ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਅਮਨ ਅਤੇ ਭਾਈਚਾਰਕ ਸਾਂਝ ਦਾ ਮੁਦਈ ਭੁਪਿੰਦਰ ਸਿੰਘ ਸੰਧੂ

Posted On August - 26 - 2010

ਦਿਲਬਾਗ ਸਿੰਘ ਗਿੱਲ

ਅਮਨ, ਭਾਈਚਾਰਕ ਸਾਂਝ, ਏਕਤਾ ਅਤੇ ਬਰਾਬਰੀ ਲਈ ਨਰੋਈ ਸੋਚ, ਲੋਕਪੱਖੀ ਵਿਚਾਰਾਂ ਦੇ ਧਾਰਨੀ ਹੋਣਾ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਅਦੁੱਤੀ ਗੁਣ ਹਨ। ਜ਼ਿੰਦਗੀ ਦੇ ਇਨ੍ਹਾਂ ਆਸ਼ਿਆਂ, ਸਿਧਾਂਤਾਂ ’ਤੇ ਪ੍ਰਤਿਨਿਧ ਹੋ ਕੇ ਪਹਿਰਾ ਦੇਣ ਵਾਲੀ ਸ਼ਖਸੀਅਤ ਦਾ ਨਾਂ ਹੈ¸ ਭੁਪਿੰਦਰ ਸਿੰਘ ਸੰਧੂ।
ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਨਾਂ ਦੀ ਸੰਸਥਾ ਦਾ ਪ੍ਰਧਾਨ ਹੋਣ ਤੇ ਪੰਜਾਬ ਵਿਚ ਪ੍ਰਮੁੱਖ ਸਭਿਆਚਾਰਕ ਤੇ ਸੁਚੇਤ ਸਿਆਸੀ ਸਮਝ ਵਾਲੀ ਹਸਤੀ ਵਜੋਂ ਜਾਣਿਆ ਜਾਂਦਾ ਹੈ।  ਉਨ੍ਹਾਂ ਦੀ ਇਸ ਸੰਸਥਾ ਨਾਲ ਵੱਖ-ਵੱਖ ਦੇਸ਼ਾਂ ਤੋਂ ਨਾਮਵਰ ਸ਼ਖਸੀਅਤਾਂ ਜੁੜੀਆਂ ਹੋਈਆਂ ਹਨ, ਜਿਸ ਦਾ ਮੁੱਖ ਉਦੇਸ਼ ਪੰਜਾਬੀ ਸਭਿਆਚਾਰਕ, ਸਾਹਿਤ ਤੇ ਸਮਾਜਿਕ ਜ਼ਿੰਦਗੀ ਨਾਲ ਜੁੜੀਆਂ ਅਮੀਰ ਪਰੰਪਰਾਵਾਂ ਦੀ ਰਾਖੀ ਕਰਨਾ ਤਾਂ ਜੋ ਲੋਕ ਭਵਿੱਖ ਅਤੇ ਬੀਤੇ ’ਤੇ ਮਾਣ ਕਰ ਸਕਣ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਿਪਾਹੀ ਮੱਲ ਵਿਖੇ 21 ਜਨਵਰੀ, 1966 ਨੂੰ ਮਾਸਟਰ ਜੱਸਾ ਸਿੰਘ ਤੇ ਸਰਦਾਰਨੀ ਕੁਲਵੰਤ ਕੌਰ ਦੇ ਘਰ ਜਨਮੇ ਭੁਪਿੰਦਰ ਸਿੰਘ ਦਾ ਬਚਪਨ ਪਿੰਡ ਵਿਚ ਬੀਤਿਆ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕਰਕੇ ਅੱਠਵੀਂ ਸਰਕਾਰੀ ਮਿਡਲ ਸਕੂਲ ਝੰਡੇਰ ਅਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਵਿਛੋਆ ਤੋਂ ਕਰਨ ਉਪਰੰਤ 1981 ਵਿਚ ਆਈ.ਟੀ.ਆਈ. ਅਜਨਾਲਾ ਤੇ ਫਿਰ ਉਥੇ ਹੀ ਸਰਕਾਰੀ ਕਾਲਜ ਵਿਚ ਦਾਖਲਾ ਲਿਆ। ਪੰਜਾਬ ਰਾਜ ਬਿਜਲੀ ਬੋਰਡ ਵਿਚ ਜੂਨੀਅਰ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੇ ਸ੍ਰੀ ਸੰਧੂ ਨੇ ਵਿਦਿਆਰਥੀ ਜੀਵਨ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂਆਂ ਵਿਚ ਲੰਮੇ ਸਮੇਂ ਤੱਕ ਆਪਣਾ ਸਥਾਨ ਰੱਖਦਿਆਂ ਪੰਜਾਬ ਭਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੀਆਂ ਲੋੜਾਂ, ਹੱਕਾਂ ਤੇ ਵਿਦਿਅਕ ਊਣਤਾਈਆਂ ਲਈ ਆਵਾਜ਼ ਉਠਾਉਂਦਿਆਂ ਸਰਕਾਰੀ ਅਤੇ ਗੈਰ-ਸਰਕਾਰੀ ਅੱਤਿਵਾਦ ਵਿਰੁੱਧ ਲੜਾਈ ਵਿਚ ਵੀ ਵੱਡਾ ਹਿੱਸਾ ਪਾਇਆ। ਇਸ ਸਮੇਂ ਦੌਰਾਨ ਉਸ ਨੂੰ ਭਾਰੀ ਜਾਤੀ ਤੇ ਮਾਲੀ ਨੁਕਸਾਨ ਵੀ ਝੱਲਣਾ ਪਿਆ। ਪਰ ਉਹ ਅਡੋਲ ਆਪਣੇ ਮਿਸ਼ਨ ’ਤੇ ਚੱਲਦਾ ਰਿਹਾ। ਉਸ ਨੇ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਵਿਚ ਵੀ ਜ਼ਿਲ੍ਹੇ ਭਰ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ। ਉਹ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਆਪਸੀ ਸਾਂਝਾਂ ਮੁਹੱਬਤਾਂ ਦੇ ਯੁੱਗ ਦੇ ਸ਼ੁਰੂਆਤ ਤੇ ਦੱਖਣੀ ਏਸ਼ੀਆ ਵਿਚ ਸਥਾਈ ਅਮਨ ਲਈ ਜੱਦੋਜਹਿਦ ਵਿਚ ਸਰਗਰਮੀ ਨਾਲ ਨਿਰੰਤਰ ਯਤਨਸ਼ੀਲ ਹੈ, ਜਿਸ ਕਰਕੇ ਉਹ ਅੱਜ ਦੋਹਾਂ ਮੁਲਕਾਂ ਦੀਆਂ ਅਮਨ ਸਥਾਪਤੀ ਨੂੰ ਸਮਾਪਤ ਕਾਰਜਸ਼ੀਲ ਸ਼ਖਸੀਅਤਾਂ ਵਿਚ ਅਹਿਮ ਸਥਾਨ ਰੱਖਦਾ ਹੈ। ਉਹ ਭਾਰਤ-ਪਾਕਿ ਵਿਚ ਅਮਨ ਦੀ ਸਥਾਪਨਾ ਲਈ ਅਤੇ ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਲਈ ਪਾਕਿਸਤਾਨ ਵਿਚ ਕਰਵਾਏ ਗਏ ਸੈਮੀਨਾਰਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਆਪਣੀ ਉਸਾਰੂ ਭੂਮਿਕਾ ਨਿਭਾ ਚੁੱਕਾ ਹੈ। ਉਸ ਦਾ ਕਹਿਣਾ ਹੈ ਲੋਕ ਸਰਹੱਦ ਵਾਲੀ ਲਕੀਰ ਦਾ ਸਨਮਾਨ ਕਰਦੇ ਹਨ। ਮੁੜ ਆਪਸ ਵਿਚ ਮਿਲਣ, ਪਿਆਰ ਵਧਾਉਣ ਅਤੇ ਕੁੜੱਤਣ ਭਰੀਆਂ ਯਾਦਾਂ ਭੁਲਾ ਕੇ ਮੁਹੱਬਤਾਂ ਦਾ ਗੀਤ ਗਾਉਣ ਕਿਉਂਕਿ ਸਾਡਾ ਸਾਂਝਾ ਇਤਿਹਾਸ ਇਕ ਮਜ਼ਬੂਤ ਸ਼ਕਤੀ ਹੈ ਜੋ ਲੋਕਾਂ ਨੂੰ ਇਕਮੁੱਠ ਕਰਦੀ ਹੈ ਤੇ ਲੋਕਾਂ ਦੀ ਇਸ ਏਕਤਾ ਸਾਂਝ ਅੱਗੇ ਸਰਕਾਰਾਂ ਵੀ ਏਜੰਡੇ ਬਦਲ ਦੇਂਦੀਆਂ ਹਨ। ਪਾਕਿਸਤਾਨੀ ਯਾਤਰਾ ਨੂੰ ਉਨ੍ਹਾਂ ‘ਕੰਧ ਓਹਲੇ ਪ੍ਰਦੇਸ਼’ ਨਾਂ ਦੇ ਸਫਰਨਾਮੇ ਵਿਚ, ਸਾਂਝ-ਸਾਜ਼ ਤੇ ਪੰਜ ਪਾਣੀ ਸੋਵੀਨਾਰਾਂ ਦੀ ਸੰਪਾਦਨਾ ਕਰਕੇ, ਵੱਖ-ਵੱਖ ਅਖਬਾਰਾਂ ਵਿਚ ਲੇਖ ਲਿਖ ਕੇ, ਸੈਮੀਨਾਰਾਂ ਤੇ ਮੇਲਿਆਂ ਰਾਹੀਂ ਸੰਦੇਸ਼ ਦਿੱਤਾ ਕਿ ‘‘ਫਰਜ਼ੀ ਲਕੀਰਾਂ ਕਦੇ ਵੀ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਨਹੀਂ ਤੋੜ ਸਕਦੀਆਂ’’, ਲੋਕਾਂ ਤੱਕ ਪਹੁੰਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ।
ਸ੍ਰੀ ਭੂਪਿੰਦਰ ਸਿੰਘ ਸੰਧੂ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਭਿਆਚਾਰਕ ਮੇਲਿਆਂ ਦੇ ਬਾਬਾ ਬੋਹੜ ਸ੍ਰੀ ਜਗਦੇਵ ਸਿੰਘ ਜੱਸੋਵਾਲ ਤੇ ਇਪਟਾ ਨਾਲ ਜੁੜ ਕੇ ਦੇਸ਼-ਵਿਦੇਸ਼ ਵਿਚ ਪੰਜਾਬੀਆਂ ਦਾ ਨਾਂ ਉੱਚਾ ਕਰਨ ਵਾਲੇ ਹਰਮਨ ਪਿਆਰੇ ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਦੇ ਜੀਵਨ ਸਬੰਧੀ ਭਰਪੂਰ ਜਾਣਕਾਰੀ ਵਾਲੀਆਂ ਦੋ ਪੁਸਤਕਾਂ ‘ਵਿਰਾਸਤ ਦੀ ਦਸਤਾਰ- ਜਗਦੇਵ ਸਿੰਘ ਜੱਸੋਵਾਲ’ ਤੇ ‘ਬੁਲੰਦ ਆਵਾਜ਼ ਅਮਰਜੀਤ ਸਿੰਘ ਗੁਰਦਾਸਪੁਰੀ’ ਦਾ ਸੰਪਾਦਨ ਕਰਕੇ ਸਾਹਿਤ ਤੇ ਸਭਿਆਚਾਰਕ ਦੀ ਝੋਲੀ ਪਾ ਚੁੱਕਾ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਵਿਸ਼ਵ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੇ ਪਿੰਡ ਜਗਦੇਵ ਕਲਾਂ ਅਤੇ ਸ਼ਾਹ ਮੁਹੰਮਦ ਦੇ ਪਿੰਡ ਵਡਾਲਾ ਵੀਰਮ ਵਿਖੇ ਸਭਿਆਚਾਰਕ ਮੇਲਿਆਂ ਦਾ ਆਯੋਜਨ ਕਰਕੇ ਉਨ੍ਹਾਂ ਦਾ ਨਾਂ ਦੁਨੀਆਂ ਭਰ ਵਿਚ ਮਕਬੂਲ ਕੀਤਾ।
ਉਹ ਪੰਜਾਬੀ ਸੱਥ ਲਾਂਬੜਾ, ਮਾਝਾ ਪੰਜਾਬੀ ਸੱਥ ਬੁਤਾਲਾ, ਸਭਿਆਚਾਰਕ ਮੰਚ ਫਿਰੋਜ਼ਪੁਰ, ਸ਼ਹੀਦ ਊਧਮ ਸਿੰਘ ਯਾਦਗਾਰ ਸਭਾ ਅਬੋਹਰ ਦੇ ਸਮਾਰੋਹਾਂ ਵਿਚ ਸ਼ਿਰਕਤ ਕਰਕੇ ਸਨਮਾਨ ਹਾਸਲ ਕਰ ਚੁੱਕਾ ਹੈ।
ਭਾਰਤ-ਪਾਕਿਸਤਾਨ ਵਿਚਕਾਰ ਅਟਾਰੀ-ਵਾਹਗਾ ਸਰਹੱਦ ਆਮ ਆਵਾਜਾਈ ਤੇ ਵਪਾਰ ਲਈ ਖੁੱਲ੍ਹਣ ਤੋਂ ਬਾਅਦ ਸ੍ਰੀ ਭੂਪਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਖੇਮਕਰਨ-ਕਸੂਰ ਸਰਹੱਦ ਨੂੰ ਵੀ ਖੋਲ੍ਹੇ ਜਾਣ ਦੀ ਆਵਾਜ਼ ਬੁਲੰਦ ਕਰਨ ਲਈ ਹਜ਼ਾਰਾਂ ਲੋਕ ਪਿਛਲੇ ਕੁਝ ਸਾਲਾਂ ਤੋਂ 14 ਅਗਸਤ ਦੀ ਰਾਤ ਨੂੰ ਮੋਮਬੱਤੀਆਂ ਬਾਲ ਕੇ ਇਸ ਮੰਗ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਿਆ ਜਾ ਰਿਹਾ ਹੈ। ਉਹ ਦੇਸ਼ ਭਰ ਦੀਆਂ ਦੋ ਸੌ ਤੋਂ ਵੱਧ ਗੈਰ-ਸਰਕਾਰੀ ਸੰਸਥਾਵਾਂ ਦੀ ਸਾਂਝੀ ਸੰਸਥਾ ‘ਕੁਲੀਸ਼ਨ ਆਫ ਡਿਸਆਰਮਾਮੈਂਟ ਐਂਡ ਪੀਸ ਦੀ ਕੇਂਦਰੀ ਕਮੇਟੀ ਦਾ ਮੈਂਬਰ ਹੋਣ ਤੋਂ ਇਲਾਵਾ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦਾ ਜਨਰਲ ਸਕੱਤਰ, ਪੰਜਾਬ ਅਕੈਡਮੀ ਆਫ ਲੈਂਗੂਏਜ, ਮੀਡੀਆ ਤੇ ਸੇਵਾਵਾਂ (ਪਾਮ) ਦਾ ਸਕੱਤਰ ਜਨਰਲ, ਜਮਹੂਰੀ ਅਧਿਕਾਰ ਸਭਾ, ਆਵਾਜ਼-ਏ-ਆਵਾਮ, ਅੰਮ੍ਰਿਤਸਰ ਵਿਕਾਸ ਮੰਚ, ਆਜ਼ਾਦੀ ਘੁਲਾਟੀਏ ਕਾਮਰੇਡ ਹਰੀ ਸਿੰਘ ਬਾਗੀ ਯਾਦਗਾਰੀ ਮੰਚ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਨਾਮੀ ਸੰਸਥਾਵਾਂ ਵਿਚ ਇਕ ਆਗੂ ਵਜੋਂ ਭੂਮਿਕਾ ਨਿਭਾਉਂਦਿਆਂ ਉਹ ਬਹੁਤ ਸਾਰੇ ਕਲਾਕਾਰਾਂ, ਕਵੀਆਂ, ਲੇਖਕਾਂ ਤੇ ਹੋਰ ਗਰੀਬ ਲੋਕਾਂ ਲਈ ਮਦਦਗਾਰ ਹੈ ਅਤੇ ਬੇਆਵਾਜ਼ੇ ਲੋਕਾਂ ਦੀ ਆਵਾਜ਼ ਵੀ। ਸ੍ਰੀ ਭੂਪਿੰਦਰ ਸਿੰਘ ਸੰਧੂ ਹੁਣ ਤੱਕ ਦੇਸ਼-ਵਿਦੇਸ਼ ਦੀਆਂ ਕਾਨਫਰੰਸਾਂ, ਮੇਲਿਆਂ, ਇਜਲਾਸਾਂ ਅਤੇ ਸੈਮੀਨਾਰਾਂ ਵਿਚ ਸ਼ਿਰਕਤ ਕਰਨ ਤੋਂ ਇਲਾਵਾ ਲਾਹੌਰ, ਕਰਾਚੀ, ਨਨਕਾਣਾ ਸਾਹਿਬ, ਜੰਡਿਆਲਾ ਸ਼ੇਰ ਖਾਂ, ਕਸੂਰ, ਰਾਵਲਪਿੰਡੀ, ਇਸਲਾਮਾਬਾਦ, ਸਿਆਲਕੋਟ (ਪਾਕਿਸਤਾਨ), ਸਿੰਘਾਪੁਰ, ਬੈਂਕਾਕ, ਢਾਕਾ, ਜੌਹਨਬਾਰੂ, ਕੁਆਲਾਲੰਪਰ, ਜਕਾਰਤਾ, ਲੰਡਨ, ਬਰਮਿੰਘਮ, ਕਾਰਡਿਫ, ਪੈਟੀਪ੍ਰਾਈਡ ਵਰਗੇ ਵੱਡੇ ਸ਼ਹਿਰਾਂ ਦੀਆਂ ਪੰਜਾਬੀ ਮਹਿਫਲਾਂ ਵਿਚ ਵੀ ਸ਼ਮੂਲੀਅਤ ਕਰ ਚੁੱਕਾ ਹੈ। ਉਨ੍ਹਾਂ ਦੀ ਅਗਵਾਈ ਹੇਠ ਪਿੰਡ ਸੰਗਤਪੁਰਾ (ਅੰਮ੍ਰਿਤਸਰ) ਵਿਖੇ 30ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਸਫਲਤਾਪੂਰਵਕ ਮਨਾਇਆ ਗਿਆ। ਉਹ ਸਾਹਿਤਕ, ਅਕਾਦਮਿਕ, ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਨਾਲ ਕਰੀਬੀ ਸਾਂਝ ਰੱਖ ਕੇ ਵਾਕਫੀਅਤ ਤੇ ਨਿੱਗਰ ਸੋਚ ਵਾਲੀ ਸ਼ਖਸੀਅਤ ਹੈ।
ਸ੍ਰੀ ਭੂਪਿੰਦਰ ਸਿੰਘ ਸੰਧੂ ਦੀਆਂ ਇਨ੍ਹਾਂ ਖੇਤਰਾਂ ਪ੍ਰਤੀ ਜ਼ਿੰਮੇਵਾਰੀਆਂ ਨਿਰੰਤਰ ਵਧਦੀਆਂ ਜਾ ਰਹੀਆਂ ਹਨ ਤੇ ਉਹ ਅਣਥੱਕ ਹੋ ਕੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਭਾਉਂਦਾ ਰਹੇਗਾ।


Comments Off on ਅਮਨ ਅਤੇ ਭਾਈਚਾਰਕ ਸਾਂਝ ਦਾ ਮੁਦਈ ਭੁਪਿੰਦਰ ਸਿੰਘ ਸੰਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.