ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਪੰਜਾਬ ’ਚ ਨਕਸਲਵਾਦ ਮੁੜ ਪਨਪਣ ਦਾ ਖ਼ਤਰਾ: ਅਮਰਿੰਦਰ

Posted On May - 16 - 2010

ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ

ਸਤਿਬੀਰ ਸਿੰਘ
ਲੁਧਿਆਣਾ, 15 ਮਈ

ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚ ਰਾਜਨੀਤਕ ਫੈਸਲੇ ਲੈਣ ਦੀ ਇੱਛਾ ਸ਼ਕਤੀ ਨਹੀਂ ਹੈ। ਇਹ ਦਾਅਵਾ ਅੱਜ ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਕਾਰਗੁਜ਼ਾਰੀ ’ਤੇ ਸਖਤ ਟਿੱਪਣੀ ਕਰਦਿਆਂ ਕੀਤਾ। ਉਹ ਇੱਥੇ ਜ਼ਿਲ੍ਹਾ ਕਚਹਿਰੀ ਵਿਚ ਬਹੁ ਕਰੋੜੀ ਸਿਟੀ ਸੈਂਟਰ ਘੁਟਾਲੇ ਸਬੰਧੀ ਚਲ ਰਹੇ ਮੁਕੱਦਮੇ ਵਿਚ ਪੇਸ਼ੀ ਭੁਗਤਣ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਚਾਰ ਵਾਰ ਮੁੱਖ ਮੰਤਰੀ ਬਣੇ ਹਨ ਪਰ ਨਤੀਜਾ ਜ਼ੀਰੋ ਰਿਹਾ ਹੈ। ਪੰਜਾਬ ਵਿਚ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਦਾ ਧਿਆਨ ਵਿਰੋਧੀਆਂ ਨੂੰ ਦਬਾਉਣ ਵੱਲ ਹੀ ਲੱਗਾ ਰਹਿੰਦਾ ਹੈ, ਰਾਜ ਦੇ ਕੰਮਾਂ ਵੱਲ ਨਹੀਂ। ਇਸੇ ਲਈ ਪੰਜਾਬ ਵਿਚ ਨਕਸਲਵਾਦ ਪਨਪਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਸੁਖਬੀਰ ਬਾਦਲ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਅਕਾਲੀ ਦਲ ਵਿਚ ਸਨ, ਉਦੋਂ ਸੁਖਬੀਰ ਬਾਦਲ  ਹਾਲੇ ਪੜ੍ਹਦੇ ਸਨ ਜਿਸ ਕਰਕੇ ਸੁਖਬੀਰ ਦੀ ਸ਼ਖਸੀਅਤ ਬਾਰੇ ਉਹ ਬਹੁਤਾ ਕੁਝ ਨਹੀਂ ਜਾਣਦੇ। ਇਸ ਰਾਜ ਅੰਦਰ ਵੀ ਉਨ੍ਹਾਂ ਦੀ ਯੋਗਤਾ ਦਾ ਅੰਦਾਜ਼ਾ ਤਦ ਹੀ ਲੱਗ ਸਕਦਾ ਸੀ ਜੇ ਉਨ੍ਹਾਂ ਪਾਸ ਵਿੱਤ ਜਾਂ ਵਿਕਾਸ ਵਰਗਾ ਕੋਈ ਅਹਿਮ ਵਿਭਾਗ ਹੁੰਦਾ। ਉਨ੍ਹਾਂ ਕੋਲ ਗ੍ਰਹਿ ਵਿਭਾਗ ਹੈ ਅਤੇ ਕਹਿ ਸਕਦਾ ਹਾਂ ਕਿ ਉਨ੍ਹਾਂ ਦੀ ਅਗਵਾਈ ਹੇਠ ਅਮਨ ਕਾਨੂੰਨ ਦੀ ਸਥਿਤੀ ਬਹੁਤ ਹੀ ਖਰਾਬ ਹੈ। ਉਨ੍ਹਾਂ ਕਿਹਾ ਕਿ ਰਾਜ ਅੰਦਰ ਕਿਸੇ ਪ੍ਰਕਾਰ ਦਾ ਵੀ ਅਤਿਵਾਦ ਸਿਰ ਚੁੱਕ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 20 ਜ਼ਿਲ੍ਹਿਆਂ ਵਿਚ ਮਾਓਵਾਦੀ ਅਤਿਵਾਦ ਦੀ ਭੂਮਿਕਾ ਬਣ ਚੁੱਕੀ ਹੈ। ਮਾਓਵਾਦੀ ਸ਼ਰੇਆਮ ਪਿੰਡਾਂ ਅਤੇ ਕਸਬਿਆਂ ਵਿਚ ਪੋਸਟਰ ਲਗਾ ਰਹੇ ਹਨ। ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ ਕਿ ਨਹੀਂ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲੇ ਇੱਕ ਤੋਂ ਇੱਕ ਗੁੰਝਲਦਾਰ ਹੁੰਦੇ ਜਾ ਰਹੇ ਹਨ। ਇਨ੍ਹਾਂ ਵਿਚ ਅਮਨ ਕਾਨੂੰਨ, ਬੇਰੁਜ਼ਗਾਰੀ, ਬਿਜਲੀ ਦੀ ਸਪਲਾਈ, ਕਿਸਾਨਾਂ ਦੇ ਮਸਲੇ, ਕਿਰਤੀਆਂ, ਮੁਲਾਜ਼ਮਾਂ, ਔਰਤਾਂ ਦੇ ਮਸਲੇ, ਅਫਸਰਸ਼ਾਹੀ ਤੇ ਵਿਤੀ ਮਸਲੇ ਆਦਿ ਸ਼ਾਮਲ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਹੁਣ ਵਿਧਾਨ ਸਭਾ ਦੇ ਸੈਸ਼ਨ ਵਿਚ ਜਾਣਗੇ ਤਾਂ ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਵਿਚ ਜਾਣਗੇ ਵੀ ਅਤੇ ਪੰਜਾਬ ਦੇ ਮਸਲੇ ਵੀ ਪੂਰੇ ਜ਼ੋਰ-ਸ਼ੋਰ ਨਾਲ ਉਠਾਉਣਗੇ? ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਸਰਕਾਰ ਨੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚੋਂ ਬਰਖਾਸਤ ਹੀ ਇਸ ਕਰਕੇ ਕੀਤਾ ਸੀ ਕਿ ਅਕਾਲੀ ਸਰਕਾਰ ਆਪਣੇ ਵਿਰੁੱਧ ਉੱਠਣ ਵਾਲੀ ਅਵਾਜ਼ ਨੂੰ ਦਬਾ ਸਕੇ। ਇਹ ਕਾਨੂੰਨ ਦੀਆਂ ਸਭ ਹੱਦਾਂ ਪਾਰ ਕਰਕੇ ਕੀਤੀ ਗਈ ਦਿਨ ਦਿਹਾੜੇ ਧੱਕੇਸ਼ਾਹੀ ਸੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਆਕੀ ਹੋ ਚੁੱਕੇ ਹਨ। ਅਕਾਲੀ ਜਦ ਚਾਹੁਣ ਚੋਣਾਂ ਕਰਵਾ ਲੈਣ, ਉਨ੍ਹਾਂ ਨੂੰ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਹੈ। ਇਸ ਵੇਲੇ ਪੰਜਾਬ ਦੇ ਬਜਟ  ਅਨੁਸਾਰ 78 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਹੈ।
ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਭੈਣੀ, ਅਜੀਤ ਸਿੰਘ  ਬਾਘਾਪੁਰਾਣਾ, ਜੋਗਿੰਦਰ ਸਿੰਘ ਪੰਜਗਰਾਈਂ, ਅਵਤਾਰ ਸਿੰਘ ਬਰਾੜ, ਜਸਵੀਰ ਖੰਗੂੜਾ,  ਹਰਮੁਹਿੰਦਰ ਸਿੰਘ, ਨਰੇਸ਼ ਕਟਾਰੀਆ,  ਜੀਤ ਮਹਿੰਦਰ ਸਿੰਘ ਸਿੱਧੂ (ਸਾਰੇ ਵਿਧਾਇਕ), ਚੌਧਰੀ ਜਗਜੀਤ ਸਿੰਘ, ਸਾਬਕਾ ਮੇਅਰ ਨਾਹਰ ਸਿੰਘ ਗਿੱਲ, ਮੇਜਰ ਸਿੰਘ ਮੁੱਲਾਂਪੁਰ, ਅਨੰਦ ਸਰੂਪ ਮੋਹੀ, ਅਮਰਜੀਤ ਸਿੰਘ ਟਿਕਾ, ਮਲਕੀਅਤ ਸਿੰਘ ਬੀਰਮੀ, ਅਜੈ ਜੋਸ਼ੀ, ਪਵਨ ਦੀਵਾਨ, ਅਰਵਿੰਦ ਖੰਨਾ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਜਗਮੋਹਨ ਸ਼ਰਮਾ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਸੰਧੂ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਦਰਸ਼ਨ ਸਿੰਘ ਬੀਰਮੀ, ਜਸਬੀਰ ਸਿੰਘ ਜੱਸਲ, ਸੁਸ਼ੀਲ ਪ੍ਰਾਸ਼ਰ, ਤਰਲੋਚਨ ਸਿੰਘ ਸਫਰੀ, ਨਵਾਬ ਸਿੰਘ ਆਦਿ ਆਗੂ ਮੌਜੂਦ ਸਨ। ਕੈਪਟਨ ਅਮਰਿੰਦਰ ਸਿੰਘ ਸਵੇਰੇ ਅਦਾਲਤੀ ਕੰਪਲੈਕਸ ਪਹੁੰਚੇ। ਉਨ੍ਹਾਂ ਦੀ ਆਮਦ ਮੌਕੇ ਸਵਾਗਤ ਕਰਨ ਲਈ  ਇਸ ਵੇਲੇ ਹਜ਼ਾਰਾਂ ਕਾਂਗਰਸੀ ਆਗੂ ਮੌਜੂਦ ਸਨ।  ਅਦਾਲਤ ’ਚੋਂ ਵਿਹਲੇ ਹੋ ਕੇ ਇੱਥੋਂ ਸਿੱਧੇ ਸਾਹਨੇਵਾਲ ਏਅਰਪੋਰਟ ’ਤੇ ਗਏ ਜਿੱਥੋਂ ਨਿੱਜੀ ਜਹਾਜ਼ ’ਤੇ ਦਿੱਲੀ ਲਈ ਰਵਾਨਾ ਹੋ ਗਏ। ਉਨ੍ਹਾਂ ਦੀ ਅਗਲੀ ਪੇਸ਼ੀ 22 ਮਈ ਨੂੰ ਹੋਵੇਗੀ।


Comments Off on ਪੰਜਾਬ ’ਚ ਨਕਸਲਵਾਦ ਮੁੜ ਪਨਪਣ ਦਾ ਖ਼ਤਰਾ: ਅਮਰਿੰਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.