ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਝਾਰਖੰਡ ਸਰਕਾਰ ਦੀ ਅਗਵਾਈ ਹੁਣ ਭਾਜਪਾ ਕਰੇਗੀ

Posted On May - 9 - 2010

ਸੋਰੇਨ ਦੀ ਪਾਰਟੀ ਕਰੇਗੀ ਹਮਾਇਤ

ਮੁੱਖ ਮੰਤਰੀ ਬਾਰੇ ਫੈਸਲਾ 10 ਨੂੰ

ਨਵੀਂ ਦਿੱਲੀ/ਰਾਂਚੀ, 8 ਮਈ
ਝਾਰਖੰਡ ਵਿਚ ਚਲਿਆ ਆ ਰਿਹਾ ਰੇੜਕਾ ਆਖਰਕਾਰ ਖ਼ਤਮ ਹੋ ਗਿਆ ਜਦੋਂ ਇਹ ਫੈਸਲਾ ਹੋਇਆ ਕਿ ਨਵੀਂ ਕੁਲੀਸ਼ਨ ਸਰਕਾਰ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਕਰੇਗੀ ਅਤੇ ਝਾਰਖੰਡ ਮੁਕਤੀ ਮੋਰਚਾ ਅਤੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਵੱਲੋਂ ਉਸ ਦੀ ਹਮਾਇਤ ਕੀਤੀ ਜਾਵੇਗੀ।
ਭਾਜਪਾ ਦੇ ਜਨਰਲ ਸਕੱਤਰ ਅਨੰਤ ਕੁਮਾਰ ਨੇ ਨਵੀਂ ਦਿੱਲੀ ਵਿਚ ਹੋਈ ਇਕ ਮੀਟਿੰਗ ਦੇ ਇਸ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਭਾਜਪਾ ਵਿਧਾਨ ਸਭਾ ਦੇ ਬਾਕੀ ਰਹਿੰਦੇ ਸਾਢੇ ਚਾਰ ਸਾਲਾਂ ਦੇ ਅਰਸੇ ਲਈ ਸਰਕਾਰ ਦੀ ਕਮਾਨ ਸੰਭਾਲੇਗੀ। ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇ ਪਹਿਲਾਂ ਭਾਜਪਾ ਨੂੰ ਵਾਰੋ ਵਾਰੀ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਭਾਜਪਾ ਦਾ ਸੰਸਦੀ ਬੋਰਡ ਸੋਮਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਫੈਸਲਾ ਕਰੇਗਾ। ਇਹ ਫੌਰੀ ਤੌਰ ’ਤੇ ਸਪਸ਼ਟ ਨਹੀਂ ਹੋ ਸਕਿਆ ਕਿ ਜੇ.ਐਮ.ਐਮ. ਦੇ ਮੁਖੀ ਸ਼ਿਬੂ ਸੋਰੇਨ ਮੁੱਖ ਮੰਤਰੀ ਦੇ ਅਹੁਦੇ ਤੋਂ ਕਦੋਂ ਅਸਤੀਫਾ ਦੇਣਗੇ। ਖਣਿਜ ਭਰਪੂਰ ਰਾਜ ਵਿਚ ਉਦੋਂ ਸੰਕਟ ਪੈਦਾ ਹੋ ਗਿਆ ਸੀ ਜਦੋਂ ਭਾਜਪਾ ਨੇ 28 ਅਪਰੈਲ ਨੂੰ ਜੇ.ਐਮ.ਐਮ. ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਸ਼ਿਬੂ ਸੋਰੇਨ ਨੇ ਲੋਕ ਸਭਾ ਵਿਚ ਭਾਜਪਾ ਵੱਲੋਂ ਰੱਖੇ ਕਟੌਤੀ ਮਤੇ ਦੇ ਖ਼ਿਲਾਫ਼ ਵੋਟ ਭੁਗਤਾਈ ਸੀ। ਨਵੇਂ ਮੁੱਖ ਮੰਤਰੀ ਲਈ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਸਾਬਕਾ ਮੁੱਖ ਮੰਤਰੀ ਅਰਜਨ ਮੁੰਡਾ, ਉਪ ਮੁੱਖ ਮੰਤਰੀ ਰਘੂਬਰ ਦਾਸ ਅਤੇ ਟ੍ਰਾਂਸਪੋਰਟ ਮੰਤਰੀ ਨੀਲਕਾਂਤ ਸਿੰਘ ਮੁੰਡਾ ਦੇ ਨਾਵਾਂ ਦੇ ਚਰਚੇ ਹੋ ਰਹੇ ਹਨ।
ਮੀਟਿੰਗ ਵਿਚ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ, ਅਨੰਤ ਕੁਮਾਰ, ਰਘੂਬਰ ਦਾਸ, ਜੇ.ਐਮ.ਐਮ. ਵਿਧਾਨਕਾਰ ਪਾਰਟੀ ਦੇ ਨੇਤਾ ਹੇਮੰਤ ਸੋਰੇਨ ਅਤੇ ਏ.ਜੇ.ਐਸ.ਯੂ. ਦੇ ਪ੍ਰਧਾਨ ਸੁਦੇਸ਼ ਮਹਿਤੋ ਸ਼ਾਮਲ ਹੋਏ। ਸ੍ਰੀ ਸੋਰੇਨ ਨੇ ਕਿਹਾ, ‘‘ਭਾਜਪਾ ਦੇ ਸੀਨੀਅਰ ਆਗੂਆਂ ਨਾਲ ਸਾਡੀ ਲਾਹੇਵੰਦ ਵਿਚਾਰ ਚਰਚਾ ਹੋਈ। ਅਸੀਂ ਝਾਰਖੰਡ ਵਿਚ ਭਾਜਪਾ ਦੀ ਅਗਵਾਈ ਹੇਠ ਸਰਕਾਰ ਨੂੰ ਹਮਾਇਤ ਦੇਵਾਂਗੇ। ਇਹ ਫੈਸਲਾ ਰਾਜ ਨੂੰ ਰਾਸ਼ਟਰਪਤੀ ਸ਼ਾਸਨ ਤੋਂ ਬਚਾਉਣ ਲਈ ਕੀਤਾ ਗਿਆ।’’
ਅਨੰਤ ਕੁਮਾਰ ਨੇ ਕਿਹਾ, ‘‘ਝਾਰਖੰਡ ਵਿਚ ਭਾਜਪਾ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਕਾਇਮ ਕੀਤੀ ਜਾਵੇਗੀ। ਅਸੀਂ ਸੂਬੇ ਨੂੰ ਕਾਂਗਰਸ ਦੇ ਕੁਸ਼ਾਸਨ ਤੋਂ ਬਚਾਉਣਾ ਚਾਹੁੰਦੇ ਹਾਂ। ਇਕ ਅਜਿਹੀ ਸਥਿਰ ਸਰਕਾਰ ਬਣਾਈ ਜਾਵੇਗੀ ਜੋ ਵਿਕਾਸ ਕਰਾਵੇਗੀ।’’ ਝਾਰਖੰਡ ਵਿਚ ਇਹ ਭਾਜਪਾ ਦੀ ਅਗਵਾਈ ਹੇਠ ਤੀਜੀ ਸਰਕਾਰ ਹੋਵੇਗੀ। ਝਾਰਖੰਡ ਨੇ ਕੁੱਲ ਸਾਢੇ ਨੌਂ ਸਾਲਾਂ ਵਿਚ ਅੱਠ ਮੁੱਖ ਮੰਤਰੀ ਦੇਖੇ ਹਨ। ਭਾਜਪਾ ਆਗੂ ਨੇ ਕਿਹਾ, ‘‘ਅਸੀਂ ਫੈਸਲਾ ਕੀਤਾ ਹੈ ਕਿ ਇਹ ਸਰਕਾਰ ਆਪਣੀ ਮਿਆਦ ਪੂਰੀ ਕਰੇ… ਇਹ ਫੈਸਲਾ ਵਿਧਾਨ ਸਭਾ ਦੇ ਬਾਕੀ ਰਹਿੰਦੇ ਪੂਰੇ ਕਾਰਜਕਾਲ ਲਈ ਕੀਤਾ ਗਿਆ ਹੈ।’’
ਉਧਰ, ਰਾਂਚੀ ਵਿਚ ਸ੍ਰੀ ਸ਼ਿਬੂ ਸੋਰੇਨ ਨੇ ਕਿਹਾ ਕਿ ਇਸ ਫਾਰਮੂਲੇ ਨੂੰ ਉਨ੍ਹਾਂ ਦੀ ਸਹਿਮਤੀ ਹਾਸਲ ਹੈ। ਜੇ.ਐਮ.ਐਮ. ਚਾਹੁੰਦੀ ਹੈ ਕਿ ਅਗਲਾ ਮੁੱਖ ਮੰਤਰੀ ਕੋਈ ਕਬਾਇਲੀ ਹੀ ਹੋਣਾ ਚਾਹੀਦਾ ਪਰ ਉਹ ਅਰਜੁਨ ਮੁੰਡਾ ਦਾ ਵਿਰੋਧ ਕਰਦੀ ਹੈ ਜਦਕਿ ਯਸ਼ਵੰਤ ਸਿਨਹਾ ਤੇ ਰਘੂਬਰ ਦਾਸ ਗੈਰ-ਕਬਾਇਲੀ ਹਨ। ਕੁਲੀਸ਼ਨ ਸਰਕਾਰ ਲਈ ਸਾਂਝਾ ਘੱਟੋ-ਘੱਟ ਪ੍ਰੋਗਰਾਮ ਛੇਤੀ ਬਣਾਇਆ ਜਾਵੇਗਾ। ਗਡਕਰੀ ਜੇ.ਐਮ.ਐਮ., ਏ.ਜੇ.ਐਸ.ਯੂ. ਅਤੇ ਜਨਤਾ ਦਲ (ਯੂ.) ਦੇ ਸੂਬਾਈ ਆਗੂਆਂ ਨਾਲ ਸਲਾਹ ਮਸ਼ਵਰੇ ਲਈ ਇਕ ਅਬਜ਼ਰਵਰ ਰਾਂਚੀ ਭੇਜਣਗੇ।
82 ਮੈਂਬਰੀ ਵਿਧਾਨ ਸਭਾ ਵਿਚ ਨਵੀਂ ਕੁਲੀਸ਼ਨ ਸਰਕਾਰ ਕੋਲ 45 ਮੈਂਬਰਾਂ ਦੀ ਹਮਾਇਤ ਹੋਵੇਗੀ। ਜੇ.ਐਮ.ਐਮ. ਤੇ ਭਾਜਪਾ ਦੇ 18-18 ਮੈਂਬਰ ਹਨ ਜਦਕਿ ਏ.ਜੇ.ਐਸ.ਯੂ. ਦੇ ਪੰਜ ਅਤੇ ਜਨਤਾ ਦਲ-ਯੂ. ਦੇ ਦੋ ਵਿਧਾਇਕ ਹਨ। ਦੋ ਆਜ਼ਾਦ ਵਿਧਾਇਕ ਵੀ ਇਨ੍ਹਾਂ ਦੇ ਖੇਮੇ ਵਿਚ ਹੋਣਗੇ। ਉਂਜ, ਰਿਪੋਰਟਾਂ ਮਿਲ ਰਹੀਆਂ ਹਨ ਕਿ ਜੇ.ਐਮ.ਐਮ. ਦੇ ਕੁਝ ਮੈਂਬਰ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣਾਉਣ ਦੇ ਖ਼ਿਲਾਫ਼ ਹਨ ਪਰ ਪਾਰਟੀ ਲੀਡਰਸ਼ਿਪ ਉਨ੍ਹਾਂ ਨੂੰ ਮਨਾਉਣ ਲਈ ਆਸਵੰਦ ਹੈ।

-ਪੀ.ਟੀ.ਆਈ.


Comments Off on ਝਾਰਖੰਡ ਸਰਕਾਰ ਦੀ ਅਗਵਾਈ ਹੁਣ ਭਾਜਪਾ ਕਰੇਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.