ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਡੇਰਾ ਮਾਈਦਾਸ ਦੇ ਮੁਖੀ ਸੰਤ ਪ੍ਰਧਾਨ ਸਿੰਘ ਦੀ ਹੱਤਿਆ

Posted On May - 17 - 2010

ਹਮਲਾਵਰਾਂ ਵੱਲੋਂ ਹੱਤਿਆ ਲਈ ਏ.ਕੇ. 47 ਦੀ ਵਰਤੋਂ

ਪੁਲੀਸ ਵੱਲੋਂ ਜਾਂਚ ਜਾਰੀ

ਪਿੰਡ ਬੱਡੋਂ ਵਿਖੇ ਸੰਤ ਪ੍ਰਧਾਨ ਸਿੰਘ ਦੇ ਕਤਲ ਸਬੰਧੀ ਤਫਤੀਸ਼ ਕਰਦੇ ਪੁਲੀਸ ਅਧਿਕਾਰੀ ਅਤੇ (ਇਨਸੈੱਟ) ਸੰਤ ਪ੍ਰਧਾਨ ਸਿੰਘ ਦੀ ਪੁਰਾਣੀ ਤਸਵੀਰ

ਪੱਤਰ ਪ੍ਰੇਰਕ
ਮਾਹਿਲਪੁਰ, 16 ਮਈ

ਇੱਥੋਂ ਨੇੜੇ ਪਿੰਡ ਬੱਡੋਂ ਵਿਖੇ ਅੱਜ ਤੜਕਸਾਰ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਪਿੰਡ ਦੀ ਸੰਘਣੀ ਆਬਾਦੀ ਵਿਚਕਾਰ ਇਕ ਡੇਰੇ ਦੇ ਮੁਖੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਥਿਆਰਬੰਦ ਨੌਜਵਾਨਾਂ ਵੱਲੋਂ ਕਤਲ ਏ.ਕੇ. 47 ਰਾਈਫਲ ਨਾਲ ਕੀਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੇਹਟੀਆਣਾ ਦੀ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸੰਗਤਾਂ ਹਵਾਲੇ ਕਰ ਦਿੱਤੀ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇੱਥੋਂ ਨੇੜੇ ਪਿੰਡ ਬੱਡੋਂ ਵਿਖੇ ਲਗਪਗ 4 ਵਜੇ ਦੇ ਕਰੀਬ ਪਿੰਡ ਦੀ ਸੰਘਣੀ ਆਬਾਦੀ ਦੇ ਵਿਚਕਾਰ ਸਥਿਤ ਡੇਰਾ ਮਈਆ ਦਾਸ ਵਿਖੇ ਡੇਰੇ ਦੇ ਮੁਖੀ ਸੰਤ ਪ੍ਰਧਾਨ ਸਿੰਘ (52) ਵਾਸੀ ਹਰਿਦੁਆਰ ਨੂੰ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।
ਪਿੰਡ ਦੇ ਸਾਬਕਾ ਸਰਪੰਚ ਸੰਸਾਰ ਸਿੰਘ, ਕੈਪਟਨ ਸੁਰਿੰਦਰ ਸਿੰਘ, ਗੁਰਚਰਨ ਸਿੰਘ ਪਰਮਾਰ ਅਤੇ ਅਮਰੀਕ ਸਿੰਘ ਪਰਮਾਰ ਨੇ ਦੱਸਿਆ ਕਿ ਅੱਜ ਤੜਕਸਾਰ ਲਗਪਗ 4 ਵਜੇ ਦੇ ਕਰੀਬ ਪਿੰਡ ਦੇ ਵਿਚਕਾਰ ਡੇਰਾ ਮਈਆ ਦਾਸ ਵਿਖੇ ਧਾਰਮਿਕ ਅਸਥਾਨ ਦੀ ਤੀਸਰੀ ਮੰਜ਼ਿਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਟ ਪਾਠ ਦੇ ਭੋਗ ਚੱਲ ਰਹੇ ਸਨ। ਸੰਤ ਪ੍ਰਧਾਨ ਦਾਸ ਨੇ ਡੇਰੇ ਦੀ ਹੇਠਲੀ ਇਮਾਰਤ ਵਿਚ ਰੋਜ਼ਾਨਾ ਦੀ ਤਰ੍ਹਾਂ ਪ੍ਰਕਾਸ਼ ਕਰਕੇ ਸੰਗਤਾਂ ਲਈ ਆਪ ਦਰਵਾਜ਼ੇ ਖੋਲ੍ਹੇ ਤਾਂ ਇਸੇ ਦੌਰਾਨ ਡੇਰੇ ਅੰਦਰ ਪਹਿਲਾਂ ਹੀ ਘਾਤ ਲਾ ਕੇ ਬੈਠੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਪਿੱਠ ਪਿੱਛੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋ ਗੋਲੀਆਂ ਸੰਤਾਂ ਦੀ ਪਿੱਠ ਅਤੇ ਦੋ ਗੋਲੀਆਂ ਵੱਖੀ ਵਿਚ ਲੱਗਣ ਕਾਰਨ ਆਰ-ਪਾਰ ਹੋ ਗਈਆਂ, ਜਿਸ ਸਦਕਾ ਸੰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਮਾਮਲੇ ਦਾ ਪਤਾ ਲੱਗਣ ’ਤੇ ਪੁਲੀਸ ਦੇ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਘਟਨਾ ਸਮੇਂ ਡੇਰੇ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਪਾਠ ਕਰ ਰਹੇ ਅਤੇ ਸੁੱਤੇ ਪਏ ਪਾਠੀ ਸਿੰਘਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਤਾਂ ਸੁਣੀ ਪਰ ਉਹ ਅੰਦਾਜ਼ਾ ਨਹੀਂ ਲਗਾ ਸਕੇ ਕਿ ਇਹ ਆਵਾਜ਼ ਕਿਸ ਚੀਜ਼ ਦੀ ਹੈ। ਡੇਰੇ ਵਿਚ ਸੇਵਾ ਕਰਨ ਪਹੁੰਚੀ ਬਜ਼ੁਰਗ ਔਰਤ ਪਰਮਜੀਤ ਕੌਰ ਨੇ ਸੰਤ ਪ੍ਰਧਾਨ ਦਾਸ ਨੂੰ ਹੇਠਾਂ ਲੰਮੇ ਪਏ ਦੇਖਿਆ। ਜਦੋਂ ਉਸ ਨੇ  ਲਹੂ ਨਾਲ ਲੱਥ-ਪਥ ਸੰਤਾਂ ਦੀ ਲਾਸ਼ ਦੇਖੀ ਤਾਂ ਉਸ ਨੇ ਰੌਲਾ ਪਾ ਦਿੱਤਾ।
ਪਤਾ ਲੱਗਾ ਹੈ ਕਿ ਅਣਪਛਾਤੇ ਕਾਤਲਾਂ ਦੀ ਗਿਣਤੀ ਚਾਰ ਸੀ। ਉਨ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਕਾਰ ਬਾਹਰ ਖੜ੍ਹੀ ਕਰ ਦਿੱਤੀ। ਦੋ ਜਣੇ ਕਾਰ ਵਿਚ ਹੀ ਰਹੇ ਤੇ ਦੋ ਜਣਿਆਂ ਨੇ ਸੰਤਾਂ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਫੂਰਤੀ ਨਾਲ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ।
ਪਿੰਡ ਦੇ ਲੋਕਾਂ ਅਤੇ ਸੰਗਤਾਂ ਨੇ ਦੱਸਿਆ ਕਿ ਡੇਰਾ ਮਈਆ ਦਾਸ ਦੀ ਹਲਕੇ ਵਿਚ ਕਾਫੀ ਮਾਨਤਾ ਹੈ। ਸੰਤ ਪ੍ਰਧਾਨ ਸਿੰਘ ਇੱਥੇ 20-22 ਸਾਲ ਤੋਂ ਡੇਰੇ ਦੀ ਸੇਵਾ ਕਰਦੇ ਸਨ। ਸੰਤਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਵੀ ਨਹੀਂ ਸੀ। ਹਮਲਾਵਰ ਕਾਤਲਾਂ ਨੇ ਚਾਰ ਗੋਲੀਆਂ ਚਲਾਈਆਂ।
ਮੌਕੇ ’ਤੇ ਪਹੁੰਚੇ ਐਸ.ਐਸ.ਪੀ. ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕਤਲ ਦੇ ਸਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਚੱਲੇ ਹੋਏ ਚਾਰ ਕਾਰਤੂਸਾਂ ਦੇ ਖੋਲ੍ਹ ਬਰਾਮਦ ਹੋਏ ਹਨ ਜੋ ਕਿ ਏ.ਕੇ. 47 ਰਾਈਫਲ ਦੇ ਲਗ ਰਹੇ ਸਨ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਅਜੇ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਕਾਤਲਾਂ ਦਾ ਜਲਦੀ ਹੀ ਸੁਰਾਗ ਲਗਾ ਲਿਆ ਜਾਵੇਗਾ। ਇਸ ਮੌਕੇ ਐਸ.ਪੀ. ਡੀ. ਦਰਸ਼ਨ ਕੁਮਾਰ ਸ਼ਰਮਾ, ਡੀ.ਐਸ.ਪੀ. ਆਰ. ਹਰਿੰਦਰਪਾਲ ਸਿੰਘ ਪਰਮਾਰ, ਇੰਸਪੈਕਟਰ ਸੁਰਜੀਤ ਸਿੰਘ ਕੰਧਾਲੀ ਆਦਿ ਪੁਲੀਸ ਅਧਿਕਾਰੀ ਹਾਜ਼ਰ ਸਨ।
ਅੱਜ ਸੰਤ ਪ੍ਰਧਾਨ ਸਿੰਘ ਦੇ ਸਸਕਾਰ ਮੌਕੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਹੋਈ। ਪ੍ਰਮੁੱਖ ਰਾਜਸੀ ਅਤੇ ਧਾਰਮਿਕ ਸ਼ਖਸੀਅਤਾਂ ਨੇ ਸੰਤਾਂ ਦੇ ਕਤਲ ਦੀ ਸਖ਼ਤ ਨਿਖੇਧੀ ਕੀਤੀ ਹੈ।


Comments Off on ਡੇਰਾ ਮਾਈਦਾਸ ਦੇ ਮੁਖੀ ਸੰਤ ਪ੍ਰਧਾਨ ਸਿੰਘ ਦੀ ਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.