ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਚੱਪੜਚਿੜੀ ’ਚ ਬਣੇਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ

Posted On May - 14 - 2010

ਫਤਹਿ ਮੀਨਾਰ ਬਣਾਉਣ ਲਈ ਆਲ੍ਹਾ ਅਖਤਿਆਰੀ ਕਮੇਟੀ ਦਾ ਗਠਨ

ਦਰਸ਼ਨ ਸਿੰਘ ਸੋਢੀ
ਮੁਹਾਲੀ, 13 ਮਈ

ਚੱਪੜਚਿੜੀ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ

‘‘ਮੁਹਾਲੀ ਨੇੜਲੇ ਇਤਿਹਾਸਕ ਪਿੰਡ ਚੱਪੜਚਿੜੀ (ਹੁਣ ਸੈਕਟਰ-91 ਮੁਹਾਲੀ) ਵਿਖੇ ਬਹੁਤ ਜਲਦੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਢੁਕਵੀਂ ਯਾਦਗਾਰ (ਫਤਹਿ ਮਿਨਾਰ) ਬਣਾਈ ਜਾਵੇਗੀ ਤਾਂ ਕਿ ਸਿੱਖ ਸੰਗਤ ਅਤੇ ਆਮ ਲੋਕ ਇਥੇ ਸਿੰਘ ਸ਼ਹੀਦਾਂ ਨੂੰ ਸਿਜਦਾ ਕਰ ਸਕਣ। ਇਸ ਸਬੰਧੀ 20 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਹੈ ਅਤੇ ਸਬੰਧਤ ਲੋਕਾਂ ਨੂੰ ਮੁਆਵਜ਼ੇ ਦੀ ਰਾਸ਼ੀ ਵੀ ਦਿੱਤੀ ਜਾ ਚੁੱਕੀ ਹੈ। ਛੇਤੀ ਹੀ ਇਸ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।’’ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਚੱਪੜਚਿੜੀ ਵਿਖੇ 300 ਸਾਲਾ ਫਤਹਿ ਮਾਰਚ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਵਿਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਜਾਣਕਾਰੀ ਅਨੁਸਾਰ ਬੁੱਧਵਾਰ ਰਾਤੀਂ ਕਰੀਬ 2:30 ਵਜੇ ਫਤਹਿ ਮਾਰਚ ਪਿੰਡ ਚੱਪੜਚਿੜੀ ਵਿਚ ਪੁੱਜਾ ਸੀ। ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਜਥੇਦਾਰ ਅਮਰੀਕ ਸਿੰਘ ਮੁਹਾਲੀ, ਸੁਰਮੁੱਖ ਸਿੰਘ ਅਤੇ ਤਾਲਮੇਲ ਕਮੇਟੀ ਦੇ ਮੈਂਬਰ ਤੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਮਾਰਚ ਦਾ ਸਵਾਗਤ ਕੀਤਾ ਗਿਆ। ਇਹ ਮਾਰਚ ਰਾਤ ਇਥੇ ਹੀ ਠਹਿਰਿਆ ਅਤੇ ਅੱਜ ਸਵੇਰੇ ਕਰੀਬ 11 ਵਜੇ ਮੁੱਖ ਮੰਤਰੀ ਸ੍ਰੀ ਬਾਦਲ ਨੇ ਇਸ ਨੂੰ ਫਤਹਿਗੜ੍ਹ ਸਾਹਿਬ ਲਈ ਰਵਾਨਾ ਕੀਤਾ ਅਤੇ ਮਾਰਚ ਦੀ ਅਗਵਾਈ ਕਰ ਰਹੇ ਪੰਜਾਂ ਪਿਆਰਿਆਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਤ ਕੀਤਾ ਗਿਆ।
ਸ੍ਰੀ ਬਾਦਲ ਨੇ ਕਿਹਾ ਕਿ ਚੱਪੜਚਿੜੀ ਸਥਿਤ ਮੈਦਾਨੇ ਜੰਗ ਵਾਲੀ ਥਾਂ 5 ਏਕੜ ਜ਼ਮੀਨ ਦੇ ਰਕਬੇ ਵਿਚ ਮੁੜ ਟਿੱਬੇ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ। ਸਭ ਤੋਂ ਉਚੇ ਟਿੱਬੇ ’ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲਗਾਇਆ ਜਾਵੇਗਾ। ਇਹ ਬੁੱਤ ਘੋੜੇ ਵਾਲਾ ਜਾਂ ਢਾਲ ਵਾਲਾ ਹੋਵੇਗਾ, ਇਸ ਬਾਰੇ ਅੰਤਿਮ ਫੈਸਲਾ ਬਾਅਦ ’ਚ ਲਿਆ ਜਾਵੇਗਾ ਜਦੋਂ ਕਿ ਛੋਟੇ ਟਿੱਬਿਆਂ ਉਤੇ ਦੂਸਰੇ ਸਿੰਘ ਸ਼ਹੀਦਾਂ ਜਿਨ੍ਹਾਂ ’ਚ ਸ਼ਹੀਦ ਭਾਈ ਬਾਜ਼ ਸਿੰਘ, ਭਾਈ ਫਤਹਿ ਸਿੰਘ ਨਗਾਹੀਆਂ ਸਿੰਘ, ਧਰਮ ਸਿੰਘ, ਅਲੀ ਸਿੰਘ, ਭਾਈ ਮਨੀ ਸਿੰਘ ਸਮੇਤ ਹੋਰਨਾਂ ਸ਼ਹੀਦਾਂ ਦੇ ਬੁੱਤ ਲਗਾਏ ਜਾਣਗੇ ਅਤੇ ਬੁੱਤਾਂ ਦੇ ਥੱਲੇ ਉਨ੍ਹਾਂ ਦੀ ਜੀਵਨੀ ਲਿਖੀ ਜਾਵੇਗੀ। ਇਸ ਤੋਂ ਇਲਾਵਾ ਕੁਝ ਜ਼ਮੀਨ ਵਿਚ ਝਿੜੀ ਨੂੰ ਵੀ ਵਿਰਾਸਤ ਵਜੋਂ ਸਾਂਭਿਆ ਜਾਵੇਗਾ ਅਤੇ ਇਸ ਧਰਤੀ ’ਤੇ ਸਰਕਾਰ ਵਲੋਂ ਨੇੜ ਭਵਿੱਖ ਵਿਚ ਥੀਮ ਪਾਰਕ ਬਣਾਏ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜਚਿੜੀ ’ਚ ਅਤਿ ਆਧੁਨਿਕ ਸਿੱਖ ਅਜਾਇਬ ਘਰ, ਲਾਈਟ ਐਂਡ ਸਾਊਂਡ ਲਈ ਓਪਨ ਥੀਏਟਰ ਆਦਿ, ਇਹ ਸਾਰੀਆਂ ਯਾਦਗਾਰਾਂ ਵਿਸ਼ਵ ਪੱਧਰੀ ਵਿਰਾਸਤੀ ਵਜੋਂ ਸਥਾਪਤ ਹੋਣਗੀਆਂ ਅਤੇ ਇਨ੍ਹਾਂ ਨੂੰ ਅਗਲੇ ਇਕ ਸਾਲ ਦੇ ਅੰਦਰ-ਅੰਦਰ ਕਾਇਮ ਕਰ ਦਿੱਤਾ ਜਾਵੇਗਾ। ਇਸ ਦਾ ਨਕਸ਼ਾ ਵਿਸ਼ਵ ਪੱਧਰ ਦੇ ਨਕਸ਼ਾ ਨਵੀਸਾਂ ਤੋਂ ਤਿਆਰ ਕਰਵਾਇਆ ਗਿਆ ਹੈ ਅਤੇ ਇਸ ਨੂੰ ਅੰਤਿਮ ਛੂਹਾਂ ਦੇਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਆਲ੍ਹਾ ਅਖਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਪ੍ਰਵਾਨਗੀ ਤੋਂ ਉਪਰੰਤ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਮੁਗ਼ਲ ਰਾਜ ਦਾ ਖਾਤਮਾ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਅਤੇ ਹਿੰਦੋਸਤਾਨ ਦੇ ਲੋਕਾਂ ’ਤੇ ਹੋ ਰਹੇ ਜਬਰ ਅਤੇ ਜ਼ੁਲਮ ਨੂੰ ਠੱਲ ਪਾਈ ਸੀ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਮੁਗ਼ਲ ਸਾਮਰਾਜ ਦਾ ਖਾਤਮਾ ਕੀਤਾ।
ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿਥੇ ਪੰਜਾਬ ਵਾਸੀਆਂ ਨੂੰ ਫਤਹਿ ਦਿਵਸ ਦੀ ਵਧਾਈ ਦਿੱਤੀ ਉਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਵੀ ਚਾਨਣਾ ਪਾਇਆ। ਸਮਾਗਮ ਨੂੰ  ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਦਿੱਲੀ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਕਦੇ ਵੀ ਇਨਸਾਫ ਨਹੀਂ ਮਿਲਿਆ।  ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਨੇ ਨਿਭਾਈ ਅਤੇ ਅਖੀਰ ਵਿਚ ਉਨ੍ਹਾਂ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ, ਜਸਜੀਤ ਸਿੰਘ ਬਨੀ, ਚਰਨਜੀਤ ਸਿੰਘ ਚੰਨੀ, ਦੀਦਾਰ ਸਿੰਘ ਭੱਟੀ (ਚਾਰੇ ਵਿਧਾਇਕ), ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਨ.ਕੇ. ਸ਼ਰਮਾ, ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘਾਂ ਦੀ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰ ਹਾਜ਼ਰ ਸਨ।


Comments Off on ਚੱਪੜਚਿੜੀ ’ਚ ਬਣੇਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.