ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਭਾਜਪਾ ਵਲੋਂ ਦਿੱਲੀ ’ਚ ਮਹਿੰਗਾਈ ਖਿਲਾਫ ਮਹਾਂ ਰੈਲੀ

Posted On April - 22 - 2010

ਲੋਕ ਸਭਾ ’ਚੋਂ ਵਾਕ ਆਊਟ

ਨਵੀਂ ਦਿੱਲੀ, 21 ਅਪਰੈਲ
ਦੇਸ਼ ਵਿੱਚ ਬੇਕਾਬੂ ਹੋਈ ਮਹਿੰਗਾਈ ਨੂੰ ਨਕੇਲ ਪਾਉਣ ਵਿੱਚ ਨਾਕਾਮ ਹੋ ਚੁੱਕੀ ਸਰਕਾਰ ਨੂੰ ਹਲੂਣਾ ਦੇਣ ਲਈ ਭਾਜਪਾ ਨੇ ਅੱਜ ਲੋਕ ਸਭਾ ਵਿੱਚੋਂ ਵਾਕਆਊਟ ਕੀਤਾ। ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਸਵੇਰੇ ਸਦਨ ਦੇ ਜੁੜਦੇ ਸਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਮਹਿੰਗਾਈ ਕੁਦਰਤ ਦੀ ਬੇਰੁਖ਼ੀ ਕਾਰਨ ਨਹੀਂ, ਸਗੋਂ ਸਰਕਾਰ ਦੀਆਂ ਕਮਜ਼ੋਰੀਆਂ ਦਾ ਨਤੀਜਾ ਹੈ। ਭਾਜਪਾ ਮੈਂਬਰ ਸਦਨ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਾਕਆਊਟ ਕਰ ਗਏ।
ਉਧਰ ਕੌਮੀ ਰਾਜਧਾਨੀ ਵਿੱਚ ਭਾਜਪਾ ਨੇ ਮਹਿੰਗਾਈ ਖ਼ਿਲਾਫ਼ ਵੱਡੀ ਰੈਲੀ ਕੀਤੀ। ਦਸੰਬਰ ਵਿੱਚ ਨਿਤਿਨ ਗਡਕਰੀ ਵੱਲੋਂ ਪਾਰਟੀ ਪ੍ਰਧਾਨਗੀ ਸੰਭਾਲਣ ਮਗਰੋਂ ਇਹ ਪਹਿਲੀ ਵੱਡੀ ਰੈਲੀ ਸੀ, ਪਰ ਉਹ ਖ਼ੁਦ ਰੈਲੀ ਦੌਰਾਨ ਤੇਜ਼ ਗਰਮੀ ਨਾਲ ਹਾਲੋਂ ਬੇਹਾਲ ਹੋ ਕੇ ਬੇਸੁਰਤ ਹੋ ਕੇ ਡਿੱਗ ਪਏ। ਰੈਲੀ ਦੌਰਾਨ ਭਾਜਪਾ ਆਗੂ ਜਦੋਂ ਸੰਸਦ ਭਵਨ ਦਾ ਘਿਰਾਓ ਕਰਨ ਲਈ ਕੂਚ ਕਰ ਰਹੇ ਸਨ ਤਾਂ ਟਰੈਕਟਰ-ਟਰਾਲੀ ਦੇ ਬਣਾਏ ਰੱਥ ’ਤੇ ਸਵਾਰ 52 ਸਾਲਾ ਗਡਕਰੀ ਰਾਮਲੀਲਾ ਗਰਾਊਂਡ ਨੇੜੇ ਰੱਥ ਵਿੱਚ ਬੇਸੁਰਤ ਹੋ ਗਏ। ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦੇ ਸਿਰ ’ਤੇ ਗਿੱਲਾ ਤੌਲੀਆ ਤੇ ਠੰਢੇ ਪਾਣੀ ਦੀਆਂ ਬੋਤਲਾਂ ਰੱਖੀਆਂ ਤੇ ਪੱਖਾ ਝੱਲਿਆ। ਜਦੋਂ ਗਡਕਰੀ ਨੂੰ ਕੁਝ ਹੋਸ਼ ਆਈ ਤਾਂ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਫੜ ਕੇ ਰੱਥ ਤੋਂ ਹੇਠਾਂ ਲਾਹਿਆ ਤੇ ਕਾਰ ਵਿੱਚ ਬਿਠਾਇਆ। ਕਾਰ ’ਚ ਸਵਾਰ ਹੋ ਕੇ ਪਾਰਟੀ ਪ੍ਰਧਾਨ ਉਥੋਂ ਚਲੇ ਗਏ।
ਸ੍ਰੀ ਗਡਕਰੀ ਦੀ ਹਾਲਤ ਦੇਖਣ ਮਗਰੋਂ ਐਲ.ਕੇ. ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵੀ ਆਪੋ-ਆਪਣੀਆਂ ਕਾਰਾਂ ਵਿੱਚ ਬੈਠ ਕੇ ਨਿਕਲ ਗਏ। ਸਿਰ ’ਤੇ ਤੌਲੀਆ ਰੱਖੀ ਰੈਲੀ ’ਚ ਚੱਲ ਰਹੇ ਰਾਜ ਸਭਾ ਵਿੱਚ ਭਾਜਪਾ ਆਗੂ ਅਰੁਣ ਜੇਤਲੀ ਵੀ ਆਪਣੇ ਸੀਨੀਅਰ ਆਗੂਆਂ ਦੇ ਪਦਚਿੰਨ੍ਹਾਂ ’ਤੇ ਚੱਲੇ। ਇਸ ਤਰ੍ਹਾਂ ਪਾਰਟੀ ਵੱਲੋਂ ਗ੍ਰਿਫ਼ਤਾਰੀਆਂ ਦੇਣ ਦੀ ਪਹਿਲਾਂ ਬਣਾਈ ਯੋਜਨਾ ਪੂਰੀ ਤਰ੍ਹਾਂ ਅਮਲ ’ਚ ਨਾ ਆ ਸਕੀ।
ਇਸ ਰੈਲੀ ਦੌਰਾਨ ਜ਼ਬਰਦਸਤ ਇਕੱਠ ਹੋਣ ਕਾਰਨ ਦਿੱਲੀ ਵਿੱਚ ਆਵਾਜਾਈ ਪ੍ਰਬੰਧਾਂ ਦਾ ਬੁਰਾ ਹਾਲ ਹੋ ਗਿਆ। ਇਸ ਤੋਂ ਪਹਿਲਾਂ ਰੈਲੀ ਸ਼ੁਰੂ ਹੁੰਦਿਆਂ ਸ੍ਰੀ ਗਡਕਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ ਤੇ ਪ੍ਰਬੰਧਾਂ ਕਾਰਨ ਮਹਿੰਗਾਈ ਵਧ ਰਹੀ ਹੈ। ਕਾਂਗਰਸ ਗ਼ਰੀਬੀ ਹਟਾਓ ਦੇ ਨਾਅਰੇ ਮਾਰ ਰਹੀ ਹੈ, ਪਰ ਮਹਿੰਗਾਈ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੀ। ਸਰਕਾਰ ਮਹਿੰਗਾਈ ਵਧਣ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੀ।’’ ਰੈਲੀ ’ਚ ਸੁਸ਼ਮਾ ਸਵਰਾਜ, ਅਰੁਣ ਜੇਤਲੀ, ਸਾਬਕਾ ਪ੍ਰਧਾਨ ਰਾਜਨਾਥ ਸਿੰਘ, ਮੁਰਲੀ ਮਨੋਹਰ ਜੋਸ਼ੀ, ਭਾਜਪਾ ਦੀ ਹਕੂਮਤ ਹੇਠਲੇ ਰਾਜਾਂ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹਾਜ਼ਰ ਸਨ। ਇਸ ਮਗਰੋਂ ਆਗੂ ਸੰਸਦ ਭਵਨ ਦਾ ਘਿਰਾਓ ਕਰਨ ਵੱਲ ਵਧੇ, ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਾਰਟੀ ਦੇ ਸਾਰੇ ਆਗੂਆਂ ਵੱਲੋਂ ਇੰਨੀ ਵੱਡੀ ਰੈਲੀ ਕਰਵਾਉਣ ’ਤੇ ਪ੍ਰਧਾਨ ਗਡਕਰੀ ਦੀ ਪ੍ਰਸੰਸਾ ਕੀਤੀ ਗਈ।      -ਪੀ.ਟੀ.ਆਈ.


Comments Off on ਭਾਜਪਾ ਵਲੋਂ ਦਿੱਲੀ ’ਚ ਮਹਿੰਗਾਈ ਖਿਲਾਫ ਮਹਾਂ ਰੈਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.