੀ ਬਾਦਲ ਸਾਹਿਬ ਮੈਨੂੰ ਮਿਲਦੇ ਸੀ, ਆਖਦੇ ਸੀ ਬੇਟਾ ਮੈਂ ਤੈਨੂੰ ਪਾਰਲੀਮੈਂਟ ਵਿਚ ਭੇਜਣਾ ਚਾਹੁੰਦਾ ਹਾਂ। ਉਥੇ ਕਾਨੂੰਨ ਬਣਦੇ ਆ। ਤੂੰ ਬੁਲਾਰਾ ਵੀ ਠੀਕ ਆਂ ਗਾਉਣ ਦੇ ਨਾਲ-ਨਾਲ।

ਹੰਸ ਨੇ ਪਿੱਛੇ ਜਿਹੇ ਸਿਆਸਤ ਵਿਚ ਵੀ ਪ੍ਰਵੇਸ਼ ਕੀਤਾ ਹੈ। ਜਲੰਧਰ ਤੋਂ ਮੈਂਬਰ ਪਾਰਲੀਮੈਂਟ ਲਈ ਚੋਣ ਲੜੀ ਪਰ ਜਿੱਤ ਨਾ ਸਕਿਆ। ਇਸ ਦੌਰਾਨ ਉਸ ਨੂੰ ਸਿਆਸਤ ਸਬੰਧੀ ਕਾਫੀ ਤਲਖ ਤਜਰਬਾ ਹਾਸਲ ਹੋਇਆ ਜਿਸ ਨੂੰ ਉਸ ਨੇ ਬੜੇ ਬੇਬਾਕ ਅੰਦਾਜ਼ ਵਿਚ ਦਰਸਾਉਂਦਿਆਂ ਇਹ ਕਹਿਣ ਵਿਚ ਖੁਸ਼ੀ ਹਾਸਲ ਕੀਤੀ ਹੈ ਕਿ ‘ਪੰਜਾਬੀ ਟ੍ਰਿਬਿਊਨ’ ਬੜੀ ਕਰੈਡੇਬਿਲਿਟੀ ਵਾਲਾ ਅਖਬਾਰ ਹੈ।
ਸਿਆਸਤ ਬਾਰੇ ਗੱਲ ਤੁਰਦੀ ਹੈ ਤਾਂ ਹੰਸ ਆਖਦਾ ਹੈ ਕਿ ‘ਪਹਿਲੀ ਤਾਂ ਗੱਲ ਇਲੈਕਸ਼ਨ ਲੜਿਆ ਹੀ ਇਕ ਪਾਰਟੀ ਤੋਂ ਜਾ ਸਕਦਾ। ਸਾਰੀਆਂ ਟਿਕਟਾਂ ਤਾਂ ’ਕੱਠੀਆਂ  ਮਿਲ ਨਹੀਂ ਸਕਦੀਆਂ। ਮੈਂ ਅਕਾਲੀਆਂ ਵੱਲੋਂ ਕਿਉਂ ਚੋਣ ਲੜਿਆ ਇਹਦੇ ਬਾਰੇ ਤੁਹਾਨੂੰ ਦਸ ਦਿੰਨਾਂ। 10-12 ਸਾਲ ਤੋਂ ਜਿੱਥੇ ਵੀ ਬਾਦਲ ਸਾਹਿਬ ਮੈਨੂੰ ਮਿਲਦੇ ਸੀ, ਆਖਦੇ ਸੀ ਬੇਟਾ ਮੈਂ ਤੈਨੂੰ ਪਾਰਲੀਮੈਂਟ ਵਿਚ ਭੇਜਣਾ ਚਾਹੁਨਾ। ਉਥੇ ਕਾਨੂੰਨ ਬਣਦੇ ਆ। ਤੂੰ ਬੁਲਾਰਾ ਵੀ ਠੀਕ ਆਂ ਗਾਉਣ ਦੇ ਨਾਲ-ਨਾਲ। ਇਸ ਵਾਰ ਹੋਇਆ ਕੀ ਕਿ ਦਰਬਾਰ ਦੀਆਂ ਸਾਫ ਸਫਾਈਆਂ ਕਰਦਿਆਂ ਮੈਨੂੰ ਕੋਈ ਮੱਛਰ-ਮੁੱਛਰ ਲੜ ਗਿਆ। ਉਹ ਏਨਾ ਹੋ ਗਿਆ ਕਿ ਮੈਂ ਬੇਹੋਸ਼ ਹੋ ਗਿਆ। ਜਦੋਂ ਏਥੇ ਡਾਇਗਨੋਸ ਨਹੀਂ ਹੋਇਆ ਤਾਂ ਫਿਰ ਬੰਬੇ ਦਾਖਲ ਕਰਾਉਣਾ ਪਿਆ। ਫਿਰ ਮੈਂ ਆਖਿਆ ਕਿ ਮੈਨੂੰ ਪੰਜਾਬ ਲੈ ਚੱਲੋ। ਫਿਰ ਮੈਂ ਮੁਹਾਲੀ ਦੇ ਇਕ ਹਸਪਤਾਲ ’ਚ 20 ਦਿਨ ਦਾਖਲ ਰਿਹਾ। ਉਥੋਂ 20 ਦਿਨ ਬਾਅਦ ਜਦੋਂ ਮੈਂ ਮਾੜਾ ਮੋਟਾ ਠੀਕ ਹੋ ਕੇ ਆਇਆ ਘਰ ਤਾਂ ਮੈਨੂੰ ਕਿਸੇ ਨੇ ਕਿਹਾ ਕਿ ਸੁਖਬੀਰ ਬਾਦਲ ਤੁਹਾਡਾ ਪਤਾ ਲੈਣ ਆਉਣਾ ਚਾਹੁੰਦੇ ਆ। ਖ਼ੈਰ ਉਨ੍ਹਾਂ ਦੀ ਮਿਹਰਬਾਨੀ ਐ ਕਿ ਉਨ੍ਹਾਂ ਨੇ ਮੇਰੇ ’ਤੇ ਵਿਸ਼ਵਾਸ ਪ੍ਰਗਟ ਕੀਤਾ। ਲੇਕਿਨ ਹੁਣ ਮੈਂ ਸੋਚਦਾਂ ਕਿ ਸਿਆਸਤ ’ਚ ਮੈਂ ਕਿਉਂ ਆਇਆ? ਜਾਂ ਸਿਆਸਤ ਕੀ ਆ? ਤੇ ਮੇਰਾ ਕਿਹੜਾ ਕਰਮ ਅੱਗੇ ਆ ਗਿਆ ਸੀ?…ਤੇ ਫੇਰ ਮੈਂ ਸੋਚਦਾਂ ਕਿ ਕੁਦਰਤ ਨੇ ਮੈਨੂੰ ਦੋਜ਼ਖ ਦਾ ਨਕਸ਼ਾ ਜਿਊਂਦੇ ਜੀ ਦਿਖਾਉਣਾ ਸੀ। ਨਰਕ ਕੀ ਹੁੰਦਾ। ਮਰ ਕੇ ਤਾਂ ਦੇਖਦੇ ਈ ਆਂ ਸਾਰੇ। ਕੁਦਰਤ ਨੇ ਕਿਹਾ ਕਿ ‘ਸਵਰਗ ਤਾਂ ਤੈਨੂੰ ਦਿਖਾ ਈ ਦਿੱਤੇ। 15 ਕੁ ਸਾਲ ਤੋਂ ਸਵਰਗ ਈ ਮਾਣ ਰਿਹਾਂ। ਦੌਲਤ, ਸ਼ੁਹਰਤ, ਇੱਜ਼ਤਾਂ, ਐਵਾਰਡ ਆਸ਼ਕ ਹੋਏ ਆ। ਕਿਹੜਾ ਦੁਨੀਆਂ ਦਾ ਐਵਾਰਡ ਜਿਹੜਾ ਤੈਨੂੰ ਨਹੀਂ ਮਿਲਿਆ। ਆ ਹੁਣ ਤੇਰੇ ਹੰਕਾਰ ਦੇ ਡੱਕਰੇ ਡੱਕਰੇ ਕਰ ਦੇਈਏ। ਆ ਹੁਣ ਤੂੰ ਫ਼ਕੀਰੀ ਵੱਲ ਵੀ ਜਾਣਾ ਤਾਂ ਤੇਰਾ ਹੰਕਾਰ ਮਾਰੀਏ। ਗਜ਼ਾ, ਓਦਾਂ ਤਾਂ ਤੂੰ ਹੁਣ ਕਰਨੀ ਨੀ। ਆਰਾਮ ਪਸੰਦ ਹੋ ਗਿਆਂ। ਗਜ਼ਾ ਜਿਹੜਾ ਕਰਨੀ ਆਂ ਨਾ…ਦਰ ਦਰ ਦੀ ਅਲਖ ਜਗਾਉਣੀ ਆ ਉਸ ਦੋਜ਼ਖ ਵਿਚੋਂ ਨਰਕ ਵਿਚੋਂ…ਉਹ ਦੋਜ਼ਖ ਜਿੱਥੇ ਮੱਝਾਂ ਨੂੰ ਵੀ ਮੱਥੇ ਟੇਕਣੇ ਪੈਂਦੇ ਆ ਵੋਟਾਂ ਲਈ…ਇਨਸਾਨ ਤੋਂ ਇਕ ਬੇਗੈਰਤ ਇਨਸਾਨ ਬਣਨਾ ਮੇਰੀ ਕਿਸਮਤ ’ਚ ਲਿਖਿਆ ਸੀ। ਉਹ ਦੋਜ਼ਖ ਦਾ ਨਕਸ਼ਾ ਮੈਨੂੰ ਮਾਲਕ ਨੇ ਦਿਖਾਇਆ। ਚਲੋ ਓਸ ਬਹਾਨੇ ਤੇਰਾਂ ਸੌ ਪਿੰਡਾਂ ਦੀ ਇਕ ਇਕ ਗਲੀ ਦੇ ਜਨਜੀਵਨ ਤੋਂ ਮੈਂ ਫਿਰ ਵਾਕਫ਼ ਹੋਇਆ। ਫਿਰ ਮੈਂ ਰੋਇਆ ਧਾਹਾਂ ਮਾਰ ਕੇ ਕਿ ਮੈਂ ਤਾਂ ਤਰੱਕੀ ਕਰ ਗਿਆ ਇਹ ਲੋਕੀਂ ਤਾਂ ਅਜੇ ਵੀ ਦੋ ਵਕਤ ਦੀ ਰੋਟੀ ਨਹੀਂ ਚੱਜ ਨਾਲ ਖਾ ਰਹੇ। ਅਜੇ ਵੀ ਬੜੀ ਭੁੱਖਮਰੀ ਦਾ ਸ਼ਿਕਾਰ ਆ। ਗੰਦਗੀ ਦੀ ਪਰਿਭਾਸ਼ਾ ਫਿਰ ਉਜਾਗਰ ਕਰਨ ਦੇ ਪ੍ਰਾਸੈੱਸ ’ਚੋਂ ਮੈਂ ਗੁਜ਼ਰਿਆ। ਅਦਰਵਾਈਜ਼ ਮੈਂ ਬਿਆਨ ਨਹੀਂ ਸੀ ਕਰ ਸਕਦਾ।
ਮੈਂ ਭੁੱਲ ਚੁੱਕਾ ਸੀ ਗਰੀਬੀ ਨੂੰ, ਫਾਕਿਆਂ ਨੂੰ ਜਿਹੜੇ ਮੈਂ ਜ਼ਿੰਦਗੀ ’ਚ ਬਹੁਤ ਕੱਟੇ ਸੀ।… ਬਾਕੀ ਸਿਆਸਤ ਮੇਰੀ ਨਜ਼ਰ ਵਿਚ ਉਹ ਆ, ਜਿਵੇਂ ਮਿਰਜ਼ੇ ਸਾਹਿਬਾਂ ਦੀ ਦਾਸਤਾਨ ਸੁਣੀ ਹੁਣੀ ਤੁਸੀਂ, ਉਹਦੇ ਵਿਚ ਸਾਹਿਬਾਂ ਕਾਨੀਆਂ ਤੋੜ ਦਿੰਦੀ ਆ ਤੇ ਸਾਹਿਬਾਂ ਦੇ ਭਰਾ ਆ ਕੇ ਮਿਰਜ਼ੇ ਦੇ ਡੱਕਰੇ ਕਰ ਦਿੰਦੇ ਆ।
ਇੰਜ ਹੰਸ ਰਾਜ ਹੰਸ ਦੀ ਜ਼ਿੰਦਗੀ ਦੇ ਤਿੰਨ ਪੱਖ-ਗਾਇਕੀ, ਰੂਹਾਨੀਅਤ ਤੇ ਸਿਆਸਤ- ਉਸ ਦੀ ਆਪਣੀ ਜ਼ੁਬਾਨੀ ਜਾਣਨ ਉਪਰੰਤ ਉਸ ਬਾਬਤ ਇਹ ਕਹਿਣਾ ਵਾਜਬ ਹੋਵੇਗਾ ਕਿ ਹੰਸ ਰਾਜ ਹੰਸ ਕਿਸੇ ਸਿਸਟਮ ਵਿਚ ਕੈਦ ਰਹਿਣ ਵਾਲਾ ਵਿਅਕਤੀ ਨਹੀਂ ਹੈ। ਉਹ ਆਜ਼ਾਦ ਤਬੀਅਤ ਦਾ ਮਾਲਕ ਹੈ। ਗਾਇਕੀ ਦੇ ਖੇਤਰ ’ਚ ਉਹ ਆਪਣੇ ਉਸਤਾਦ ਪੂਰਨ ਸ਼ਾਹ ਕੋਟੀ ਦਾ ਪੂਰਾ ਸਤਿਕਾਰ ਕਰਦਾ ਹੈ ਪਰ ਆਪਣੇ ਸ਼ਾਗਿਰਦਾਂ ਦੇ ਨਾਂ ਨਹੀਂ ਦੱਸਦਾ। ਉਹ ਚਾਹੁੰਦਾ ਹੈ ਕਿ ‘ਮੇਰੇ ਸ਼ਾਗਿਰਦ ਹੀ ਮੇਰੇ ਬਾਰੇ ਦੱਸਿਆ ਕਰਨ, ਨਹੀਂ ਦੱਸਣਗੇ ਤਾਂ ਮੈਂ ਸ਼ਾਗਿਰਦ ਬਣ ਕੇ ਹੀ ਬਹੁਤ ਖੁਸ਼ ਆਂ…।’ ਕਹਿੰਦੇ ਨੇ ਜਦੋਂ ਤਾਨਸੈਨ ਮੇਘ ਰਾਗ ਵਿਚ ਖੁੱਭ ਕੇ ਗਾਉਂਦਾ ਸੀ ਤਾਂ ਮੀਂਹ ਪੈਣ ਲੱਗ ਪੈਂਦਾ ਸੀ। ਜਦੋਂ ਹੰਸ ਤੋਂ ਪੁੱਛਿਆ ਕਿ ਕਦੇ ਉਹਦੇ ਗਾਉਣ ਨਾਲ ਵੀ ਵਰਖਾ ਹੋਈ ਹੈ ਤਾਂ ਉਸ ਨੇ ਬੜਾ ਯਥਾਰਥਕ ਉੱਤਰ ਦਿੱਤਾ ਕਿ ‘ਜਿਨ੍ਹਾਂ ਸਮਿਆਂ ਦੀ ਇਹ ਗੱਲ ਹੈ ਉਦੋਂ ਸੰਗੀਤ ਕਾਰੋਬਾਰ ਨਹੀਂ ਸੀ ਬਣਿਆ। ਭਗਤੀ ਸੀ ਸੰਗੀਤ ਉਦੋਂ। ਹੁਣ ਤਾਂ ਸਭ ਕੁਝ ਕਮਰਸ਼ੀਅਲ ਹੈ। ਰਾਗ ਵੀ ਉਹੀ ਆ। ਬੰਦਿਸ਼ਾਂ ਵੀ ਉਹੀ ਆ ਪਰ ਉਹ ਅਸਰ ਨਹੀਂ।… ਹਾਂ ਕਈ ਵਾਰੀ ਮੇਰੇ ਗਾਉਣ ਨਾਲ ਸਰੋਤੇ ਵੈਰਾਗ ’ਚ ਆ ਜਾਂਦੇ ਨੇ। ਉਨ੍ਹਾਂ ਦੇ ਨੈਣਾਂ ’ਚੋਂ ਹੰਝੂਆਂ ਦਾ ਮੀਂਹ ਜ਼ਰੂਰ ਵਰ੍ਹ ਜਾਂਦੈ।’
ਹੰਸ ਰਾਜ ਹੰਸ ਦੇ ਨਿੱਜੀ ਸ਼ੌਕ ਵੀ ਜ਼ਿਕਰਯੋਗ ਹਨ। ਉਹ ਚਾਹੁੰਦਾ ਹੈ ਕਿ ‘ਮੈਂ ਜਿੱਥੇ ਬੈਠਾ ਹੋਵਾਂ ਜਾਂ ਜਿੱਥੇ ਸੌਣਾ ਹੋਵੇ, ਉਥੇ ਬਹੁਤ ਸਾਰੀਆਂ ਕਿਤਾਬਾਂ ਜਾਂ ਰੀਲ੍ਹਾਂ ਹੋਣ ਜਾਂ ਮੈਂ ਪੜ੍ਹਦਾ ਪੜ੍ਹਦਾ ਸੌਂ ਜਾਂ ਤੇ ਜਾਂ ਮੈਂ ਸੁਣਦਾ ਸੁਣਦਾ ਸੌਂ ਜਾਂ। ਚੰਗਾ ਸੰਗੀਤ ਤੇ ਚੰਗੀਆਂ ਕਿਤਾਬਾਂ- ਇਹੀ ਮੇਰਾ ਸ਼ੌਕ ਹੈ। ਜਾਂ ਮੈਂ ਇਤਿਹਾਸਕ ਥਾਵਾਂ ਦੇਖਣਾ ਚਾਹੁਨਾਂ। ਜਿੱਦਾਂ ਜੀਅ ਕਰਦੈ ਕਿ ਕਦੀ ਬੇਬੇ ਹੀਰ ਦੀ ਕਬਰ ’ਤੇ ਜਾ ਕੇ ਬਹਿ ਜਵਾਂ। ਓਸ ਸੱਚੀ ਸੁੱਚੀ ਰੂਹ ਨੂੰ ਸਿੱਜਦਾ ਕਰਾਂ। ਕਦੀ ਮੈਂ ਜੰਡਿਆਲੇ ਸ਼ੇਰ ਖਾਂ ਚਲਾ ਜਾਨਾਂ। ਓਸ ਬੇਰੀ ਦੇ ਪੱਤੇ ਖਾਨਾ ਜਿਹੜੀ ਬਾਬਾ ਵਾਰਿਸ ਸ਼ਾਹ ਨੇ ਆਪਣੇ ਹੱਥੀਂ ਲਾਈ ਸੀ। ਇਸ ਬੇਰੀ ਬਾਰੇ ਕਿਹਾ ਜਾਂਦਾ ਹੈ ਕਿ ਇਹਦੇ ਪੱਤੇ ਖਾਣ ਨਾਲ ਸ਼ਬਦਾਂ ਦੇ ਅਰਥ ਖੂਬ ਸਮਝ ਆ ਜਾਂਦੇ ਹਨ, ਇਕ ਸ਼ਾਇਰ ਹੋਰ ਵਧੀਆ ਸ਼ਾਇਰ ਬਣ ਸਕਦੈ, ਇਕ ਗਾਇਕ ਹੋਰ ਵਧੀਆ ਗਾਇਕ ਬਣ ਸਕਦੈ, ਕਿਬਾੜ ਖੁੱਲ੍ਹ ਜਾਂਦੇ ਹਨ, ਸ਼ਰਧਾਲੂ ਇਨ੍ਹਾਂ ਪੱਤਿਆਂ ਨੂੰ ਪ੍ਰਸ਼ਾਦ ਵਜੋਂ ਹੀ ਖਾ ਲੈਂਦੇ ਹਨ। ਇਸ ਮਿੱਥ ਵਿਚ ਕਿੰਨਾ ਕੁ ਸੱਚ ਹੈ ਝੂਠ ਹੈ। ਮੈਨੂੰ ਪਤਾ ਨਹੀਂ। ਪਰ ਇਕ ਗੱਲ ਪੱਕੀ ਹੈ ਕਿ ਜਿੱਥੇ ਮੁਹੱਬਤ ਹੋਵੇ ਉਥੇ ਝੂਠ ਵੀ ਪਿਆਰਾ ਲਗਦਾ ਹੈ ਤੇ ਸੱਚ ਤਾਂ ਲਗਣਾ ਹੀ ਹੈ। ਮੈਂ ਬਾਬਾ ਬੁੱਲ੍ਹੇ ਸ਼ਾਹ ਦੇ ਸ਼ਹਿਰ ਕਸੂਰ ਵੀ ਚਲੇ ਜਾਨਾਂ। ਨਨਕਾਣਾ ਸਾਹਿਬ ਮੈਂ ਗਿਆ। ਸਾਰੇ ਈ ਬੰਦੇ ਆਪੋ-ਆਪਣੇ ਕੰਮ ’ਚ ਬਹੁਤ ਵਿਜ਼ੀ ਸੀ ਗੁਰਦੁਆਰਾ ਸਾਹਿਬ ’ਚ। ਮੈਂ ਜਥੇ ’ਚੋਂ ਨਿਕਲ ਕੇ ਖੇਤਾਂ ’ਚ ਚਲੇ ਗਿਆ। ਮੈਂ ਕਿਹਾ ਮੈਂ ਓਸ ਹਵਾ ’ਚ ਸਾਹ ਲੈਣੇ ਚਾਹੁਨਾਂ, ਓਸ ਖੂਹੀ ਤੋਂ ਪਾਣੀ ਪੀਣਾ ਚਾਹੁਨਾਂ, ਜਿੱਥੇ ਮੇਰਾ ਮਾਲਕ, ਜਗਤ ਗੁਰੂ ਨਾਨਕ ਕਹਿ ਗਿਆ, ‘ਇਕ ਓ ਅੰਕਾਰ’। ਬਸ ਮੇਰੇ ਇਹੀ ਸ਼ੌਕ ਆ।’
ਮੁੱਕਦੀ ਗੱਲ, ਜਿਵੇਂ ਉਡਣ ਵਾਲਾ ਹੰਸ ਦੁੱਧ ਤੇ ਨੀਰ ਦਾ ਨਖੇੜਾ ਖੂਬ ਕਰ ਲੈਂਦਾ ਹੈ ਉਵੇਂ ਸਾਡਾ ਇਹ ਗਾਉਣ ਵਾਲਾ ਹੰਸ ਇਸ ਦੁਨੀਆਂ ਦੇ ਦਸਤੂਰ ਨੂੰ ਖੂਬ ਜਾਣਦਾ ਹੈ। ਚੰਗੇ-ਮੰਦੇ ਨੂੰ ਬਾਖੂਬੀ ਪਛਾਣਦਾ ਹੈ। ਅੱਗੋਂ ਫੈਸਲਾ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਦੇ ਹੱਥ ਪਰ ਪਰਵਦਗਾਰ ਦੀ ਪੂਰਨ ਬਖਸ਼ਿਸ਼ ਸੰਪੰਨ ਹੰਸ ਰਾਜ ਹੰਸ ਉਤੇ ਮੈਨੂੰ ਸੂਫੀ ਸੰਤ ਸੁਲਤਾਨ ਬਾਹੂ ਦੀਆਂ ਇਹ ਸਤਰਾਂ ਢੁੱਕਦੀਆਂ ਨਜ਼ਰ ਆਉਂਦੀਆਂ ਹਨ:-
ਜੀਮ, ਜੀਉਂਦਿਆਂ ਮਰ ਰਹਿਣਾ ਹੋਵੇ,
ਤਾਂ ਵੇਸ ਫ਼ਕੀਰਾਂ ਬਹੀਏ ਹੂ।
ਜੇ ਕੋਈ ਸੁੱਟੇ ਗੁੱਦੜ ਕੂੜਾ,
ਵਾਂਗ ਅਰੂੜੀ ਸਹੀਏ ਹੂ।
ਜੇ ਕੋਈ ਕੱਢੇ ਗਾਲ੍ਹਾਂ ਮਿਹਣਾ,
ਉਸ ਨੂੰ ਜੀ ਜੀ ਕਹੀਏ ਹੂ।
ਗਿਲਾ, ਉਲਾਹਮਾ, ਭੰਡੀ, ਖ਼ਵਾਰੀ,
ਯਾਰ ਦੇ ਪਾਰੋਂ ਸਹੀਏ ਹੂ।
ਕਾਦਿਰ ਦੇ ਹੱਥ ਡੋਰ ਅਸਾਡੀ ਬਾਹੂ,
ਜਿਉਂ ਰੱਖੇ ਤਿਉਂ ਰਹੀਏ ਹੂ।


Comments Off on ਕੁੱਲੀ ਨੀ ਫਕੀਰ ਦੀ ਵਿਚੋਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.