ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਪੰਜਾਬੀ ਭਾਸ਼ਾ ਦੀ ਇਕ ਹੋਰ ਪ੍ਰਾਪਤੀ ਬਣਿਆ ਬਲਵਿੰਦਰ ਸਿੰਘ

Posted On May - 9 - 2010

ਕੁੱਲ ਹਿੰਦ ਸਿਵਿਲ ਸੇਵਾਵਾਂ ਪ੍ਰੀਖਿਆ ਪੰਜਾਬੀ ਵਿਚ ਪਾਸ ਕੀਤੀ

ਸੁਰਿੰਦਰ ਸਿੰਘ ਗਰੋਆ
ਚੰਡੀਗੜ੍ਹ, 8 ਮਈ

ਸਿਵਲ ਪ੍ਰਸ਼ਾਸਕੀ ਸੇਵਾਵਾਂ ਵਿੱਚ ਅੰਗਰੇਜ਼ੀ ਮਾਧਿਅਮ ਰਾਹੀਂ ਤਿੰਨ ਵਾਰ ਪ੍ਰੀਖਿਆ ਦੇ ਕੇ ਅਸਫ਼ਲ ਰਹਿਣ ਵਾਲੇ ਪੇਂਡੂ ਨੌਜਵਾਨ ਬਲਵਿੰਦਰ ਸਿੰਘ ਨੂੰ ਚੌਥੀ ਵਾਰ ਪੰਜਾਬੀ ਭਾਸ਼ਾ ਨੇ ਕਾਮਯਾਬ ਬਣਾ ਦਿੱਤਾ ਹੈ। ਪੰਜਾਬੀ ਮਾਧਿਅਮ ਰਾਹੀਂ ਪਹਿਲੀ ਵਾਰ ਆਈ.ਏ.ਐਸ. ਬਣੇ ਵਰਿੰਦਰ ਸ਼ਰਮਾ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਣ ਵਾਲਾ ਇਹ ਨੌਜਵਾਨ ਵੀ ਆਪਣੀ ਸਫ਼ਲਤਾ ਦਾ ਆਧਾਰ ‘ਪੰਜਾਬੀ ਟ੍ਰਿਬਿਊਨ’ ਦੀਆਂ ਲਿਖਤਾਂ ਨੂੰ ਮੰਨਦਾ ਹੈ। ਇਸ ਹੋਣਹਾਰ ਨੌਜਵਾਨ ਦਾ ਕਹਿਣਾ ਹੈ ਕਿ ਇਸ ਇਮਤਿਹਾਨ ਦੀ ਮੁੱਖ ਪ੍ਰੀਖਿਆ ਵਿੱਚ ਕਾਮਯਾਬੀ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਦੇ ਸੰਪਾਦਕੀਆਂ, ਵੱਖ-ਵੱਖ ਵਿਸ਼ਿਆਂ ’ਤੇ ਲੇਖਾਂ ਅਤੇ ਵਿਸ਼ੇਸ਼ ਖੋਜ ਰਿਪੋਰਟਾਂ ਨੇ ਦਿਵਾਈ ਹੈ।
ਬਲਵਿੰਦਰ ਸਿੰਘ ਦੀ ਸੱਜੀ ਬਾਂਹ ਪੋਲੀਓ ਕਾਰਨ ਪੰਜਵੀਂ ਜਮਾਤ ’ਚ ਪੜ੍ਹਨ ਵੇਲੇ ਖ਼ਰਾਬ ਹੋ ਗਈ। ਰੈਂਕ 627ਵਾਂ ਹੋਣ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਆਸਵੰਦ ਹੈ ਕਿ ਉਸ ਨੂੰ ਆਈ.ਏ. ਐਸ. ਜਾਂ ਆਈ.ਐਫ.ਐਸ. ਕੇਡਰ ਮਿਲ ਜਾਵੇਗਾ।
ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਠਵੀਂ ਜਮਾਤ ਤੋਂ ‘ਪੰਜਾਬੀ ਟ੍ਰਿਬਿਊਨ’ ਲਗਾਤਾਰ ਪੜ੍ਹਦਾ ਆ ਰਿਹਾ ਹੈ, ਜਿਸ ਕਾਰਨ ਉਸ ਨੂੰ ਐਤਕੀਂ ਪਹਿਲੀ ਵਾਰ ਪੰਜਾਬੀ ਮਾਧਿਅਮ ਰਾਹੀਂ ਸਿਵਲ ਪ੍ਰਸ਼ਾਸਕੀ ਸੇਵਾਵਾਂ ਦੀ ਮੁੱਖ ਪ੍ਰੀਖਿਆ ਦੇਣ ਵਿੱਚ ਬਹੁਤੀ ਮੁਸ਼ਕਲ ਨਹੀਂ ਆਈ। ਇਸ ਅਖ਼ਬਾਰ ਨੇ ਉਸ ਦਾ ਪੰਜਾਬੀ ਸ਼ਬਦਾਂ ਦਾ ਭੰਡਾਰ ਅਮੀਰ ਕੀਤਾ ਹੈ। ਖ਼ਾਸ ਕਰਕੇ ਸੰਪਾਦਕ ਵਰਿੰਦਰ ਵਾਲੀਆ ਦਾ ਹਫ਼ਤਾਵਾਰੀ ਸੰਪਾਦਕੀ ਹਰਫ਼ਾਂ ਦੇ ਆਰ-ਪਾਰ ਹੇਠ ਛਪੇ ‘ਭੰਡਾ ਭੰਡਾਰੀਆ’ ਤੇ ਸਿੱਧੂ ਦਮਦਮੀ ਵੇਲੇ ਦੇ ‘ਸਤਰਾਂ ਤੇ ਸੈਨਤਾਂ’ ਨੇ ਉਸ ਦੇ ਭਾਸ਼ਾ ਭੰਡਾਰ ਨੂੰ ਖੂਬ ਭਰਿਆ ਹੈ। ਸੱਭਿਆਚਾਰ, ਸਮਾਜਿਕ, ਆਰਥਿਕ ਤੇ ਰਾਜਨੀਤੀ ਬਾਰੇ ਲੇਖਾਂ ਨੇ ਇੰਟਰਵਿਊ ਲਈ ਵਧੀਆ ਤਿਆਰੀ ਕਰਵਾਈ ਹੈ। ਭਾਸ਼ਾ ਤਬਦੀਲੀਆਂ ਬਾਰੇ ਜਾਣਕਾਰੀ ਮਿਲੀ ਹੈ। ਵੱਖ-ਵੱਖ ਜ਼ਿਲ੍ਹਿਆਂ ਬਾਰੇ ਮੁੱਖ ਪੰਨੇ ’ਤੇ ਛਪੀਆਂ ਵਿਸ਼ੇਸ਼ ਰਿਪੋਰਟਾਂ ਨੇ ਪੰਜਾਬ ਦੀਆਂ ਸਮੱਸਿਆਵਾਂ ’ਤੇ ਨੇੜਿਓਂ ਝਾਤ ਪੁਆਈ ਹੈ।
ਬਰਨਾਲਾ ਜ਼ਿਲ੍ਹੇ ਦੀ ਤਹਿਸੀਲ ਤਪਾ ਵਿੱਚ ਪੈਂਦੇ ਪਿੰਡ ਦਰਾਜ ਦੇ ਮੱਧਵਰਗੀ ਕਿਸਾਨ ਪਰਿਵਾਰ ਨਾਲ ਸਬੰਧਤ ਇਸ ਹੀਰੇ ਨੇ ਅੱਠਵੀਂ ਜਮਾਤ ਪਿੰਡ ਦੇ ਸਕੂਲ ਅਤੇ ਬਾਰ੍ਹਵੀਂ ਜਮਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਪਾ ਤੋਂ ਕੀਤੀ। ਗਰੈਜੂਏਸ਼ਨ 2002 ਵਿੱਚ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਤੋਂ ਕਰਨ ਬਾਅਦ ਐਮ.ਏ. (ਰਾਜਨੀਤੀ ਸ਼ਾਸਤਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ-ਵਿਹਾਰ ਰਾਹੀਂ ਕੀਤੀ। ਇਸੇ ਯੂਨੀਵਰਸਿਟੀ ਦੇ ਆਈ. ਏ.ਐਸ. ਸਿਖਲਾਈ ਕੇਂਦਰ ਤੋਂ ਦੋ ਵਾਰ ਸਿਖਲਾਈ ਲੈ ਕੇ ਪੰਜ ਸਾਲ ਤਿਆਰੀ ਕੀਤੀ। ਸਾਲ 2005 ਤੇ 2006 ਵਿੱਚ ਸਫ਼ਲਤਾ ਨਾ ਮਿਲਣ ਕਾਰਨ ਅਗਲਾ ਇਮਤਿਹਾਨ ਛੱਡ ਦਿੱਤਾ। ਫਿਰ 2008 ਦੌਰਾਨ ਪ੍ਰੀਖਿਆ ਦਿੱਤੀ, ਪ੍ਰੰਤੂ ਅਸਫ਼ਲ ਰਿਹਾ। ਇਸ ਦੌਰਾਨ ਪਹਿਲੀ ਵਾਰ ਪੰਜਾਬੀ ਮਾਧਿਅਮ ਰਾਹੀਂ ਆਈ.ਏ.ਐਸ. ਬਣੇ ਵਰਿੰਦਰ ਸ਼ਰਮਾ ਨਾਲ ਸੰਪਰਕ ਹੋਇਆ, ਜਿਨ੍ਹਾਂ ਨੇ ਪ੍ਰੇਰਨਾ ਦੇ ਨਾਲ-ਨਾਲ ਸਹੀ ਅਗਵਾਈ ਵੀ ਦਿੱਤੀ। ਆਖ਼ਰ ਮਿਹਨਤ ਤੇ ਪ੍ਰੇਰਨਾ ਰੰਗ ਲਿਆਈ ਤੇ ਚੌਥੀ ਵਾਰ ਦਾ ਯਤਨ ਸਫ਼ਲ ਹੋ ਗਿਆ।   ਨੌਜਵਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋ ਹੋਰ ਸ਼ਖ਼ਸੀਅਤਾਂ ਨੇ ਉਸ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਪਟਿਆਲਾ ਤੋਂ ਪੰਜਾਬੀ ਦੇ ਪ੍ਰੋਫੈਸਰ ਗੁਰਬਚਨ ਸਿੰਘ ਰਾਹੀ ਨੇ ਪੰਜਾਬੀ ਸਾਹਿਤ ਵਿਸ਼ੇ ਦੀ ਤਿਆਰੀ ਕਰਵਾਈ। ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਆਈ.ਏ.ਐਸ. ਸਟੱਡੀ ਸਰਕਲ ਦੇ ਪ੍ਰੋਫੈਸਰ ਅਨਿਲ ਕੁਮਾਰ ਨੇ ਇੰਟਰਵਿਊ ਦੀ ਰਿਹਰਸਲ ਕਰਵਾਈ, ਜਿਸ ਕਾਰਨ ਅਜਿਹੇ ਅਭਿਆਸ ਲਈ ਦਿੱਲੀ ਦੇ ਕਿਸੇ ਸੈਂਟਰ ’ਚ ਜਾਣ ਦੀ ਲੋੜ ਨਹੀਂ ਪਈ।
ਇਮਤਿਹਾਨ ਦੀ ਤਿਆਰੀ ਲਈ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖੀਆਂ ਜਾਣ, ਪੁੱਛਣ ’ਤੇ ਉਨ੍ਹਾਂ ਦੱਸਿਆ, ‘‘ਮੁੱਖ ਪ੍ਰੀਖਿਆ ਲਈ ਭਾਸ਼ਾ ਕੋਈ ਵੀ ਹੋਵੇ, ਪ੍ਰੰਤੂ ਸਮੱਗਰੀ ਦੀ ਕੁਆਲਿਟੀ ਹੋਣੀ ਬਹੁਤ ਜ਼ਰੂਰੀ ਹੈ। ਸਾਰੀਆਂ ਭਾਸ਼ਾਵਾਂ ਲਈ ਬਰਾਬਰ ਮੌਕੇ ਹਨ, ਪ੍ਰੰਤੂ ਜਿਹੜੀ ਵੀ ਭਾਸ਼ਾ ਨੂੰ ਮਾਧਿਅਮ ਬਣਾਇਆ ਜਾਏ, ਉਸ ਭਾਸ਼ਾ ਉਪਰ ਪੂਰੀ ਕਮਾਂਡ ਹੋਣੀ ਚਾਹੀਦੀ ਹੈ। ਜਨਰਲ ਪੇਪਰ ਵਿੱਚ ਵਿਗਿਆਨ ਤੇ ਤਕਨੀਕ ਵਾਲਾ ਪੇਪਰ (70 ਨੰਬਰ) ਬਹੁਤ ਅਹਿਮ ਹੈ, ਜਿਸ ਲਈ ਥੋੜ੍ਹੀ ਸਾਵਧਾਨੀ ਨਾਲ ਤਿਆਰੀ ਕੀਤੀ ਜਾਵੇ। ਹਰੇਕ ਵਿਸ਼ੇ ’ਤੇ ਨਜ਼ਰੀਆ ਰਾਸ਼ਟਰੀ ਹੋਣਾ ਚਾਹੀਦਾ ਹੈ, ਕਿਉਂਕਿ ਪਾਣੀ ਦਾ ਸੰਕਟ ਜਾਂ ਪ੍ਰਦੂਸ਼ਣ ਵਰਗੇ ਬਹੁਤੇ ਵਿਸ਼ੇ ਸਾਰੇ ਦੇਸ਼ ਨਾਲ ਜੁੜੇ ਹੋਏ ਹਨ। ਸ਼ਬਦ ਭੰਡਾਰ ਹੋਣਾ ਬਹੁਤ ਜ਼ਰੂਰੀ ਹੈ। ‘‘ਮੇਰੀ ਇੰਟਰਵਿਊ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਵੈਜੀਟੇਬਲ ਗੋਲਡ, ਕੇਸਰ ਨੂੰ ਕਹਿੰਦੇ ਹਨ। ਭਾਰਤ ਕਰਾਈਓਜੈਨਿਕ ਇੰਜਣ ਬਣਾਉਣ ’ਚ ਕਿਉਂ ਸਫ਼ਲ ਨਹੀਂ ਹੋ ਰਿਹਾ ਜਾਂ ਬਾਇਓਮੀਟ੍ਰਿਕ ਪਾਸਪੋਰਟ ਕੀ ਹੁੰਦੇ ਹਨ, ਵਰਗੇ ਸਵਾਲ ਵੀ ਪੁੱਛੇ ਜਾਂਦੇ ਹਨ। ਅਜਿਹੇ ਵਿਸ਼ਿਆਂ ਉਪਰ ਲੇਖ ਅਖ਼ਬਾਰਾਂ ਵਿੱਚ ਵੱਧ ਛਪਣੇ ਚਾਹੀਦੇ ਹਨ।’’
ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਵਧਣ ਤੋਂ ਉਹ ਬਹੁਤ ਫ਼ਿਕਰਮੰਦ ਹੈ। ਉਹ ਦੱਸਦਾ ਹੈ ਕਿ ਉਨ੍ਹਾਂ ਦਾ ਆਪਣਾ ਪਿੰਡ ਪੂਰੀ ਤਰ੍ਹਾਂ ਨਸ਼ਿਆਂ ਦੀ ਮਾਰ ਹੇਠ ਹੈ। ਨੌਜਵਾਨਾਂ ਨੂੰ ਬਹੁਤ ਘੱਟ ਲੋਕ ਉਤਸ਼ਾਹਤ ਕਰਨ ਵਾਲੇ ਮਿਲਦੇ ਹਨ। ਇਹ ਰੁਝਾਨ ਬਦਲਣ ਦੀ ਲੋੜ ਹੈ।
ਪੰਜਾਬੀ ਭਾਸ਼ਾ ਦਾ ਜ਼ਿਕਰ ਕਰਦਿਆਂ ਬਲਵਿੰਦਰ ਸਿੰਘ ਕਹਿੰਦਾ ਹੈ ਕਿ ਉਨ੍ਹਾਂ ਦੇ ਮਿਡਲ ਸਕੂਲ ਵਿੱਚ ਪਿਛਲੇ 25 ਸਾਲਾਂ ਤੋਂ ਪੰਜਾਬੀ ਅਧਿਆਪਕ ਨਹੀਂ ਹੈ। ਅਜਿਹੀ ਹਾਲਤ ਹੋਰ ਵੀ ਬਹੁਤ ਸਾਰੇ ਪਿੰਡਾਂ ਦੀ ਹੈ। ਬੱਚੇ ਉੱਥੇ ਹੀ ਪੜ੍ਹਾਏ ਜਾਣ, ਜਿੱਥੇ ਪੰਜਾਬੀ ਵਿਸ਼ਾ ਜ਼ਰੂਰ ਹੋਵੇ। ਕਿਸੇ ਭਾਸ਼ਾ ਨੂੰ ਸਿੱਖਣਾ ਚੰਗੀ ਗੱਲ ਹੈ, ਪ੍ਰੰਤੂ ਆਪਣੀ ਮਾਤ ਭਾਸ਼ਾ ਨੂੰ ਭੁੱਲਣ ਵਰਗੀ ਮਾੜੀ ਗੱਲ ਹੋਰ ਨਹੀਂ।
ਆਖਰ ਵਿੱਚ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਵੀ ਨੌਜਵਾਨ ਉੱਚ ਪੱਧਰ ਦੀਆਂ ਪ੍ਰੀਖਿਆਵਾਂ ਲਈ ਪੰਜਾਬੀ ਮਾਧਿਅਮ ਚੁਣੇਗਾ, ਉਹ ਹਮੇਸ਼ਾ ਉਸ ਦੀ ਅਗਵਾਈ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਐਤਕੀਂ ਬਹੁਤ ਸਾਰੇ ਉਮੀਦਵਾਰਾਂ ਦੇ ਪੰਜਾਬੀ ਆਪਸ਼ਨ ਪੇਪਰ ’ਚ 300 ਤੋਂ ਵੱਧ ਨੰਬਰ ਆਏ ਹਨ, ਜੋ ਸਫ਼ਲ ਹੋਣ ਲਈ ਵਧੀਆ ਮੰਨੇ ਜਾਂਦੇ ਹਨ। ਫਿਲਹਾਲ ਉਹ ਮਈ ਮਹੀਨੇ ਦੇ ਅੰਤ ਤੱਕ ਕਾਫੀ ਰੁੱਝੇ ਹੋਏ ਹਨ। ਇਸ ਤੋਂ ਬਾਅਦ ਕੋਈ ਵੀ ਅਗਵਾਈ ਲੈਣ ਵਾਲਾ ਉਨ੍ਹਾਂ ਨਾਲ ਫੋਨ ਨੰਬਰ 94174-72984 ਉਪਰ ਸੰਪਰਕ ਬਣਾ ਸਕਦਾ ਹੈ।


Comments Off on ਪੰਜਾਬੀ ਭਾਸ਼ਾ ਦੀ ਇਕ ਹੋਰ ਪ੍ਰਾਪਤੀ ਬਣਿਆ ਬਲਵਿੰਦਰ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.