ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਆਈ.ਏ.ਐਸ. ਦੀ ਚੋਟੀ ਸਰ ਕਰਨ ਵਾਲਾ ਪਹਿਲਾ ਕਸ਼ਮੀਰੀ

Posted On May - 9 - 2010

ਸਿਵਲ ਸੇਵਾਵਾਂ ਪ੍ਰੀਖਿਆ ’ਚ ਪਹਿਲੇ ਨੰਬਰ ’ਤੇ ਰਿਹਾ ਸ਼ਾਹ ਫੈਸਲ

ਅਹਿਸਾਨ ਫਾਜ਼ਿਲੀ

ਸ੍ਰੀਨਗਰ, 8 ਮਈ
ਮੈਂ ਠੀਕ ਹਾਂ….. ਤੁਹਾਡਾ ਸ਼ੁਕਰੀਆ…. ਬੇਹੱਦ ਸ਼ੁਕਰੀਆ…..’’ ਕੰਨ ਨੂੰ ਮੋਬਾਈਲ ਫੋਨ ਲਾਈ ਡਾ. ਸ਼ਾਹ ਫੈਸਲ ਦੀ ਜ਼ੁਬਾਨ ’ਤੇ ਅੱਜ ਕੱਲ੍ਹ ਇਹੀ ਅਲਫਾਜ਼ ਵਾਰ-ਵਾਰ ਆਉਂਦੇ ਹਨ। ਦੇਸ਼ ਦੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਪਹਿਲੀ ਵਾਰ ਅੱਵਲ ਰਹਿਣ ਸਦਕਾ ਜੰਮੂ-ਕਸ਼ਮੀਰ ਦਾ ਨਾਂ ਚਮਕਾਉਣ ਵਾਲੇ ਡਾ. ਫੈੈਸਲ ਕੱਲ੍ਹ ਦਿੱਲੀ ਤੋਂ ਇੱਥੇ ਹੈਦਰਪੁਰਾ ਇਲਾਕੇ ਵਿਚ ਜਦੋਂ ਘਰ ਪੁੱਜੇ ਤਾਂ ਉਦੋਂ ਤੋਂ ਹੀ ਉਥੇ ਵਧਾਈ ਦੇਣ ਵਾਲੇ ਰਿਸ਼ਤੇਦਾਰਾਂ, ਦੋਸਤਾਂ, ਗੁਆਂਢੀਆਂ ਅਤੇ ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ। ਮੂਲ ਰੂਪ ਵਿਚ ਕੁਪਵਾੜਾ ਜ਼ਿਲ੍ਹੇ ਦੇ ਪਿੰਡ ਸੋਗਮ ਦਾ ਵਾਸੀ ਡਾ. ਫੈਸਲ ਪਿਛਲੇ ਅੱਠ ਸਾਲਾਂ ਤੋਂ ਆਪਣੀ ਮਾਂ ਮੁਬੀਨਾ ਨਾਲ ਸ੍ਰੀਨਗਰ ਦੇ ਬਾਹਰਵਾਰ ਪੈਂਦੇ ਹੈਦਰਾਪੁਰਾ ਇਲਾਕੇ ਵਿਚ ਰਹਿ ਰਹੇ ਸਨ।
ਫੈਸਲ ਦੇ ਨਾਲ ਪ੍ਰੀਖਿਆ ਪਾਸ ਕਰਨ ਵਾਲੇ ਜੰਮੂ-ਕਸ਼ਮੀਰ ਦੇ ਤਿੰਨ ਹੋਰ ਪ੍ਰੀਖਿਆਰਥੀ ਮੀਰ ਉਮੇਰ, ਸ਼ੌਕਤ ਪੈਰੇ ਅਤੇ ਰਈਸ ਭੱਟ ਵੀ ਹਨ। ਰਾਜਪਾਲ ਐਨ.ਐਨ.ਵੋਹਰਾ ਨੇ ਫੈਸਲ ਨੂੰ ਫੋਨ ’ਤੇ ਵਧਾਈ ਦਿੱਤੀ ਅਤੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਰਾਜ ਭਵਨ ਸੱਦਿਆ। ਅਧਿਆਪਕ ਮਾਪਿਆਂ ਦਾ ਇਕਲੌਤਾ ਪੁੱਤਰ ਫੈਸਲ ਨੂੰ ਅੱਜ ਆਪਣੇ ਪਿਤਾ ਦੀ ਕਮੀ ਮਹਿਸੂਸ ਹੋ ਰਹੀ ਹੈ,  ਜਿਸ ਨੂੰ 2002 ਦੀ 3-4 ਜੁਲਾਈ ਦੀ ਰਾਤ ਨੂੰ ਅਣ-ਪਛਾਤੇ ਅਤਿਵਾਦੀਆਂ ਨੇ ਪਿੰਡ ਸੋਗਮ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪਰ ਇਸ ਹੌਲਨਾਕ ਹਾਦਸੇ ਦੇ ਬਾਵਜੂਦ ਫੈਸਲ ਨੇ ਆਪਣੇ ਦ੍ਰਿੜ੍ਹ ਇਰਾਦੇ ਅਤੇ ਆਪਣੀ ਮਾਂ ਮੁਬੀਨਾ ਬਾਨੋ ਦੀ ਮਜ਼ਬੂਤ ਮਦਦ ਸਦਕਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਕਰ ਲਿਆ।  ਫੈਸਲ ਨੇ ਪਿੰਡ ਦੇ ਸਰਕਾਰੀ ਸਕੂਲਾਂ ਤੋਂ ਦਸਵੀਂ ਤਕ ਪੜ੍ਹਾਈ ਕੀਤੀ ਅਤੇ ਫੇਰ ਸ੍ਰੀਨਗਰ ਦੇ ਟਿੰਡੇਲ ਬਾਇਸਕੇ ਮੈਮੋਰੀਅਲ ਸਕੂਲ ਤੋਂ ਗਿਆਰਵੀਂ ਅਤੇ ਬਾਰ੍ਹਵੀਂ ਪਾਸ ਕੀਤੀ। ਐਮ.ਬੀ.ਬੀ.ਐਸ. ਵਿਚ ਦਾਖਲੇ ਲਈ ਸਾਂਝਾ ਟੈਸਟ ਦੇਣ ਤੋਂ ਤਿੰਨ ਦਿਨ ਪਹਿਲਾਂ ਫੈਸਲ ਦੇ ਪਿਤਾ ਅਣਪਛਾਤੇ ਬੰਦੂਕਧਾਰੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਬਣ ਗਏ ਸੀ ਪਰ ਫੈਸਲ ਨੇ ਹੌਸਲਾ ਨਹੀਂ ਹਾਰਿਆ ਅਤੇ ਉਹ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸ੍ਰੀਨਗਰ ਨਾਲ ਸਬੰਧਤ ਬੋਮਿਨਾ ਮੈਡੀਕਲ ਕਾਲਜ ਵਿਚ ਦਾਖਲਾ ਲੈਣ ਵਿਚ ਕਾਮਯਾਬ ਰਿਹਾ। ਆਪਣੇ ਘਰ ਵਿਚ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ. ਫੈਸਲ ਨੇ ਕਿਹਾ, ‘‘ਮੇਰਾ ਇਕੋ ਸੰਦੇਸ਼ ਹੈ ਕਿ ਅਸੀਂ ਆਪਣੀ ਮਾਂ ਬੋਲੀ ਕਸ਼ਮੀਰੀ ਨੂੰ ਵਧਣ-ਫੁੱਲਣ ਵਿਚ ਯੋਗਦਾਨ ਪਾਈਏ। ਸਾਨੂੰ ਕਸ਼ਮੀਰੀ ਜ਼ੁਬਾਨ ’ਤੇ ਮਾਣ ਹੋਣਾ ਚਾਹੀਦਾ ਅਤੇ ਇਸ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ।’’ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਫੈਸਲ ਨੇ ਉਰਦੂ ਸਾਹਿਤ ਅਤੇ ਲੋਕ ਪ੍ਰਸ਼ਾਸਨ ਦੇ ਵਿਸ਼ੇ ਲਏ ਸਨ। ਉਰਦੂ ਅਦਬ ਨਾਲ ਉਸ ਦਾ ਅੰਤਾਂ ਦਾ ਮੋਹ ਹੈ। ਮੈਡੀਕਲ ਦੀ ਪੜ੍ਹਾਈ ਦੌਰਾਨ ਵੀ ਉਸ ਨੇ ਉਰਦੂ ਅਦਬ ਅਤੇ ਸ਼ਾਇਰੀ ਨਾਲ ਕਰੀਬੀ ਰਿਸ਼ਤਾ ਬਣਾਈ ਰੱਖਿਆ। ਉਸ ਨੇ ਕਿਹਾ, ‘‘ਫੈਜ਼ ਅਹਿਮਦ ਫੈਜ਼ ਅਤੇ ਡਾ. ਮੁਹੰਮਦ ਇਕਬਾਲ ਦੀ ਸ਼ਾਇਰੀ ਮੈਂ ਉਦੋਂ ਵੀ ਛੱਡ ਨਾ ਸਕਿਆ ਜਦੋਂ ਮੈਂ ਐਮ.ਬੀ.ਬੀ.ਐਸ. ਦਾ ਵਿਦਿਆਰਥੀ ਸਾਂ।’’ ਉਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਗਟਾਵੇ ਦਾ ਹੁਨਰ ਨਿਖਾਰਨਾ ਚਾਹੀਦਾ ਹੈ। ਉਹ ਪਿਛਲੇ ਢਾਈ ਕੁ ਸਾਲਾਂ ਤੋਂ ਜਾਣਕਾਰੀ ਦੇ ਹੱਕ ਕਾਨੂੰਨ ਦੀ ਮੁਹਿੰਮ ਨਾਲ ਜੁੜੇ ਹੋਏ ਹਨ ਅਤੇ ਸਾਫ ਸੁਥਰੇ ਪ੍ਰਸ਼ਾਸਨ ਲਈ ਇਸ ਹੱਕ ਨੂੰ ਬਹੁਤ ਅਹਿਮੀਅਤ ਦਿੰਦੇ ਹਨ। 2006 ਵਿਚ ਐਮ.ਬੀ.ਬੀ.ਐਸ. ਦੇ ਪ੍ਰੀ-ਫਾਈਨਲ ਵਰ੍ਹੇ ਦੌਰਾਨ ਉਸ ਦੇ ਮਨ ਵਿਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਾ ਖਿਆਲ ਆਇਆ। ਉਸ ਨੇ ਕਿਹਾ, ‘‘ਇਸ ਨੂੰ ਇਕ ਚੋਟੀ ਸਮਝਿਆ ਜਾਂਦਾ ਹੈ ਜਿਸ ਨੂੰ ਹੁਣ ਤਕ ਕੋਈ ਕਸ਼ਮੀਰੀ ਸਰ ਨਹੀਂ ਸੀ ਕਰ ਸਕਿਆ। ‘‘ਬਤੌਰ ਇਕ ਡਾਕਟਰ ਮੈਂ ਲੋਕਾਂ ਦੇ ਜ਼ਖਮਾਂ ਅਤੇ ਪੀੜ ਦਾ ਇਲਾਜ ਕਰ ਸਕਦਾ ਸਾਂ ਪਰ ਹੁਣ ਲੋਕਾਂ ਦੀ ਸੇਵਾ ਕਰਨ ਦਾ ਖੇਤਰ ਕਿਤੇ ਵਧ ਵਿਸ਼ਾਲ ਬਣ ਗਿਆ ਹੈ।’’ ਡਾ. ਫੈਸਲ 1994 ਬੈਚ ਦੇ ਇਕ ਆਈ.ਪੀ.ਐਸ. ਅਧਿਕਾਰੀ ਅਬਦੁਲ ਗਨੀ ਮੀਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਲਈ ਆਪਣਾ ਪ੍ਰੇਰਨਾ ਸਰੋਤ ਮੰਨਦੇ ਹਨ। ਕੂਪਵਾੜਾ ਜ਼ਿਲ੍ਹੇ ਨਾਲ ਹੀ ਸਬੰਧਤ ਸ੍ਰੀ ਮੀਰ ਬਿਹਾਰ ਤੇ ਝਾਰਖੰਡ ਵਿਚ ਸੇਵਾ ਨਿਭਾਉਣ ਤੋਂ ਬਾਅਦ ਅੱਜ ਕੱਲ੍ਹ ਆਪਣੇ ਜੱਦੀ ਸੂਬੇ ਦੇ ਡੀ.ਆਈ.ਜੀ. ਹਨ। 2007 ਵਿਚ ਇਕ ਮੁਕਾਮੀ ਅੰਗਰੇਜ਼ੀ ਅਖਬਾਰ ਵਿਚ ਲੇਖ ਛਪਿਆ ਸੀ ‘‘ਕਸ਼ਮੀਰੀ ਸਿਵਲ ਸੇਵਾਵਾਂ ਵਿਚ ਨਾਕਾਮ ਕਿਉਂ?’’ ਜਿਸ ਦੀ ਬਦੌਲਤ ਉਨ੍ਹਾਂ ਦਾ ਮੇਲ ਹੋਇਆ। ਸ੍ਰੀ ਮੀਰ ਨੇ ਕਿਹਾ ਕਿ ਫੈਸਲ ਕਸ਼ਮੀਰੀ ਨੌਜਵਾਨਾਂ ਲਈ ਇਕ ਮਿਸਾਲ ਸਾਬਤ ਹੋਏ ਹਨ। ਫੈਸਲ ਨੇ ਜਦੋਂ ਮੈਡੀਕਲ ਵਿਚ ਪੋਸਟ ਗਰੈਜੂਏਸ਼ਨ ਦੀ ਬਜਾਇ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇਣ ਦਾ ਮਨ ਬਣਾਇਆ ਤਾਂ ਉਸ ਦੇ ਸਾਰੇ ਵਾਕਫਕਾਰ ਕਹਿੰਦੇ ਸਨ ਕਿ ‘‘ਮੇਰਾ ਦਿਮਾਗ ਹਿੱਲ ਗਿਐ।’’ ਪਰ ਫੈਸਲ ਦੀ ਮਾਂ ਨੇ ਆਪਣੇ ਪੁੱਤਰ ਦਾ ਡਟ ਕੇ ਸਾਥ ਦਿੱਤਾ ਅਤੇ ਆਪਣੇ ਮਨ ਦੀ ਹਰ ਰੀਝ ਪੂਰੀ ਕਰਨ ਦੀ ਖੁੱਲ੍ਹ ਦਿੱਤੀ। ਇਸੇ ਦੌਰਾਨ ਉਸ ਨੇ ਮੁਕਾਮੀ ਅੰਗਰੇਜ਼ੀ ਅਖਬਾਰ ਲਈ ਲਿਖਣਾ ਸ਼ੁਰੂ ਕੀਤਾ। ਪ੍ਰੀਖਿਆ ਦੀ ਤਿਆਰੀ ਲਈ ਜ਼ਕਾਤ ਫਾਉਂਡੇਸ਼ਨ ਆਫ ਇੰਡੀਆ ਨੇ ਉਸ ਦੀ ਮਦਦ ਦੀ ਪੇਸ਼ਕਸ਼ ਕੀਤੀ। ਮੁੱਢਲੀ ਪ੍ਰੀਖਿਆ ਲਈ ਉਸ ਨੇ ਦਿੱਲੀ ਵਿਚਲੇ ਆਪਣੇ ਕੁਝ ਦੋਸਤਾਂ ਤੋਂ ਮਦਦ ਲਈ। ਉਰਦੂ ਸਾਹਿਤ ਅਤੇ ਲੋਕ ਪ੍ਰਸ਼ਾਸਨ ਜਿਹੇ ਵਿਸ਼ੇ ਹੋਣ ਕਾਰਨ ਉਸ ਨੂੰ ਵਾਧੂ ਜ਼ਕਾਤ (ਮਾਲੀ ਮਦਦ) ਦੀ ਲੋੜ ਨਾ ਪਈ। ਫੈਸਲ ਦਿੱਲੀ ਵਿਚ ਹਮਦਰਦ ਸਟੱਡੀ ਸਰਕਲ ਵਿਚ ਠਹਿਰਿਆ। ਉਸ ਨੇ ਕਿਹਾ ‘‘ਪਿਛਲੇ ਸਾਲ ਅਕਤੂਬਰ ਵਿਚ ਅੰਤਮ ਪ੍ਰੀਖਿਆ ਤਕ ਮੈਨੂੰ ਚੋਣ ਹੋਣ ਦਾ ਯਕੀਨ ਹੋ ਚਲਿਆ ਸੀ। ਦਿੱਲੀ ਵਿਚ ਮੇਰੇ ਕਈ ਦੋਸਤ ਆਈ.ਏ.ਐਸ. ਪ੍ਰੀਖਿਆ ’ਚੋਂ ਮੇਰੇ ਅਵੱਲ ਆਉਣ ਦੀਆਂ ਗੱਲਾਂ ਕਰਦੇ ਸਨ। ਮੇਰੇ ਇਕ ਵੈਟਰਨਰੀ ਮਿੱਤਰ ਡਾ. ਬਸ਼ੀਰ ਅਹਿਮਦ ਨੇ ਨਤੀਜਾ ਆਉਣ ਤੋਂ ਕਾਫੀ ਦੇਰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਹੀ ਆਈ.ਏ.ਐਸ. ਪ੍ਰੀਖਿਆ ’ਚੋਂ ਅੱਵਲ ਆਵਾਂਗਾ।’’ ਮਾਹਿਰਾਂ ਨਾਲ 25 ਮਿੰਟ ਦੀ ਆਪਣੀ ਇੰਟਰਵਿਊ ਨੂੰ ਵੀ ਉਹ ਯਾਦਗਾਰੀ ਮੰਨਦਾ ਹੈ ਜਿਥੇ ਮਾਹਿਰਾਂ ਨੇ ਨਾ ਕੇਵਲ ਉਸ ਨੂੰ ਆਪਣੇ ਮਨ ਦੀ ਗੱਲ ਰੱਖਣ ਦਾ ਮੌਕਾ ਦਿੱਤਾ ਸਗੋਂ ਕਈ ਕੁੰਜੀਵਤ ਮੁੱਦਿਆਂ ਬਾਰੇ ਉਸ ਦੇ ਮਨ ਦੇ ਕਪਾਟ ਵੀ ਖੋਲ੍ਹੇ।


Comments Off on ਆਈ.ਏ.ਐਸ. ਦੀ ਚੋਟੀ ਸਰ ਕਰਨ ਵਾਲਾ ਪਹਿਲਾ ਕਸ਼ਮੀਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.