ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕਾਬੁਲ ’ਚ ਧਮਾਕਿਆਂ ਦੀ ਗੂੰਜ ਵਿਚ ਕੌਮੀ ਜਿਰਗਾ ਸ਼ੁਰੂ

Posted On June - 3 - 2010

ਤਾਲਿਬਾਨ ਵੱਲੋਂ ਬਾਈਕਾਟ

1600 ਡੈਲੀਗੇਟਾਂ ਦੀ ਸੁਰੱਖਿਆ ਲਈ 12 ਹਜ਼ਾਰ ਜਵਾਨ ਤਾਇਨਾਤ

ਅਫ਼ਗਾਨਿਸ਼ਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਜਿਰਗੇ ’ਚ ਸ਼ਾਮਲ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ (ਫੋਟੋ: ਏ.ਪੀ.)

ਕਾਬੁਲ, 2 ਜੂਨ
ਲਗਪਗ ਨੌਂ ਸਾਲਾਂ ਤੋਂ ਚਲੀ ਆ ਰਹੀ ਲੜਾਈ ਨੂੰ ਖ਼ਤਮ ਕਰਨ ਲਈ ਕੌਮੀ ਆਮ ਸਹਿਮਤੀ ਬਣਾਉਣ ਲਈ ਸਦਰ ਹਾਮਿਦ ਕਰਜ਼ਈ ਵੱਲੋਂ ਦੇਸ਼ ਦੇ 1600 ਆਗੂਆਂ ਦੀ ਬੁਲਾਈ ਇਕੱਤਰਤਾ ਮੌਕੇ ਅਫਗਾਨ ਰਾਜਧਾਨੀ ਗੋਲੀਆਂ ਤੇ ਧਮਾਕਿਆਂ ਨਾਲ ਗੂੰਜ ਉੱਠੀ।
ਤਿੰਨ ਰੋਜ਼ਾ ‘ਜਿਰਗਾ’ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਤਿੰਨ ਧਮਾਕੇ ਹੋਏ ਅਤੇ ਫੇਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਕਬਾਇਲੀ ਸਭਾ ਦੀ ਸੁਰੱਖਿਆ ਲਈ 12000 ਸੁਰੱਖਿਆ ਕਰਮੀ ਤਾਇਨਾਤ ਕੀਤੇ ਹੋਏ ਹਨ।
ਏ.ਐਫ.ਪੀ. ਦੇ ਪੱਤਰਕਾਰਾਂ ਨੇ ਦੱਸਿਆ ਕਿ ਸਦਰ ਕਰਜ਼ਈ ਨੇ ਇਕੱਤਰਤਾ ਵਿਚ ਆਪਣਾ ਭਾਸ਼ਣ ਸ਼ੁਰੂ ਹੀ ਕੀਤਾ ਸੀ ਕਿ ਦੋ ਧਮਾਕਿਆਂ ਦੀ ਗੂੰਜ ਸੁਣਾਈ ਦਿੱਤੀ ਜਦਕਿ ਤੀਜਾ ਧਮਾਕਾ ਲਗਪਗ 200 ਗਜ਼ ਦੂਰ ਹੋਇਆ। ਕਰਜ਼ਈ ਨੇ ਅਫਗਾਨਿਸਤਾਨ ਦੇ ਲੋਕਾਂ ਦੇ ਸੰਤਾਪ ਲਈ ਤਾਲਿਬਾਨ ਨੂੰ ਕਸੂਰਵਾਰ ਠਹਿਰਾਇਆ।
ਇਹ ਇਕੱਤਰਤਾ ਕਾਬੁਲ ਦੇ ਦੱਖਣ ਪੂਰਬੀ ਨੀਮ ਸ਼ਹਿਰੀ ਇਲਾਕੇ ਵਿਚ ਹੋ ਰਹੀ ਹੈ ਅਤੇ ਇਸ ਲਈ ਇਕ ਵਿਸ਼ਾਲ ਏਅਰਕੰਡੀਸ਼ਨਡ ਪੰਡਾਲ ਬਣਾਇਆ ਗਿਆ ਹੈ। ਇਸ ਦੇ ਲਾਗੇ ਵੀ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ।
ਹਾਲਾਂਕਿ ਫੌਰੀ ਤੌਰ ’ਤੇ ਕਿਸੇ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਤਾਲਿਬਾਨ ਨੇ ਜਿਰਗਾ ਨੂੰ ਪ੍ਰਾਪੇਗੰਡਾ ਦਾ ਸੰਦ ਕਹਿ ਕੇ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਉਦੋਂ ਤਕ ਸ਼ਾਂਤੀ ਵਾਰਤਾ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਜਦੋਂ ਤਕ ਅਮਰੀਕੀ ਅਗਵਾਈ ਹੇਠਲੀਆਂ ਫੌਜਾਂ ਅਫਗਾਨਿਸਤਾਨ ਵਿਚੋਂ ਚਲੀਆਂ ਨਹੀਂ ਜਾਂਦੀਆਂ।
ਕਰਜ਼ਈ ਦੀ ਪੱਛਮੀ ਦੇਸ਼ਾਂ ਦੀ ਹਮਾਇਤ ਯਾਫਤਾ ਸਰਕਾਰ ਖ਼ਿਲਾਫ਼ ਇਸਲਾਮੀ ਮਿਲੀਸ਼ੀਆ ਨੇ ਜ਼ਬਰਦਸਤ ਮੁਹਿੰਮ ਵਿੱਢੀ ਹੋਈ ਹੈ ਅਤੇ ਗਰੁੱਪ ਨੇ ਪਿਛਲੇ ਮਹੀਨੇ ਕੂਟਨੀਤੀਵਾਨਾਂ, ਕਾਨੂੰਨਦਾਨਾਂ ਅਤੇ ਪੱਛਮੀ ਸ਼ਕਤੀਆਂ ਖ਼ਿਲਾਫ਼ ਹਮਲੇ ਤੇਜ਼ ਕਰਨ ਦਾ ਅਹਿਦ ਲਿਆ ਸੀ।
ਸ੍ਰੀ ਕਰਜ਼ਈ ਨੇ ਜਿਰਗਾ ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਦੇਸ਼ ’ਚੋਂ ਗਰੀਬੀ ਖ਼ਤਮ ਕਰਨ, ਜੰਗ ਖ਼ਤਮ ਕਰਨ ਅਤੇ ਤਾਲਿਬਾਨ ਨੂੰ ਨਿਹੱਥੇ ਕਰਨ ਦੇ ਤੌਰ ਤਰੀਕੇ ਸੁਝਾਉਣ। ਉਨ੍ਹਾਂ ਕਿਹਾ, ‘‘ਸਾਨੂੰ ਸਮੁੱਚੇ ਅਫਗਾਨਿਸਤਾਨ ਵਿਚ ਇਕ ਕੌਮੀ ਸੁਲ੍ਹਾ ਅਤੇ ਸ਼ਾਂਤੀ ਵਾਰਤਾ ਦੀ ਲੋੜ ਹੈ। ਅਫਗਾਨ ਕੌਮ ਤੁਹਾਡੇ ’ਤੇ ਨਜ਼ਰਾਂ ਲਾਈਂ ਬੈਠੀ ਹੈ। ਉਸ ਨੂੰ ਤੁਹਾਡੇ ਫੈਸਲਿਆਂ ਦੀ ਉਡੀਕ ਹੈ। ਤੁਸੀਂ ਸਲਾਹ ਦਿਓ ਕਿ ਤੁਸੀਂ ਅਫਗਾਨ ਕੌਮ ਨੂੰ ਅਮਨ ਦਾ ਰਾਹ ਦਿਖਾ ਸਕੋ ਅਤੇ ਅਫਗਾਨਿਸਤਾਨ ਦੇ ਦੁੱਖਾਂ ਦਾ ਅੰਤ ਕਰ ਸਕੋ।’’ ਸੈਂਕੜਿਆਂ ਦੀ ਤਦਾਦ ਵਿਚ ਖੁੱਲ੍ਹੀਆਂ ਦਾਹੜੀਆਂ ਵਾਲੇ ਡੈਲੀਗੇਟ ਕਬਾਇਲੀ ਪੁਸ਼ਾਕਾਂ ਪਾਈਂ ਕਤਾਰਾਂ ਵਿਚ ਬੈਠੇ ਸਨ। ਨੀਲੇ ਗਲੀਚਿਆਂ ਨਾਲ ਢਕੇ ਮੰਚ ਉਤੇ ਕਰਜ਼ਈ ਦੀ ਤਸਵੀਰ ਲਟਕ ਰਹੀ ਸੀ ਅਤੇ ਦਰੀ ਅਤੇ ਪਸ਼ਤੋ ਵਿਚ ਕੌਮੀ ਸੰਵਾਦ ਅਮਨ ਜਿਰਗਾ ਦੇ ਸ਼ਬਦ ਲਿਖੇ ਹੋਏ ਸਨ। ਲਗਪਗ 300 ਔਰਤਾਂ ਇਕ ਵੱਖਰੇ ਕੋਨੇ ਵਿਚ ਬੈਠੀਆਂ ਸਨ। ਪਿਛਲੇ ਕੁਝ ਸਾਲਾਂ ਦੌਰਾਨ ਜਦੋਂ ਤੋਂ ਤਾਲਿਬਾਨ ਅਫਗਾਨਿਸਤਾਨ ਦੇ ਸਮਾਜਕ ਸੀਨ ’ਤੇ ਉਭਰੇ ਹਨ ਉਦੋਂ ਤੋਂ ਅਫਗਾਨ ਔਰਤਾਂ ਨੂੰ ਜਨਤਕ ਕੰਮਕਾਜ ਕਰਨ ਤੋਂ ਰੋਕਿਆ ਜਾਣ ਲੱਗਾ ਹੈ।
ਸੰਨ 2002 ਵਿਚ ਤਾਲਿਬਾਨ ਦੀ ਸੱਤਾ ਦਾ ਭੋਗ ਪੈਣ ਤੋਂ ਬਾਅਦ ਅਫਗਾਨਿਸਤਾਨ ਵਿਚ ਤੀਜਾ ਕੌਮੀ ਜਿਰਗਾ ਬੁਲਾਇਆ ਗਿਆ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਜਿਰਗੇ ਦੇ ਨਤੀਜਿਆਂ ਦਾ ਅਸਰ ਸੀਮਤ ਹੀ ਰਹੇਗਾ ਅਤੇ ਆਮ ਅਫਗਾਨ ਜਨਤਾ ਇਸ ਦੇ ਸੰਭਾਵੀ ਸਿੱਟਿਆਂ ਨੂੰ ਲੈ ਕੇ ਵੰਡੀ ਹੋਈ ਹੈ।

-ਏ.ਐਫ.ਪੀ.


Comments Off on ਕਾਬੁਲ ’ਚ ਧਮਾਕਿਆਂ ਦੀ ਗੂੰਜ ਵਿਚ ਕੌਮੀ ਜਿਰਗਾ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.