ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਕਿਸਾਨਾਂ ਲਈ ਖੇਤੀ-ਸਾਹਿਤ ਦੀ ਮਹੱਤਤਾ

Posted On August - 27 - 2010

ਹਰਮੀਤ ਸਿਵੀਆਂ

ਅਜੋਕੇ ਸਮੇਂ ਕਿਸਾਨ ਨੂੰ ਖੇਤੀ ਦੇ ਬਦਲਵੇਂ ਢੰਗ, ਸਹਾਇਕ ਧੰਦੇ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਦੀ ਸਖਤ ਲੋੜ ਹੈ। ਰੋਜ਼ਾਨਾ ਅਖਬਾਰਾਂ ਦੇ ‘ਖੇਤੀ ਅੰਕ’, ਖੇਤੀਬਾੜੀ ਯੂਨੀਵਰਸਿਟੀ ਦੇ ਮਾਸਿਕ ਪੱਤਰ-ਪੱਤ੍ਰਿਕਾਵਾਂ ਤੇ ਕਿਤਾਬਾਂ, ਪ੍ਰਾਈਵੇਟ ਖੇਤੀ ਮੈਗਜ਼ੀਨ ਤੇ ਹੋਰ ਖੇਤੀ-ਸਾਹਿਤ ਲਾਹੇਵੰਦੀ ਖੇਤੀ ਲਈ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ। ਕੁਝ ਸਮਾਂ ਪਹਿਲਾਂ ਆਮ ਕਿਸਾਨ ਖੇਤੀ ਵਿਚ ਕੋਈ ਨਵਾਂ ਤਜਰਬਾ ਕਰਨ ਜਾਂ ਕੋਈ ਆਧੁਨਿਕ ਤਕਨੀਕ ਅਪਣਾਉਣ ਤੋਂ ਕੰਨੀ ਕਤਰਾਉਂਦੇ ਸਨ ਪਰ ਪੜ੍ਹੇ-ਲਿਖੇ ਉੱਦਮੀ ਕਿਸਾਨਾਂ ਨੇ ਪਹਿਲ ਕਰਦਿਆਂ ਖੇਤੀ ਮਾਹਿਰਾਂ ਦੀ ਪ੍ਰੇਰਨਾ ਸਦਕਾ ਇਨ੍ਹਾਂ ਨੂੰ ਅਪਣਾਇਆ ਤੇ ਸਫਲ ਹੋਏ। ਇਨ੍ਹਾਂ ਖੇਤੀ ਮਾਹਿਰਾਂ ਦੇ ਮਸ਼ਵਰੇ ਤੇ ਨਵੀਆਂ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿਚ ਖੇਤੀ-ਸਾਹਿਤ ਦਾ ਅਹਿਮ ਯੋਗਦਾਨ ਰਿਹਾ ਹੈ। ਖੇਤੀ-ਸਾਹਿਤ ਪੜ੍ਹਨ ਸਦਕਾ ਹੀ ਕਿਸਾਨ ਸਬਜ਼ੀਆਂ ਅਤੇ ਫਲ ਉਤਪਾਦਨ ਵੱਲ ਵੀ ਵਿਸ਼ੇਸ਼ ਤੌਰ ’ਤੇ ਰੁਚਿਤ ਹੋਏ। ਖੇਤੀਬਾੜੀ ਦੇ ਕਾਰੋਬਾਰ ਨਾਲ ਜੁੜੇ ਹੋਏ ਪੜ੍ਹੇ-ਲਿਖੇ ਵਿਅਕਤੀ ਸਪੱਸ਼ਟ ਤੌਰ ’ਤੇ ਇਸ ਗੱਲ ਨਾਲ ਸਹਿਮਤ ਹਨ ਕਿ ਖੇਤੀ ਨੂੰ ਵਿਕਸਿਤ ਕਰਨ ਵਿਚ ਖੇਤੀ-ਸਾਹਿਤ ਦਾ ਕਾਫੀ ਵੱਡਾ ਯੋਗਦਾਨ ਹੈ। ਰੋਜ਼ਾਨਾ ਅਖਬਾਰਾਂ ਵਿਚ ਖੇਤੀ ਸਬੰਧੀ ਛਪਦੇ ਲੇਖਾਂ, ਖੇਤੀ ਮੈਗਜ਼ੀਨਾਂ, ਵਰਸਿਟੀ ਦੀਆਂ ਕਿਤਾਬਾਂ ਤੇ ਹੋਰ ਖੇਤੀ ਸਾਹਿਤ ਤੋਂ ਫਸਲਾਂ ਦੀ ਬਿਜਾਈ, ਕਟਾਈ, ਫਸਲ ਦੇ ਰੋਗ, ਉਨ੍ਹਾਂ ਦੀ ਰੋਕਥਾਮ, ਖਾਦ ਅਤੇ ਬੀਜ ਦੀ ਵਰਤੋਂ ਮਾਤਰਾ, ਕੀਟਨਾਸ਼ਕ ਦਵਾਈਆਂ ਦੀਆਂ ਸਿਫਾਰਿਸ਼ਾਂ ਤੋਂ ਇਲਾਵਾ ਇਨ੍ਹਾਂ ਦੀ ਵਰਤੋਂ ਦੇ ਸੁਚੱਜੇ ਢੰਗ ਆਦਿ ਬਾਰੇ ਅਹਿਮ ਜਾਣਕਾਰੀ ਹਾਸਲ ਹੁੰਦੀ ਹੈ। ਇਸ ਤੋਂ ਇਲਾਵਾ ਸਾਡੇ ਕਈ ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਸਰਕਾਰ ਦੇ ਨਿਰਦੇਸ਼ਾਂ ਜਾਂ ਆਦੇਸ਼ਾਂ ਦੀ ਜਾਣਕਾਰੀ ਨਾ ਹੋਣਾ ਉਨ੍ਹਾਂ ਲਈ ਮੁਸ਼ਕਲ ਵੀ ਪੈਦਾ ਕਰ ਸਕਦਾ ਹੈ ਜਿਵੇਂ ਖੇਤੀ ਵਿਭਾਗ ਵੱਲੋਂ ਅਗੇਤਾ ਝੋਨਾ ਨਾ ਲਾਉਣ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦਾ ਖੜਾ ਝੋਨਾ ਉਸ ਨੂੰ ਸਜ਼ਾ ਵਜੋਂ ਵਾਹਿਆ ਗਿਆ, ਜਾਂ ਸਰਕਾਰ ਦੇ ਪਰਾਲੀ ਨਾ ਸਾੜਨ ਦੇ ਆਦੇਸ਼ਾਂ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਈ ਕਿਸਾਨਾਂ ’ਤੇ ਪਰਚੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ ਬਹੁਤੇ ਕਿਸਾਨਾਂ ਨੂੰ ਇਹ ਜਾਣਕਾਰੀ ਹੀ ਨਹੀਂ ਸੀ। ਇਸ ਤਰ੍ਹਾਂ ਦੀ ਜਾਣਕਾਰੀ ਅਖਬਾਰਾਂ ਦੇ ਖੇਤੀ-ਅੰਕਾਂ ਜਾਂ ਹੋਰ ਖੇਤੀ-ਸਾਹਿਤ ਤੋਂ ਮਿਲ ਸਕਦੀ ਹੈ। ਖੇਤੀ ਸਾਹਿਤ ਦੀ ਪ੍ਰੇਰਨਾ ਸਦਕਾ ਖੇਤੀਬਾੜੀ ਨਾਲ ਜੁੜੇ ਛੋਟੇ ਕਿਸਾਨਾਂ ਨੇ ਵੀ ਸਹਾਇਕ ਧੰਦਿਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਹੈ। ਉਹ ਡੇਅਰੀ-ਫਾਰਮਿੰਗ, ਪਸ਼ੂ-ਪਾਲਣ, ਸ਼ਹਿਦ-ਮੱਖੀ ਪਾਲਣ, ਸੂਰ-ਪਾਲਣ, ਮੁਰਗੀ-ਪਾਲਣ ਵਰਗੇ ਧੰਦਿਆਂ ਵੱਲ ਦਿਲਚਸਪੀ ਲੈਣ ਲੱਗੇ ਹਨ। ਖੇਤੀ-ਸਾਹਿਤ ਸਦਕਾ ‘ਕਿਸਾਨ ਮੇਲਿਆਂ’ ਵਿਚ ਕਿਸਾਨਾਂ ਦੀ ਸ਼ਮੂਲੀਅਤ ਵਧੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਲਈ ਖੇਤੀ-ਸਾਹਿਤ ਦਾ ਬਹੁਤ ਮਹੱਤਵ ਹੈ, ਇਸ ਲਈ ਖੇਤੀ ਸਬੰਧੀ ਸਾਹਿਤ ਨੂੰ ਕਿਸਾਨਾਂ ਦੇ ਘਰਾਂ ਤੱਕ ਯਕੀਨੀ ਤੌਰ ’ਤੇ ਪਹੁੰਚਾਉਣ ਲਈ (ਸਸਤੇ ਭਾਅ) ਯਤਨ ਹੋਣੇ ਚਾਹੀਦੇ ਹਨ।


Comments Off on ਕਿਸਾਨਾਂ ਲਈ ਖੇਤੀ-ਸਾਹਿਤ ਦੀ ਮਹੱਤਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.