ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਸੁਰੀਲੀ ਤੇ ਦਮਦਾਰ ਗਾਇਕਾ ਦਾ ਨਾਂ ਹੈ ਪ੍ਰਮਿੰਦਰ ਸੰਧੂ

Posted On July - 11 - 2010

ਸੁਰਿੰਦਰ ਸਿੰਘ

ਪੰਜਾਬ ਦੀਆਂ ਇਸਤਰੀ ਗਾਇਕਾਵਾਂ ਵਿਚ ਜਦੋਂ ਬਗੈਰ ਕਿਸੇ ਸਟੇਜ ਸਕੱਤਰ ਦੇ ਸਟੇਜ ਨੂੰ ਖੁਦ ਚਲਾਉਣ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਮੂਹਰੇ ਨਾਂ ਪ੍ਰਮਿੰਦਰ ਸੰਧੂ ਦਾ ਹੀ ਆਉਂਦਾ ਹੈ। ਪਿਛਲੇ ਸਮਿਆਂ ਤੋਂ ਗਾਇਕੀ ਦੇ ਖੇਤਰ ਵਿਚ ਔਰਤ ਗਾਇਕਾਵਾਂ ਨੂੰ ਕੇਵਲ ਸਟੇਜ ਦਾ ਸ਼ਿੰਗਾਰ ਜਾਂ ਫਿਰ ਦੋਗਾਣਾ ਗਾਉਣ ਦੇ ਤੌਰ ’ਤੇ ਹੀ ਵਰਤਿਆ ਜਾਂਦਾ ਰਿਹਾ ਹੈ। ਮੋਹਰੀ ਤੌਰ ’ਤੇ ਮਰਦ ਗਾਇਕ ਹੀ ਸਟੇਜ ਚਲਾਉਂਦਾ ਸੀ ਜਾਂ ਇਹ ਕੰਮ ਨਾਲ ਗਿਆ ਸਟੇਜ ਸਕੱਤਰ ਕਰਦਾ ਸੀ। ਕਲੀਆਂ ਦੇ ਬਾਦਸ਼ਾਹ ਵਜੋਂ ਸਥਾਪਤ ਹੋਏ ਗਾਇਕ ਕੁਲਦੀਪ ਮਾਣਕ ਦੀ ਚੜ੍ਹਦੀ ਕਲਾ ਦੇ ਸਮੇਂ ਵਿਚ ਤਾਂ ਔਰਤ ਗਾਇਕਾ ਕੇਵਲ ਸਟਿਪਣੀ ਬਣ ਕੇ ਹੀ ਰਹਿ ਗਈ ਸੀ ਕਿਉਂਕਿ ਸਾਥਣ ਗਾਇਕਾ ਨਾਲ ਤਾਂ ਉਹ ਤਿੰਨ ਚਾਰ ਗੀਤ ਹੀ ਸਾਰੇ ਪ੍ਰੋਗਰਾਮ ਦੌਰਾਨ ਗਾਉਂਦਾ ਸੀ, ਉਹ ਵੀ ਸਰੋਤਿਆਂ ਦੀ ਫਰਮਾਇਸ਼ ’ਤੇ, ਬਾਕੀ ਸਾਰਾ ਸਮਾਂ ਆਪ ਹੀ ਗਾਉਂਦਾ ਸੀ।
ਪ੍ਰਮਿੰਦਰ ਸੰਧੂ ਸੋਲੋ ਗਾਇਕੀ ਰਾਹੀਂ ਅੱਜ ਭਾਵੇਂ ਜਿਸ ਵੀ ਉੱਚੇ ਮੁਕਾਮ ਉਤੇ ਪਹੁੰਚ ਗਈ ਹੈ, ਪਰ ਗਾਇਕੀ ਦੀ ਦੁਨੀਆਂ ਵਿਚ ਪ੍ਰਵੇਸ਼ ਤਾਂ ਉਸ ਨੇ ਸੀਤਲ ਸਿੰਘ ਸੀਤਲ, ਨੇਕੀ ਕਾਤਲ, ਪਿਆਰਾ ਸਿੰਘ ਪੰਛੀ, ਦਿਦਾਰ ਸੰਧੂ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਕਰਨੈਲ ਗਿੱਲ ਅਤੇ ਜਸਵੰਤ ਸੰਦੀਲਾ ਜਿਹੇ ਉੱਘੇ ਗਾਇਕਾਂ ਨਾਲ ਦੋਗਾਣੇ ਗਾ ਕੇ ਹੀ ਕੀਤਾ। ਫੇਰ ਇਕ ਵੇਲਾ ਅਜਿਹਾ ਵੀ ਆਇਆ ਜਦੋਂ ਐਨੇ ਲੰਮੇ ਸੰਘਰਸ਼ ਬਾਅਦ ਉਹ ਆਪਣੀ ਸੁਰੀਲੀ ਗਾਇਕੀ, ਉੱਚ ਕੋਟੀ ਦੀ ਯੋਗਤਾ, ਸੁਰ ਸਾਧਨਾ ਅਤੇ ਸਟੇਜ ਨਿਭਾਉਣ ਦੀ ਕਲਾ ਦੇ ਸਿਰ ’ਤੇ ਇਕੱਲੀ ਸਭ ਕੁਝ ਕਰਨ ਦੇ ਸਮਰੱਥ ਹੋ ਗਈ ਅਤੇ ਆਪਣੇ ਦਮਖਮ ਨਾਲ ਹਜ਼ਾਰਾਂ ਸਟੇਜਾਂ, ਦਰਜਨਾਂ ਕੈਸੇਟਾਂ ਇਕੱਲੀ ਨੇ ਆਪਣੇ ਸਰੋਤਿਆਂ ਦੀ ਝੋਲੀ ਵਿਚ ਪਾਈਆਂ।
ਉਦੋਂ ਮਸਾਂ ਉਹ ਸੱਤ ਕੁ ਵਰ੍ਹਿਆਂ ਦੀ ਹੋਵੇਗੀ ਜਦੋਂ ਪ੍ਰਮਿੰਦਰ ਨੇ ਗਾਇਕੀ ਨੂੰ ਅਪਣਾ ਲਿਆ। ਉਸ ਦੇ ਪਿਤਾ ਸ. ਸੁਰਜੀਤ ਸਿੰਘ ਸੰਧੂ ਖੁਦ ਗਾਉਣ ਦੇ ਸ਼ੌਕੀਨ ਸਨ, ਜਿਸ ਕਾਰਨ ਉਸ ਨੂੰ ਲੜਕੀ ਹੋਣ ਦੇ ਨਾਤੇ ਵੀ ਗਾਇਕੀ ਦੇ ਖੇਤਰ ਵਿਚ ਪੈਰ ਪਾਉਣ ’ਤੇ ਪਰਿਵਾਰਕ ਵਿਰੋਧ ਦਾ ਕਿਸੇ ਕਿਸਮ ਦਾ ਸਾਹਮਣਾ ਨਹੀਂ ਕਰਨਾ ਪਿਆ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਮਾਤਾ ਸ੍ਰੀਮਤੀ ਕੁਲਵੰਤ ਕੌਰ ਦੀ ਕੁੱਖੋਂ ਜਨਮ ਲੈਣ ਵਾਲੀ ਪ੍ਰਮਿੰਦਰ ਸੰਧੂ ਸੰਗੀਤ ਦੀ ਪੜ੍ਹਾਈ ਵਿਚ ਬਾਕਾਇਦਾ ਬੀ.ਏ. ਪਾਸ ਹੈ। ‘ਗੁਰੂ ਬਿਨਾਂ ਗਤ ਨਹੀਂ’, ਦੇ ਕਥਨ ਨੂੰ ਪੂਰਾ ਕਰਨ ਵਾਸਤੇ ਉਸ ਨੇ ਪਟਿਆਲਾ ਘਰਾਣੇ ਦੇ ਆਖਰੀ ਚਿਰਾਗ ਅਤੇ ਸੰਗੀਤ ਦੇ ਛੇਵੇਂ ਦਰਿਆ ਜਨਾਬ ਬਾਕਿਰ ਹੁਸੈਨ ਨੂੰ ਆਪਣਾ ਗੁਰੂ ਬਣਾਇਆ ਤੇ ਉਨ੍ਹਾਂ ਦੇ ਚਰਨੀ ਲੱਗ ਕੇ ਸੰਗੀਤ ਸਿੱਖਿਆ। ਪ੍ਰਮਿੰਦਰ ਨੇ ਜੋੜੀ ਦੇ ਰੂਪ ਵਿਚ ਸਭ ਤੋਂ ਵੱਧ ਸਮਾਂ, ਕਰੀਬ ਅੱਠ ਸਾਲ ਗਾਇਕ ਤੇ ਗੀਤਕਾਰ ਜਸਵੰਤ ਸੰਦੀਲਾ ਨਾਲ ਗਾਇਆ। ‘‘ਸੋਹਣੇ ਯਾਰ ਨੇ ਕੁਵੇਲੇ ਅੱਖ ਮਾਰੀ ਔਖੀ ਹੋਗੀ ਕੰਧ ਟੱਪਣੀ’’, ਜਿਹੇ ਗੀਤ ਵੀ ਆਪਣੀ ਬੇਵਸੀ ਦੀ ਹਾਲਤ ਵੇਲੇ ਉਸ ਨੂੰ ਗਾਉਣੇ ਪਏ ਕਿਉਂਕਿ ਉਸ ਸਮੇਂ ਔਰਤ ਗਾਇਕਾ ਨੂੰ ਆਪਣੀ ਗੱਲ ਮਨਵਾਉਣਾ ਆਪਣੇ ਪੈਰ ’ਤੇ ਕੁਹਾੜੀ ਮਾਰਨ ਦੇ ਤੁਲ ਸੀ।
ਸੁਰੀਲੇ ਗਾਇਕ ਕਰਨੈਲ ਗਿੱਲ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਉਸ ਨੇ ਪ੍ਰਮਿੰਦਰ ਸੰਧੂ ਨੂੰ ਹਿਸਾਰ ਤੋਂ ਲੁਧਿਆਣੇ ਲਿਆਂਦਾ ਤੇ ਦੋਵਾਂ ਨੇ ਇਕੱਠਿਆਂ ਗਾਉਣਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾ ਪ੍ਰੋਗਰਾਮ ਉਨ੍ਹਾਂ ਦਾ ਪਿੰਡ ਚੌਕੀਮਾਨ ਦੇ ਨੇੜੇ ਕਲਾਰ ਪਿੰਡ ਵਿਚ ਹੋਇਆ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਪ੍ਰਮਿੰਦਰ ਸੰਧੂ ਤੇ ਕਰਨੈਲ ਗਿੱਲ ਦਾ ਦੋਗਾਣਾ ਤਾਂ ਭਾਵੇਂ ਕੋਈ ਰਿਕਾਰਡ ਨਹੀਂ ਹੋ ਸਕਿਆ ਪਰ ਕਰਨੈਲ ਗਿੱਲ ਦੇ ਸੁਰਿੰਦਰ ਕੌਰ ਨਾਲ ਰਿਕਾਰਡ ਗੀਤ- ‘ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ’, ‘ਲੱਡੂ ਖਾ ਕੇ ਤੁਰਦੀ ਬਣੀ’, ‘ਜੱਟ ਕਿਹੜਿਆਂ ਕੰਮਾਂ ਨੂੰ ਮਰਦਾ’, ‘ਕੀਹਨੇ ਤੈਨੂੰ ਭਰੀ ਚੁਕਾਈ ਕੀਹਨੇ ਵੱਢੇ ਪੱਠੇ ਝੂਠ ਨਾ ਬੋਲੀ ਨੀ ਸੂਰਜ ਲੱਗਦਾ ਮੱਥੇ’ ਆਦਿ ਅਨੇਕਾਂ ਗੀਤ ਉਹ ਤੇ ਪ੍ਰਮਿੰਦਰ ਸਟੇਜ ’ਤੇ ਇਕੱਠੇ ਗਾਉਂਦੇ। ਕਰੀਬ ਦੋ ਸਾਲ ਉਨ੍ਹਾਂ ਦੋਵਾਂ ਨੇ ਇਕੱਠਿਆਂ ਗਾਇਆ।
ਫੇਰ ਦਿਦਾਰ ਨਾਲ ਜਦੋਂ ਸੈੱਟ ਬਣਿਆ ਤਾਂ ਪ੍ਰਮਿੰਦਰ ਤੇ ਦਿਦਾਰ ਸੰਧੂ ਦਾ ਪਹਿਲਾ ਈ.ਪੀ. ਰਿਕਾਰਡ- ‘‘ਮੈਂ ਨਵੀਂ ਨਸ਼ੀਲੀ ਦਾਰੂ ਵੇ, ਮੈਂ ਸਭ ਨਸ਼ਿਆਂ ’ਤੇ ਭਾਰੂ ਵੇ, ਰਹਿੰਦੀ ਏ ਮੇਰੇ ਆਸ਼ਕ ਨੂੰ ਮੇਰੀ ਚਤੋ ਪਹਿਰ ਸਰੂਰੀ, ਮੇਰਾ ਜ਼ੋਬਨ ਪੀਤਾ ਕਈਆਂ ਨੇ ਪਰ ਮੈਂ ਪੂਰੀ ਦੀ ਪੂਰੀ’’, ਅਤੇ ‘ਦਿਨ ਲੰਘੂਗਾ ਸੁਹਾਗ ਰਾਤ ਵਰਗਾ, ਉਠਦੀ ਦੇ ਨਜ਼ਰ ਪਿਆ’, ਕਾਫੀ ਮਸ਼ਹੂਰ ਹੋਏ। ਕੁਲਦੀਪ ਮਾਣਕ ਨਾਲ ਉਸ ਨੇ ਦਿਦਾਰ ਤੋਂ ਪਹਿਲਾਂ ਗਾਇਆ। ਉਨ੍ਹਾਂ ਦੋਵਾਂ ਦਾ ਇਹ ਗੀਤ ਜਿਹੜਾ ਐਚ.ਐਮ.ਵੀ. ਕੰਪਨੀ ਵਿਚ ਈ.ਪੀ. ਆਇਆ- ‘ਤੋਰ ਮੋਰਨੀ ਦੀ ਤੁਰੇ ਜੱਟੀ ਮੋਰਨੀ’ ਵੀ ਉਨ੍ਹਾਂ ਦਿਨਾਂ ਵਿਚ ਕਾਫੀ ਚੱਲਿਆ ਸੀ।
ਦਿਦਾਰ ਸੰਧੂ ਤੋਂ ਬਾਅਦ ਜਸਵੰਤ ਸੰਦੀਲੇ ਨਾਲ ਉਸ ਦਾ ਸੈੱਟ ਬਣਿਆ ਤੇ ਦੋਗਾਣਾ ਗਾਇਕੀ ਵਿਚ ਅਮਰ ਸਿੰਘ ਚਮਕੀਲੇ ਤੋਂ ਪਹਿਲਾਂ ਪ੍ਰਮਿੰਦਰ ਸੰਧੂ ਤੇ ਜਸਵੰਤ ਸੰਦੀਲੇ ਦੀ ਪੂਰੀ ਚੜ੍ਹਾਈ ਰਹੀ। ਸੁਪਰ ਸੋਨਿਕ ਕੰਪਨੀ ਵਿਚ ਉਨ੍ਹਾਂ ਦੇ ਗਾਏ ਗੀਤਾਂ ਦਾ ਈ.ਪੀ.- ‘ਖਿੜ ਖਿੜ ਵੇਖ ਕੇ ਹਸਦੀ ਨੂੰ’- ਐਚ.ਐਮ.ਪੀ. ਕੰਪਨੀ ’ਚ ਐਲ.ਪੀ.- ‘ਗੀਤਾਂ ਭਰੀ ਕਹਾਣੀ’,- ‘ਮੇਰੇ ਪੱਲੇ ਪੈ ਗਿਆ ਅਮਲੀ’, ਕੈਸੇਟਾਂ- ‘ਲੜਨਾ ਘੁੰਡ ਚੱਕ ਕੇ’, ‘ਠੇਕੇ ਜਾ ਵੜਿਆ ਵੇ-’, ਦੋਵਾਂ ਦੇ ਦੋਗਾਣੇ- ‘ਪੋਹ ’ਚ ਪਾਲਾ ਲਗਦਾ ਵੇ ਆਵੇ ਹਾੜ ’ਚ ਮੁੜ੍ਹਕਾ’, ਕਿਹੜੀ ਰੁੱਤੇ ਸੋਹਣੀਏ ਤੇਰਾ ਭਿੱਜਿਆ ਕੁੜਤਾ’, ‘ਦਿਲ ਤੈਨੂੰ ਦਿਤਾ ਏਹਨੂੰ ਸਾਂਭ ਮੁੰਡਿਆ, ਚੰਦਰਾ ਇਹ ਬੜਾ ਵੇ ਜਹਾਨ ਮੁੰਡਿਆ’, ਕਾਫੀ ਮਸ਼ਹੂਰ ਹੋਏ। ਇਨ੍ਹਾਂ ਤੋਂ ਬਿਨਾਂ ਜਸਵੰਤ ਸੰਦੀਲੇ ਦਾ ਲਿਖਿਆ ਇਕ ਗੀਤ ਜਿਸ ਨੂੰ ਪ੍ਰਮਿੰਦਰ ਨੇ ਗਾਇਆ- ‘ਕਤਲਾਂ ਦੇ ਕੇਸ ਜੇ ਪੈ ਗਏ, ਚੁੱਲ੍ਹਿਆਂ ਵਿਚ ਘਾਹ ਉੱਗ ਪੈਣੇ’, ਬਹੁਤ ਹੀ ਮਸ਼ਹੂਰ ਹੋਇਆ ਸੀ।
ਪ੍ਰਮਿੰਦਰ ਦਾ ਦੱਸਣਾ ਹੈ ਕਿ ਜਦੋਂ ਦੋਗਾਣਾ ਗਾਇਕੀ ਨੂੰ ਅਲਵਿਦਾ ਆਖ ਉਸ ਨੇ ਸੋਲੋ ਗਾਉਣ ਦਾ ਮਨ ਬਣਾ ਲਿਆ ਤਾਂ ਸਭ ਤੋਂ ਪਹਿਲਾਂ 1990 ਵਿਚ ਉਸ ਦੀ ਗਾਇਕੀ ਦੀ, ਉਸ ਦੀ ਆਵਾਜ਼ ਦੀ, ਉਸ ਦੀ ਯੋਗਤਾ ਦੀ ਪਰਖ ਕਰਕੇ ਗੀਤਕਾਰ ਭਿੰਦਰ ਡੱਬਵਾਲੀ ਨੇ ਬਠਿੰਡਾ ਦੀ ਗੋਇਲ ਮਿਊਜ਼ਿਕ ਕੰਪਨੀ ਵਿਚ ਪਹਿਲੀ ਸੋਲੋ ਕੈਸੇਟ- ‘ਰੰਗਪੁਰ ਰੰਗ ਲਾਉਣ ਵਾਲੀਏ’- ਟਾਈਟਲ ਨਾਲ ਸਰੋਤਿਆਂ ਦੇ ਸਨਮੁੱਖ ਕੀਤੀ। ਹਾਕਮ ਬਖਤੜੀ ਵਾਲੇ ਦਾ ਲਿਖਿਆ ਇਹ ਗੀਤ ‘ਰੰਗਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣ ਨੀਂ’ ਜਦੋਂ ਜਲੰਧਰ ਦੂਰਦਰਸ਼ਨ ’ਤੇ ਚਲਿਆ ਤਾਂ ਮਾਰਕਿਟ ਵਿਚ ਕੈਸੇਟ ਭਾਲੀ ਨਾ ਥਿਆਈ। ਲੋਕਾਂ ਨੇ ਇਹ ਗੀਤ, ਇਹ ਕੈਸੇਟ ਐਨੀ ਪਸੰਦ ਕੀਤੀ ਕਿ ਮੁੜ ਪ੍ਰਮਿੰਦਰ ਨੂੰ ਦੋਗਾਣਾ ਗਾਇਕੀ ਦਾ ਭੋਰਾ ਭਰ ਵੀ ਸਹਾਰਾ ਨਹੀਂ ਲੈਣਾ ਪਿਆ ਸਗੋਂ ਉਹ ਆਜ਼ਾਦ ਤੌਰ ’ਤੇ ਪੰਜਾਬ ਦੀਆਂ ਸਟੇਜਾਂ ’ਤੇ ਅਜਿਹੀ ਛਾਈ ਕਿ ਚਾਰੇ ਪਾਸੇ ਪ੍ਰਮਿੰਦਰ-ਪ੍ਰਮਿੰਦਰ ਹੋ ਗਈ। ਉਸ ਤੋਂ ਬਾਅਦ ਗਾਇਕ ਤੇ ਗੀਤਕਾਰ ਸ਼ਿੰਗਾਰਾ ਚਹਿਲ ਤੇ ਜਰਨੈਲ ਘੁਮਾਣ ਦੀ ਕੈਸੇਟ ਕੰਪਨੀ ਸੀ.ਐਮ.ਸੀ. ਨਾਲ ਉਹ ਪੱਕੇ ਤੌਰ ’ਤੇ ਹੀ ਜੁੜ ਗਈ ਜਿਸ ਵਿਚ ‘ਉਡ ਕੇ ਸੋਹਣਿਆ ਆ ਜਾ’, ‘ਚੁੰਨੀ ਨਾਲ ਪਤਾਸੇ’, ‘ਕੁੜੀਆਂ ਕਾਲਜ ਪੜ੍ਹਦੀਆਂ’, ‘ਚੰਡੀਗੜ੍ਹ ਨਾ ਵਿਆਹੀਂ’ ਜਿਹੀਆਂ ਸੋਲੋ ਟੇਪਾਂ ਮਾਰਕਿਟ ਵਿਚ ਭੇਜੀਆਂ ਅਤੇ ਸਫਲਤਾ ਦੇ ਝੰਡੇ ਪੂਰੀ ਤਰ੍ਹਾਂ ਗੱਡ ਦਿੱਤੇ। ਇਸੇ ਤਰ੍ਹਾਂ ਬਲਬੀਰ ਭਾਟੀਆ ਵੱਲੋਂ ‘ਚੁਆਇਸ’ ਕੰਪਨੀ ਵਿਚ ‘ਇਕ ਨਾਰ ਨੱਚਦੀ’ ਜਨਾਬ ਚਰਨਜੀਤ ਆਹੂਜਾ ਦੇ ਸੰਗੀਤ ਵਿਚ ‘ਸਾਗਾ’ ਕੰਪਨੀ ਵਿਚ ‘ਆਜਾ ਦੋਵੇਂ ਨੱਚੀਏ’, ‘ਗੇੜੇ ਤੇ ਗੇੜਾ ਵੱਜੇ’, ਲੱਕੀ ਸਟਾਰ ਕੰਪਨੀ ’ਚ ‘ਤੇਰਾ ਇਸ਼ਕ’, ‘ਮੈਂ ਤੇਰੀ ਨੌਕਰ ਹੋਜੂੰ’ ਅਤੇ ਟੀ-ਸੀਰੀਜ਼ ਕੰਪਨੀ ਵਿਚ ‘ਮਸਤ ਮਸਤ’ ਕੈਸੇਟਾਂ ਤੋਂ ਇਲਾਵਾ ਭੇਟਾਂ ਦੀਆਂ ਕੈਸੇਟਾਂ ਵੀ ਮਾਰਕਿਟ ਵਿਚ ਆਉਣ ਦਾ ਸਿਲਸਿਲਾ ਜਾਰੀ ਰਿਹਾ ਤੇ ਪ੍ਰੋਗਰਾਮਾਂ ਦੀ ਬਹੁਤਾਤ ਐਨੀ ਜ਼ਿਆਦਾ ਹੋ ਗਈ ਕਿ ਪੰਜਾਬ ਵਿਚ ਅਤਿਵਾਦ ਦਾ ਦੌਰ ਹੁੰਦੇ ਹੋਏ ਵੀ ਇਹ ਸਮਾਂ, ਇਹ ਯੁੱਗ ਪ੍ਰਮਿੰਦਰ ਸੰਧੂ ਦਾ ਹੀ ਹੋ ਨਿਬੜਿਆ। ਗੀਤਕਾਰ ਗੁਰਚਰਨ ਵਿਰਕ ਦਾ ਗੀਤ ‘ਘਰ ਆਗੇ ਸੋਹਣਿਆ ਵੇ ਕੱਲ੍ਹ ਚੁੰਨੀ ਨਾਲ ਪਤਾਸ਼ੇ’, ਜਸਵੀਰ ਗੁਣਾਚੌਰੀਏ ਦਾ ‘ਹੱਸਿਆ ਨਾ ਕਰ ਸਾਡੇ ਨਾਲ ਢੋਲਣਾ’, ਵਿਜੈ ਧੰਮੀ ਦਾ- ‘ਭਲੀ ਕਰੇ ਕਰਤਾਰ ਦੁਨੀਆਂ ਦੀ ਨਜ਼ਰ ਬੁਰੀ’, ‘ਦਮ ਬੀੜਾ ਉੱਠਿਆ ਜੀ ਦਮ ਬੀੜਾ’ ਉਨ੍ਹਾਂ ਦਿਨਾਂ ਵਿਚ ਹਰ ਸਟੇਜ ’ਤੇ ਚੱਲਦੇ।
ਜੇਕਰ ਪ੍ਰਮਿੰਦਰ ਸੰਧੂ ਦੀ ਸਟੇਜ ਪ੍ਰਫਾਰਮੈਂਸ ਦੀ ਗੱਲ ਕਰਨੀ ਹੋਵੇ ਤਾਂ ਉਸ ਵਿਚ ਬਹੁਤ ਸਾਰੀਆਂ ਉੱਚਕੋਟੀ ਦੀਆਂ ਯੋਗਤਾਵਾਂ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਉਹ ਜਦ ਡਾਇਲਾਗ ਬੋਲ ਕੇ ਸਟੇਜ ਸ਼ੁਰੂ ਕਰਦੀ ਹੈ ਤਾਂ ਇਕ ਬਹੁਤ ਹੀ ਸੁਘੜ ਕਿਸਮ ਦੀ ਮੁਟਿਆਰ ਨਜ਼ਰ ਆਉਂਦੀ ਹੈ। ਉਸ ਦੀ ਸ਼ੇਅਰੋ ਸ਼ਾਇਰੀ ਵਿਚ ਐਨਾ ਦਮ ਹੈ ਕਿ ਹਰ ਕੋਈ ਭਲੀ ਭਾਂਤ ਸਮਝ ਲੈਂਦਾ ਹੈ ਕਿ ਇਸ ਗਾਇਕਾ ਨੇ ਕਿੰਨਾ ਸਾਹਿਤ ਪੜ੍ਹਿਆ ਹੋਵੇਗਾ। ਪ੍ਰਮਿੰਦਰ ਨੂੰ ਹਾਲਾਤ ਮੁਤਾਬਕ ਸਟੇਜ ’ਤੇ ਗੀਤ ਪੇਸ਼ ਕਰਨ ਦੀ ਬਹੁਤ ਵੱਡੀ ਜਾਚ ਹੈ। ਇਕ ਵਿਆਹ ਵਿਚ ਪ੍ਰਮਿੰਦਰ ਸੰਧੂ ਨੂੰ ਲੜਕੀ ਅਤੇ ਲੜਕੇ ਦੋਵਾਂ ਪਰਿਵਾਰਾਂ ਵੱਲੋਂ ਸੱਦਾ ਪੱਤਰ ਮਿਲਿਆ ਹੋਇਆ ਸੀ ਤੇ ਵਿਆਹੁਲਾ ਲੜਕਾ ਕੋਈ ਹੋਰ ਨਹੀਂ ਸਗੋਂ ਗੀਤਕਾਰ ਜਰਨੈਲ ਘੁਮਾਣ ਦਾ ਸਾਲਾ ਅਤੇ ਸੀ.ਐਮ.ਸੀ. ਕੰਪਨੀ ਦਾ ਕਰਤਾ ਧਰਤਾ ਸਤਨਾਮ ਸਿੱਧੂ ਸੀ। ਸੋ ਉਸ ਸਟੇਜ ’ਤੇ ਪੰਜਾਬ ਦਾ ਹਰ ਨਾਮਵਰ ਗਾਇਕ ਤੇ ਗਾਇਕਾ ਆਪੋ-ਆਪਣੀ ਹਾਜ਼ਰੀ ਲਵਾ ਰਹੇ ਸਨ। ਜਦੋਂ ਪ੍ਰਮਿੰਦਰ ਸੰਧੂ ਦੀ ਵਾਰੀ ਆਈ ਤਾਂ ਉਸ ਨੇ ਆਪਣੀ ਗਾਇਕੀ ਰਾਹੀਂ ਆਪਣੀ ਸ਼ਖਸੀਅਤ ਦੀ ਸਿਆਣਪ ਦਾ ਅਜਿਹਾ ਨਮੂਨਾ ਪੇਸ਼ ਕੀਤਾ ਕਿ ਸਾਰੇ ਦੰਗ ਰਹਿ ਗਏ। ਪਹਿਲਾਂ ਉਸ ਨੇ ਕੁੜੀ ਵਾਲਿਆਂ ਵੱਲੋਂ ਪੇਸ਼ ਹੁੰਦਿਆਂ ਪੇਂਡੂ ਕੁੜੀਆਂ ਵਾਂਗ, ‘‘ਧੀਏ ਛੱਡ ਨੀ ਮੰਜੇ ਦਾ ਪਾਵਾ, ਸਾਡਾ ਕਾਹਦਾ ਦਾਅਵਾ, ਜ਼ੋਰਾਵਰ ਲੈ ਨੀ ਚਲੇ’’, ਗਾਇਆ। ਵਿਆਹੁਲੀ ਜੋੜੀ ਸਾਹਮਣੇ ਬੈਠੀ ਸੀ ਤੇ ਫਿਰ ਮੁੰਡੇ ਵਾਲਿਆਂ ਵੱਲ ਦੀ ਹੋਕੇ ਨਵੀਂ ਵਿਆਹੀ ਭਾਬੀ ਨਾਲ ਸਬੰਧਤ ਬੋਲੀਆਂ ਪਾ ਕੇ ਸਟੇਜ ਦਾ ਰੁਖ ਹੀ ਬਦਲ ਦਿੱਤਾ।
ਆਪਣੀ ਪਰਿਵਾਰਿਕ ਜ਼ਿੰਦਗੀ ਵਿਚ ਪ੍ਰਮਿੰਦਰ ਸੰਧੂ ਪੂਰੀ ਤਰ੍ਹਾਂ ਅਨੰਦਿਤ ਹੈ ਕਿਉਂਕਿ ਉਸ ਦੇ ਸੰਗੀਤ ਗਰੁਪ ਵਿਚ ਹੀ ਕੰਮ ਕਰਦਾ ਕੁਲਜੀਤ ਜੋ ਖੁਦ ਬਹੁਤ ਹੀ ਵਧੀਆ ਤੇ ਸੁਰੀਲਾ ਗਾਇਕ ਹੈ, ਪ੍ਰਮਿੰਦਰ ਦਾ ਪਤੀ ਹੈ। ਲਗਾਤਾਰ ਇਕੱਠਿਆਂ ਕੰਮ ਕਰਦੇ ਦੋਵੇਂ ਪ੍ਰਮਿੰਦਰ ਤੇ ਕੁਲਜੀਤ ਇਕ ਦੂਜੇ ਦੇ ਐਨਾ ਨੇੜੇ ਹੋ ਗਏ ਕਿ 21 ਅਪਰੈਲ, 1995 ਨੂੰ ਦੋਵੇਂ ਯੁਗਾਂ ਯੁਗਾਂ ਦੇ ਸਾਥ ਵਿਚ ਬੱਝ ਗਏ। ਦੋਵਾਂ ਦੀਆਂ ਨਿਸ਼ਾਨੀਆਂ ਦੇ ਤੌਰ ’ਤੇ ਦੋ ਬੱਚੇ, ਇਕ ਬੇਟਾ ਸਨਮੀਤ ਸਿੰਘ ਜੋ ਨੌਵੀਂ ਕਲਾਸ ਵਿਚ ਪੜ੍ਹਦਾ ਹੈ ਅਤੇ ਇਕ ਬੇਟੀ ਗੁਰਅਸੀਸ ਕੌਰ, ਜੋ ਹਾਲੇ ਦੂਜੀ ਕਲਾਸ ਵਿਚ ਹੈ। ਪ੍ਰਮਿੰਦਰ ਦੇ ਬੇਟੇ ਸਨਮੀਤ, ਜਿਸ ਦਾ ਘਰ ਦਾ ਨਾਂ ਅਨੁਰਾਗ ਹੈ, ਦੇ ਨਾਂ ’ਤੇ ਪ੍ਰਮਿੰਦਰ ਦੇ ਭਰਾ ਬਿੱਟੂ ਸੰਧੂ ਨੇ ‘ਅਨੁਰਾਗ’ ਕੈਸੇਟ ਕੰਪਨੀ ਸ਼ੁਰੂ ਕੀਤੀ ਹੋਈ ਹੈ। ਪ੍ਰਮਿੰਦਰ ਸੰਧੂ ਦੀ ਗ੍ਰਹਿਸਥ ਜ਼ਿੰਦਗੀ ਦਾ ਜਹਾਜ਼ ਇਸ ਵੇਲੇ ਬੜੀ ਸਫਲਤਾ ਨਾਲ ਆਪਣਾ ਸਫਰ ਤੈਅ ਕਰ ਰਿਹਾ ਹੈ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਪ੍ਰਮਿੰਦਰ ਨੂੰ ਰਸੋਈ ਵਿਚ ਕੰਮ ਕਰਨ ਦਾ ਬਹੁਤ ਸ਼ੌਕ ਹੈ। ਉਸ ਦੀ ਖੀਰ ਪੂੜੇ ਬਣਾਉਣ ਵਿਚ ਇੰਨੀ ਮੁਹਾਰਤ ਹੈ ਕਿ ਖਾਣ ਵਾਲੇ ਦੇ ਮੂੰਹੋਂ ਨੀ ਲਹਿੰਦੇ। ਬਣਾਉਣ ਨਾਲੋਂ ਵੀ ਪਰੋਸਣ ਵਿਚ ਉਹ ਇੰਨੀ ਮਿਠਾਸ ਭਰੇ ਸ਼ਬਦ ਬੋਲਦੀ ਹੈ ਕਿ ਰੱਜੇ ਪੁੱਜੇ ਬੰਦੇ ਨੂੰ ਵੀ ਭੁੱਖ ਲੱਗ ਜਾਂਦੀ ਹੈ।
ਆਪਣੀ ਗਾਇਨ ਕਲਾ ਦੇ ਸਹਾਰੇ ਪ੍ਰਮਿੰਦਰ ਸੰਧੂ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨ, ਆਸਟਰੇਲੀਆ ਆਦਿ ਦੇਸ਼ਾਂ ਵਿਚ ਅਨੇਕਾਂ ਵਾਰ ਜਾ ਆਈ ਹੈ ਤੇ ਉਥੇ ਰਹਿੰਦੇ ਪੰਜਾਬੀਆਂ ਵਿਚ ਆਪਣੀ ਕਲਾ ਦਾ ਲੋਹਾ ਮਨਵਾ ਕੇ ਆਈ ਹੈ। ਜੇਕਰ ਪ੍ਰਮਿੰਦਰ ਨੂੰ ਆਪਣੀ ਜ਼ਿੰਦਗੀ ਦੀ ਖੁਸ਼ੀ ਦੀ ਅਭੁੱਲ ਯਾਦ ਦਾ ਪ੍ਰਸ਼ਨ ਪੁੱਛਿਆ ਜਾਵੇ ਤਾਂ ਉਹ ਦੱਸਦੀ ਹੈ ਜਦੋਂ ਸਵਰਗੀ ਬੇਅੰਤ ਸਿੰਘ ਉਸ ਮੌਕੇ ਦੇ ਮੁੱਖ ਮੰਤਰੀ ਨੇ ਉਸ ਨੂੰ ਮਨਜੀਤ ਸਿੰਘ ਸੋਢੀ ਦੀ ਰਹਿਨੁਮਾਈ ਵਿਚ ਘਰਾਚੋਂ ਦੇ ਮੇਲੇ ਵਿਚ ਇਕ ਲੱਖ ਸਰੋਤਿਆਂ ਦੀ ਹਾਜ਼ਰੀ ਵਿਚ ‘ਪੰਜਾਬ ਦੀ ਧੀ’ ਦਾ ਸਨਮਾਨ ਚਰਖਾ ਤੇ ਫੁਲਕਾਰੀ ਨਾਲ ਦਿੱਤਾ ਤਾਂ ਉਹ ਪਲ ਉਸ ਲਈ ਸਭ ਤੋਂ ਵਧ ਯਾਦਗਾਰੀ ਬਣੇ ਹੋਏ ਹਨ। ਇਸ ਤੋਂ ਇਲਾਵਾ ‘ਸੁਰਾਂ ਦੀ ਰਾਣੀ’, ‘ਮੁਹੰਮਦ ਰਫੀ ਐਵਾਰਡ’ ਦੇ ਸਮਾਗਮ ਵੀ ਉਸ ਵਾਸਤੇ ਯਾਦਗਾਰੀ ਹਨ। ਦਿਲ ਨੂੰ ਸੱਟ ਮਾਰਨ ਵਾਲੀ ਗੱਲ ਦਾ ਬੇਸ਼ੱਕ ਉਹ ਜ਼ਿਕਰ ਕਰਨਾ ਠੀਕ ਨਹੀਂ ਸਮਝਦੀ ਪ੍ਰੰਤੂ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਪਤਾ ਹੈ ਕਿ ਕਿਵੇਂ ਚੁਸਤ ਚਲਾਕ ਲੋਕਾਂ ਨੇ ਉਸ ਨੂੰ ਭੈਣ ਬਣਾ ਕੇ ਲੱਖਾਂ ਰੁਪਿਆ ਉਧਾਰ ਦੇ ਰੂਪ ਵਿਚ ਲੈ ਲਿਆ, ਜਿਸ ਨੂੰ ਯਾਦ ਕਰਕੇ ਉਹ ਹੌਕਾ ਹੀ ਭਰ ਲੈਂਦੀ ਹੈ, ਕਿਉਂਕਿ ਉਸ ਦੀ ਹੱਡ ਭੰਨਵੀਂ ਕਮਾਈ ਹੁਣ ਉਸ ਨੂੰ ਵਾਪਸ ਮੁੜਦੀ ਦਿਖਾਈ ਨਹੀਂ ਦਿੰਦੀ।
‘ਮਸਤ ਮਸਤ’ ਕੈਸੇਟ ਤੋਂ ਬਾਅਦ ਹਾਲੇ ਤਕ ਕੋਈ ਹੋਰ ਕੈਸੇਟ ਰਿਕਾਰਡ ਨਾ ਕਰਾਉਣ ਦੇ ਜੁਆਬ ਵਿਚ ਉਹ ਕਹਿੰਦੀ ਹੈ ਕਿ ਇਸ ਵਕਤ ਪੰਜਾਬੀ ਗਾਇਕੀ ਕੱਚ-ਘਰੜ ਗਾਇਕਾਂ ਦੇ ਦੌਰ ਵਿਚ ਦੀ ਗੁਜ਼ਰ ਰਹੀ ਹੈ। ਜਦੋਂ ਨਦੀ ਵਿਚ ਹੜ੍ਹ ਆਇਆ ਹੋਵੇ ਤਾਂ ਸਿਆਣਾ ਮਲਾਹ ਆਪਣੀ ਬੇੜੀ ਨੂੰ ਇਕ ਪਾਸੇ ਲਗਾ ਕੇ ਹੜ੍ਹ ਗੁਜ਼ਰ ਜਾਣ ਦੀ ਉਡੀਕ ਕਰਦਾ ਹੈ; ਬਿਲਕੁਲ ਮੈਂ ਵੀ ਉਸੇ ਮਲਾਹ ਦੀ ਤਰ੍ਹਾਂ ਕੁਝ ਸਮਾਂ ਲੰਘਾ ਕੇ ਹੁਣ ਸੰਗੀਤ ਤੇ ਬੇਤਾਜ ਬਾਦਸ਼ਾਹ ਜਨਾਬ ਚਰਨਜੀਤ ਅਹੂਜਾ ਸਾਹਿਬ ਦੀ ਰਹਿਨੁਮਾਈ ਹੇਠ ਕੈਸੇਟ ਤਿਆਰ ਕਰਕੇ ਆਪਣੇ ਸਰੋਤਿਆਂ ਦਾ ਉਲਾਂਭਾ ਜਲਦੀ ਉਤਾਰ ਰਹੀ ਹਾਂ। ਬੀਤੇ ਦਿਨੀਂ ਪਤਾ ਚੱਲਿਆ ਕਿ ਪ੍ਰਮਿੰਦਰ ਸੰਧੂ ਅੱਜਕਲ੍ਹ ਇਕ ਗੰਭੀਰ ਕਿਸਮ ਦੀ ਬਿਮਾਰੀ ਦੀ ਸ਼ਿਕਾਰ ਹੈ। ਉਸ ਦੇ ਪਤੀ ਕੁਲਜੀਤ ਤੋਂ ਪਤਾ ਲੱਗਿਆ ਕਿ ਬਿਮਾਰੀ ਦੀ ਸਟੇਜ ਵਧਣ ਦਾ ਉਨ੍ਹਾਂ ਨੂੰ ਸਮੇਂ ਸਿਰ ਪਤਾ ਨਹੀਂ ਚੱਲਿਆ, ਜਿਸ ਕਾਰਨ ਥੋੜ੍ਹੀ ਦਿੱਕਤ ਆ ਗਈ ਸੀ ਪਰ ਹੁਣ ਠੀਕ ਹੈ।
ਇਕ ਕਲਾਕਾਰ ਜਿਸ ਦੇ ਦੁਨੀਆਂ ਭਰ ਵਿਚ ਲੱਖਾਂ ਸਰੋਤੇ ਪ੍ਰਸ਼ੰਸਕ ਹੋਣ ਉਹ ਆਪਣੇ ਹਰਮਨ ਪਿਆਰੇ ਕਲਾਕਾਰ ਨੂੰ ਆਪਣੀਆਂ ਦੁਆਵਾਂ ਰਾਹੀਂ ਤੰਦਰੁਸਤ ਕਰ ਹੀ ਲੈਂਦੇ ਹਨ। ਪ੍ਰਮਿੰਦਰ ਜਲਦੀ ਹੀ ਤੰਦਰੁਸਤ ਹੋ ਕੇ ਆਪਣੇ ਸਰੋਤਿਆਂ ਦੇ ਸਨਮੁਖ ਹੋ ਰਹੀ ਹੈ।


Comments Off on ਸੁਰੀਲੀ ਤੇ ਦਮਦਾਰ ਗਾਇਕਾ ਦਾ ਨਾਂ ਹੈ ਪ੍ਰਮਿੰਦਰ ਸੰਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.