ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ

Posted On April - 7 - 2010

ਡਾ. ਰੇਣੂਕਾ ਨਈਅਰ

ਸ਼ਹਿਰ ਦੀ ਖੁੱਲ੍ਹੀ ਸਮਾਜਕ ਫਿਜ਼ਾ ’ਚ ਘੁੰਮਦਿਆਂ ਜਦੋਂ ਲੜਕੀਆਂ-ਔਰਤਾਂ ਨੂੰ ਕਾਰ, ਸਕੂਟਰ ਜਾਂ ਮੋਟਰਸਾਈਕਲਾਂ ’ਤੇ ਆਪਣੇ ਦਫਤਰਾਂ ਨੂੰ ਜਾਂਦਿਆਂ ਦੇਖੀਦਾ ਹੈ ਤਾਂ ਲੱਗਦਾ ਹੈ ਕਿ ਔਰਤਾਂ ਨੇ ਆਪਣੀ ਬਰਾਬਰ ਦੇ ਹੱਕਾਂ ਦੀ ਲੜਾਈ ਜਿੱਤ ਲਈ ਹੈ ਪਰ ਇਹ ਸਭ ਕੁਝ ਰੰਗੀਨ ਚਸ਼ਮਾ ਲਾ ਕੇ ਦੁਨੀਆਂ ਦੇਖਣ ਵਾਂਗ ਹੈ। ਜੇਕਰ ਇਹ ਸਭ ਕੁਝ ਹੁੰਦਾ ਤਾਂ ਔਰਤਾਂ ਨੂੰ ਆਪਣੀ ਸਥਿਤੀ ਦੀ ਸਮੀਖਿਆ ਕਰਨ ਲਈ ਸੈਮੀਨਾਰਾਂ ਗੋਸ਼ਟੀਆਂ ਦੀ ਲੋੜ ਨਾ ਪੈਂਦੀ ਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਤੀਆਂ ਨੂੰ ਲੈ ਕੇ ਸੰਸਦ ’ਚ ਹੰਗਾਮੇ ਹੁੰਦੇ। ‘‘ ਦ ਵਿਮੈਨ ਫੋਰਮ ਫਾਰ ਦ ਇਕਾਨਮੀ ਐਂਡ ਸੁਸਾਇਟੀ’’ ਦੀ ਪ੍ਰਧਾਨ ਤੇ ਬਾਨੀ ਆਡੀ ਜਿਸੇਨ ਡੀ ਕੁਈਨ ਨੂੰ ਇਹ ਨਾ ਕਹਿਣਾ ਪੈਂਦਾ ਕਿ ਪੰਜਾਹ ਪ੍ਰਤੀਸ਼ਤ ਪ੍ਰਤਿਭਾ, ਹੁਨਰ ਤੇ ਊਰਜਾ ਨੂੰ ਲਾਂਭੇ ਕਰ ਕੇ ਅਸੀਂ ਰਹਿਣਯੋਗ ਦੁਨੀਆਂ ਦਾ ਨਿਰਮਾਣ ਨਹੀਂ ਕਰ ਸਕਦੇ।
26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੋਇਆ ਸੀ, ਤੋਂ ਲੈ ਕੇ ਹੁਣ ਤਕ ਅਸੀਂ ਕਿੰਨਾ ਬਦਲੇ ਹਾਂ, ਇਹਦਾ ਲੇਖਾ-ਜੋਖਾ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾਹੈ ਕਿ ਦਾਜ ਵਿਰੋਧੀ ਕਾਨੂੰਨ ਹੋਣ ਦੇ ਬਾਵਜੂਦ ਦਾਜ ਸਬੰਧੀ ਅਪਰਾਧਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਲਗਪਗ 90 ਫੀਸਦੀ ਮਾਵਾਂ ਖੂਨ ਦੀ ਕਮੀ ਦੀਆਂ ਸ਼ਿਕਾਰ ਹਨ। ਅੱਜ ਵੀ ਲੋਕ ਪੁੱਤਾਂ ਨੂੰ ਵਧੇਰੇ  ਖੁਆਉਣ ’ਚ ਵਿਸ਼ਵਾਸ ਰੱਖਦੇ ਹਨ। ਔਰਤ ਭਾਵੇਂ ਪੁੱਤ ਜੰਮੇ ਭਾਵੇਂ ਧੀ, ਉਹਦੀ ਜੰਮਣ ਪੀੜ ਤਾਂ ਉਹੀ ਹੈ, ਫਿਰ ਖਾਣ-ਪੀਣ ਦਾ ਭੇਦਭਾਵ ਕਿਉਂ? ਅੱਜ ਵੀ ਪਤਨੀ ਦਾ ਵੱਧ ਪੜ੍ਹੇ ਹੋਣਾ ਜਾਂ ਵੱਧ ਤਨਖਾਹ ਲੈਣਾ, ਪਤੀ ਨੂੰ ਠੇਸ ਪਹੁੰਚਾਉਂਦਾ ਹੈ।
ਔਰਤ ਦੀ ਆਜ਼ਾਦੀ ਦੇ ਅੰਦੋਲਨ ਦੀ ਸ਼ੁਰੂਆਤ ਬੇਲੋੜੀਆਂ ਰੋਕਾਂ ਦੇ ਵਿਰੁੱਧ ਵਿਦਰੋਹ ਦੇ ਰੂਪ ’ਚ ਹੋਈ ਸੀ, ਪਰ ਸਮੇਂ ਨਾਲ ਇਨ੍ਹਾਂ ਦਾ ਰੂਪ ਬਦਲਦਾ ਰਿਹਾ। ਸਮਾਨਤਾ ਦੀ ਲੜਾਈ ਸੰਵਿਧਾਨਕ  ਤੌਰ ’ਤੇ ਤਾਂ ਮੁੱਕ ਚੁੱਕੀ ਹੈ, ਪਰ ਸਮਾਜਕ ਤੌਰ ’ਤੇ ਨਹੀਂ। ਸਮਾਜਕ ਮੁੱਲ ਉਹੀ ਹਨ ਤੇ ਘਰਾਂ ’ਚ ਵੀ ਪਿੱਤਰੀ ਪ੍ਰੰਪਰਾ ਕਾਇਮ ਹੈ। ਨਾਰੀ ਆਜ਼ਾਦੀ ਅੱਜ ਵੀ ਛਲਾਵਾ ਹੀ ਹੈ । ਟੁੱਟਦੇ ਪਰਿਵਾਰਾਂ ਤੇ ਵਧ ਰਹੇ ਸਮਾਜਿਕ ਤਣਾਅ ਦੀ ਪੀੜ ਵੀ ਔਰਤ ਨੂੰ ਸਹਿਣੀ ਪੈ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਔਰਤਾਂ ਅੱਜ ਸ਼ਰਾਬ ਤੇ ਸਿਗਰਟ ਪੀਣ ਜਾਂ ਵਿਆਹ ਤੋਂ ਪਹਿਲਾਂ ਸਬੰਧ ਰੱਖਣ ਨੂੰ ਗਲਤ ਨਾ ਵੀ ਮੰਨਦੀਆਂ ਹੋਣ ਪਰ ਉਹ ਇਨ੍ਹਾਂ ਨੂੰ ਧੁਰ ਅੰਦਰੋਂ ਸਵੀਕਾਰ ਨਹੀਂ ਕਰਦੀਆਂ। ਉਨ੍ਹਾਂ ’ਤੇ ਆਪਣਾ ਪ੍ਰੰਪਰਾਗਤ ਅਕਸ ਬਣਾਈ ਰੱਖਣ ਦਾ ਦਬਾਅ ਰਹਿੰਦਾ ਹੈ। ਇਸ ਲਈ ਉਹ ਸ਼ਰਾਬ ਸਿਗਰਟ ਵਰਤਦਿਆਂ ਵੀ ਇਨ੍ਹਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੀਆਂ।
ਇਸ ਸਾਰੇ ਕੁਝ ’ਚ ਕਦੇ-ਕਦੇ ਉਨ੍ਹਾਂ ਦੀ ਮਨੋਸਥਿਤੀ ਅਜੀਬ ਵੀ ਬਣ ਜਾਂਦੀ ਹੈ, ਉਹ ਸਾਰੇ ਅਧਿਕਾਰ ਪਾਉਣੇ ਵੀ ਚਾਹੁੰਦੀਆਂ ਹਨ ਤੇ ਇਹ ਪ੍ਰਾਪਤ ਕਰਨੋਂ ਡਰਦੀਆਂ ਵੀ ਹਨ। ਇਕ ਸਰਵੇਖਣ ਮੁਤਾਬਕ ਪਿੱਤਰੀ ਜਾਇਦਾਦ ’ਚੋਂ ਉਨ੍ਹਾਂ ਨੂੰ ਹੱਕ ਨਹੀਂ ਮਿਲ ਸਕਦਾ ਪਰ ਉਹ ਇਹ ਹਾਸਲ ਕਰਨ ਲਈ ਯਤਨ ਵੀ ਨਹੀਂ ਕਰਦੀਆਂ। ਉਹ ਇਸ ਸਬੰਧੀ ਭਰਾਵਾਂ ਨਾਲ ਝਗੜਨਾ ਨਹੀਂ ਚਾਹੁੰਦੀਆਂ ਕੁਝ ਔਰਤਾਂ ਦਾ ਕਹਿਣਾ ਹੈ ਕਿ ਵਿਆਹ ਮੌਕੇ ਦਾਜ ਲੈ ਲੈਣ ਕਾਰਨ ਉਨ੍ਹਾਂ ਨੂੰ ਜਾਇਦਾਦ ’ਚੋਂ ਹਿੱਸਾ ਨਹੀਂ ਮਿਲਦਾ, ਕੁਝ ਦਾ ਕਹਿਣਾ ਹੈ ਕਿ ਜਦ ਤਕ ਦਾਜ ਦੀ ਕੁਪ੍ਰਥਾ ਹੈ, ਤਦ ਤਕ ਲੜਕੀਆਂ ਨੂੰ ਮਾਂ-ਬਾਪ ਜਾਇਦਾਦ ’ਚ ਹਿੱਸੇਦਾਰ ਨਹੀਂ ਬਣਾਉਣਗੇ। ਕੁਝ ਦਾ  ਮੰਨਣਾ ਹੈ ਕਿ ਮਾਂ-ਬਾਪ ਤੋਂ ਮਗਰੋਂ ਪੇਕਿਆਂ ’ਚ ਉਨ੍ਹਾਂ ਦਾ ਬਹੁਤਾ ਦਾਅਵਾ ਨਹੀਂ ਰਹਿ ਜਾਂਦਾ, ਇਸ ਕਰਕੇ ਉਨ੍ਹਾਂ ਨੂੰ  ਜਾਇਦਾਦ ਮਿਲਣੀ ਚਾਹੀਦੀ ਹੈ ਕਿਉਂਕਿ ਭਰਾ ਤਾਂ ਉਨ੍ਹਾਂ ਦਾ ਦੁੱਖ-ਸੁੱਖ ਵੰਡਾਉਂਦੇ ਨਹੀਂ।
ਸਰਕਾਰਾਂ ਦੀ ਆਪਣੀ ਰਾਜਨੀਤੀ ਹੋ ਸਕਦੀ ਹੈ, ਆਦਰਸ਼ਾਂ ਦੀ ਬੋਲੀ ਬੋਲ ਕੇ ਸਵਾਰਥ ਪੂਰੇ ਕਰਨ ਦੀਆਂ ਉਨ੍ਹਾਂ ਦੀਆਂ ਸ਼ਤਰੰਜੀ ਚਾਲਾਂ ਨੂੰ ਲੋਕ ਵੀ ਸਮਝਣ ਲੱਗੇ ਹਨ। ਪਰ ਕਿੰਨੇ ਹੀ ਕਾਨੂੰਨ ਬਣ ਜਾਣ ਜਾਤ-ਪਾਤ ਦੀਆਂ ਖਾਈਆਂ ਜਦ ਤਕ ਨਹੀਂ ਭਰਦੀਆਂ ਤਦ ਤਕ ਇਨ੍ਹਾਂ ਸਥਿਤੀਆਂ ਨਾਲ ਨਿਬੜਿਆ ਨਹੀਂ ਜਾ ਸਕਦਾ। ਹਰਿਆਣਾ ਦੀਆਂ ਪੰਚਾਇਤਾਂ ਹੋਣ ਜਾਂ ਪੰਜਾਬੀ ਜਾਤ-ਪਾਤ ਆਧਾਰਤ ਸਮਾਜਿਕ ਵਿਵਸਥਾ, ਜਿਸ ਮਾਨਸਿਕਤਾ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਹੈ, ਇਹਦੇ ’ਚ ਸੁਧਾਰ ਦੀਆਂ ਆਸ ਨਹੀਂ ਕੀਤੀ ਜਾ ਸਕਦੀ।
ਸੰਸਦ ’ਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਬਿਲ ਪਾਸ ਹੋਣ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਹਨ ਪਰ ਸਵਾਲ ਇਹ ਹੈ ਕਿ ਕੀ ਇਹਦੇ ਨਾਲ ਮਸਲੇ ਹੱਲ ਹੋ ਜਾਣਗੇ। ਕੌਮੀ ਕੌਮਾਂਤਰੀ, ਕੋਈ ਵੀ ਸਰਵੇਖਣ ਹੋਣ, ਸਿੱਟੇ ਇਹੀ ਨਿਕਲਦੇ ਹਨ ਕਿ ਕੁਝ ਕੁ ਔਰਤਾਂ ਨੂੰ ਆਪਣੇ ਅਧਿਕਾਰਾਂ ਨਾਲ ਖੁਸ਼ਹਾਲ ਤੇ ਭਰਪੂਰ ਜੀਵਨ ਜਿਉਂਦੇ ਦੇਖ ਕੇ ਪੂਰੀ ਨਾਰੀ ਜਾਤੀ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਜਾ ਸਕਦਾ। ਹਾਲੇ ਤਾਂ ਔਰਤਾਂ ਨੇ ਲੰਮਾ ਸਫਰ ਤੈਅ ਕਰਨਾ ਹੈ।


Comments Off on ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.