ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ

Posted On August - 24 - 2010

ਡਾ. ਹਰਿੰਦਰਪਾਲ ਸਿੰਘ

ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ। ‘ਐਕੁਸ’ (Acus) ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੂਈ ਅਤੇ ‘ਪੰਕਚੁਰਾ’ (Punctura) ਦਾ ਅਰਥ ਹੈ ਸੂਈ ਨਾਲ ਛੇਦਣਾ ਜਾਂ ਚੋਭਣਾ। ਇਸ ਤਰ੍ਹਾਂ ਐਕੂਪੰਕਚਰ ਇਕ ਬਹੁਤ ਪੁਰਾਣੀ ਚੀਨ ਦੀ ਕੁਦਰਤੀ ਇਲਾਜ ਪ੍ਰਣਾਲੀ ਹੈ। ਚੀਨੀ ਭਾਸ਼ਾ ਵਿਚ ਇਸ ਨੂੰ (Chen) ਜਾਂ ਜੇਨ (Zhen) ਆਖਿਆ ਜਾਂਦਾ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਅਜੋਕੀਆਂ ਸੂਈਆਂ ਤੋਂ ਪਹਿਲਾਂ ਤਿੱਖੇ ਪੱਥਰ ਜਾਂ ਪੱਥਰ ਦੀਆਂ ਬਣੀਆਂ ਸੂਈਆਂ ਨੂੰ ਇਲਾਜ ਲਈ ਵਰਤਿਆ ਜਾਂਦਾ ਹੈ। ਉਸ ਸਮੇਂ ਇਸ ਵਿਧੀ ਨੂੰ ਬੀਨ (2ien) ਜਾਂ ਪੀਨ (Pien) ਆਖਿਆ ਜਾਂਦਾ ਹੈ। ਫਿਰ ਹੱਡੀਆਂ ਅਤੇ ਬਾਂਸ ਤੋਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗੀ। 2697-2596 ਬੀ.ਸੀ. ਦੇ ਸਮੇਂ ਤੋਂ ਧਾਤੂ ਦੀਆਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗ ਪਈ। ਇਸ ਦਾ ਜ਼ਿਕਰ ‘ਹੂਆਂਗ ਦੀ ਫੂ ਸੀ’ ਦੀ ਪ੍ਰਸਿੱਧ ਪੁਸਤਕ (The yellow emperors classic of internal medicine) ‘ਦੀ ਯੈਲੋ ਇਮਪੈਰਰਸ ਕਲਾਸਿਕ ਆਫ ਇੰਟਰਨਲ ਮੈਡੀਸਿਨ’ ਵਿਚ ਬਾਖੂਬੀ ਗਵਾਹੀ ਸਹਿਤ ਦਰਜ ਹੈ। ਕਈ ਤਰ੍ਹਾਂ ਦੇ ਆਸ਼ਰਤ ਅਨੁਭਵ, ਪਰਿਕਲਪਨਾ, ਮਨੌਤਾਂ ਅਤੇ ਗਵਾਹੀਆਂ ਨੇ ਇਸ ਦੇ ਮੌਜੂਦਾ ਵਿਗਿਆਨਕ ਰੂਪ ਨੂੰ ਸਥਾਪਤ ਹੋਣ ਵਿਚ ਭੂਮਿਕਾ ਨਿਭਾਈ ਹੈ। ਇਸ ਵਿਧੀ ਦਾ ਆਗਾਜ ਪੂਰਬੀ ਚੀਨ ਤੋਂ ਹੋਇਆ ਅਤੇ ਫਿਰ ਇਹ ਉੱਤਰੀ ਚੀਨ ਤਕ ਫੈਲ ਗਈ। ਇਸ ਥੈਰੇਪੀ ਦੀ ਖੋਜ ਵੀ ਬੜੀ ਦਿਲਚਸਪ ਤੇ ਪ੍ਰਸੰਗਕ ਹੈ। ਜਦੋਂ ਲੜਾਈ ਤੀਰ ਕਮਾਨਾਂ ਨਾਲ ਲੜੀ ਜਾਂਦੀ ਸੀ ਤਾਂ ਕਈ ਵਾਰ ਸਿਪਾਹੀਆਂ ਦੇ ਸਰੀਰ ਦੇ ਕਿਸੇ ਖਾਸ ਹਿੱਸੇ ਜਾਂ ਬਿੰਦੂ ’ਤੇ ਤੀਰ ਜਾਂ ਨੁਕੀਲੇ ਪੱਥਰ ਦੇ ਖੁੱਭਣ ਨਾਲ ਉਨ੍ਹਾਂ ਦੇ ਕਈ ਜ਼ਖਮ ਆਪਣੇ ਆਪ ਠੀਕ ਹੋਣੇ ਸ਼ੁਰੂ ਹੋ ਜਾਂਦਾ ਸੀ ਜਿਸ ਤੋਂ ਕਿ ਉਹ ਪੀੜਤ ਹੁੰਦੇ ਸਨ। ਇਸ ਖੋਜ ਨੇ ਉਸ ਸਮੇਂ ਦੇ ਚੀਨ ਦੇ ਚਕਿਤਸਕਾਂ ਨੂੰ ਇਸ ’ਤੇ ਹੋਰ ਖੋਜ ਅਤੇ ਪ੍ਰਯੋਗ ਕਰਨ ਲਈ ਉਤਸ਼ਾਹਤ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਸਰੀਰ ਦੇ ਕੁਝ ਖਾਸ ਹਿੱਸਿਆਂ ’ਤੇ ਊਰਜਾ ਦੇ ਪ੍ਰਵਾਹ ਨੂੰ ਲੱਭ ਕੇ ਕੁਝ ਖਾਸ ਬਿੰਦੂਆਂ ਦੀ ਪਹਿਚਾਣ ਕੀਤੀ। ਇਨ੍ਹਾਂ ਖਾਸ ਬਿੰਦੂਆਂ ਨੂੰ ਕਾਲਪਨਿਕ ਰੇਖਾਵਾਂ ਨਾਲ ਜੋੜ ਕੇ ਫਿਰ ਬ੍ਰਹਿਮੰਡੀ ਊਰਜਾ ਦੇ ਪ੍ਰਵਾਹ ਦਾ ਮਾਰਗ ਸਥਾਪਤ ਕੀਤਾ ਗਿਆ। ਇਸ ਤਰ੍ਹਾਂ ਮੈਰੀਡੀਅਨ (Meridians) ਅਤੇ ਚੈਨਲਜ (Channels) ਦੀ ਵਰਤੋਂ ਹੋਣ ਲੱਗ ਗਈ। ਇਹ ਬਿੰਦੂ ਅਤੇ ਮੈਰੀਡੀਅਨ ਹੀ ਅੱਜ ਦੀ ਇਸ ਵਿਕਸਿਤ ਪ੍ਰਣਾਲੀ ਦਾ ਆਧਾਰ ਹਨ। ਸਾਡੇ ਸਰੀਰ ਵਿਚ 12 ਰੈਗੂਲਰ ਦੋ-ਪੱਖੀ ਮੈਰੀਡੀਅਨ ਹੁੰਦੇ ਹਨ ਜਿਹੜੇ ਕਿ 12 ਮੁੱਖ ਅੰਗਾਂ ਜਿਵੇਂ ਕਿ ਤਿੱਲੀ, ਦਿਲ, ਮਿਹਦਾ, ਗੁਰਦੇ ਆਦਿ ਵਿਚੋਂ ਹੋ ਕੇ ਜਾਂਦੇ ਹਨ। ਇਸ ਤੋਂ ਇਲਾਵਾ 15 ਸਮਾਨਾਂਤਰ ਮੈਰੀਡੀਅਨ ਅਤੇ 12 ਹੋਰ ਭਿੰਨ ਦਿਸ਼ਾਵਾਂ ਵਿਚ ਜਾਣ ਵਾਲੇ ਮੈਰੀਡੀਅਨ ਹੁੰਦੇ ਹਨ। ਹੁਣ ਤਕ ਮਨੁੱਖੀ ਸਰੀਰ ਵਿਚ 700 ਤੋਂ ਜ਼ਿਆਦਾ ਬਿੰਦੂ ਲੱਭੇ ਜਾ ਚੁੱਕੇ ਹਨ।
19ਵੀਂ ਸਦੀ ਤਕ ਇਸ ਥੈਰੇਪੀ ਦਾ ਇਸਤੇਮਾਲ ਚੀਨ ਵਿਚ ਹੁੰਦਾ ਰਿਹਾ। 1837-1842 ਦੇ ਅਫੀਮ ਯੁੱਧ ਦੌਰਾਨ ਇਸ ਦਾ ਸੰਪਰਕ ਪੱਛਮੀ ਦਵਾਈਆਂ ਨਾਲ ਹੋਇਆ। ਚੀਨ ਦੇ ਸ਼ਾਸਕ ਮਾਉ ਜਿਡੌਂਗ ਦੀ ਅਗਵਾਈ ਵਿਚ 1950 ਦੇ ਲਗਪਗ ਇਸ ਦਾ ਵਿਸਥਾਰ ਹੋਰ ਪੂਰਬੀ ਅਤੇ ਪੱਛਮੀ ਦੇਸ਼ਾਂ ਵਿਚ ਹੋਇਆ। ਜਿਉਂ-ਜਿਉਂ ਇਹ ਥੈਰੇਪੀ ਤਰੱਕੀ ਕਰਦੀ ਗਈ ਇਸ ਵਿਚ ਲੋਹਾ, ਤਾਂਬਾ, ਸਿਲਵਰ, ਸੋਨਾ ਅਤੇ ਅੰਤ ਵਿਚ ਸਟੇਨਲੈੱਸ ਸਟੀਲ ਦੀਆਂ ਸੂਈਆਂ ਦੀ ਵਰਤੋਂ ਹੋਣ ਲੱਗ ਗਈ। ਸ਼ੁਰੂ ਵਿਚ ਪੱਛਮੀ ਦਵਾਈਆਂ ਦੇ ਡਾਕਟਰਾਂ ਵੱਲੋਂ ਲੰਮੇ ਸਮੇਂ ਤਕ ਇਸ ਦਾ ਵਿਰੋਧ ਕੀਤਾ ਜਾਂਦਾ ਰਿਹਾ। ਫਿਰ 1979 ਵਿਚ ਵਿਸ਼ਵ ਸਿਹਤ ਸੰਗਠਨ ਨੇ ਇਸ ਥੈਰੇਪੀ ਨੂੰ ਆਪਣੀ ਮਾਨਤਾ ਦੇ ਕੇ ਚੀਨ ਦੀ ਪ੍ਰਮੁੱਖ ਕੁਦਰਤੀ ਇਲਾਜ ਪ੍ਰਣਾਲੀ ਵਜੋਂ ਸਵੀਕਾਰ ਕਰ ਲਿਆ ਅਤੇ ਘੋਸ਼ਣਾ ਕੀਤੀ ਕਿ 43 ਦੇ ਲਗਪਗ ਬਿਮਾਰੀਆਂ ਨੂੰ ਇਸ ਪ੍ਰਣਾਲੀ ਦੁਆਰਾ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇੰਗਲੈਂਡ, ਅਮਰੀਕਾ, ਆਸਟਰੇਲੀਆ, ਫਰਾਂਸ, ਜਰਮਨੀ, ਸ੍ਰੀਲੰਕਾ, ਭਾਰਤ ਅਤੇ ਮਲੇਸ਼ੀਆ ਆਦਿ ਦੇਸ਼ਾਂ ਦੇ ਡਾਕਟਰਾਂ ਨੇ ਵੀ ਇਸ ਪ੍ਰਣਾਲੀ ਨੂੰ ਅਪਣਾ ਲਿਆ। ਦੁਨੀਆਂ ਦੇ ਲਗਪਗ ਪੰਜਾਹ ਤੋਂ ਜ਼ਿਆਦਾ ਦੇਸ਼ਾਂ ਵਿਚ ਇਸ ਦਾ ਇਸਤੇਮਾਲ ਹੋ ਰਿਹਾ ਹੈ। 9000 ਹਜ਼ਾਰ ਤੋਂ ਜ਼ਿਆਦਾ ਡਾਕਟਰ ਇਸ ਥੈਰੇਪੀ ਦੀ ਪ੍ਰੈਕਟਿਸ ਕਰ ਰਹੇ ਹਨ, ਜਿਨ੍ਹਾਂ ਵਿਚੋਂ 4000 ਦੇ ਲਗਪਗ ਐਮ.ਡੀ. ਹਨ। ਇਹ ਥੈਰੇਪੀ ਵੀ ਬ੍ਰਹਿਮੰਡੀ ਊਰਜਾ (Cosmic Energy) ਦੇ ਸਿਧਾਂਤ ਨੂੰ ਲੈ ਕੇ ਚਲਦੀ ਹੈ ਜਿਸ ਅਨੂਸਾਰ ਬ੍ਰਹਿਮੰਡ ਵਿਚ ਦੋ ਤਰ੍ਹਾਂ ਦੀ ਊਰਜਾ ਪਾਜ਼ਿਟਿਵ ਯੈਂਗ (Yang) ਊਰਜਾ ਅਤੇ ਨੈਗੇਟਿਵ ਯਿਨ  (Yin) ਊਰਜਾ ਵਿਚ ਸਥਿਰ ਸੰਘਰਸ਼ ਚਲਦਾ ਰਹਿੰਦਾ ਹੈ। ਕਿਉਂਕਿ ਮਨੁੱਖ ਵੀ ਬ੍ਰਹਿਮੰਡ ਦਾ ਇਕ ਹਿੱਸਾ ਹੈ ਇਸ ਲਈ ਨਿਯਮ ਉੱਤੇ ’ਤੇ ਵੀ ਲਾਗੂ ਹੁੰਦਾ ਹੈ। ਉਹ ਵੀ ਇਸ ਤੋਂ ਪ੍ਰਭਾਵਤ ਹੁੰਦਾ ਹੈ। ਯੈਂਗ ਅਤੇ ਯਿਨ ਊਰਜਾ ਦੀ ਸੰਤੁਲਤ ਊਰਜਾ ਜਿਸ ਨੂੰ ਕਿ ਚਾਈ (CHI) ਕਿਹਾ ਜਾਂਦਾ ਹੈ ਮੈਰੀਡੀਅਨ ਜਾਂ ਚੈਨਲਜ਼ ਦੁਆਰਾ ਸਰੀਰ ਵਿਚ ਇਕਸਾਰ ਪ੍ਰਭਾਵਤ ਹੁੰਦੀ ਰਹਿੰਦੀ ਹੈ। ਯੈਂਗ ਅਤੇ ਯਿਨ ਊਰਜਾ ਦੇ ਵਧਣ ਜਾਂ ਘਟਣ ਨਾਲ ਹੀ ਕੋਈ ਬਿਮਾਰੀ ਹੁੰਦੀ ਹੈ। ਮੈਰੀਡੀਅਨ ਦੇ ਖਾਸ ਬਿੰਦੂਆਂ ’ਤੇ ਊਰਜਾ ਬਿੰਦੂ ਲੱਭ ਕੇ ਸੂਈ ਚੋਭ ਕੇ ਊਰਜਾ ਦਾ ਪ੍ਰਬਾਹ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਊਰਜਾ ਨੂੰ ਸੰਤੁਲਿਤ ਕਰਕੇ ਬਿਮਾਰੀ ਨੂੰ ਠੀਕ ਕੀਤਾ ਜਾਂਦਾ ਹੈ ਅਤੇ ਸਰੀਰ ਦੇ ਸਿਸਟਮ ਦੀ ਇਕਸਾਰਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਊਰਜਾ ਜੋ ਕਿ ਚਾਈ ਦੇ ਰੂਪ ਵਿਚ ਪ੍ਰਵਾਹਿਤ ਹੁੰਦੀ ਹੈ, ਨੂੰ ਸਰੀਰ ਪੂਰੀ ਤਰ੍ਹਾਂ ਵਰਤ ਲੈਂਦਾ ਹੈ, ਫਿਰ ਭੋਜਨ, ਸੂਰਜ, ਪਣੀ ਅਤੇ ਹਵਾ ਤੋਂ ਇਸ ਊਰਜਾ ਦੀ ਪੂਰਤੀ ਹੁੰਦੀ ਰਹਿੰਦੀ ਹੈ। ਚਾਈ ਊਰਜਾ ਦਾ ਵਧਣਾ ਜਾਂ ਘਟਣਾ ਹੀ ਬਿਮਾਰ ਸਿਹਤ ਦਾ ਕਾਰਨ ਬਣਦਾ ਹੈ। ਦਰਅਸਲ ਐਕੂਪੰਕਚਰ ਸਰੀਰ ਦੇ ਅੰਦਰੂਨੀ ਰਖਿਆਤਮਕ ਢਾਂਚੇ ਵਿਚ ਗਤੀਸ਼ੀਲਤਾ ਤੇ ਇਕਸਾਰਤਾ ਨੂੰ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ। ਜਦੋਂ ਤਕ ਸਰੀਰ ਦੀ ਰੱਖਿਆ ਪ੍ਰਣਾਲੀ ਕਾਇਮ ਹੈ ਉਦੋਂ ਤਕ ਕੋਈ ਵੀ ਬੈਕਟੀਰੀਆ ਜਾਂ ਵਿਸ਼ਾਣੂ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਐਕੂਪੰਕਚਰ ਦੁਆਰਾ ਸਰੀਰ ਨੂੰ ਤੰਦਰੁਸਤ ਰੱਖਣ ਦੀਆਂ ਕਾਫੀ ਸੰਭਾਵਨਾਵਾਂ ਹਨ। ਇਸ ਨੂੰ ਹੋਰ ਕਿਸੇ ਵੀ ਇਲਾਜ ਪ੍ਰਣਾਲੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਪੂਰੀ ਜਾਣਕਾਰੀ ਤੋਂ ਬਿਨਾਂ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਰੋਗ ਦੀ ਸਹੀ ਜਾਂਚ ਇਲਾਜ ਲਈ ਬੜਾ ਮਹੱਤਪੂਰਨ ਰੋਲ ਅਦਾ ਕਰਦੀ ਹੈ। ਐਕੂਪੰਕਚਰ ਦਾ ਇਸਤੇਮਾਲ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ। ਮਹੱਤਵਪੂਰਨ ਅੰਗਾਂ ’ਤੇ ਸੱਟ ਜਾਂ ਕੋਈ ਜ਼ਖਮ ਹੋਵੇ ਤਾਂ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇਕਰ ਖਾਸ ਬਿੰਦੂ ਨਾ ਲੱਭੇ ਤਾਂ ਵੀ ਅੰਦਾਜ਼ੇ ਨਾਲ ਪੰਕਚਰ ਨਹੀਂ ਕਰਨਾ ਚਾਹੀਦਾ। ਮੁੜੀ ਹੋਈ, ਟੁੱਟੀ ਹੋਈ ਜਾਂ ਜੰਗ ਲੱਗੀ ਹੋਈ ਸੂਈ ਨੁਕਸਾਨ ਹੋ ਸਕਦੀ ਹੈ। ਖੂਨ ਦੀ ਕਮੀ,ਬਹੁਤ ਜ਼ਿਆਦਾ ਕਮਜ਼ੋਰ ਵਿਅਕਤੀ ਅਤੇ ਥਕਾਵਟ ਦੀ ਹਾਲਤ ਵਿਚ ਐਕੂਪੰਕਚਰ ਨਹੀਂ ਕਰਨਾ ਚਾਹੀਦਾ। ਗਰਭਵਤੀ ਔਰਤ, ਸ਼ਰਾਬੀ ਹਾਲਤ ਅਤੇ ਵਧੇ ਹੋਏ ਬਲੱਡ ਪ੍ਰੈਸ਼ਰ ਵਿਚ ਵੀ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਿਹੜੇ ਵਿਅਕਤੀਆਂ ਦੇ ਪੇਸਮੇਕਰ ਲੱਗਾ ਹੋਵੇ, ਨੂੰ ਇਸ ਦਾ ਗਲਤੀ ਨਾਲ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਖਾਲ੍ਹੀ ਪੇਟ, ਖਾਣਾ ਖਾਣ ਤੋਂ ਇਕਦਮ ਬਾਅਦ, ਵਰਤ ਦੇ ਸਮੇਂ, ਗਰਮ ਇਸ਼ਨਾਨ ਕਰਨ ਤੋਂ ਬਾਅਦ, ਸੰਭੋਗ ਕਰਨ ਤੋਂ ਇਕਦਮ ਬਾਅਦ, ਬਹੁਤ ਜ਼ਿਆਦਾ ਬਜ਼ੁਰਗ ਵਿਅਕਤੀ, ਪਸੀਨਾ ਆਉਣ ਦੀ ਹਾਲਤ ਵਿਚ ਅਤੇ ਬਹੁਤ ਜ਼ਿਆਦਾ ਖੁਸ਼ੀ ਅਤੇ ਭਾਵੁਕਤਾ ਦੇ ਸਮੇਂ ਐਕੂਪੰਕਚਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕਿਸੇ ਯੋਗ ਡਾਕਟਰ ਦੀ ਦੇਖਰੇਖ ਜਾਂ ਪੂਰਾ ਗਿਆਨ ਲੈ ਕੇ ਇਲਾਜ ਕੀਤਾ ਜਾਵੇ ਤਾਂ ਇਹ ਪ੍ਰਣਾਲੀ ਬਹੁਤ ਕਾਰਗਰ ਅਤੇ ਸਸਤੀ ਸਾਬਤ ਹੁੰਦੀ ਹੈ।


Comments Off on ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.