ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਇਰਾਨ, ਬ੍ਰਾਜ਼ੀਲ ਤੇ ਤੁਰਕੀ ਦਰਮਿਆਨ ਸਮਝੌਤਾ

Posted On May - 18 - 2010

ਸਫ਼ਾਰਤੀ ਧਮਾਕਾ

ਇਰਾਨ, ਤੁਰਕੀ ਨੂੰ ਯੂਰੇਨੀਅਮ ਸੌਂਪਣ ਲਈ ਰਾਜ਼ੀ

ਇਰਾਨ ’ਚੋਂ

ਰਾਜ ਚੇਂਗੱਪਾ

ਮੁੱਖ ਸੰਪਾਦਕ

ਸਮਝੌਤੇ ’ਤੇ ਦਸਤਖ਼ਤ ਕਰਨ ਮਗਰੋਂ ਬ੍ਰਾਜ਼ੀਲੀ ਰਾਸ਼ਟਰਪਤੀ ਲੁਇਜ਼ ਇਨੈਸ਼ੀਓ ਸਿਲਵਾ, ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦਨੇਜਾਦ ਤੇ ਤੁਰਕੀ ਦੇ ਵਿਦੇਸ਼ ਮੰਤਰੀ ਅਹਿਮਦ ਦਾਵੂਤੋਗਲੂ

ਇਸ ਨੂੰ ਇਕ ਵੱਡੇ ਸਫ਼ਾਰਤੀ ਧਮਾਕੇ ਵਜੋਂ ਲਿਆ ਜਾ ਰਿਹਾ ਹੈ, ਜੋ ਆਲਮੀ ਸੱਥ ’ਚੋਂ ਇਰਾਨ ਦੇ ਅਲੱਗ-ਥਲੱਗ ਪੈਣ ਦੇ ਖ਼ਤਰੇ ਦੇ ਖ਼ਾਤਮੇ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਇੱਥੇ ਜੀ-15 ਸੰਮੇਲਨ ਮੌਕੇ ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ, ਤੁਰਕੀ ਦੇ ਪ੍ਰਧਾਨ ਮੰਤਰੀ ਰੀਸੈਪ ਤਈਅਪ ਇਰਦੇਮਾਨ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨੈਸ਼ੀਓ ਡਸਿਲਵਾ ਨੇ ਖਿੜ੍ਹੇ ਚਿਹਰਿਆਂ ਨਾਲ ਇਹ ਨਾਟਕੀ ਐਲਾਨ ਕੀਤਾ ਕਿ ਤਿੰਨਾਂ ਦੇਸ਼ਾਂ ਦਰਮਿਆਨ ਇਕ ਨਵੀਂ ਸੰਧੀ ਹੋਈ ਹੈ, ਜਿਸ ਸਦਕਾ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਚੱਲ ਰਹੀ ਕਸ਼ਮਕਸ਼ ਖ਼ਤਮ ਹੋਣ ਦੇ ਆਸਾਰ ਹਨ। ਤਿੰਨਾਂ ਦੇਸ਼ਾਂ ਦਰਮਿਆਨ 18 ਘੰਟੇ ਦੀ ਵਾਰਤਾ ਤੋਂ ਬਾਅਦ ਇਰਾਨ ਆਪਣਾ ਕਾਫੀ ਘੱਟ ਸੋਧਿਆ ਯੂਰੇਨੀਅਮ ਤੁਰਕੀ ਭੇਜਣ ਲਈ ਰਜ਼ਾਮੰਦ ਹੋ ਗਿਆ ਹੈ। ਅਮਰੀਕਾ ਦੀ ਸ਼ਹਿ ’ਤੇ ਲਗਾਈਆਂ ਜਾਣ ਵਾਲੀਆਂ ਸੰਯੁਕਤ ਰਾਸ਼ਟਰ ਪਾਬੰਦੀਆਂ ਦਾ ਖ਼ਤਰਾ ਟਾਲ਼ਣ ਲਈ ਇਰਾਨ ਨੇ ਪ੍ਰਮਾਣੂ ਬਾਲਣ ਵਟਾਂਦਰਾ ਸੰਧੀ ਤਹਿਤ ਤੁਰਕੀ ਨੂੰ 1200 ਕਿਲੋਗ੍ਰਾਮ ਨੀਮ-ਸੋਧਤ ਯੂਰੇਨੀਅਮ  ਦੀ ਖੇਪ ਭੇਜਣ ਦਾ ਐਲਾਨ ਕੀਤਾ ਹੈ। ਇਸ ਸੰਧੀ ਤਹਿਤ ਤੁਰਕੀ ਇਰਾਨੀ ਯੂਰੇਨੀਅਮ  ਨੂੰ ਅੱਗੋਂ ਸੋਧੇਗਾ ਅਤੇ ਇਰਾਨੀ ਮੈਡੀਕਲ ਰੀਐਕਟਰਾਂ ਵਿੱਚ ਵਰਤੋਂ ਲਈ ਵਾਪਸ ਇਰਾਨ ਭੇਜੇਗਾ।
ਇਰਾਨ ਦੇ ਵਿਦੇਸ਼ ਮੰਤਰੀ ਮਾਨੇਸ਼ੇਰ ਮੋਤੱਕੀ ਨੇ ਦੱਸਿਆ ਕਿ ਇਹ ਵਟਾਂਦਰਾ ਸੰਧੀ ਉਤੇ ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ, ਉਨ੍ਹਾਂ ਦੇ ਬ੍ਰਾਜ਼ੀਲਿਆਈ ਹਮਰੁਤਬਾ ਲੂਈਜ਼ ਇਨੈਸ਼ੀਓ ਡਸਿਲਵਾ ਅਤੇ ਤੁਰਕੀ ਦੇ ਪ੍ਰਧਾਨ ਮੰਤਰੀ ਰੀਸੈਪ ਤਈਅਪ ਇਰਦੋਮਾਨ ਨੇ ਸਹੀ ਪਾਈ। ਬ੍ਰਾਜ਼ੀਲ ਅਤੇ ਤੁਰਕੀ ਦੀ ਸਾਲਸੀ ਰਾਹੀਂ ਕੀਤੀ ਗਈ ਇਸ ਸੰਧੀ ਤਹਿਤ ਇਰਾਨ 1200 ਕਿਲੋਗ੍ਰਾਮ ਨੀਮ-ਸੋਧਤ ਯੂਰੇਨੀਅਮ  ਉਚੇਰੀ ਸੁਧਾਈ ਲਈ ਤੁਰਕੀ ਭੇਜੇਗਾ। ਯੂਰੇਨੀਅਮ  ਦੀਆਂ ਇਨ੍ਹਾਂ ਫਿਊਲ ਰਾਡਾਂ ਦੀ ਮੈਡੀਕਲ ਰੀਸਰਚ ਰੀਐਕਟਰਾਂ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ।
ਸ੍ਰੀ ਮੋਤੱਕੀ ਨੇ ਕਿਹਾ ਕਿ ਜੇ ਸੰਧੀ ਦੀ ਪਾਲਣਾ ਨਹੀਂ ਹੁੰਦੀ ਤਾਂ ਉਸ ਹਾਲਤ ਵਿੱਚ ਤੁਰਕੀ ਨੂੰ ਯੂਰੇਨੀਅਮ  ਇਰਾਨ ਨੂੰ ਮੋੜਨਾ ਹੋਵੇਗਾ। ਸੰਧੀ ਇਕ ਹਫ਼ਤੇ ਦੇ ਅੰਦਰ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨ ਸੰਸਥਾ ਆਲਮੀ ਐਟਮੀ ਏਜੰਸੀ (ਆਈ.ਏ.ਈ.ਏ.) ਅੱਗੇ ਪੇਸ਼ ਕੀਤੀ ਜਾਵੇਗੀ। ਇਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਰਾਨ ਇਕ ਮਹੀਨੇ ਦੇ ਅੰਦਰ ਤੁਰਕੀ ਨੂੰ ਯੂਰੇਨੀਅਮ  ਦੀ ਖੇਪ ਭੇਜ ਸਕੇਗਾ। ਬਦਲੇ ਵਿੱਚ ਇਰਾਨ ਨੂੰ ਇਕ ਸਾਲ ਦੇ ਅੰਦਰ ਇਰਾਨ ਨੂੰ ‘ਵੀਏਨਾ ਗਰੁੱਪ’ ਦੇ ਆਪਣੇ ਰੀਸਰਚ ਰੀਐਕਟਰਾਂ ਲਈ 20 ਫੀਸਦੀ ਅਤਿ-ਸੋਧਤ ਯੁਰੇਨੀਅਮ ਮਿਲ ਸਕੇਗਾ।
ਇਸ ਸੰਧੀ ਦਾ ਮੰਤਵ ਪੱਛਮੀ ਦੇਸ਼ਾਂ ਦੇ ਇਨ੍ਹਾਂ ਖ਼ਦਸ਼ਿਆਂ ਨੂੰ ਸੰਬੋਧਤ ਹੋਣਾ ਹੈ ਕਿ ਜੇ ਇਰਾਨ ਨੂੰ ਯੂਰੇਨੀਅਮ  ਸੋਧਣ ਦਾ ਮੌਕਾ ਮਿਲ ਗਿਆ ਤਾਂ ਉਹ ਇਸ ਤੋਂ ਬੰਬ ਬਣਾ ਸਕਦਾ ਹੈ। ਸੰਧੀ ਕੀਤੀ ਵੀ ਉਦੋਂ ਗਈ ਹੈ, ਜਦੋਂ ਅਮਰੀਕਾ ਇਰਾਨ ਖ਼ਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਲਗਾਉਣ ਲਈ ਜ਼ੋਰ ਲਾ ਰਿਹਾ ਹੈ। ਅਮਰੀਕਾ ਇਹ ਦੋਸ਼ ਲਗਾਉਂਦਾ ਹੈ ਕਿ ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਸਬੰਧੀ ਆਲਮੀ ਭਾਈਚਾਰੇ ਦੇ ਖ਼ਦਸ਼ਿਆਂ ਨੂੰ ਮੁਖ਼ਾਤਬ ਹੋਣ ਲਈ ਆਈ.ਏ.ਈ.ਏ. ਨਾਲ ਸਹਿਯੋਗ ਨਹੀਂ ਕਰ ਰਿਹਾ।
ਅਮਰੀਕਾ ਜਾਂ ਹੋਰ ਵੱਡੀਆਂ ਪੱਛਮੀ ਤਾਕਤਾਂ ਨੇ ਸੰਧੀ ਬਾਰੇ ਫੌਰੀ ਤੌਰ ’ਤੇ ਕੋਈ ਪ੍ਰਤੀਕਰਮ ਨਹੀਂ ਕੀਤਾ, ਪਰ ਇਸਰਾਈਲ ਨੇ ਇਸ ਨੂੰ ‘ਫਰਜ਼ੀ ਸੰਧੀ’ ਕਰਾਰ ਦਿੱਤਾ। ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਸੇਲਸੋ ਅਮੋਰਿਮ ਨੇ ਆਪਣੇ ਇਰਾਨੀ ਤੇ ਤੁਰਕ ਹਮਰੁਤਬਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਧੀ ਆਲਮੀ ਭਾਈਚਾਰੇ ਦੇ ਖ਼ਦਸ਼ਿਆਂ ਨੂੰ ਦੂਰ ਕਰੇਗੀ ਅਤੇ ਹੁਣ ਇਰਾਨ ’ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਲਾਉਣ ਦੀ ਕੋਈ ਲੋੜ ਨਹੀਂ।


Comments Off on ਇਰਾਨ, ਬ੍ਰਾਜ਼ੀਲ ਤੇ ਤੁਰਕੀ ਦਰਮਿਆਨ ਸਮਝੌਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.