‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਝੋਨੇ ਦੀ 201 ਕਿਸਮ ’ਤੇ ਪਾਬੰਦੀ ਕਾਰਨ ਬੀਜ ਦਾ ਸੰਕਟ

Posted On April - 18 - 2010

ਕਿਸਾਨ ਜਥੇਬੰਦੀਆਂ ਵੱਲੋਂ ਹੋਰ ਫ਼ਸਲਾਂ ਬੀਜਣ ਦਾ ਸਰਕਾਰੀ ਸੁਝਾਅ ਰੱਦ

ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ,17 ਅਪਰੈਲ

ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀ ’ਵਰਸਿਟੀ ਦੀ ਝੋਨੇ ਦੀ ਚਰਚਿਤ ਕਿਸਮ 201 ਦੀ ਲੁਆਈ ਤੋਂ ਇਨਕਾਰ ਕਰਨ ਨਾਲ ਰਾਜ ਵਿੱਚ ਝੋਨੇ ਦੇ ਬੀਜ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਕਿਸਮ ਦਾ ਕਿਸਾਨਾਂ ਨੇ ਵੱਡੀ ਪੱਧਰ ’ਤੇ  ਬੀਜ ਰੱਖਿਆ ਹੋਇਆ ਸੀ ਪਰ ਇਸ ਨੂੰ ਮਾਨਤਾ ਨਾ ਦੇਣ ਕਾਰਨ ਕਿਸਾਨ ਨੂੰ ਬਦਲਵੇਂ ਬੀਜ ਦਾ ਪ੍ਰਬੰਧ ਕਰਨ ਲਈ ਹੱਥਾਂ-ਪੈਰਾਂ ਦੀ ਪੈ ਗਈ ਹੈ। ਕਿਸਾਨ ਜਥੇਬੰਦੀਆਂ ਨੇ ਪਾਣੀ ਦੇ ਸੰਕਟ ਦੇ ਟਾਕਰੇ ਲਈ ਝੋਨੇ ਦੀ ਥਾਂ ਦਾਲਾਂ ਤੇ ਹੋਰ ਫ਼ਸਲਾਂ ਲਾਉਣ ਦੇ ਸਰਕਾਰ ਦੇ ਸੁਝਾਅ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਸਰਕਾਰ ਦੂਜੀਆਂ ਫ਼ਸਲਾਂ ਦਾ ਲਾਹੇਵੰਦ ਭਾਅ ਯਕੀਨੀ ਬਣਾਏ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਿਸਾਨਾਂ ਵੱਲੋਂ ਪੀ. ਏ. ਯੂ. ਕਿਸਮ 201 ਤਕਰੀਬਨ ਝੋਨੇ ਦੀ ਕੱੁਲ ਫ਼ਸਲ ਦਾ 18 ਫ਼ੀਸਦੀ ਹਿੱਸਾ ਲਾਈ ਗਈ ਸੀ। ਝੋਨੇ ਦੀ ਇਹ ਕਿਸਮ ਜਿਥੇ ਝੋਨੇ ਦੀਆਂ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਝਾੜ ਵੱਧ ਦਿੰਦੀ ਹੈ ਉਥੇ ਪਾਣੀ ਵੀ ਘੱਟ ਲੈਂਦੀ ਹੈ ਪਰ ਇਸ ਕਿਸਮ ਦੀ ਮੰਡੀ ਵਿੱਚ ਵਿਕਰੀ ਨੂੰ ਲੈ ਕੇ ਸਮੱਸਿਆ ਖੜ੍ਹੀ ਹੋ ਗਈ ਹੈ। ਬੇਸ਼ੱਕ ਪੰਜਾਬ ਸਰਕਾਰ ਨੂੰ ਇਸ ਦੀ ਲੁਆਈ ਲਈ ਪ੍ਰਵਾਨਗੀ ਦੀ ਆਸ ਹੈ ਪਰ ਅਜੇ ਤੱਕ ਕੇਂਦਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ।
ਜਾਣਕਾਰ ਸੂਰਤਾਂ ਅਨੁਸਾਰ ਇਸ ਸੀਜ਼ਨ ’ਚ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਕਿਸਮ 201 ਦੀ ਦੁੱਗਣੀ ਲੁਆਈ ਦੀ ਆਸ ਸੀ। ਇਸ ਮੰਤਵ ਲਈ ਕਿਸਾਨਾਂ ਨੇ ਬੀਜ ਵੀ ਪਹਿਲਾਂ ਹੀ ਲੈ ਰੱਖਿਆ ਸੀ। ਕਿਸਾਨਾਂ ਨਾਲ ਵਧੀਕੀ ਦੀ ਸਿਖ਼ਰ ਤਾਂ ਇਹ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ  ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਿਸਾਨ ਮੇਲਾ ਲੱਗਿਆ ਸੀ ਤਾਂ ਉਸ ਮੇਲੇ ਵਿੱਚ ਝੋਨੇ ਦੀ 201 ਕਿਸਮ ਦਾ ਬੀਜ ਕਿਸਾਨਾਂ ਨੇ ਧੜਾਧੜ ਖ਼ਰੀਦਿਆ ਸੀ। ਹੁਣ ਸਰਕਾਰ ਵੱਲੋਂ ਇਸ ਨੂੰ ਖਰੀਦਣ ਤੋਂ ਇਨਕਾਰ ਕਰਨ ਨਾਲ ਕਿਸਾਨ ਦਾ ਬੀਜ ਧਰਿਆ-ਧਰਾਇਆ ਰਹਿ ਗਿਆ ਹੈ। ਮੰਡੀ ’ਚ ਬੀਜ ਦੀ ਥੁੜ ਪੈਦਾ ਕਾਰਨ ਇਹ 50 ਰੁਪਏ ਕਿਲੋ ਵੀ ਵਿਕ ਰਿਹਾ ਹੈ। ਬੇਸ਼ੱਕ ਪਾਣੀ ਦੇ ਸੰਕਟ ਕਾਰਨ ਸਰਕਾਰ ਝੋਨੇ ਹੇਠ ਰਕਬਾ ਘਟਾਉਣ ਦੀ ਸਲਾਹ ਦੇ ਰਹੀ ਹੈ ਪਰ ਕਿਸਾਨ ਦੀ ਸਾਰੀ ਆਰਥਿਕਤਾ ਤਾਂ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਨਾਲ ਜੁੜੀ ਹੋਈ ਹੈ। ਪਿਛਲੇ ਸਾਲ 28.30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਹੋਈ ਸੀ ਤੇ 168.35 ਲੱਖ ਟਨ ਝੋਨੇ ਦੀ ਪੈਦਾਵਾਰ ਹੋਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਝੋਨੇ ਦੀ 201 ਕਿਸਮ ਨੂੰ ਪ੍ਰਵਾਨਗੀ ਨਾ ਦੇਣ ਨਾਲ ਜਿਥੇ ਕਿਸਾਨ ਨੂੰ ਦਿੱਕਤਾਂ ਪੇਸ਼ ਆ ਰਹੀ ਹੈ ਉਥੇ ਇਸ ਦੀ ਲੁਆਈ ਨਾ ਹੋਣ ਕਾਰਨ ਕੌਮੀ ਅਨਾਜ ਭੰਡਾਰ ਵਿੱਚ ਵੀ ਵੱਡਾ ਘਾਟਾ ਪਏਗਾ। ਪੰਜਾਬ ਵਿੱਚ ਇਸ ਸੀਜ਼ਨ ਲਈ 201 ਕਿਸਮ ਦੀ ਲੁਆਈ ਦੇ ਹਿਸਾਬ ਨਾਲ 10 ਲੱਖ ਟਨ ਚਾਵਲ ਦੀ ਪੈਦਾਵਾਰ ਘੱਟ ਜਾਵੇਗੀ। ਇੱਕ ਅੰਦਾਜ਼ੇ ਅਨੁਸਾਰ 201 ਕਿਸਮ ਦੀ ਲੁਆਈ ਨਾ ਹੋਣ ਕਾਰਨ 1350 ਕਰੋੜ ਰੁਪਏ ਦੇ ਝੋਨੇ ਦੀ ਪੈਦਾਵਾਰ ਘੱਟ ਜਾਵੇਗੀ ਤੇ ਸਰਕਾਰ ਨੂੰ ਫੀਸ ਤੇ ਟੈਕਸਾਂ ਦੀ ਉਗਰਾਹੀ ਦੇ ਤੌਰ ’ਤੇ 130 ਕਰੋੜ ਰੁਪਏ ਦਾ ਘਾਟਾ ਪਏਗਾ। ਝੋਨੇ ਦੀ 201 ਕਿਸਮ 72 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਿੰਦੀ ਹੈ ਪਰ ਦੂਜੀਆਂ ਕਿਸਮਾਂ 61 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਿੰਦੀਆਂ ਹਨ।
ਇਸ ਮੁੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ 201 ਕਿਸਮ ਝੋਨੇ ਦੀ ਵਧੀਆ ਕਿਸਮ ਹੈ ਪਰ ਹੁਣ ਕੇਂਦਰ ਇਸ ਨੂੰ ਲੈਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ’ਵਰਸਿਟੀ ਮੇਲੇ ਵਿਚੋਂ ਝੋਨੇ ਦੀ 201 ਕਿਸਮ ਦੇ ਖ਼ਰੀਦੇ ਬੀਜ ਲਈ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਪਾਣੀ ਦੇ ਸੰਕਟ ਦਾ ਟਾਕਰਾ ਕਰਨ ਲਈ 1121 ਝੋਨੇ ਦੀ ਕਿਸਮ ਦਾ ਪੂਰਾ ਭਾਅ ਦਿੱਤਾ ਜਾਵੇ ਤਾਂ ਕਿਸਾਨ ਇਸ ਨੂੰ ਲਾਉਣ ਲਈ ਤਿਆਰ ਹਨ।
22 ਕਿਸਾਨ ਜਥੇਬੰਦੀਆਂ ਨਾਲ ਸਬੰਧਿਤ ਕਿਰਤੀ ਕਿਸਾਨ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ ਹੈ ਕਿ ਕਣਕ ਤੇ ਝੋਨੇ ਦਾ ਫ਼ਸਲੀ ਚੱਕਰ ਤੋੜਨਾ ਕਿਸਾਨ ਲਈ ਸੰਭਵ ਨਹੀਂ ਹੈ ਕਿਉਂਕਿ ਦੂਜੀਆਂ ਫ਼ਸਲਾਂ ਦੀ ਕੀਮਤ ਯਕੀਨੀ ਨਹੀਂ ਹੈ। ਇਸ ਲਈ ਕਿਸਾਨ ਜਥੇਬੰਦੀਆਂ ਸਰਕਾਰ ਵੱਲੋਂ ਦਾਲਾਂ ਤੇ ਹੋਰ ਫਸਲਾਂ ਬੀਜਣ ਦੇ ਸੁਝਾਅ ਨੂੰ ਰੱਦ ਕਰਦੀਆਂ ਹਨ।


Comments Off on ਝੋਨੇ ਦੀ 201 ਕਿਸਮ ’ਤੇ ਪਾਬੰਦੀ ਕਾਰਨ ਬੀਜ ਦਾ ਸੰਕਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.