ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ

Posted On June - 1 - 2010

ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ ਹੋਣਗੀਆਂ ਅਤੇ ਇਸ ਵਿਚ ਸਿਰਫ ਕੇਸਧਾਰੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਹੱਕ ਹੋਵੇਗਾ। ਇਹ ਖੁਲਾਸਾ ਭਾਰਤ ਸਰਕਾਰ ਦੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ (ਬੋਰਡ) ਦੀਆਂ ਅਗਾਮੀ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਪ੍ਰੋਗਰਾਮ ਜਾਰੀ ਕਰਨ ਨਾਲ ਹੋਇਆ। ਇਸ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਗੁਰਦੁਆਰਾ ਚੋਣ ਕਮਿਸ਼ਨਰ ਐਚ.ਐਸ. ਬਰਾੜ ਨਾਲ ਇਸ ਸਬੰਧੀ ਮੁਲਾਕਾਤ ਵੀ ਕੀਤੀ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦੀ ਪੰਜ ਸਾਲ ਦੀ ਮਿਆਦ ਅਗਸਤ 2009 ਵਿਚ ਮੁਕੰਮਲ ਹੋ ਗਈ ਸੀ ਅਤੇ ਹੁਣ 10 ਮਹੀਨੇ ਵੱਧ ਹੋ ਚੁੱਕੇ ਹਨ ਪਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਬਾਰੇ ਕੋਈ ਐਲਾਨ ਨਹੀਂ ਹੋਇਆ ਸੀ। ਸ਼੍ਰੋਮਣੀ ਕਮੇਟੀ ਦੇ ਸਦਨ ਵਿਚ ਇਸ ਵੇਲੇ 170 ਚੁਣੇ ਹੋਏ ਮੈਂਬਰਾਂ ਅਤੇ 15 ਨਾਮਜ਼ਦ ਮੈਂਬਰਾਂ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਵੀ ਇਸ ਸਦਨ ਦਾ ਹਿੱਸਾ ਹਨ।
ਗੁਰਦੁਆਰਾ ਚੋਣ ਕਮਿਸ਼ਨ ਦੇ ਕਮਿਸ਼ਨਰ ਐਚ.ਐਸ. ਬਰਾੜ ਨਾਲ ਹੋਈ ਮੁਲਾਕਾਤ ਬਾਰੇ ਸ੍ਰੀ ਮੱਕੜ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਪਹਿਲਾਂ ਵਾਲੇ ਨਿਰਧਾਰਤ ਨਿਯਮਾਂ ਅਨੁਸਾਰ ਹੀ ਹੋਣਗੀਆਂ। ਇਸ ਵਿਚ ਵੋਟਰ ਦੀ ਘੱਟੋ-ਘੱਟ ਉਮਰ 21 ਸਾਲ ਹੀ ਹੋਵੇਗੀ ਅਤੇ ਸਿਰਫ ਕੇਸਧਾਰੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਹੱਕ ਹੋਵੇਗਾ। ਸਹਿਜਧਾਰੀ ਸਿੱਖ ਵੋਟਰਾਂ ਨੂੰ ਇਹ ਹੱਕ ਨਹੀਂ ਹੋਵੇਗਾ। ਸ੍ਰੀ ਮੱਕੜ ਦੇ ਨਾਲ ਇਸ ਵਫ਼ਦ ਵਿਚ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪਰਮਜੀਤ ਸਿੰਘ ਸਿੱਧਵਾਂ, ਅਵਤਾਰ ਸਿੰਘ, ਪਰਮਜੀਤ ਸਿੰਘ ਆਦਿ ਸ਼ਾਮਲ ਸਨ।
ਇਸ ਦੌਰਾਨ ਅੱਜ ਇਥੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦੀ ਤਿਆਰੀ ਲਈ ਮੀਟਿੰਗ ਵੀ ਹੋਈ। ਡਿਪਟੀ ਕਮਿਸ਼ਨਰ ਕੇ.ਐਸ. ਪੰਨੂੰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਿਹਾ ਗਿਆ ਕਿ ਕੇਸਧਾਰੀ ਸਿੱਖਾਂ ਤੋਂ 1 ਜੂਨ ਤੋਂ 15 ਜੁਲਾਈ ਤੱਕ ਵੋਟਰ ਬਣਨ ਲਈ ਫਾਰਮ ਪ੍ਰਾਪਤ ਕੀਤੇ ਜਾਣਗੇ। ਗੁਰਦੁਆਰਾ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 6 ਅਗਸਤ ਨੂੰ ਕੀਤੀ ਜਾਵੇਗੀ। ਡਰਾਫਟ ਵੋਟਰ ਸੂਚੀ ਤੇ ਦਾਅਵੇ/ਇਤਰਾਜ਼ 6 ਅਗਸਤ ਤੋਂ 31 ਅਗਸਤ ਤੱਕ ਲਏ ਜਾਣਗੇ ਅਤੇ ਪ੍ਰਾਪਤ ਹੋਏ ਦਾਅਵੇ/ਇਤਰਾਜ਼ਾਂ ਦਾ ਨਿਪਟਾਰਾ 27 ਸਤੰਬਰ, 2010 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 9 ਨਵੰਬਰ, 2010 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀਆਂ ਮਿਤੀਆਂ ਅਨੁਸਾਰ ਲੋੜੀਂਦੇ ਫਾਰਮ ਪੇਂਡੂ ਖੇਤਰਾਂ ਵਿਚ ਜ਼ਿਲ੍ਹੇ ਦੇ ਸਮੂਹ ਪਟਵਾਰਖਾਨਿਆਂ ਅਤੇ ਨੋਟੀਫਾਇਡ ਗੁਰਦੁਆਰਿਆਂ ਵਿਖੇ ਉਪਲਬੱਧ ਹੋਣਗੇ ਅਤੇ ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿਚ ਨਗਰ ਕੌਂਸਲਾਂ/ਨਗਰ ਪੰਚਾਇਤਾਂ/ਨਗਰ ਨਿਗਮ ਦੇ ਵਾਰਡਾਂ ਦੇ ਜ਼ੋਨ ਦਫ਼ਤਰਾਂ ਵਿਖੇ ਫਾਰਮ ਮੁਫ਼ਤ ਉਪਲਬੱਧ ਹੋਣਗੇ। ਇਹ ਫਾਰਮ ਪੇਂਡੂ ਖੇਤਰਾਂ ਵਿਚ ਸਬੰਧਤ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿਚ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ ਅਤੇ ਨਗਰ ਨਿਗਮ ਦੇ ਵਾਰਡਾਂ ਦੇ ਜ਼ੋਨ ਇੰਚਾਰਜ ਅਫਸਰਾਂ ਪਾਸ ਜਮ੍ਹਾਂ ਕਰਵਾਏ ਜਾ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਵਿਚ 10 ਬੋਰਡ ਹਲਕੇ ਹਨ ਅਤੇ ਇਨ੍ਹਾਂ ਹਲਕਿਆਂ ਲਈ ਚੋਣ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਹ ਚੋਣ ਅਧਿਕਾਰੀ ਉਪ ਮੰਡਲ ਮੈਜਿਸਟਰੇਟ, ਸਹਾਇਕ ਤੇ ਸਹਿ-ਕਮਿਸ਼ਨਰ ਪੱਧਰ ਦੇ ਹੋਣਗੇ। ਸ੍ਰੀ ਪੰਨੂੰ ਨੇ ਸਪਸ਼ੱਟ ਕੀਤਾ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 49 ਅਤੇ 92 ਵਿਚ ਹੋਈ ਸੋਧ ਦੇ ਫਲਸਰੂਪ ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਵੋਟਰ ਸੂਚੀ ਲਈ ਵੋਟਰ ਦੇ ਤੌਰ ’ਤੇ ਰਜਿਸਟਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਮ ਜਨਤਾ ਪਾਸੋਂ ਗੁਰਦੁਆਰਾ ਵੋਟਰ ਸੂਚੀ ਦੀ ਤਿਆਰੀ ਲਈ ਲੋੜੀਂਦੇ ਸਹਿਯੋਗ ਦੀ ਆਸ ਕਰਦਿਆਂ ਅਪੀਲ ਕੀਤੀ ਕਿ ਕੇਵਲ ਕੇਸਧਾਰੀ ਸਿੱਖ (ਮਰਦ ਅਤੇ ਔਰਤ) ਹੀ ਗੁਰਦੁਆਰਾ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ:1 ਭਰਨ। ਉਨ੍ਹਾਂ ਦੱਸਿਆ ਕਿ ਫਾਰਮ ਨੰ:1 ਕੇਸਧਾਰੀ ਸਿੱਖਾਂ ਤੋਂ ਵਿਅਕਤੀਗਤ ਤੌਰ ’ਤੇ ਪ੍ਰਾਪਤ ਕੀਤੇ ਜਾਣਗੇ ਅਤੇ ਕਿਸੇ ਤੋਂ ਬੰਡਲ ਵਿਚ ਫਾਰਮ ਪ੍ਰਾਪਤ ਨਹੀਂ ਕੀਤੇ ਜਾਣਗੇ।


Comments Off on ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.