ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਨਹਿਰੀ ਪਾਣੀ ਦੀ ਵਰਤੋਂ ਨਾ ਕਰਨ ਵਾਲੇ ਕਿਸਾਨ ਵੀ ਭਰਨਗੇ ਆਬਿਆਨਾ

Posted On April - 14 - 2010

ਨਹਿਰੀ ਪਟਵਾਰੀਆਂ ਦੀਆਂ 825 ਅਸਾਮੀਆਂ ਖਾਲੀ

ਦਰਜਾ ਚਾਰ ਕਰਮਚਾਰੀਆਂ ਤੇ ਬੇਲਦਾਰਾਂ ਤੋਂ ਪਟਵਾਰੀਆਂ ਦਾ ਕੰਮ ਲੈਣ ਦੇ ਹੁਕਮ

ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਪਰੈਲ

ਪੰਜਾਬ ਸਰਕਾਰ ਵੱਲੋਂ ਆਬਿਆਨੇ ਵਸੂਲੀ ਦੀ ਮਾਰ ਹੇਠ ਉਹ ਕਿਸਾਨ ਵੀ ਆ ਜਾਣਗੇ ਜਿਹੜੇ ਕਿਸਾਨ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਵੀ ਨਹੀਂ ਲਾਉਂਦੇ, ਅਜਿਹਾ ਨਹਿਰੀ ਵਿਭਾਗ ਵਿੱਚ ਨਹਿਰੀ ਪਟਵਾਰੀਆਂ ਦੀ ਕਮੀ ਕਾਰਨ ਹੋ ਰਿਹਾ ਹੈ। ਸਰਕਾਰ ਦੇ ਫੈਸਲੇ ਤੋਂ ਬਾਅਦ ਸਿੰਜਾਈ ਵਿਭਾਗ ਨੇ ਆਬਿਆਨੇ ਦੀ ਵਸੂਲੀ ਸ਼ੁਰੂ ਕਰਨ ਸਬੰਧੀ ਮੁਢਲੀਆਂ ਤਿਆਰੀਆਂ ਕਰ ਲਈਆਂ ਹਨ ਤੇ 15 ਮਈ ਤੋਂ ਇਹ ਵਸੂਲੀ ਸ਼ੁਰੂ ਹੋ ਜਾਵੇਗੀ। ਆਬਿਆਨੇ ਦੀ ਵਸੂਲੀ ਲਈ ਕੋਈ ਗਿਰਦਾਵਰੀ ਨਹੀਂ ਕੀਤੀ ਗਈ। ਸਿੰਜਾਈ ਵਿਭਾਗ ਮੁਤਾਬਕ ਸੂਬੇ ਵਿੱਚ 30 ਲੱਖ 88 ਹਜ਼ਾਰ ਏਕੜ ਰਕਬਾ ਅਜਿਹਾ ਹੈ ਜਿਹੜਾ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਕੁੱਲ ਰਕਬੇ ਵਿੱਚੋਂ ਤਕਰੀਬਨ 30 ਫੀਸਦੀ ਰਕਬਾ ਅਜਿਹਾ ਹੈ, ਜਿੱਥੇ ਕਾਗਜ਼ਾਂ ਵਿੱਚ ਤਾਂ ਖੇਤ ਨਹਿਰੀ ਪਾਣੀ ਨਾਲ ਸਿੰਜੇ ਜਾਂਦੇ ਹਨ ਪਰ ਅਸਲ ਵਿੱਚ ਇੱਥੇ ਨਹਿਰੀ ਪਾਣੀ ਦੀ ਪਹੁੰਚ ਨਹੀਂ ਹੈ। ਇਸ ਦੇ ਲਈ ਦੁਆਬੇ ਦੇ ਜ਼ਿਲ੍ਹਿਆਂ ਦੇ ਖੇਤਾਂ ਲਈ ਵਰਦਾਨ ਮੰਨੀ ਜਾਂਦੀ ਦੁਆਬਾ ਬਿਸਤ ਨਹਿਰ ਤੋਂ ਲਈ ਜਾ ਸਕਦੀ ਹੈ। ਇਹ ਨਹਿਰ ਕਾਗਜ਼ਾਂ ਵਿੱਚ ਤਾਂ 2 ਲੱਖ 10 ਹਜ਼ਾਰ ਹੈਕਟੇਅਰ ਰਕਬੇ ਨੂੰ ਪਾਣੀ ਦਿੰਦੀ ਹੈ, ਪਰ ਨਹਿਰ ਦੀ ਸਮਰੱਥਾ ਘੱਟ ਹੋਣ ਕਾਰਨ ਮਹਿਜ਼ 30 ਹਜ਼ਾਰ ਹੈਕਟੇਅਰ ਰਕਬਾ ਹੀ ਨਹਿਰੀ ਪਾਣੀ ਨਾਲ ਸਿੰਜਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸਿੰਜਾਈ ਵਿਭਾਗ ਦੇ ਸਾਰੇ 6 ਨਹਿਰੀ ਇਲਾਕਿਆਂ ਵਿੱਚ 825 ਨਹਿਰੀ ਪਟਵਾਰੀਆਂ ਦੀ ਘਾਟ ਹੈ। ਨਹਿਰੀ ਵਿਭਾਗ ਵਿੱਚ ਪਟਵਾਰੀਆਂ ਦੀਆਂ ਕੁੱਲ 1348 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ 573 ਖਾਲੀ ਹਨ। ਪੰਜਾਬ ਸਰਕਾਰ ਵੱਲੋਂ 1997 ਵਿੱਚ ਨਹਿਰੀ ਪਾਣੀ ਦੀ ਮੁਫ਼ਤ ਸਹੂਲਤ ਦਿੱਤੇ ਜਾਣ ਤੋਂ ਬਾਅਦ ਵਿਭਾਗ ਦੇ ਪਟਵਾਰੀ ਮਾਲ ਵਿਭਾਗ ਵਿੱਚ ਚਲੇ ਗਏ ਸਨ ਤੇ ਨਹਿਰੀ ਵਿਭਾਗ ਨੇ ਪਟਵਾਰੀਆਂ ਦੀ ਕੋਈ ਭਰਤੀ ਹੀ ਨਹੀਂ ਕੀਤੀ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਵਿਭਾਗ ਨੇ ਸਮੁੱਚੇ ਕਮਾਂਡ ਏਰੀਏ ਤੋਂ ਹੀ ਆਬਿਆਨਾ ਵਸੂਲਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਉਲਟ ਆਬਿਆਨਾ ਸਿਰਫ ਉਨ੍ਹਾਂ ਕਿਸਾਨਾਂ ਤੋਂ ਹੀ ਵਸੂਲਿਆ ਜਾਣਾ ਚਾਹੀਦਾ ਹੈ ਜਿਹੜੇ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਨ ਤੇ ਨਹਿਰੀ ਐਕਟ ਦੀ ਦਫ਼ਾ 168 ਤਹਿਤ ਵਾਰੀ ਬੰਦੀ ਹੋਈ ਹੈ। ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਮੁਹਾਲੀ, ਲੁਧਿਆਣਾ, ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਵੱਡੀ ਗਿਣਤੀ ਹੈ ਜਿੱਥੇ ਕਾਗਜ਼ਾਂ ਵਿੱਚ ਹੀ ਪਾਣੀ ਲਗਦਾ ਹੈ।
ਮਾਲਵੇ ਦੇ ਕਈ ਇਲਾਕਿਆਂ ਵਿੱਚ ਟੇਲਾਂ ’ਤੇ ਪਾਣੀ ਨਹੀਂ ਪਹੁੰਚਦਾ ਪਰ ਕਾਗਜ਼ਾਂ ਵਿੱਚ ਸਿੰਜਾਈ ਨਹਿਰੀ ਪਾਣੀ ਨਾਲ ਹੀ ਹੋ ਰਹੀ ਹੈ। ਇਸ ਸਬੰਧੀ ਪੁੱਛੇ ਜਾਣ ’ਤੇ ਮੁੱਖ ਇੰਜੀਨੀਅਰ (ਨਹਿਰੀ) ਅਮਰਜੀਤ ਸਿੰਘ ਦੁੱਲਟ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਨਹੀਂ ਕਰਦੇ ਪਰ ਕਾਗਜ਼ਾਂ ਵਿੱਚ ਪਾਣੀ ਲਗਦਾ ਹੈ ਉਹ ਵਿਭਾਗ ਪਾਸ ਪਹੁੰਚ ਕਰਕੇ ਦਰੁਸਤੀ ਕਰਵਾ ਸਕਦੇ ਹਨ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਖਾਲ਼ੇ ਆਦਿ ਢਾਹੁਣ ਕਾਰਨ ਵੀ ਹਜ਼ਾਰਾਂ ਕਿਸਾਨਾਂ ਦੀਆਂ ਫਸਲਾਂ ਨੂੰ ਨਹਿਰੀ ਪਾਣੀ ਨਹੀਂ ਲੱਗ ਰਿਹਾ। ਇਨ੍ਹਾਂ ਸੂਤਰਾਂ ਮੁਤਾਬਕ ਘੱਟੋ ਘੱਟ 1200 ਕੇਸ ਖਾਲ਼ੇ ਢਾਹੁਣ ਦੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਜਾਂ ਅਦਾਲਤਾਂ ਵਿੱੱਚ ਚੱਲ ਰਹੇ ਹਨ। ਅਜਿਹੀ ਹਾਲਤ ਵਿੱਚ ਨਹਿਰੀ ਪਟਵਾਰੀਆਂ ਦੀ ਭੂਮਿਕਾ ਅਹਿਮ ਬਣ ਜਾਂਦੀ ਹੈ। ਮੁੱਖ ਇੰਜੀਨੀਅਰ (ਨਹਿਰੀ) ਅਮਰਜੀਤ ਸਿੰਘ ਦੁੱਲਟ ਨੇ ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਬੇਲਦਾਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਤੋਂ ਹੀ ਨਹਿਰੀ ਪਟਵਾਰੀਆਂ ਦੀਆਂ ਸੇਵਾਵਾਂ ਲੈ ਲਈਆਂ ਜਾਣ। ਅਧਿਕਾਰੀਆਂ ਦੇ ਦੱਸਣ ਮੁਤਾਬਕ ਬਿਸਤ ਦੁਆਬ ਕੈਨਾਲ ਵਿੱਚ 1452 ਕਿਊਸਿਕ ਪਾਣੀ ਛੱਡ ਕੇ 2 ਲੱਖ 10 ਹਜ਼ਾਰ ਹੈਕਟੇਅਰ ਰਕਬਾ ਸਿੰਜਣ ਦੀ ਯੋਜਨਾ ਸੀ ਪਰ ਨਹਿਰ ਵਿੱਚ ਮਹਿਜ਼ 950 ਕਿਊਸਿਕ ਪਾਣੀ ਹੀ ਜਾ ਰਿਹਾ ਹੈ, ਜਿਸ ਕਾਰਨ ਦੁਆਬੇ ਦੇ 30 ਹਜ਼ਾਰ ਹੈਕਟੇਅਰ ਰਕਬੇ ਨੂੰ ਹੀ ਨਹਿਰੀ ਪਾਣੀ ਲੱਗਦਾ ਹੈ।
ਸੁਖਬੀਰ -ਕਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਦਿਆਂ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਪ੍ਰਤੀ ਏਕੜ 150 ਰੁਪਏ ਸਾਲਾਨਾ ਅਬਿਆਨਾ ਵਸੂਲਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਤੋਂ ਬਾਅਦ ਪਹਿਲੀ ਸ਼ੁਰੂਆਤ 15 ਮਈ ਨੂੰ ਹੋਣੀ ਹੈ। ਸਿੰਜਾਈ ਵਿਭਾਗ ਵੱਲੋਂ ਛਿਮਾਹੀ 75 ਰੁਪਏ ਵਸੂਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਲ 2002 ਵਿੱਚ ਕਿਸਾਨਾਂ ਨੂੰ 80 ਰੁਪਏ ਸਾਲਾਨਾ ਆਬਿਆਨਾ ਲਗਾਇਆ ਸੀ। ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਕਾਂਗਰਸ ਸਰਕਾਰ ਨੇ ਆਬਿਆਨੇ ਦੀ ਵਸੂਲੀ 2004 ਵਿੱਚ ਰੋਕ ਦਿੱਤੀ ਸੀ। ਉਦੋਂ ਤੋਂ ਲੈ ਕੇ ਕਿਸਾਨਾਂ ਵੱਲ ਸੈਂਕੜੇ ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਪਿਛਲਾ ਬਕਾਇਆ ਲੈਣ ਸਬੰਧੀ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ।


Comments Off on ਨਹਿਰੀ ਪਾਣੀ ਦੀ ਵਰਤੋਂ ਨਾ ਕਰਨ ਵਾਲੇ ਕਿਸਾਨ ਵੀ ਭਰਨਗੇ ਆਬਿਆਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.