ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਨਾਜਾਇਜ਼ ਸ਼ਰਾਬ ਫੈਕਟਰੀ: ਜਲਾਲਪੁਰ ਦੀ ਕੋਠੀ ਦਾ ਘਿਰਾਓ 2 ਨੂੰ: ਚੀਮਾ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    ਕਿਸਾਨਾਂ ਦੀ ਮੁਫ਼ਤ ਬਿਜਲੀ ਬੰਦ ਕੀਤੀ ਤਾਂ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ: ਅਕਾਲੀ ਦਲ !    ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ !    ਸੰਜੇ ਕੁੰਡੂ ਹਿਮਾਚਲ ਦੇ ਨਵੇਂ ਡੀਜੀਪੀ !    ਕਰਜ਼ਾ ਮੁਆਫ਼ੀ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਦਰਸ਼ਨ !    

ਜ਼ਰਾ ਬਚ ਕੇ ਮੋੜ ਤੋਂ…

Posted On April - 7 - 2010
ਪਤੀ-ਪਤਨੀ ਦਾ ਰਿਸ਼ਤਾ ਬਹੁਤ ਅਪਣੱਤ ਭਰਿਆ ਤੇ ਮਜਬੂਤ ਹੁੰਦਾ ਹੋਇਆ ਵੀ ਬੜਾ ਨਾਜ਼ੁਕ ਹੁੰਦਾ ਹੈ। ਸਾਰੀ ਸ੍ਰਿਸ਼ਟੀ ਇਸੇ ਨਾਲ ਚੱਲਦੀ ਹੈ। ਇਸ ਨਾਜ਼ੁਕ ਰਿਸ਼ਤੇ ਨੂੰ ਤਿੜਕਣ ਤੋਂ ਬਚਾਉਣ ਲਈ ਸਾਨੂੰ ਕੁਝ ਨਿਯਮ ਅਪਣਾਉਣੇ ਜ਼ਰੂਰੀ ਹੁੰਦੇ ਨੇ। ਪਰ ਆਮ ਤੌਰ ’ਤੇ ਉਹ ਅਪਣਾਏ ਨਹੀਂ ਜਾਂਦੇ ਜਿਸ ਕਾਰਨ ਦੰਪਤੀ ਵਿਚ ਕਲਾਹ-ਕਲੇਸ਼ ਹੋਇਆ ਰਹਿੰਦਾ ਹੈ ਤੇ ਜੀਵਨ ਇਕ ਬੋਝ ਬਣ ਕੇ ਰਹਿ ਜਾਂਦਾ ਹੈ।
ਸਭ ਤੋਂ ਜ਼ਰੂਰੀ ਤਾਂ ਪਤੀ-ਪਤਨੀ ਦਾ ਇਕ-ਦੂਜੇ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰੇਮ ਦੇ ਨਾਲ ਰਲੀ ਹੋਈ ਇੱਜ਼ਤ ਇਸ ਰਿਸ਼ਤੇ ਨੂੰ ਬਹੁਤ ਹੀ ਸੁਖਾਵਾਂ ਬਣਾ ਦਿੰਦੀ ਹੈ। ਬਰਾਬਰ ਦੇ ਹੱਕਾਂ ਵਾਲਾ ਰੌਲਾ ਕਦੇ-ਕਦੇ ਔਰਤ ਨੂੰ ਬੇਲੋੜੀ ਸ਼ਹਿ ਵੀ ਦੇ ਜਾਂਦਾ ਹੈ ਤੇ ਉਹ ਸਦਾਚਾਰ ਦੀਆਂ ਹੱਦਾਂ ਟੱਪਣ ਲੱਗਦੀ ਹੈ ਜਿਸ ਨਾਲ ਮਨ ਨੂੰ ਠੇਸ ਵੀ ਲੱਗਦੀ ਹੈ ਤੇ ਗੁੱਸਾ ਵੀ ਤੇ ਹੱਸਦੇ-ਵਸਦੇ ਘਰ ਉੱਜੜ ਜਾਂਦੇ ਹਨ। ਪਤੀ-ਪਤਨੀ ਦੋਵੇਂ ਆਪਣੇ ਵਤੀਰੇ ਅਤੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ। ਪਤਨੀ ਨੂੰ ਚਾਹੀਦਾ ਹੈ ਕਿ ਉਹ ਪਤੀ ਦੇ ਨਾਲ ਉਸ ਦੀ ਮਾਂ-ਭੈਣ ਤੇ ਬਾਕੀ ਰਿਸ਼ਤੇਦਾਰਾਂ ਦੀ ਵੀ ਇੱਜ਼ਤ ਕਰ ਕੇ ਖਿੜੇ ਮੱਥੇ ਮਿਲੇ। ਜਿਵੇਂ ਪਤੀ ਤੋਂ ਉਹ ਆਪਣਿਆਂ ਲਈ ਚਾਹੁੰਦੀ ਹੈ। ਇਸ ਨਾਲ ਅੱਗੋਂ ਬੱਚਿਆਂ ਦੇ ਮਨਾਂ ਵਿਚ ਵੀ ਮੋਹ ਦੇ ਬੀਜ ਪੁੰਗਰਦੇ ਨੇ ਤੇ ਉਹ ਚੰਗੇ ਸੰਸਕਾਰ ਗ੍ਰਹਿਣ ਕਰਕੇ ਸਭ ਦਾ ਆਦਰ ਕਰਨ ਦੀ ਜਾਚ ਸਿੱਖਦੇ ਨੇ। ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਆਮ ਤੌਰ ’ਤੇ ਪਤੀ ਆਪਣੀ ਪਤਨੀ ਨਾਲ ਬੜਾ ਸੁਖਾਵਾਂ ਵਤੀਰਾ ਰੱਖਦਾ ਹੈ ਪਰ ਦੂਜਿਆਂ ਦੇ ਸਾਹਮਣੇ ਉਹ ਪਤਨੀ ’ਤੇ ਬੇਲੋੜਾ ਰੋਹਬ ਪਾਉਂਦਾ ਹੈ ਤੇ ਸ਼ੇਰ ਬਣ ਜਾਂਦਾ ਹੈ। ਸਿਆਣੀ ਸਾਊ ਪਤਨੀ ਮੌਕਾ ਸਾਂਭ ਕੇ ਆਪਣੀ ਹੋਈ ਨਿਰਾਦਰੀ ਨੂੰ ਜਰ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਪਰ ਕਈ ਵਾਰ ਉਹ ਘਰ ਆ ਕੇ ਆਪ ਵੀ ਸ਼ੇਰਨੀ ਬਣ ਜਾਂਦੀ ਹੈ ਤੇ ਪਤੀ ਨਾਲ ਥੋੜ੍ਹੇ-ਬਹੁਤੇ ਤਰਕ-ਤਕਰਾਰ ਕਰਦੀ ਹੈ। ਕਿਸੇ ਵੇਲੇ ਗੱਲ ਵਧ ਵੀ ਜਾਂਦੀ ਹੈ। ਕਈ ਵਾਰ ਇਹ ਉਲਟ ਵੀ ਹੁੰਦਾ ਹੈ। ਚੰਗੀ-ਭਲੀ ਸਿਆਣੀ ਸੁਚੱਜੀ ਪਤਨੀ ਬਾਹਰ ਜਾ ਕੇ ਆਪਹੁਦਰੀ ਜਿਹੀ ਹੋ ਜਾਂਦੀ ਹੈ ਤੇ ਦੂਜਿਆਂ ਸਾਹਮਣੇ ਪਤੀ ’ਤੇ ਰੋਹਬ ਪਾਉਂਦੀ ਹੈ। ਸਮਝਦਾਰ ਪਤੀ ਪਾਸਾ ਵਟ ਜਾਂਦਾ ਹੈ। ਘਰ ਆ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰ ਅਜਿਹੀ ਪਤਨੀ ਨੂੰ ਪਤੀ ਕਿਸੇ ਸਮਾਗਮ ਵਿਚ ਨਾਲ ਲੈ ਜਾਣ ਤੋਂ ਗੁਰੇਜ਼ ਕਰਦਾ ਹੈ। ਕਈ ਪਤੀ, ਪਤਨੀਆਂ ਸਾਹਮਣੇ ਭਰੀ ਮਹਿਫਿਲ ਵਿਚ ਮਾਊਂ ਬਣੇ ਰਹਿੰਦੇ ਨੇ, ਪਤਨੀਆਂ ਲੁਤਰ-ਲੁਤਰ ਬੋਲਦੀਆਂ ਉਨ੍ਹਾਂ ਨੂੰ ਉੱਕਾ ਹੀ ਨਹੀਂ ਗੌਲਦੀਆਂ। ਅਜਿਹੇ ਸਾਰੇ ਹਾਲਾਤਾਂ ਵਿਚ ਪਤੀ-ਪਤਨੀ ਤਮਾਸ਼ਾ ਬਣ ਕੇ ਰਹਿ ਜਾਂਦੇ ਨੇ ਤੇ ਲੋਕ ਪਿੱਠ ਪਿੱਛੇ ਉਨ੍ਹਾਂ ਦਾ ਮੌਜੂ ਬਣਾਉਂਦੇ ਖਿੱਲੀ ਉਡਾਉਂਦੇ ਨੇ। ਅਜਿਹੀਆਂ ਗੱਲਾਂ ਦਾ ਦੋਵਾਂ ਜੀਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਤੇ
ਸਮਾਜ ਵਿਚ ਆਪਣੀ ਆਦਰਸ਼ ਪਤੀ-ਪਤਨੀ ਦੀ ਪਹਿਚਾਣ ਬਣਾਉਣੀ ਚਾਹੀਦੀ ਹੈ।  ਪਤਨੀ ਭਾਵੇਂ ਘਰੇਲੂ ਔਰਤ ਹੋਵੇ ਜਾਂ ਨੌਕਰੀਪੇਸ਼ਾ ਘਰ ਦੀਆਂ ਪਰਿਵਾਰ ਦੀਆਂ ਤੇ ਬੱਚਿਆਂ ਦੀਆਂ ਬਹੁਤ ਜ਼ਿੰਮੇਵਾਰੀਆਂ ਦਾ ਬੋਝ ਉਸ ਦੇ ਸਿਰ ਹੀ ਹੁੰਦਾ ਹੈ। ਉਹ ਸਭ ਦਾ ਧਿਆਨ ਰੱਖਦੀ ਹੈ, ਉਸ ਦਾ ਧਿਆਨ ਕੌਣ ਰੱਖੇ? ਉਹ ਇਹ ਤਵੱਕੋ ਪਤੀ ਤੋਂ ਹੀ ਕਰ ਸਕਦੀ ਹੈ। ਇਕ ਹੋਰ ਗੱਲ ਵੀ ਬੜੀ ਮਹੱਤਵਪੂਰਨ ਹੈ, ਪਤਨੀ ਘਰੇਲੂ ਕੰਮ ਕਰਨ ਵਾਲੀ ਹੋਵੇ ਜਾਂ ਨੌਕਰੀ ਵਾਲੀ, ਮਰਦ ਘਰ ਦੇ ਕੰਮਾਂ ਵਿਚ ਉਸ ਦਾ ਹੱਥ ਵਟਾਉਣ ਨੂੰ ਆਪਣੀ ਹੇਠੀ ਸਮਝਦਾ ਹੈ। ਉਹ ਚਾਹੁੰਦਾ ਹੈ ਦਫਤਰੋਂ ਆਉਂਦੇ ਨੂੰ ਚਾਹ ਵੀ ਤਿਆਰ ਹੋਵੇ, ਭਾਵੇਂ ਪਤਨੀ ਵੀ ਉਸੇ ਵੇਲੇ ਕੰਮੋਂ ਪਰਤੀ ਹੋਵੇ ਪਰ ਚਾਹ ਪਤਨੀ ਹੀ ਬਣਾਏਗੀ। ਕੁਝ ਇੱਕਾ-ਦੁੱਕਾ ਘਰਾਂ ਵਿਚ ਪਤੀ ਖੁੱਲ੍ਹੀ ਸੋਚ ਵਾਲੇ ਤੇ ਦਰਿਆ ਦਿਲ ਹੁੰਦੇ ਨੇ ਜੋ ਪਤਨੀ ਦਾ ਹੱਥ ਵਟਾਉਂਦੇ ਨੇ। ਆਮ ਤੌਰ ’ਤੇ ਪਤੀ ਬਾਹਰੋਂ ਆ ਕੇ ਜੁੱਤੇ-ਕੱਪੜੇ ਉਤਾਰ ਕੇ ਇਧਰ-ਉਧਰ ਹੀ ਰੱਖ ਦਿੰਦੇ ਨੇ, ਹਾਲਾਂਕਿ ਇਹ ਪੰਜ-ਸੱਤ ਮਿੰਟ ਦਾ ਕੰਮ ਹੁੰਦਾ ਹੈ। ਜੁੱਤੇ-ਕੱਪੜੇ ਥਾਂ ਸਿਰ ਰੱਖ ਕੇ, ਥਾਂ ਸਿਰ ਤੋਂ ਚੁੱਕ ਕੇ ਬਦਲ ਲਏ ਜਾਣ ਪਰ ਇਹ  ਕੰਮ ਵੀ ਪਤਨੀ ਕਰਕੇ ਦੇਵੇਗੀ। ਉਹ ਘਰ ਦੇ ਧੰਦਿਆਂ ’ਚ ਉਲਝੀ ਇਹ ‘ਸੇਵਾ’ ਵੀ ਨਿਭਾਉਂਦੀ ਹੈ। ਪਤੀ ਨੂੰ ਐਨੀ ਕੁ ਖੇਚਲ ਆਪ ਕਰ ਲੈਣੀ ਚਾਹੀਦੀ ਹੈ। ਐਨੀ ਦੇਰ ’ਚ ਪਤਨੀ ਚਾਹ-ਨਾਸ਼ਤਾ ਲਿਆਵੇ ਤੇ ਬੱਚਿਆਂ ਨਾਲ ਰਲ ਕੇ ਬੈਠਿਆ ਜਾਵੇ। ਮੁੜ ਤਾਂ ਸਭ ਨੇ ਆਪੋ ਆਪਣੇ ਕਮਰਿਆਂ ਵਿਚ ਵੜ ਜਾਣਾ ਹੁੰਦਾ ਹੈ। ਟੀ.ਵੀ., ਕੰਪਿਊਟਰ ਨਾਲ ਪਰਚ ਜਾਣਾ ਹੁੰਦਾ ਹੈ ਤੇ ਖਾਣੇ ਦੀ ਮੇਜ਼ ’ਤੇ ਵੀ ਮਸਾਂ ਇਕੱਠੇ ਹੁੰਦੇ ਨੇ। ਬੱਚਿਆਂ ਦੇ ਵਿਕਾਸ ਲਈ ਪਰਿਵਾਰ ਦਾ ਰਲ ਬੈਠਣਾ ਬਹੁਤ ਜ਼ਰੂਰੀ ਹੈ।
ਕਈ ਪਤੀ ਅੱਜ ਦੇ ਜ਼ਮਾਨੇ ’ਚ ਵੀ ਔਰਤ ਨੂੰ ਦਾਸੀ ਸਮਝਦੇ ਨੇ, ਇਹ ਕੋਰਾ ਚਿੱਟਾ ਸੱਚ ਹੈ। ਉਸ ਤੋਂ ਸਿਰ ਜਾਂ ਪੈਰ ਦਬਾਉਂਦੇ ਤੇ ਘੁਟਾਉਂਦੇ ਨੇ ਪਰ ਆਪ ਜੇ ਪਤਨੀ ਨੂੰ ਤੇਜ਼ ਬੁਖਾਰ ਜਾਂ ਕੋਈ ਹੋਰ ਤਕਲੀਫ ਹੋਵੇ। ਇਥੋਂ ਤਕ ਕਿ ਉਹ ਮੰਜੇ ਤੋਂ ਉੱਠਣ ਜੋਗੀ ਵੀ ਨਾ ਹੋਵੇ, ਉਹਨੂੰ ਚਾਹ ਦਾ ਕੱਪ ਬਣਾ ਕੇ ਦੇਣਾ ਵੀ ਹੇਠੀ ਸਮਝਦੇ ਨੇ। ਕਈ ਭਲੇ ਪਤੀ, ਪਤਨੀ ਦਾ ਪੂਰਾ ਖਿਆਲ ਵੀ ਰੱਖਦੇ ਨੇ ਆਪ ਅੰਤਾਂ ਦੀ ਤਕਲੀਫ ’ਚ ਵੀ ਪਤਨੀ ’ਤੇ ਬੋਝ ਨਹੀਂ ਬਣਦੇ, ਸਗੋਂ ਕਹਿੰਦੇ ਨੇ ‘ਤੂੰ ਤਾਂ ਸਾਰਾ ਦਿਨ ਧੰਦ ਪਿੱਟਦੀ ਏਂ, ਘਰ ਵੀ ਬਾਹਰ ਵੀ ਮੈਨੂੰ ਦੁਆਈ ਦੇ ਕੇ ਤੂੰ ਵੀ ਆਰਾਮ ਕਰ। ਇਕ-ਦੂਜੇ ਦੇ ਦੁੱਖ-ਸੁਖ ਦਾ ਪੂਰਾ ਧਿਆਨ ਰੱਖਦੇ ਨੇ। ਅਜਿਹੇ ਜੋੜਿਆਂ ਦੇ ਘਰਾਂ ਵਿਚ ਰੱਬ ਦੀ ਰਹਿਮਤ ਵਰਸਦੀ ਹੈ। ਇਥੇ ‘ਜਾਂ ਕੁਆਰੀ ਤਾਂ ਚਾਉ ਵੀਵਾਹੀ ਤਾਂ ਮਾਮਲੇ’ ਵਾਲੀ ਤੁਕ ਪਤੀ-ਪਤਨੀ ’ਤੇ ਲਾਗੂ ਨਹੀਂ ਹੁੰਦੀ।
ਇਨਸਾਨ ਗਲਤੀ ਦਾ ਪੁਤਲਾ ਹੈ। ਇਹ ਗੱਲ ਜੱਗ ਜ਼ਾਹਿਰ ਹੈ। ਗਲਤੀ ਪਤੀ ਜਾਂ ਪਤਨੀ ਕਿਸੇ ਤੋਂ ਵੀ ਹੋ ਸਕਦੀ ਹੈ। ਮੈਂ ਸੋਚਦੀ ਹਾਂ ਜੇ ਗ੍ਰਹਿਸਥ ਵਿਚ ਵੀ ‘ਟਰੈਫਿਕ ਨਿਯਮ’ ਵਾਂਗ ਨਿਯਮ ਪਾਲੇ ਜਾਣ ਤਾਂ ਜੀਵਨ ਦੀ ਵਾਟ ਬੜੀ ਹੀ ਸਾਂਵੀ ਪੱਧਰੀ ਜਿਹੀ ਹੋ ਜਾਵੇ। ਜੇ ਇਕ ਨੂੰ ਕਿਸੇ ਗੱਲੋਂ ਦੂਜੇ ’ਤੇ ਗੁੱਸਾ ਆਵੇ ਤਾਂ ਦੂਜਾ ਰਤਾ ਠਰੰਮਾ ਰੱਖੇ ਤੇ ਪਾਸਾ ਵੱਟੇ। ਰਾਤ ਨੂੰ ਆਹਮੋ-ਸਾਹਮਣੇ ਤੋਂ ਆਉਂਦੀਆਂ ਗੱਡੀਆਂ ਦੀ ਤੇਜ਼ ਰੌਸ਼ਨੀ ਹਾਦਸੇ ਦਾ ਕਾਰਨ ਬਣ ਜਾਂਦੀ ਹੈ। ਸਿੱਧੀ ਰੌਸ਼ਨੀ ਇਕ-ਦੂਜੇ ਦੀਆਂ ਅੱਖਾਂ ਵਿਚ ਪੈਂਦੀ ਹੈ ਤੇ ਆਲੇ-ਦੁਆਲੇ ਕੁਝ ਦਿਖਾਈ ਨਹੀਂ ਦਿੰਦਾ ਤੇ ਹਾਦਸੇ ਹੋ ਜਾਂਦੇ ਨੇ। ਸਿਆਣਾ ਵਾਹਨ ਚਾਲਕ ਰੌਸ਼ਨੀ (ਲਾਈਟ) ਡਿਮ ਕਰਦਾ ਡਿੱਪਰ ਮਾਰਦਾ ਹੈ ਤਾਂ ਜੋ ਸਾਹਮਣੀ ਗੱਡੀ ਨੂੰ ਰਸਤਾ ਸਾਫ ਦਿਸੇ। ਆਪ ਜ਼ਰਾ ਹੌਲੀ ਵੀ ਹੋ ਜਾਂਦਾ ਹੈ ਤੇ ਹਾਦਸਾ ਟਲ ਜਾਂਦਾ ਹੈ। ਜਿਹੜੇ ਚਾਲਕ ਹਉਮੈ ਜਾਂ ਕਾਹਲੀ ਕਾਰਨ ਤੇਜ਼-ਤਰਾਰ ਬਣਦੇ ਨਿਯਮ ਦੀ ਪਾਲਣਾ ਨਹੀਂ ਕਰਦੇ, ਉਹ ਗੱਡੀਆਂ 90 ਫੀਸਦੀ ਕਿਸੇ ਮੋੜ ’ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ। ਸੋ ਪਤੀ-ਪਤਨੀ ਵੀ ਜਦੋਂ ਅਜਿਹੇ ਨਾਜ਼ੁਕ ਦੌਰ ’ਚ ਖ਼ਤਰਨਾਕ ਮੋੜ ’ਤੇ ਆ ਜਾਣ ਤਾਂ ਉਦੋਂ ਇਕ ਜਣਾ ਗੁੱਸੇ ਦੀ ਗਰਮ ਲੋਅ ਨੂੰ ਜ਼ਰਾ ਡਿਮ ਕਰ ਲਵੇ, ਡਿੱਪਰ ਮਾਰੇ ਤਾਂ ਜੋ ਗੁੱਸੇ ਦੀ ਤੇਜ਼ ਰੌਸ਼ਨੀ ’ਚ ਦੋਵਾਂ ਦਾ ਟਕਰਾਅ ਨਾ ਹੋਵੇ, ਹਾਦਸਾ (ਲੜਾਈ-ਝਗੜਾ) ਹੋਣੋਂ ਬਚਾਅ ਹੋ ਸਕੇ….। ਨਹੀਂ ਤਾਂ ਅਜਿਹੇ ਹਾਦਸੇ ਗ੍ਰਹਿਸਥੀ ਦੀ ਗੱਡੀ ਨੂੰ ਤੋੜ-ਭੰਨ ਦਿੰਦੇ ਨੇ। ਵਸਦੇ ਘਰ ਉਜੜ ਜਾਂਦੇ ਨੇ। ਕਈ ਵਾਰ ਅਜਿਹੇ ਹਾਦਸੇ ਦੀ ਮਾਰ ਜਾਨਲੇਵਾ ਵੀ ਹੋ ਜਾਂਦੀ ਹੈ, ਕੋਈ ਜ਼ਹਿਰ ਖਾ ਲੈਂਦਾ ਹੈ, ਕੋਈ ਰੇਲਗੱਡੀ ਥੱਲੇ ਆ ਜਾਂਦਾ ਤੇ ਕੋਈ ਕਿਸੇ ਨਦੀ-ਨਹਿਰ ’ਚ ਜਾ ਡਿਗਦੈ ਤੇ ਕਈ ਵਾਰ ਮਾਸੂਮ ਬੱਚਿਆਂ ਨੂੰ ਵੀ ਨਾਲ ਹੀ ਖਤਮ ਕਰ ਦਿੰਦੈ ਜਾਂ ਰੁਲਣ ਲਈ ਪਿੱਛੇ ਛੱਡ ਜਾਂਦੈ ਹਨ। ਸੋ ਜ਼ਰਾ ਕੁ ਪਾਸਾ ਵਟ ਕੇ, ਲਾਈਟ ਡਿਮ ਕਰਕੇ ਤੇ ਡਿੱਪਰ ਮਾਰ ਕੇ ਜ਼ਿੰਦਗੀ ਦੇ ਸੋਹਣੇ ਪਲ ਖੁਸ਼ੀ-ਖੁਸ਼ੀ ਮਾਣੇ ਜਾਣ। ਇਹ ਮਨੁੱਖਾ ਜਨਮ ਜਿਸ ਬਾਰੇ ਕਿਹਾ ਜਾਂਦੈ ਚੁਰਾਸੀ ਲੱਖ ਜੂਨਾਂ ਬਾਅਦ ਮਿਲਦਾ ਹੈ ਅਜਾਈਂ ਨਾ ਗੁਆਇਆ ਜਾਵੇ। ਇਕ-ਦੂਜੇ ਦੇ ਸਾਹੀਂ ਜਿਉਂਦਿਆਂ, ਲੋਕਗੀਤ ਦੇ ਬੋਲਾਂ ਨੂੰ ਸੱਚ ਕੀਤਾ ਜਾਵੇ…
‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ,
ਤੇਰੀ ਮੇਰੀ ਇਕ ਜ਼ਿੰਦੜੀ…।’’

-ਪਰਮਜੀਤ ਕੌਰ ਸਰਹਿੰਦ


Comments Off on ਜ਼ਰਾ ਬਚ ਕੇ ਮੋੜ ਤੋਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.