ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਚਾਵਲਾ-ਸਾਹਨੀ ਵਿਵਾਦ: ਭਾਜਪਾ ਨੇ ਬਣਾਈ ਜਾਂਚ ਕਮੇਟੀ

Posted On May - 8 - 2010

ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ,7 ਮਈ
ਸਿਹਤ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਅਤੇ ਮੁੱਖ ਸੰਸਦੀ ਸਕਤਰ ਜਗਦੀਸ਼ ਸਾਹਨੀ ਦੇ ਆਪਸੀ ਵਿਵਾਦ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਭਾਜਪਾ ਲੀਡਰਸ਼ਿਪ ਨੇ ਬੀਬੀ ਚਾਵਲਾ ਉਤੇ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਲਈ ਕਮੇਟੀ ਕਾਇਮ ਕਰਨ ਦਾ ਫੈਸਲਾ ਲੈ ਲਿਆ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਤਿੰਨ ਸਾਲ ਪੁਰਾਣੀ ਸਰਕਾਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੰਤਰੀ ਉਤੇ ਲੱਗੇ ਦੋਸ਼ਾਂ ਬਾਰੇ ਪਾਰਟੀ ਨੇ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਗੇਂਦ ਪੂਰੀ ਤਰ੍ਹਾਂ ਭਾਜਪਾ ਹਾਈ ਕਮਾਂਡ ਦੇ ਪਾਲੇ ਵਿਚ ਆ ਗਈ ਹੈ।
ਵਰਨਣਯੋਗ ਹੈ ਕਿ ਭਾਜਪਾ ਦੇ ਮੁੱਖ ਪਾਰਲੀਮਾਨੀ ਸਕਤਰ ਜਗਦੀਸ਼ ਸਾਹਨੀ ਵਲੋਂ ਪਿਛਲੇ ਕੁਝ ਦਿਨਾਂ ਤੋਂ ਸਿਹਤ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ’ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਇਸ ਕਾਰਨ ਪਾਰਟੀ ਅੰਦਰ ਇਕ ਨਵਾਂ ਵਿਵਾਦ ਖੜਾ ਹੋ ਗਿਆ ਹੈ। ਪੰਜਾਬ ਭਾਜਪਾ ਦੇ ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਮਾਮਲੇ ’ਤੇ ਚੁੱਪ ਧਾਰੀ ਹੋਈ ਹੈ। ਸ੍ਰੀ ਸਾਹਨੀ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਸਿਹਤ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਅੰਮ੍ਰਿਤਸਰ ਦੀ ਇਕ ਦਵਾਈਆਂ ਬਣਾਉਣ ਵਾਲੀ ਕੰਪਨੀ ਨੂੰ ਕਰੋੜਾਂ ਰੁਪਏ ਦਾ ਲਾਭ ਪਹੁੰਚਾਇਆ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਕੰਪਨੀ ਨੂੰ ਦੋ ਸਾਲ ਵਿਚ ਸਾਢੇ ਤਿੰਨ ਕੁਇੰਟਲ ਅਫੀਮ ਸਿਰਫ 60 ਹਜ਼ਾਰ ਵਿਚ ਦਿੱਤੀ ਗਈ ਹੈ। ਇਸ ਅਫੀਮ ਦੀ ਅਸਲ ਕੀਮਤ ਸਾਢੇ ਤਿੰਨ ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਨੇ ਹਸਪਤਾਲਾਂ ਦੇ ਮੁੱਦੇ ਉਤੇ ਕਈ ਹੋਰ ਦੋਸ਼ ਵੀ ਲਾਏ ਹਨ। ਉਨ੍ਹਾਂ ਨੇ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਅਤੇ ਬੀਬੀ ਚਾਵਲਾ ਦੇ ਅਸਤੀਫੇ ਦੀ ਮੰਗ ਕੀਤੀ ਹੈ। ਬੀਬੀ ਚਾਵਲਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਸ੍ਰੀ ਸਾਹਨੀ ਨਿੱਜੀ ਹਿੱਤਾਂ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਇਨ੍ਹਾਂ ਸਾਰੇ ਮਾਮਲਿਆਂ ਦਾ ਪਤਾ ਕਰਨ ਲਈ ਭਾਜਪਾ ਲੀਡਰਸ਼ਿਪ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਉਤੇ ਅਧਾਰਿਤ ਦੋ ਮੈਂਬਰੀ ਕਮੇਟੀ ਬਣਾ ਦਿਤੀ ਸੀ।
ਅੱਜ ਸਵੇਰੇ ਦਸ ਵਜੇ ਪੰਜਾਬ ਭਾਜਪਾ ਦੇ ਦਫਤਰ ਸੈਕਟਰ 37 ਵਿਚ ਪਾਰਟੀ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਸ੍ਰੀ ਸਿੱਧੂ ਵੱਲੋਂ ਪਾਰਟੀ ਦੇ ਦੋਹਾਂ ਆਗੂਆਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਸੀ। ਸਭ ਤੋਂ ਪਹਿਲਾਂ ਪਾਰਟੀ ਦੀ ਕਮੇਟੀ ਕੋਲ ਸਿਹਤ ਮੰਤਰੀ ਬੀਬੀ ਚਾਵਲਾ ਨੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਨੇ ਤਕਰੀਬਨ ਪੌਣਾ ਘੰਟਾ ਪਾਰਟੀ ਆਗੂਆਂ ਕੋਲ ਸਾਰੀ ਸਥਿਤੀ ਬਾਰੇ ਆਪਣਾ ਪੱਖ ਰੱਖਿਆ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਮੇਟੀ ਕੋਲ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਸ੍ਰੀ ਸਾਹਨੀ ਦੇ ਵਤੀਰੇ ਦੇ ਕਾਰਨ ਵੀ ਦਸੇ ਹਨ।
ਮੀਟਿੰਗ ਤੋਂ ਬਾਹਰ ਆਉਣ ਵੇਲੇ ਸਿਹਤ ਮੰਤਰੀ ਬੀਬੀ ਚਾਵਲਾ ਨੇ ਇਸ ਪੱਤਰਕਾਰ ਨਾਲ ਸੰਖੇਪ ਵਿਚ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸ੍ਰੀ ਸਾਹਨੀ ਦੀ ਮੰਗ ਉਤੇ ਅਸਤੀਫਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪਾਰਟੀ ਵੱਲੋਂ ਬੀਬੀ ਚਾਵਲਾ ਦੇ ਬਾਅਦ ਸ੍ਰੀ ਸਾਹਨੀ ਦਾ ਪੱਖ ਸੁਣਿਆ ਗਿਆ। ਅਸਲ ਵਿਚ ਬੀਬੀ ਚਾਵਲਾ ਦੇ ਬੈਠਿਆਂ ਹੀ ਸ੍ਰੀ ਸਾਹਨੀ ਵੀ ਮੀਟਿੰਗ ਵਿਚ ਚਲੇ ਗਏ ਸਨ ਪਰ ਕੁਝ ਮਿੰਟ ਬਾਅਦ ਬੀਬੀ ਚਾਵਲਾ ਬਾਹਰ ਆ ਗਏ। ਬਾਅਦ ਵਿਚ ਸ੍ਰੀ ਸਾਹਨੀ ਨੇ ਕਿਹਾ ਕਿ ਉਹ ਆਪਣੇ ਸਟੈਂਡ ਉਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਉਨ੍ਹਾਂ ਨੇ ਬੀਬੀ ਚਾਵਲਾ ਬਾਰੇ ਠੋਸ ਸਬੂਤ ਪਾਰਟੀ ਕੋਲ ਪੇਸ਼ ਕੀਤੇ ਹਨ ਅਤੇ ਹੁਣ ਫੈਸਲਾ ਪਾਰਟੀ ਨੇ ਕਰਨਾ ਹੈ।
ਮੀਟਿੰਗ ਬਾਅਦ ਪਾਰਟੀ ਪ੍ਰਧਾਨ ਅਸ਼ਵਨੀ ਕੁਮਾਰ ਨੇ ਸ੍ਰੀ ਸਿੱਧੂ ਦੀ ਮੌਜੂਦਗੀ ਵਿਚ ਕਿਹਾ ਕਿ ਉਹ ਮੀਡੀਆ ਨੂੰ ਕੇਵਲ ਇਹ ਹੀ ਜਾਣਕਾਰੀ ਦੇਣਗੇ ਕਿ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਜਾਂਚ ਦਾ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ ਪਰ ਜਾਂਚ ਲਈ ਕਮੇਟੀ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦੋਹਾਂ ਆਗੂਆਂ ਦਾ ਪੱਖ ਧਿਆਨ ਨਾਲ ਸੁਣਿਆ ਹੈ ਅਤੇ ਇਸ ਬਾਅਦ ਹੀ ਦੋਸ਼ਾਂ ਦੀ  ਜਾਂਚ ਦਾ ਫੈਸਲਾ ਲਿਆ ਹੈ।


Comments Off on ਚਾਵਲਾ-ਸਾਹਨੀ ਵਿਵਾਦ: ਭਾਜਪਾ ਨੇ ਬਣਾਈ ਜਾਂਚ ਕਮੇਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.