ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਸ਼ੇਖਾਵਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

Posted On May - 17 - 2010

ਅਨਸਾਰੀ, ਅਡਵਾਨੀ, ਸੁਸ਼ਮਾ, ਬਾਦਲ ਤੇ ਹੋਰ ਆਗੂਆਂ ਵੱਲੋਂ ਸ਼ਰਧਾਂਜਲੀਆਂ

ਜੈਪੁਰ, 16 ਮਈ
ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਦੋਹਤਿਆਂ ਵਿਕਰਮਦਿੱਤ ਸਿੰਘ ਤੇ ਅਭਿਮੰਨਿਊ ਸਿੰਘ ਨੇ ਦਿਖਾਈ।
ਇਸ ਮੌਕੇ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅਨਸਾਰੀ, ਰਾਜਸਥਾਨ ਦੇ ਕਾਰਜਕਾਰੀ ਰਾਜਪਾਲ ਸ਼ਿਵਰਾਜ ਸਿੰਘ ਪਾਟਿਲ, ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਨਿਤਿਨ ਗਡਕਰੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਹਾਜ਼ਰ ਸਨ। ਵਿਦਿਆਧਰ ਨਗਰ ਦੇ ਮੈਦਾਨ ਵਿਚ ਹੋਏ ਸਸਕਾਰ ਮੌਕੇ ਪੁਲੀਸ ਬੈਂਡ ਨੇ ਮਾਤਮੀ ਧੁਨਾਂ ਵਜਾਈਆਂ ਜਦੋਂ ਕਿ ਪੁਲੀਸ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਸਿਰ ਝੁਕਾਏ ਤੇ ਤੋਪਾਂ ਨਾਲ ਵਿਛੜੇ ਆਗੂ ਨੂੰ ਸ਼ਰਧਾਂਜਲੀ ਦਿੱਤੀ। ਮੁਲਕ ਦੇ ਸਾਬਕਾ ਨਾਇਬ ਸਦਰ ਦਾ ਸ਼ਨਿਚਰਵਾਰ ਨੂੰ ਇੱਥੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਦੇਹਾਂਤ ਹੋ ਗਿਆ ਸੀ।
ਇਸ ਤੋਂ ਪਹਿਲਾਂ ਸ੍ਰੀ ਅਡਵਾਨੀ, ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ, ਭਾਜਪਾ ਪ੍ਰਧਾਨ ਨਿਤਿਨ ਗਡਕਰੀ ਤੇ ਹੋਰ ਆਗੂਆਂ ਨੇ ਵਿਛੜੇ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਦੀ ਸਿਵਲ ਲਾਈਨ ਇਲਾਕੇ ਵਿਚਲੀ ਰਿਹਾਇਸ਼ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿਚ ਅਨੇਕਾਂ ਆਗੂ ਹਾਜ਼ਰ ਸਨ।
ਸ਼ਰਧਾਂਜਲੀਆਂ ਦੇਣ ਵਾਲਿਆਂ ਵਿਚ ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਰਿੰਦਰ ਮੋਦੀ, ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ, ਕੇਂਦਰੀ ਮੰਤਰੀ ਸੀ.ਪੀ. ਜੋਸ਼ੀ, ਨਮੋ ਨਰਾਇਣ ਮੀਣਾ ਤੇ ਮਹਾਦੇਵ ਸਿੰਘ ਖੰਡੇਲਾ, ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗਿਰਜਾ ਵਿਆਸ, ਰਾਜ ਸਭਾ ਮੈਂਬਰ ਨਜਮਾ ਹੈਪਤੁੱਲਾ ਅਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਜਨਰਲ ਸਕੱਤਰ ਵਸੁੰਧਰਾ ਰਾਜੇ ਵੀ ਸ਼ਾਮਲ ਸਨ।
ਰਾਜਸਥਾਨ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ 85 ਸਾਲਾ ਸ੍ਰੀ ਸ਼ੇਖਾਵਤ ਦਾ ਮ੍ਰਿਤਕ ਸਰੀਰ ਇਸ ਤੋਂ ਬਾਅਦ ਭਾਜਪਾ ਦੇ ਸੂਬਾਈ ਦਫ਼ਤਰ ਲਿਜਾਇਆ ਗਿਆ ਜਿੱਥੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਪਿੱਛੋਂ ਸਰਦਾਰ ਪਟੇਲ ਮਾਰਗ ਸਥਿਤ ਪਾਰਟੀ ਦਫ਼ਤਰ ਤੋਂ ਉਨ੍ਹਾਂ ਦੀ ਅੰਤਮ ਯਾਤਰਾ ਸ਼ੁਰੂ ਹੋਈ ਤੇ 15 ਕਿਲੋਮੀਟਰ ਦੂਰ ਵਿਦਿਆਧਰ ਨਗਰ ਮੈਦਾਨ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ।
ਸ੍ਰੀ ਸ਼ੇਖਾਵਤ ਨੂੰ ਰਾਜਸਥਾਨ ਵਾਸੀ ਪਿਆਰ ਨਾਲ ‘ਬਾਬੋ ਸਾ’ (ਬਾਬਾ ਜੀ) ਕਹਿੰਦੇ ਸਨ ਤੇ ਉਨ੍ਹਾਂ ਦੀ ਅੰਤਮ ਯਾਤਰਾ ਮੌਕੇ ਸੜਕ ਦੇ ਦੋਹੀਂ ਪਾਸੀਂ ਸਖ਼ਤ ਗਰਮੀ ਦੇ ਬਾਵਜੂਦ ਹਜ਼ਾਰਾਂ ਰਾਜਸਥਾਨੀਆਂ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਆਖਰੀ ਵਿਦਾਈ ਦਿੱਤੀ। ਐਤਵਾਰ ਨੂੰ ਦੁਕਾਨਾਂ ਬੰਦ ਹੋਣ ਦੇ ਬਾਵਜੂਦ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਹੋਏ ਸਨ।
ਉਨ੍ਹਾਂ ਦੀ 15 ਕਿਲੋਮੀਟਰ ਲੰਬੀ ਅੰਤਮ ਯਾਤਰਾ ਪਾਂਚ ਬੱਤੀ, ਅਜਮੇਰੀ ਗੇਟ, ਸਾਂਗਨੇਰੀ ਗੇਟ, ਜੋਹਰੀ ਬਾਜ਼ਾਰ, ਬੜੀ ਚੌਪਾਰ, ਚਾਂਦ ਪੋਲ ਗੇਟ, ਝੋਤਵਾੜਾ ਰੋਡ, ਚੋਮੂ ਪੁਲੀਆ ਤੇ ਸੀਕਰ ਰੋਡ ਤੋਂ ਹੋ ਕੇ ਲੰਘੀ।
ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਦੇ ਸਸਕਾਰ ਵਾਲੀ ਥਾਂ ਵਿਦਿਆਧਰ ਨਗਰ ਦੇ ਸਟੇਡੀਅਮ ਵਿਖੇ ਉਨ੍ਹਾਂ ਦੀ ਯਾਦਗਾਰ ਕਾਇਮ ਕਰਨ ਦਾ ਐਲਾਨ ਕੀਤਾ ਹੈ। ਜੈਪੁਰ ਡਿਵੈਲਪਮੈਂਟ ਅਥਾਰਿਟੀ ਨੇ ਯਾਦਗਾਰ ਲਈ 5600 ਵਰਗ ਮੀਟਰ ਥਾਂ ਦਿੱਤੀ ਹੈ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਰੰਜਨ ਕਾਲੀਆ ਨੇ ਸਾਬਕਾ ਉਪ ਰਾਸ਼ਟਰਪਤੀ ਭੈਰੋ ਂਸਿੰਘ ਸ਼ੇਖਾਵਤ ਦੀ ਮੌਤ ’ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਨੇ ਆਪਣੇ ਸੋਕ ਸੰਦੇਸ਼ ਵਿਚ ਕਿਹਾ ਕਿ ਸ੍ਰੀ ਸ਼ੇਖਾਵਤ ਇਕ ਉਘੇ ਸਿਆਸਤਦਾਨ ਸਨ ਜੋ ਆਮ ਸਹਿਮਤੀ ਦੀ ਸਿਆਸਤ ਵਿਚ ਵਿਸ਼ਵਾਸ ਰਖਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋ ਰਾਜਸਥਾਨ ਦੇ ਤਿੰਨ ਵਾਰ ਮੁੱਖ ਮੰਤਰੀ ਰਹਿਣ ਦੇ ਸਮੇਂ ਦੌਰਾਨ ਕੀਤੀਆਂ ਗਈਆਂ ਵੱਡੀਆਂ ਵਿਕਾਸ ਪਹਿਲਕਦਮੀਆਂ ਲਈ ਲੋਕ ਸਦਾ ਹੀ ਉਨ੍ਹਾਂ ਨੂੰ ਯਾਦ ਰੱਖਣਗੇ। ਉਨ੍ਹਾਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇਸੇ ਤਰ੍ਹਾਂ ਤਾਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਵੀ ਸਾਬਕਾ ਉਪ ਰਾਸ਼ਟਰਪਤੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜ ਭਵਨ ਤੋਂ ਭੇਜੇ ਸ਼ੋਕ ਸੰਦੇਸ਼ ਰਾਹੀਂ ਸ੍ਰੀ ਬਰਨਾਲਾ ਨੇ ਕਿਹਾ ਕਿ ਸ੍ਰੀ ਭੈਰੋਂ ਸਿੰਘ ਸ਼ੇਖਾਵਤ ਦੇਸ਼ ਦੀ ਰਾਜਨੀਤੀ ਦੇ ਥੰਮ੍ਹ ਮੰਨੇ ਜਾਂਦੇ ਸਿਆਸਤਦਾਨਾਂ ਵਿੱਚੋਂ ਇੱਕ ਸਨ। ਉਨ੍ਹਾਂ ਕਿਹਾ ਕਿ ਸ੍ਰੀ ਸ਼ੇਖਾਵਤ ਵੱਲੋਂ ਰਾਜਸੀ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ੍ਰੀ ਬਰਨਾਲਾ ਨੇ ਸ੍ਰੀਮਤੀ ਸ਼ੇਖਾਵਤ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

-ਪੀ.ਟੀ.ਆਈ.


Comments Off on ਸ਼ੇਖਾਵਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.