ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਇਕ ਸੰਵਾਦ

Posted On August - 22 - 2010

ਬਚਨਜੀਤ

ਸਖੀਆਂ ਸਹੇਲੀਆ ’ਚ, ਬੈਠੇ ਬੈਠੇ ਕਦੇ ਕਦੇ
ਕਿਸੇ ਕਿਸੇ ਵੇਲੇ, ਇਥੋਂ ਤਕ ਪੁੱਜ ਜਾਈਦੈ
ਕਿੰਨੇ ਹੋਈਏ ਸੱਚੇ, ਕੋਈ ਸੱਚ ਜਦੋਂ ਮੰਨਦਾ ਨਹੀਂ
ਆਪਣੇ ਹੀ ਆਪੇ ਉਤੇ, ਵਿੱਚੋਂ ਵਿਚ ਕੁਰਲਾਈਦੈ

ਕਿੰਨਾ ਵੀ ਯਕੀਨ ਦਈਏ ਸੱਚ ਨੂੰ ਜਤਾਉਣ ਦੇ ਲਈ
ਸੱਚ ਜਾਣੀਂ ਰੱਬਾ, ਕਿਵੇਂ ਸਾਹਾਂ ਨੂੰ ਹੰਢਾਈਦੈ
ਇਹੋ ਜਿਹੇ ਵੇਲੇ ਫਿਰ, ਦਿਲ ’ਚ ਖਿਆਲ ਆਉਂਦੈ
ਰੱਬਾਂ ਸਹੁੰ ਖਾਣ ਦੇ ਲਈ ਵੀਰ ਇਕ ਚਾਹੀਦੈ

ਰੱਬ ਕਿਹਾ: ਅੰਮੜੀ ਹੈ, ਬਾਬਲਾ ਤੇ  ਛਾਵਾਂ ਵੀ ਨੇ
ਜੀਣ ਦੇ ਲਈ ਸੋਹਣੇ ਜਿਹੇ, ਮਹੱਲ ਤੇਰੇ ਕੋਲ ਨੇ
ਖਿੜਣੇ ਲਈ ਖੁਸ਼ੀਆਂ ਦਾ, ਚੰਬਾ ਤੇਰੇ ਵਿਹੜੇ ’ਚ
ਪਰਿੰਦਿਆਂ ਜਿਹੇ ਦਿੱਤੇ ਤੈਨੂੰ, ਬੋਲ ਤੇ ਕਲੋਲ ਨੇ

ਮਹਿਲਾਂ ਵਿਚ ਮੋਹਰਾਂ ਨਾਲ ਵਸਤਾਂ ਖਰੀਦ ਲਈਏ
ਵੀਰਾਂ ਦਾ ਤਾਂ ਸੁੱਚਾ ਹਾਇ! ਪਿਆਰ ਨਹੀਂ ਖਰੀਦ ਹੁੰਦਾ
ਫੁੱਲਾਂ ਦੀ ਥਾਂ ਪੱਥਰਾਂ ’ਚੋਂ, ਰੂਹਾਂ ਨਸ਼ਿਆਉਣ ਵਾਲਾ
ਇਕ ਅੱਧ ਕਤਰਾ ਵੀ, ਅਤਰ ਨਹੀਂ ਕਸ਼ੀਦ ਹੁੰਦਾ

ਮੈਂ ਤੇ ਸੋਚਾਂ ਰੱਬਾ ਕੋਈ, ਜ਼ਿੰਦਗੀ ਹਨੇਰਾ ਜੀਂਦੀ
ਮੇਰੇ ਵਾਂਗੂੰ ਧਰਤੀ ’ਤੇ, ਏਨੀ ਨਾ ਗਰੀਬੀ ਹੋਵੇ
ਪੀੜਾਂ ਅਤੇ ਸੋਗ, ਦੁੱਖ, ਗ਼ਮੀਆਂ, ਉਦਾਸੀਆਂ ਇਹ
ਹਾਉਕੇ ਅਤੇ ਅੱਥਰੂ ਨਾ ਕਿਸੇ ਦਾ ਨਸੀਬ ਹੋਵੇ

ਮੁਕੱਦਰਾਂ ਦੇ ਰੰਗ ਬੀਬਾ, ਰੱਬ ਅੱਗੋਂ ਆਖਿਆ:
ਬੰਦਿਆਂ ਵਿਚਾਰਿਆਂ ਦੇ, ਰਤਾ ਵੀ ਨਹੀਂ ਵੱਸ ਹੁੰਦੇ

ਕਾਲਜੇ ’ਚ ਖੁਭੇ ਜੋ ਇਹ, ਖੰਜ਼ਰ ਹਨੇਰਿਆਂ ਦੇ
ਰੂਹਾਂ ਉਤੇ ਦਾਗ ਅਤੇ, ਮਨਾਂ ਉਤੇ ਫੱਟ ਹੁੰਦੇ

ਦੀਵਾਲੀ ਰਾਤ ਰੱਬਾ ਲੱਖਾਂ ਦੀਵੇ ਜੱਗਦੇ ਨੇ
ਜਾਪੇ ਜਿਵੇਂ ਘਰ ’ਚ ਹਰੇਨਾ ਹੁੰਦੈ ਬਲਿਆ

ਰੱਖੜੀ ਲੰਘਾਈਏ ਕਿਵੇਂ ਗੁੱਟ ਦੀ ਉਡੀਕ ਵਿਚ
ਨੈਣਾਂ ’ਚ ਕੋਈ ਆਪਣੇ ਸਵੇਰਾ ਹੁੰਦੈ ਬਾਲਿਆ

ਵੀਰਾਂ ਬਿਨ ਲੱਗੇ ਰੱਬਾ ਚਾਵਾਂ ਦਿਆਂ ਜੰਗਲਾਂ ’ਚ
ਹਾਉਕਿਆਂ ਦੀ ਕਾਲੀ ਜੇਹੀ ਹਵਾ ਹੋਵੇ ਵਗਦੀ
ਰੂਹਾਂ ਦੇ ਵਿਚ ਸੱਜਰਾ ਕੋਈ ਸੱਧਰਾਂ ਦਾ ਸਿਵਾ ਬਲੇ
ਹੋਏ ਜਿਉਂ ਕਲੀਰਿਆਂ ਨੂੰ ਅੱਗ ਜਿਹੀ ਲਗਦੀ
ਮੱਠੀ-ਮੱਠੀ ਹੋਵੇ ਜਿਵੇਂ ਧੁੱਖਦੀ ਕੋਈ ਕੰਧ ਜਿਹੀ
ਜ਼ਹਿਰ ਬੁਝੀ ਕਾਲਜੇ ’ਚ ਛੁਰੀ ਜਿਹੀ ਵੱਜਦੀ

ਨਿੱਕੀ ਜਿਹੀ ਗੁੱਡੀਏ ਨੀ, ਭੋਲੀਏ ਪਿਆਰੀਏ ਨੀ
ਬਹਾਰਾਂ ਕੋਲ ਬੰਜਰ ਵੀਰਾਨੇ ਵੀ ਨੇ ਚਾਹੀਦੇ
ਪਿਆਰਾਂ ਤੇ ਮੁਹੱਬਤਾ ਦਾ ਜੱਗ ਹੋਵੇ ਆਪਣਾ ਤਾਂ
ਕਿਤੇ ਕਿਤੇ ਵੈਰੀ ਤੇ ਬੇਗਾਨੇ ਵੀ ਨੇ ਚਾਹੀਦੇ

ਝੂਠਾ ਜਿਹਾ ਜੱਗ ਸੱਚਾ ਮੋਹ ਤਾਂ ਪਛਾਣ ਹੋਵੇ
ਕਦੇ ਕਦੇ ਇਹੋ ਜਿਹੇ ਬਹਾਨੇ ਵੀ ਨੇ ਚਾਹੀਦੇ

ਸੱਚ ਜਾਣੀ ਮਿੱਠੇ ਮਿੱਠੇ ਮੋਹ ਦਿਆਂ ਸਾਗਰਾਂ ਲਈ
ਲਟ ਲਟ ਬਲਦੀ ਪਿਆਸ ਵੀ ਏ ਚਾਹੀਦੀ
ਉਮਰਾਂ ਦੀ ਰਾਤ ਰੱਬਾ, ਏਨੇ ਅਨਿਆਇ ਵਿਚ
ਇਕੱਲਿਆਂ ਉਦਾਸਿਆਂ ਦੀ ਆਸ ਵੀ ਏ ਚਾਹੀਦੀ
ਲਗਰੇ ਮਾਸੂਮ ਜਿਹੀਏ, ਨਿੱਕੀ ਜਿਹੀ ਜ਼ਿੰਦੀਏ ਨੀ
ਪਿਆਸ ਵੀ ਏ ਚਾਹੀਦੀ, ਅਹਿਸਾਸ ਵੀ ਤੇ ਚਾਹੀਦੈ
ਸਮਿਆਂ ਦੇ ਨਾਲ ਸੁੱਚੇ ਭਾਵ ਇਹ ਜਿਉਂਦੇ ਰਹਿਣ
ਦੱਸਣੇ ਲਈ ਦਿਲ ਕੋਈ ਖਾਸ ਵੀ ਤੇ ਚਾਹੀਦੈ।


Comments Off on ਇਕ ਸੰਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.