ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਅਣਗੌਲਿਆ ਕਵੀਸ਼ਰ ਗਿਆਨੀ ਕਾਕਾ ਸਿੰਘ ਘਨੌਰ

Posted On August - 27 - 2010

ਬੀਰਬਲ ਰਿਸ਼ੀ

ਇਤਿਹਾਸਕ, ਮਿਥਿਹਾਸਕ ਅਤੇ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਕਹਾਣੀਆਂ ਨੂੰ ਮਿਆਰੀ ਕਾਵਿਕ ਰੂਪ ਵਿਚ ਪੇਸ਼ ਕਰਨਾ ਭਾਵੇਂ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰ ਗਿਆਨੀ ਕਾਕਾ ਸਿੰਘ ਘਨੌਰ ਕਲਾਂ ਨੇ ਕਿਸੇ ਸਕੂਲ, ਮੰਦਰ, ਡੇਰੇ ਜਾਂ ਗੁਰਦੁਆਰੇ ਅੱਖਰ ਗਿਆਨ ਪ੍ਰਾਪਤ ਨਹੀਂ ਕੀਤਾ ਸਗੋਂ ਪੜ੍ਹਾਈ ਪੱਖੋਂ ਬਿਲਕੁਲ ਕੋਰੇ ਅਨਪੜ੍ਹ ਹੋਣ ਦੇ ਬਾਵਜੂਦ ਅਨੇਕਾ ਕਿੱਸੇ-ਕਹਾਣੀਆਂ ਨੂੰ ਲਿਖਿਆ ਅਤੇ ਗਾਇਆ ਜਿਸ ਕਰਕੇ ਕਵੀਸ਼ਰੀ ਕਲਾ ਨਾਲ ਜੁੜੇ ਵਿਅਕਤੀਆਂ ਵਿਚ ਗਿਆਨੀ ਜੀ ਦਾ ਨਾਮ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਭਾਵੇਂ ਵਿਦਿਅਕ ਪੱਖੋਂ ਕੋਰੇ ਰਹਿਣ ਕਾਰਨ ਉਨ੍ਹਾਂ ਦੇ ਕੁਝ ਸਬਦਾਂ ਵਿਚ ਊਣਤਾਈਆਂ ਹੋ ਸਕਦੀਆਂ ਹਨ ਜਿਵੇਂ  ‘ਕਹਿੰਦਾ’ ਨੂੰ ‘ਕੈਂਹਦਾ’ ਸਟੇਸ਼ਨ ਨੂੰ ‘ਟੇਸਣ’ ਆਦਿ ਪਰ ਤੋਲ ਤੁਕਾਂਤ ਪੱਖੋਂ ਵੱਡੇ-ਵੱਡੇ ਲਿਖਾਰੀ ਵੀ ਕਾਕਾ ਸਿੰਘ ਦੀ ਈਨ ਮੰਨਦੇ ਹਨ। ਅਣਗੌਲਿਆ ਕਵੀਸ਼ਰ ਤੇ ਲੇਖਕ ਗਿਆਨੀ ਕਾਕਾ ਸਿੰਘ ਕੋਲ ਸਾਹਿਤ ਦੇ ਮਹਾਂਕੁੰਭ ਵਿਚ ਹਿੱਸਾ ਪਾਉਣ ਲਈ ਭਾਵੇਂ ਵਡਮੁੱਲਾ ਖਜ਼ਾਨਾ ਹੋਣ ਦੇ ਬਾਵਜੂਦ ਹਾਲੇ ਤੱਕ ਇਹ ਅਣਗੌਲਿਆ ਲੇਖਕ ਹੈ ਜਿਸ ਵੱਲ ਕਿਸੇ ਵੀ ਕਲਾ ਪ੍ਰੇਮੀ ਦੀ ਸਵੱਲੀ ਨਜ਼ਰ ਨਹੀਂ ਪਈ।
ਉਸ ਦਾ ਜਨਮ 2 ਫਰਵਰੀ 1922 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਨੌਰ ਕਲਾਂ ਵਿਖੇ ਪਿਤਾ ਜਗਤ ਸਿੰਘ ਦੇ ਘਰ ਮਾਤਾ ਰੂੜ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਬਚਪਨ ਵੀ ਮੱਝਾਂ ਦੀਆਂ ਪੂਛਾਂ ਫੜ ਕੇ ਟੋਭਿਆਂ ਵਿਚ ਨਹਾਉਂਦਿਆਂ ਅਤੇ ਲੀਰਾਂ ਦੀ ਖਿੱਦੋ ਨਾਲ ਖੇਡਦਿਆਂ ਬੀਤਿਆ। ਕਾਕਾ ਸਿੰਘ ਨੂੰ ਕਵੀਸ਼ਰਾਂ ਤੋਂ ਕਿੱਸੇ ਕਹਾਣੀਆਂ ਸੁਣਨ ਦਾ ਬਹੁਤ ਸ਼ੌਕ ਸੀ ਅਤੇ 16 ਕੁ ਸਾਲ ਦੀ ਉਮਰ ਵਿਚ ਕਾਕਾ ਸਿੰਘ ਦੇ ਇਸ ਸ਼ੌਕ ਨੇ ਅਜਿਹੀ ਅੰਗੜਾਈ ਭਰੀ ਕਿ ਉਸ ਨੇ ਲਿਖਣ ਦਾ ਮਨ ਬਣਾ ਕੇ ਇਸ ਲਈ ਲੋੜੀਂਦਾ ਅੱਖਰ ਗਿਆਨ ਪ੍ਰਾਪਤ ਕਰਨ ਦਾ ਫੈਸਲਾ ਲਿਆ। ਬੱਚਿਆਂ ਵਾਲਾ ਕਾਇਦਾ ‘ਬਾਲ ਉਪਦੇਸ਼’ ਲਿਆ ਕੇ ਪੜ੍ਹਨਾ ਸ਼ੁਰੂ ਕੀਤਾ ਅਤੇ ਲੋੜ ਜੋਗਾ ਲਿਖਣ ਪੜ੍ਹਨ ਦਾ ਜੁਗਾੜ ਕਰ ਲਿਆ। ਕਵੀਸ਼ਰਾਂ ਦੇ ਲਿਖੇ ਚਿੱਠੇ ਪੜ੍ਹਨ ਮੌਕੇ ਉਸ ਦੇ ਮਨ ਵਿਚ ਆਉਂਦਾ ਕਿ ਮੈਂ ਵੀ ਅਜਿਹੀ ਤੁਕਬੰਦੀ ਕਰ ਸਕਦਾ ਹਾਂ। ਉਸ ਸਮੇਂ ਹਾਲੇ ਦੇਸ਼ ਆਜ਼ਾਦ ਨਹੀਂ ਸੀ ਹੋਇਆ ਸੀ, ਅੰਗਰੇਜ਼ਾਂ ਖਿਲਾਫ਼ ਪ੍ਰਚਾਰ ਮੁਹਿੰਮ ਜ਼ੋਰਾਂ ’ਤੇ ਸੀ ਅਤੇ ਗਿਆਨੀ ਜੀ ਨੇ ਵੀ ਆਜ਼ਾਦੀ ਦੀ ਲੜਾਈ ਲਈ ਆਰੰਭੀ ਪ੍ਰਚਾਰ ਮੁਹਿੰਮ ਵਿਚ ਹਿੱਸਾ ਪਾਉਂਦਿਆਂ ਅੰਗਰੇਜ਼ਾਂ ਖ਼ਿਲਾਫ਼ ਆਪਣੇ ਮਨ ਦੇ ਵਲਵਲੇ ਇਸ ਤਰ੍ਹਾਂ ਜ਼ਾਹਰ ਕੀਤੇ :
ਚਮੜੀ ਸਫ਼ੈਦ ਇਨ੍ਹਾਂ ਦੀ, ਅੱਖਾਂ ਤੋਂ ਬਿੱਲੇ ਨੇ,
ਇਹ ਹੁਣ ਹਿੰਦੋਸਤਾਨ ’ਚ ਜਾਪਦੇ ਹਿੱਲੇ ਨੇ,
ਇਨ੍ਹਾਂ ਦਾ ਲਹਿ ਗਿਆ ਗੁਰਮੁਖੋ ਲਾਈਨ ਤੋਂ ਠੇਲਾ ਹੈ,
ਜਾਗੋ ਹੁਣ ਜਾਗੋ ਭਰਾਵੋ, ਜਾਗਣ ਦਾ ਵੇਲਾ ਹੈ।

ਅੰਗਰੇਜ਼ ਹਕੂਮਤ ਖ਼ਿਲਾਫ਼ ਲਿਖੀਆਂ ਕਾਵਿ ਲਾਈਨਾਂ ਦਾ ਪਤਾ ਲੱਗਣ ’ਤੇ ਸੰਨ 1945-46 ਵਿਚ ਮਾਲੇਰਕੋਟਲਾ ਦੇ ਨਵਾਬ ਨੇ ਜੇਲ੍ਹ ਵਿਚ ਡੱਕ ਕੇ ਵੀ ਰੱਖਿਆ ਪਰ ਕਾਕਾ ਸਿੰਘ ਨੇ ਲਿਖਣਾ ਬੰਦ ਨਹੀਂ ਕੀਤਾ। ਸੰਨ 1947 ਵਿਚ ਦੇਸ਼ ਆਜ਼ਾਦ ਹੋਇਆ ਤਾਂ ਕਾਕਾ ਸਿੰਘ ਨੇ ਸਿਆਸੀ ਕਵਿਤਾਵਾਂ ਦੀ ਥਾਂ ਇਤਿਹਾਸਕ, ਮਿਥਿਹਾਸਕ ਅਤੇ ਲੋਕਾਂ ਦੇ ਸਰੋਕਾਰਾਂ ਦੀ ਗੱਲ ਕਰਦੀਆਂ ਕਹਾਣੀਆਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾ ਕੇ ਕਵੀਸ਼ਰੀ ਲਿਖਣੀ ਸ਼ੁਰੂ ਕੀਤੀ ਅਤੇ ਸੰਨ 1954 ਤੋਂ ਬਾਅਦ ਪੂਰਨ ਭਗਤ ਦਾ ਪ੍ਰਸੰਗ ਲਿਖਿਆ। ਕਾਕਾ ਸਿੰਘ ਨੇ ਪੂਰੇ ਤੋਲ ਤੁਕਾਂਤ ਵਿਚ ਲਿਖਣ ਲਈ ਜਿੱਥੇ ਉਸ ਸਮੇਂ ਦੇ ਪ੍ਰਸਿੱਧ ਕਵੀਸ਼ਰ ਨਸੀਬ ਚੰਦ ਕੱਕੜਵਾਲ ਵਾਲੇ ਨੂੰ ਆਪਣਾ ਗੁਰੂ ਧਾਰਨ ਕੀਤਾ ਅਤੇ ਕਈ ਪਿੰਗਲ ਪੜ੍ਹਨ ਤੋਂ ਬਾਅਦ ਅਣਗਿਣਤ ਕਵੀਸ਼ਰੀਆਂ ਦੀ ਰਚਨਾ ਕੋਰੜਾ, ਦੋਹਰੇ, ਸੋਰਠੇ, ਬੈਂਤ, ਕਬਿੱਤ, ਡੂਢੇ ਛੰਦ, ਝੋਕ,  ਉਲਟਵੀ ਝੋਕ, ਔੜਾ ਛੰਦ, ਕਲੀਆਂ ਅਤੇ ਕਾਫ਼ੀਆਂ ਵਿਚ ਕਰਕੇ ਇੱਕ ਵਿਲੱਖਣ ਇਤਿਹਾਸ ਸਿਰਜਿਆ।
ਗਿਆਨੀ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਲਿਖੀ ਕਵੀਸ਼ਰੀ ਜਿਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
ਸੂਬਾ ਬੋਲਿਆ ਬੜਾ ਕਰੋਧ ਕਰਕੇ,
ਥੋਡੇ ਪਿਤਾ ਨੇ ਮੈਨੂੰ ਲਾਚਾਰ ਕੀਤਾ
ਜਾਨੋ ਮਾਰਦੋ ਛੱਡੋ ਨਾ ਮੋਮਨਾ ਨੂੰ,
ਐਨਾ ਸਿੱਖੀ ਕਾ ਗਰਮ ਪ੍ਰਚਾਰ ਕੀਤਾ।
ਇੱਕ ਸਿੱਖ ਹਜ਼ਾਰਾਂ ਦੇ ਨਾਲ ਲੜਿਆ,
ਐਸਾ ਖਾਲਸਾ ਪੰਥ ਤਿਆਰ ਕੀਤਾ।
ਕਾਕਾ ਸਿੰਘ ਘਰ ਵਾਰ ਬਰਬਾਦ ਹੋ ਗਏ,
ਥੋਨੂੰ ਨਹੀਂ ਨਿਹੰਗਾਂ ਨੇ ਪਾਰ ਕੀਤਾ।
ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਈਨ ਮੰਨਣ ਲਈ ਇਹ ਕਿਹਾ ਕਿ
ਅੱਜ ਤੁਸੀਂ ਕਰਿਓ ਵਿਚਾਰ ਰਾਤ ਨੂੰ,
ਆਖਦਾ ਹੈ ਸੂਬਾ ਮੰਨੋ ਮੇਰੀ ਬਾਤ ਨੂੰ।
ਚੰਗੇ ਨੇ ਅਸੂਲ ਸਾਡੇ ਖਾਨਦਾਨ ਦੇ,
ਦੀਨ ਮੰਨੋ ਪੜ੍ਹੋ ਕਲਮੇ ਕੁਰਾਨ ਦੇ।
ਸਿੱਖੀ ’ਚੋਂ ਕੀ ਖੱਟਿਆ ਤੁਮਹਾਰੇ ਬਾਪ ਨੇ,
ਅੱਖੀਂ ਸਾਰਾ ਵੇਖਿਆ ਨਜ਼ਾਰਾ ਆਪ ਨੇ।
ਉਨ੍ਹਾਂ ਵਾਂਗੂ ਤੁਸੀਂ ਨਾ ਕੁ ਮੌਤ ਮਰਿਓ,
ਆਓ ਸਾਡੇ ਦੀਨ ’ਚ ਬਹਾਰ ਕਰਿਓ।
ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਨੂੰ ਇਸ ਤਰ੍ਹਾਂ ਜਵਾਬ ਦਿੱਤਾ :
ਸਾਹਿਬਜ਼ਾਦਿਆਂ ਮੋੜ ਜਵਾਬ ਦਿੱਤਾ,
ਤੇਰੀ ਕੋਈ ਨਾ ਬਾਤ ਮਨਜ਼ੂਰ ਸਾਨੂੰ।
ਪੁੜ੍ਹੀ ਜ਼ਹਿਰ ਦੀ ਸੈਂਖੀਏ ਤੁੱਲ ਜਾਪੇ,
ਜਿਹੜੀ ਦੇਵਦਾ ਪਰੀ ਤੇ ਹੂਰ ਸਾਨੂੰ।
ਅੱਲ੍ਹਾ ਤਾਲ੍ਹਾ ਦੇ ਜਿਹੜੇ ਉਪਦੇਸ਼ ਦੇਵੇਂ,
ਇਹ ਚੰਗਾ ਨਾ ਲੱਗੇ ਦਸਤੂਰ ਸਾਨੂੰ।
ਕਾਕਾ ਸਿੰਘ ਨੀ ਸਿੱਖੀ ਨੂੰ ਦਾਗ ਲਾਉਣਾ,
ਵਾਰ ਵਾਰ ਨਾ ਕਰੀਂ ਮਜਬੂਰ ਸਾਨੂੰ।

ਕਾਕਾ ਸਿੰਘ ਨੂੰ ਆਪਣੇ ਹਰ ਰਚੇ ਕਿੱਸੇ ਕਹਾਣੀ ਅਤੇ ਕਵੀਸ਼ਰੀ ਵਿਚ ਕੁੱਲ ਕਿੰਨੇ ਅੱਖਰ ਹਨ ਵੀ ਯਾਦ ਹਨ ਅਤੇ ਸਾਹਿਬਜ਼ਾਦਿਆਂ ਬਾਰੇ ਲਿਖੀ ਕਵੀਸ਼ਰੀ ਪ੍ਰਸੰਗ ਸਬੰਧੀ ਕਾਕਾ ਸਿੰਘ ਦਾ ਕਹਿਣਾ ਹੈ ਕਿ ਇਸ ਵਿਚ 16 ਹਜ਼ਾਰ ਅੱਖਰ ਨੇ ਸਿੱਖੀ ਦੀ ਸ਼ਾਨ ਵਿਚ ਆਪਣਾ ਯੋਗਦਾਨ ਪਾਇਆ ਹੈ। ਕਾਕਾ ਸਿੰਘ ਨੇ ਮਹਾਂਭਾਰਤ ਵਿਚ ਦਰੋਪਦੀ ਸਵੰਬਰ ਲਿਖਿਆ ਜਿਸ ਵਿਚ ਲਿਖੇ ਇਕ ਕਮਾਲ ਦੇ ਕਬਿਤ ਰੂਪੀ ਛੰਦ ਦੀਆਂ ਲਾਈਨਾਂ ਇਸ ਤਰ੍ਹਾਂ ਹਨ :
ਜੋਤਸ਼ੀ ਨੇ ਜੋਤਿਸ਼ ਲਗਾਉਣ ਦਾ ਕਮਾਲ ਕੀਤਾ,
ਦੂਸਰਾ ਕਮਾਲ ਕੀਤਾ ਯੋਧੇ ਧਨੁਸ਼ਧਾਰੀ ਨੇ।
ਮਾਰ ਕੇ ਨਿਸ਼ਾਨਾ ਇੱਲ ਡੇਗਲੀ ਜ਼ਮੀਨ ’ਤੇ,
ਦੇਖਿਆ ਨਜ਼ਾਰਾ ਸਾਰਾ ਰਾਜਨਕੁਮਾਰੀ ਨੇ।
ਓਵੇਂ ਕਿਵੇਂ ਪਾਂਚਿਆਂ ’ਚ ਵੇਖਿਆ ਫਸਾਇਆ ਹਾਰ,
ਧੰਨ ਧੰਨ ਧੰਨ ਕਿਹਾ ਭੂਪ ਦੀ ਦੁਲਾਰੀ ਨੇ।
ਇਹੋ ਜਿਹਾ ਮਹਾਨ ਯੋਧਾ ਹੋਣਾ ਨੀ ਜਹਾਨ ’ਤੇ,
ਹੁੰਦਾ ਨੀ ਗਲਤ ਜਿਹੜਾ ਲਿਖਤਾ ਲਿਖਾਰੀ ਨੇ।

ਕਾਕਾ ਸਿੰਘ ਨੇ ਧੰਨਾ ਭਗਤ ਦਾ ਪ੍ਰਸੰਗ ਲਿਖਿਆ ਜੋ ਕਾਕਾ ਸਿੰਘ ਦੇ ਚੇਲਿਆਂ ਨੇ ਪਿੰਡ-ਪਿੰਡ ਜਾ ਕੇ ਗਾਇਆ ਤਾਂ ਲੋਕਾਂ ਵੱਲੋਂ ਇਸ ਕਮਾਲ ਦੀ ਰਚਨਾ ਨੂੰ ਬਹੁਤ ਪਸੰਦ ਕੀਤਾ ਗਿਆ।
ਚੱਪ ਮਾਰ ਕੇ ਬਹਿ ਗਿਆ ਮੂਹਰੇ, ਕੀਤੀ ਸ਼ੁਰੂ ਕਹਾਣੀ,
ਜਿਤਨੀ ਦੇਰ ਤੁਸੀਂ ਨੀ ਖਾਂਦੇ ਮੈਂ ਰੋਟੀ ਨੀ ਖਾਣੀ।
ਪੰਡਤ ਲਿਆਉਂਦਾ ਖੀਰ ਬਣਾ ਕੇ, ਮੇਰਾ ਭੋਜਨ ਸਾਦਾ,
ਮੈਂ ਮਰਜੰੂਗਾ ਮੂਹਰੇ ਤੇਰੇ ਜੇ ਨਾ ਭੋਜਨ ਖਾਧਾ।
ਜਿੰਦ ਵਾਰਦੂ ਜ਼ਿੱਦ ਨੀ ਛੱਡਣੀ, ਵੰਡ ਨੀ ਕਰਨੀ ਕਾਣੀ।
ਜਿਤਨੀ ਦੇਰ ਤੁਸੀਂ ਨੀ ਛਕਦੇ,
ਮੈਂ ਰੋਟੀ ਨੀ ਖਾਣੀ।

ਗਿਆਨੀ ਜੀ ਨੇ ਦਹੂਦ ਬਾਦਸ਼ਾਹ, ਰਾਣੀ ਕਿਰਨਮਈ, ਮਹਾਨ ਤਪੱਸਵੀ ਬਾਬਾ ਭਾਗ ਸਿੰਘ ਘਨੌਰ ਕਲਾਂ ਦੀ ਜੀਵਨ ਗਾਥਾ, ਸੰਤ ਰਾਜ ਗਿਰ ਜੀ ਮਹਾਰਾਜ ਦੁੱਧਾਧਾਰੀ ਹਸਨਪੁਰ ਵਾਲਿਆਂ ਦੇ ਉਪਾਸ਼ਕਾਂ ਲਈ ਕਵੀਸ਼ਰੀ ਪ੍ਰਸੰਗ ਲਿਖ ਕੇ ਦਿੱਤੇ ਜਿਨ੍ਹਾਂ ਵਿੱਚੋਂ ਬਾਬਾ ਭਾਗ ਸਿੰਘ ਦੇ ਲਿਖੇ ਪ੍ਰਸੰਗ ਨੂੰ ਪਿੰਡ ਵਾਸੀਆਂ ਨੇ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਤ ਕਰਵਾਇਆ ਤਾਂ ਇਹ ਜੋੜ ਮੇਲੇ ’ਤੇ ਕਿਤਾਬ ਹੱਥੋ-ਹੱਥੀ ਵਿਕ ਗਈ। ਗਿਆਨੀ ਕਾਕਾ ਸਿੰਘ ਨੇ ਇਸ ਤੋਂ ਬਿਨਾਂ ‘ਬਨਾਉਟੀ ਬਾਦਸ਼ਾਹ’, ‘ਧੰਨਾ ਮਾਸੜ ਕੀਹਦਾ’, ‘ਜੰਗੀਰੋ ਵਿਚੋਲਣ’ ‘ਪੰਜ ਵਾਰ ਸੁੱਟੀ ਮੰਗ ਦਾ ਪ੍ਰਸੰਗ’ ਵੀ ਕਮਾਲ ਦੀਆਂ ਕ੍ਰਿਤਾਂ ਹਨ ਜਿਨ੍ਹਾਂ ਵਿਚ ਵਿਅੰਗ ਪ੍ਰਧਾਨ ਹੈ। ਗਿਆਨੀ ਜੀ ਦੀਆਂ ਕਵੀਸ਼ਰੀਆਂ ਦੀ ਚੜ੍ਹਤ ਤੋਂ ਬਾਅਦ ਵੱਖ-ਵੱਖ ਸੰਤਾਂ ਦੇ ਉਪਾਸ਼ਕਾਂ ਨੇ ਜਦੋਂ ਉਨ੍ਹਾਂ ਤੋਂ ਫਰਮਾਇਸ਼ ਕਰਕੇ ਪ੍ਰਸੰਗ ਰੂਪੀ ਕਵੀਸ਼ਰੀਆਂ ਤਿਆਰ ਕਰਵਾਈਆਂ ਤਾਂ ਕਈਆਂ ਨੇ ਆ ਕੇ ਆਪਣੀ ਹੱਡਬੀਤੀ ਸੁਣਾ ਕੇ ਕਾਕਾ ਸਿੰਘ ਤੋਂ ਆਪਣੀ ਹੱਡਬੀਤੀ ਤੇ ਕਵੀਸ਼ਰੀਆਂ ਲਿਖਾਈਆਂ। ‘ਜੰਗੀਰੋ ਵਿਚੋਲਣ’ ਵੀ ਅਜਿਹੀ ਹੱਡਬੀਤੀ ਸੀ ਜਿਸ ਵਿਚ ਜੰਗੀਰੋ ਵਿਚੋਲਣ ਵੱਲੋਂ ਰਿਸ਼ਤਾ ਕਰਵਾਉਣ ਤੋਂ ਲੈ ਕੇ ਲੜਾਈਆਂ ਝਗੜੇ ਤੱਕ ਪੁੱਜੀ ਗੱਲ ਦਾ ਵਿਅੰਗਮਈ ਹਾਲ ਹੈ।  ਇਸੇ ਤਰ੍ਹਾਂ ਕਾਕਾ ਸਿੰਘ ਨੇ ਹੀਰ- ਰਾਂਝੇ ਦੀਆਂ ਕਲੀਆਂ ’ਤੇ ਵੀ ਹੱਥ ਅਜ਼ਮਾਇਆ ਪਰ ਲੋੜੀਂਦਾ ਮੰਚ ਮੁਹੱਈਆ ਨਾ ਹੋਣ ਕਾਰਨ ਉਨ੍ਹਾਂ ਨੂੰ ਉਹ ਪ੍ਰਸਿੱਧੀ ਨਹੀਂ ਮਿਲੀ ਜਿਸ ਦੇ ਅਸਲ ਵਿਚ ਉਹ ਕਾਬਿਲ ਹਨ। ਲੋਕ ਮੁੱਦਿਆਂ ਦੀ ਗੱਲ ਵੀ ਕੀਤੀ, ਸਾਧੂ ਸੰਤਾਂ ਦੀ ਉਪਮਾ, ਇਨਸਾਨ ਨੂੰ ਪਰਮ ਪਿਤਾ ਪ੍ਰਮਾਤਮਾ ਨਾਲ ਜੋੜਨ ਦੇ ਉਪਦੇਸ਼ ਦੀਆਂ ਕਵਿਤਾਵਾਂ ਦੇ ਉਸ ਕੋਲ ਭੰਡਾਰ ਹਨ। ਕਿਸਾਨੀ ਦੀ ਹਾਲਤ ਦਾ ਦ੍ਰਿਸ਼ ਉਹ ਇਸ ਤਰ੍ਹਾਂ ਪੇਸ਼ ਕਰਦਾ ਹੈ।
ਜੀਰੀ ਜੀਰੀ ਹੁਣ ਜੀਰੀ ਪ੍ਰਧਾਨ ਹੋ ਗਈ,
ਸਭ ਦੇ ਹੌਸਲੇ ਕਰੇ ਬੁਲੰਦ ਜੀਰੀ।
ਪਾਣੀ ਥੱਲੇ ਦਾ ਥੱਲੇ ਨੂੰ ਜਾਈ ਜਾਂਦਾ,
ਕਸੀ ਜਾਂਦੀ ਏ ਦੁੱਖਾਂ ਦੇ ਤੰਦ ਜੀਰੀ,
ਕਾਕਾ ਸਿੰਘ ਨਾ ਪਾਣੀ ਦੀ ਬੂੰਦ ਰਹਿਣੀ,
ਜੇ ਨਾ ਕਰੀ ਪੰਜਾਬ ਨੇ ਬੰਦ ਜੀਰੀ।

ਇਸ ਤੋਂ ਵੀ ਅੱਗੇ ਗਿਆਨੀ ਜੀ ਨੇ ਜੀਰੀ ਲੱਗਣ ਦੀ ਵਿਉਂਤ ਬਣਨ ਤੋਂ ਲੈ ਕੇ ਬੋਰੀਆਂ ਵਿਚ ਪਾਏ ਜਾਣ ਤੱਕ ਦੇ ਸਫ਼ਰ ਨੂੰ ਬਾਖੂਬੀ ਚਿਤਰਿਆ ਹੈ। ਇਸ ਦੀਆਂ ਕੁਝ ਲਾਈਨਾਂ ਇਸ ਪ੍ਰਕਾਰ ਹਨ।
ਵਾਹ ਕੇ ਸੁਹਾਗ ਕੇ ਘਰਾਂ ਨੂੰ ਆਉਂਦੇ ਨੇ,
ਫੇਰ ਜੀਰੀ ਲਾਉਣ ਵਾਲੇ ਨਾ ਥਿਉਂਦੇ ਨੇ,
ਘਰ ਵਿਚ ਛਿੜਜੇ ਲੜਾਈ ਝੱਟ ਜੀ।
ਜੀਰੀਆਂ ਨੇ ਬਾਂਸ ’ਤੇ ਚੜ੍ਹਾ ਤੇ ਜੱਟ ਜੀ।
ਘਰ ਵਿਚ ਸਾਰੇ ਬੈਠ ਕੇ ਵਿਚਾਰਦੇ,
ਬੇੜਾ ਵੰਨੇ ਭਈਏ ਲਾਉਣਗੇ ਬਿਹਾਰ ਦੇ,
ਨਾਲੇ ਪੈਸੇ ਲੈਂਦੇ ਦੂਜਿਆਂ ਤੋਂ ਘੱਟ ਜੀ,
ਜੀਰੀਆਂ ਨੇ ਬਾਂਸ ਤੇ ਚੜ੍ਹਾ ’ਤੇ ਜੱਟ ਜੀ।

ਗਿਆਨੀ ਜੀ ਦੇ ਕੋਲ ਪੈੱਨ ਤੇ ਕਾਗਜ਼ ਹਰੇ ਸਮੇਂ ਕੋਲ ਹੁੰਦਾ ਹੈ ਅਤੇ ਜਿੱਥੇ ਕਿਤੇ ਵੀ ਉਹ ਜਾਂਦਾ ਤਾਂ ਉਸ ਦਾ ਧਿਆਨ ਹਮੇਸ਼ਾ ਕੁਝ ਨਾ ਕੁਝ ਲੋਕਾਂ ਲਈ ਵਧੀਆਂ ਕੱਢ ਕੇ ਲਿਆਉਣ ਦਾ ਹੁੰਦਾ ਹੈ। ਕਾਕਾ ਸਿੰਘ ਕਿਸੇ ਨਾਲ ਰਿਸ਼ਤੇਦਾਰੀ ’ਚ ਹੋਈ ਮੌਤ ’ਤੇ ਮਕਾਣ ਚਲਿਆ ਗਿਆ ਤਾਂ ਬੁੜੀਆਂ ਵੱਲੋਂ ਮਕਾਣ ਜਾਂਦੇ ਸਮੇਂ ਆਪਣੇ ਘਰ ਦੇ ਦੁੱਖਾਂ ਦਰਦਾਂ ਦੀਆਂ ਪੇਸ਼ ਕੀਤੀਆ ਕਹਾਣੀਆਂ ਨੂੰ ਕੁਝ ਇਸ ਤਰ੍ਹਾਂ ਪੇਸ਼ ਕੀਤਾ ਗਿਆ।
’ਕੱਠੀਆਂ ਹੋ ਕੇ ਔਰਤਾਂ, ਚੱਲੀਆਂ ਕਈ ਮਕਾਣ।
ਆਪੋ-ਆਪਣੇ ਤਰ੍ਹਾਂ ਦਾ ਲੱਗੀਆਂ ਹਾਲ ਸੁਣਾਉਣ।

ਕਾਕਾ ਸਿੰਘ ਦੇ ਚੇਲਿਆਂ ਦਾ ਜ਼ਿਕਰ ਕਰੀਏ ਤਾਂ ਜਰਨੈਲ ਸਿੰਘ ਹਥੋਆ, ਗੁਲਜਾਰ ਖਾਂ, ਅਮਰੀਕ, ਰਸ਼ੀਦ ਮੁਹੰਮਦ, ਬਲਦੇਵ ਦਾਸ, ਦੁਰਲੱਭ ਦਾਸ ਹੇੜੀਕੇ ਹਨ ਜਿਨਾਂ ਨੇ ਬਾਕਾਇਦਾ ਕਾਕਾ ਸਿੰਘ ਨੂੰ ਪੱਗ ਦੇ ਕੇ ਗੁਰੂ ਧਾਰਨ ਕੀਤਾ ਹੋਇਆ ਹੈ ਜਦੋਂ ਕਿ ਉਂਜ ਦੋ ਦਰਜਨ ਦੇ ਕਰੀਬ ਕਵੀਸ਼ਰੀ ਜਥਿਆਂ ਵੱਲੋਂ ਉਸ ਦੀਆਂ ਕਵੀਸ਼ਰੀਆਂ ਗਾਈਆਂ ਜਾ ਰਹੀਆਂ ਹਨ। ਪਰਿਵਾਰ ਬਾਰੇ ਗੱਲ ਕਰੀਏ ਤਾਂ ਪੂਰੇ ਰੰਗ ਭਾਗ ਲੱਗੇ ਹੋਏ ਹਨ। ਤਿੰਨ ਪੁੱਤਰ ਹਨ ਜਿਨ੍ਹਾਂ ਦੇ ਬੱਚੇ ਪੜ੍ਹ ਲਿਖ ਕੇ ਵਿਦੇਸ ਗਏ ਹੋਏ ਹਨ ਜਾਂ ਫਿਰ ਆਪਣੇ ਕੰਮਾਂ-ਕਾਰਾਂ ’ਤੇ ਸੈੱਟ ਹਨ। ਕਾਕਾ ਸਿੰਘ ਦੀ ਦਿਲੀ ਇੱਛਾ ਹੈ ਕਿ ਪ੍ਰਮਾਤਮਾ ਨੇ ਸਭ ਖੁਸ਼ੀਆਂ ਉਸ ਦੀ ਝੋਲੀ ਪਾਈਆਂ ਹਨ ਪਰ ਹੁਣ ਉਸ ਦੀ ਜ਼ਿੰਦਗੀ ਭਰ ਦੀ ਕਮਾਈ ਰੂਪੀ ਰਚੇ ਛੰਦ ਅਜਾਈਂ ਨਾ ਜਾਣ ਸਗੋਂ ਕਿਸੇ ਨਾ ਕਿਸੇ ਤਰ੍ਹਾਂ ਜੇ ਇਹ ਛਪ ਜਾਣ ਤਾਂ ਦੁਨੀਆ ਵਿਚ ਉਸ ਦਾ ਨਾਮ ਰਹੇਗਾ।


Comments Off on ਅਣਗੌਲਿਆ ਕਵੀਸ਼ਰ ਗਿਆਨੀ ਕਾਕਾ ਸਿੰਘ ਘਨੌਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.