ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-8

Posted On April - 21 - 2010

ਸਰਹਿੰਦ ਫਤਹਿ

ਡਾ. ਸੁਖਦਿਆਲ ਸਿੰਘ
ਦੋਵਾਂ ਧਿਰਾਂ ਦੀ ਸੈਨਿਕ-ਸ਼ਕਤੀ ਵੀ ਇਤਿਹਾਸ ਦਾ ਅਹਿਮ ਤੱਥ ਹੁੰਦਾ ਹੈ। ਇਹ ਇਸ ਤਰ੍ਹਾਂ ਹੈ: ਵਜ਼ੀਰ ਖਾਨ ਪਾਸ ਖਾਫ਼ੀ ਖਾਨ ਦੇ ਅਨੁਸਾਰ ਪੰਜ-ਛੇ ਹਜ਼ਾਰ ਘੋੜ-ਸੁਆਰ, ਸੱਤ-ਅੱਠ ਹਜ਼ਾਰ ਪੈਦਲ ਸਿਪਾਹੀ ਸਨ, ਜਿਨ੍ਹਾਂ ਪਾਸ ਤੋੜੇਦਾਰ ਬੰਦੂਕਾਂ ਅਤੇ ਤੀਰ ਕਮਾਨ ਸਨ। ਕੁਝ ਤੋਪਾਂ ਅਤੇ ਹਾਥੀ ਵੀ ਸਨ। ਇਉਂ ਉਸ ਪਾਸ 12000 ਤੋਂ ਲੈ ਕੇ 15000 ਦੀ ਗਿਣਤੀ ਤਕ ਦੀ ਫੌਜ ਸੀ। ਇਹ ਤਾਂ ਸੀ ਉਹ ਫੌਜ ਜੋ ਉਸ ਕੋਲ ਸਰਕਾਰੀ ਰਿਕਾਰਡਾਂ ਮੁਤਾਬਕ ਉਪਲਬਧ ਜਾਂ ਉਸ ਨੂੰ ਰੱਖਣ ਦਾ ਅਧਿਕਾਰ ਸੀ। ਬਾਕੀ ਹਜ਼ਾਰਾਂ ਦੀ ਗਿਣਤੀ ਵਿਚ ਉਹ ਲੋਕ ਸਨ ਜਿਹੜੇ ਉਸ ਨੇ ਇਸਲਾਮ ਦੀ ਰਾਖੀ ਲਈ ਛੇੜੇ ਗਏ ਜਿਹਾਦ ਹੇਠ ਭੜਕਾ ਕੇ ਪਿੰਡਾਂ ਵਿਚੋਂ ਇਕੱਠੇ ਕੀਤੇ ਸਨ। ਇਨ੍ਹਾਂ ਵਿਚ ਅੱਠ ਹਜ਼ਾਰ ਗਾਜ਼ੀ ਸਨ। ਇਹ ਗਾਜ਼ੀ ਸਾਡੇ ਨਿਹੰਗ ਜਾਂ ਅਕਾਲੀ ਸਿੰਘਾਂ ਵਾਂਗ ਬਿਨਾਂ ਕਿਸੇ ਜ਼ਾਬਤੇ ਤੋਂ ਸਨ। ਇਹ ਆਪਣੀ ਹੀ ਮਰਜ਼ੀ ਅਨੁਸਾਰ ਅਤੇ ਆਪਣੀ ਹੀ ਯੁੱਧ-ਨੀਤੀ ਅਨੁਸਾਰ ਲੜਾਈ ਵਿਚ ਹਿੱਸਾ ਲੈਂਦੇ ਸਨ। ਇਹ ਸਿਰਫ ਮਰਨ ਲਈ ਜਾਂ ਜਿੱਤਣ ਲਈ ਹੀ ਲੜਦੇ ਸਨ। ਜੰਗ ਦੇ ਮੈਦਾਨ ਵਿਚੋਂ ਇਹ ਭੱਜਦੇ ਨਹੀਂ ਸਨ। ਇਸ ਤ੍ਹਰਾਂ ਵਜ਼ੀਰ ਖਾਨ ਪਾਸ 25-30 ਹਜ਼ਾਰ ਤੋਂ ਉਪਰ ਬੈਠਾ ਸੀ। ਜਿੱਥੋਂ ਤਕ ਬੰਦਾ ਸਿੰਘ ਬਹਾਦਰ ਪਾਸ ਖਾਲਸਾ ਦਲਾਂ ਦੀ ਗਿਣਤੀ ਦੀ ਗੱਲ ਹੈ ਇਹ ਵੀ ਅਣਗਿਣਤ ਸੀ। ਸਾਰਾ ਸਿੱਖ ਜਗਤ ਬੰਦਾ ਸਿੰਘ ਬਹਾਦਰ  ਦੇ ਨਾਲ ਸੀ। ਜਿਵੇਂ ਕਿ ਪਿੱਛੇ ਵੀ ਲਿਖਿਆ ਜਾ ਚੁੱਕਿਆ ਹੈ ਕਿ ਸਾਰੇ ਪੰਜਾਬ ਵਿਚ ਬੰਦਾ ਸਿੰਘ ਦੇ ਆਉਣ ਨਾਲ ਇਕ ਕਿਸਮ ਦਾ ਇਨਕਲਾਬ ਹੀ ਆ ਗਿਆ ਸੀ। ਸਿੱਖਾਂ ਦਾ ਹਰ ਉਹ ਆਦਮੀ ਜਿਹੜਾ ਵੀ ਲੜਨ ਦੇ ਕਾਬਲ ਸੀ, ਕੋਈ ਨਾ ਕੋਈ ਹਥਿਆਰ ਲੈ ਕੇ ਬੰਦਾ ਸਿੰਘ ਨਾਲ ਆ ਰਲਿਆ ਸੀ। ਇਸ ਲਈ ਸਮਝਿਆ ਜਾਣਾ ਚਾਹੀਦਾ ਹੈ ਕਿ ਬੰਦਾ ਸਿੰਘ ਦੀ ਕਮਾਂਡ ਹੇਠ ਪੂਰੀ ਦੀ ਪੂਰੀ ਸਿੱਖ ਕੌਮ ਆ ਖੜ੍ਹੀ ਹੋਈ ਸੀ। ਇਸ ਨੂੰ ਕਿਸੇ ਗਿਣਤੀ ਵਿਚ ਮਿਣ ਕੇ ਦੱਸਣਾ ਠੀਕ ਨਹੀਂ ਹੈ। ਭਾਵੇਂ ਕਿ ਖਾਫੀ ਖਾਨ ਨੇ ਬੰਦਾ ਸਿੰਘ ਬਹਾਦਰ ਪਾਸ ਚਾਲੀ ਹਜ਼ਾਰ ਸਿੰਘਾਂ ਦੀ ਗਿਣਤੀ ਦੱਸੀ ਹੈ। ਸਰਹਿੰਦ ਉਪਰ ਹਮਲਾ ਸਿੱਖਾਂ ਲਈ ਇਕ ਸਭ ਤੋਂ ਅਹਿਮ ਮਸਲਾ ਸੀ। ਸਰਹਿੰਦ ਦੀ ਜਿੱਤ ਲਈ ਉਹ ਹਰ ਕਿਸਮ ਦੀ ਕੁਰਬਾਨੀ ਕਰਨ ਨੂੰ ਤਿਆਰ ਸਨ। ਇਸ ਕਰਕੇ ਸਮਝਿਆ ਤਾਂ ਇਹ ਜਾਣਾ ਚਾਹੀਦਾ ਹੈ ਕਿ ਬੰਦਾ ਸਿੰਘ ਬਹਾਦਰ ਪਾਸ ਚਾਲੀ ਹਜ਼ਾਰ ਦੀ ਗਿਣਤੀ ਵੀ ਥੋੜ੍ਹੀ ਸੀ ਉਸ ਪਾਸ ਤਾਂ ਸਿੱਖਾਂ ਦੇ ਹਰ ਆਦਮੀ ਦੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ। ਇਸ ਰੋਸ਼ਨੀ ਵਿਚ ਦੇਖਿਆਂ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦਾ ਬੱਚਾ-ਬੱਚਾ ਲੜਨ-ਮਰਨ ਲਈ ਤਿਆਰ ਸੀ। ਸਿੱਖਾਂ ਸਾਹਮਣੇ ਇੱਕੋ-ਇਕ ਨਿਸ਼ਾਨਾ ਸਰਹਿੰਦ ਨੂੰ ਤਬਾਹ ਕਰਨ ਦਾ ਸੀ। ਇਸ ਲਈ ਉਹ ਹਮਲਾ ਕਰਨ ਲਈ ਉਤਾਵਲੇ ਸਨ। ਉਨ੍ਹਾ ਸਾਹਮਣੇ ਨਾ ਹੀ ਰਾਜਨੀਤਕ ਸੋਚ-ਵਿਚਾਰਾਂ ਦੀ ਗੱਲ ਸੀ ਅਤੇ ਨਾ ਹੀ ਯੁੱਧ-ਨੀਤੀ ਦਾ ਕੋਈ ਪੈਂਤੜਾ ਅਖ਼ਤਿਆਰ ਕਰਨ ਦੀ। ਉਹ ਤਾਂ ਬੱਸ ਹਮਲਾ ਕਰਨ ਦਾ ਹੁਕਮ ਉਡੀਕ ਰਹੇ ਸਨ। ਇਹ ਹਮਲਾ ਭਾਵੇਂ ਰਾਤ ਨੂੰ ਹੋਵੇ ਤੇ ਭਾਵੇਂ ਦਿਨ ਨੂੰ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਪਾਸ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੋਂ ਦੀ ਮਰ-ਮਿਟਣ ਵਾਲੇ ਸਿੰਘ ਸਨ। ਹਥਿਆਰਾਂ ਦੇ ਪੱਖੋਂ ਭਾਵੇਂ ਇਹ ਵਜ਼ੀਰ ਖਾਨ ਤੋਂ ਘੱਟ ਸਨ ਪਰ ਹੌਂਸਲੇ ਅਤੇ ਪਹਿਲਕਦਮੀ ਵਜੋਂ ਸਿੰਘ ਮੁਗ਼ਲ ਸੈਨਾ ਤੋਂ ਅੱਗੇ ਸਨ ਕਿਉਂਕਿ ਸਿੰਘਾਂ ਸਾਹਮਣੇ ਰਾਜਨੀਤਕ ਨਫੇ-ਨੁਕਸਾਨ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਇਸੇ ਹੀ ਇਕ ਗੱਲ ਨੇ ਸਿੰਘਾਂ ਨੂੰ ਨਿਧੜਕ ਯੋਧੇ ਬਣਾ ਦਿੱਤਾ ਸੀ। ਬੰਦਾ ਸਿੰਘ ਬਹਾਦਰ ਦੇ ਸੱਜੇ-ਖੱਬੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਅਲੀ ਸਿੰਘ, ਮਾਲੀ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਬਾਵਾ ਬਿਨੋਦ ਸਿੰਘ, ਬਾਵਾ ਕਾਨ੍ਹ ਸਿੰਘ, ਭਾਈ ਰਾਮ ਸਿੰਘ ਅਤੇ ਸ਼ਾਮ ਸਿੰਘ ਆਦਿ ਸੂਰਮੇ ਸਿੰਘ ਘੋੜਿਆਂ ’ਤੇ ਅਸਵਾਰ ਹੋਏ ਖੜ੍ਹੇ ਸਨ। ਇਨ੍ਹਾਂ ਵਿਚ ਹੀ ਲਾਗਲੇ ਪਿੰਡ ਸਨੇਟੇ ਦਾ ਰਹਿਣ ਵਾਲਾ ਭਾਈ ਨਿਗਾਹੀਆਂ ਸਿੰਘ ਭੁੱਲਰ ਵੀ ਸੀ।
ਵਜ਼ੀਰ ਖਾਂ ਦੀ ਸੈਨਾ ਦੇ ਸਭ ਤੋਂ ਅੱਗੇ ਹਾਥੀ ਸਨ। ਉਸ ਦੇ ਪਿੱਛੇ ਪੈਦਲ ਫੌਜ ਸੀ। ਇਹ ਪੈਦਲ ਫੌਜ ਹਾਥੀਆਂ ਦੇ ਸਹਾਰੇ ਨਾਲ ਅੱਗੇ ਵੱਧ ਰਹੀ ਸੀ। ਦੋਹਾਂ ਪਾਸਿਆਂ ’ਤੇ ਘੋੜ-ਸਵਾਰ ਸੈਨਾ ਸੀ ਜਿਹੜੀ ਆਪਣੀ-ਆਪਣੀ ਸਮੁੱਚੀ ਫੌਜੀ ਸ਼ਕਤੀ ਨੂੰ ਇਕੱਠਾ ਕਰਕੇ ਰੱਖਣ ਦਾ ਕੰਮ ਕਰਦੀ ਸੀ। ਵਜ਼ੀਰ ਖਾਂ ਆਪਣੀ ਫੌਜ ਦੇ ਬਿਲਕੁਲ ਵਿਚਕਾਰ ਹਾਥੀ ਅਸਵਾਰ ਸੀ। ਪਰ ਵਜ਼ੀਰ ਖਾਨ ਦੀ ਮੁਗਲੀਆ ਫੌਜ ਵਿਚ ਪਹਿਲਕਦਮੀ ਦੀ ਘਾਟ ਸੀ। ਸਮਾਣਾ, ਸਢੌਰਾ ਅਤੇ ਬਨੂੜ ਨੂੰ ਲਿਤਾੜੇ ਜਾਣ ਨਾਲ ਵੈਸੇ ਹੀ ਵਜ਼ੀਰ ਖਾਨ ਦੇ ਪਰ ਕੱਟੇ ਜਾ ਚੁੱਕੇ ਸਨ  ਅਤੇ ਬੁੱਲਵਰਕ ਤੋੜਿਆ ਜਾ ਚੁੱਕਿਆ ਸੀ।
ਇਸ ਲੜਾਈ ਦੀ ਮਿਤੀ ਬਾਰੇ ਕੁਝ ਮੱਤ-ਭੇਦ ਹਨ। ਹੁਣ ਤਕ ਆਮ ਤੌਰ ’ਤੇ ਚੱਪੜਚਿੜੀ ਦੀ ਲੜਾਈ 12 ਮਈ, 1710 ਨੂੰ ਹੋਈ ਮੰਨੀ ਜਾਂਦੀ ਆ ਰਹੀ ਹੈ। ਇਹ ਡਾ. ਗੰਡਾ ਸਿੰਘ ਦੇ ਅਨੁਸਾਰ ਹੈ। ਵਿਲੀਅਮ ਇਰਵਿਨ ਇਸ ਦੀ ਮਿਤੀ 22 ਮਈ, 1710 ਈ. ਦੱਸਦਾ ਹੈ। ਇਹ ਦੋਵੇਂ ਲੇਖਕ ਹੀ ਭਾਵੇਂ ਮੁੱਖ ਲੇਖਕ ਹਨ ਜਿਨ੍ਹਾਂ ਦੀਆਂ ਮਿਤੀਆਂ ਨੂੰ ਵਿਚਾਰਿਆ ਜਾ ਸਕਦਾ ਹੈ। ਕਰਮ ਸਿੰਘ ਹਿਸਟੋਰੀਅਨ ਅਤੇ ਗਿਆਨੀ ਗਿਆਨ ਸਿੰਘ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਉੱਕਾ ਹੀ ਮੰਨਣਯੋਗ ਨਹੀਂ ਹਨ। ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ, ‘‘ਮੈਂ ਜੋ ਤਰੀਕ ਮੰਨੀ ਹੈ, ਇਹ ਰਤਨ ਸਿੰਘ ਭਿੜੀ ਵਾਲੇ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਮੰਨੀ ਹੈ, ਇਹ ਤਰੀਕ ਹਾੜ੍ਹ ਦੀ ਸੰਗਰਾਂਦ ਸੰਮਤ 1767 ਬਿ´ਮੀ, ਮੰਗਲਵਾਰ 30 ਮਈ, 1710ਈ. ਤੇ 12 ਰੱਬੀ-ਉੱਲ-ਆਖਰ ਸੰਨ 1112 ਹਿਜਰੀ ਦੇ ਬਰਾਬਰ ਹੈ। ਇੱਥੇ ਮੈਂ ਇਹ ਦੱਸ ਦੇਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਰਤਨ ਸਿੰਘ ਦੇ ‘ਪੰਥ ਪ੍ਰਕਾਸ਼’ ਦੀਆਂ ਤਰੀਕਾਂ ਸਭ ਦੀਆਂ ਸਭ ਹੀ ਠੀਕ ਹਨ।’’ ਗਿਆਨੀ ਗਿਆਨ ਸਿੰਘ ਅਨੁਸਾਰ ‘‘ਜੇਠ ਵਦੀ 14 ਸੰਮਤ 1765 ਬਿ. (ਮੁਤਾਬਕ ਮਈ, 1708ਈ.) ਨੂੰ ਸਿੰਘ ਸਰਹਿੰਦ ਸ਼ਹਿਰ ਵਿਚ ਜਾ ਵੜੇ।’’ ਸੋਹਣ ਸਿੰਘ ਨੇ ਵੀ ਆਪਣੀ ਪੁਸਤਕ ਵਿਚ ਇਸ ਲੜਾਈ ਦੀ ਮਿਤੀ ਕਰਮ ਸਿੰਘ ਹਿਸਟੋਰੀਅਨ ਵਾਲੀ 30 ਮਈ, 1710ਈ. ਹੀ ਦਿੱਤੀ ਹੈ।
ਇਸ ਤਰ੍ਹਾਂ ਉਕਤ ਸਾਰੇ ਲੇਖਕਾਂ ਦੀਆਂ ਮਿਤੀਆਂ ਗਲਤ ਹਨ। ਅਖ਼ਬਾਰ-ਏ-ਦਰਬਾਰ-ਏ-ਮੁਅੱਲਾ, ਜਿਹੜਾ ਕਿ ਉਨ੍ਹਾਂ ਖਬਰਾਂ ਦਾ ਸੰਗ੍ਰਹਿ ਹੈ ਜਿਹੜੀਆਂ ਬੰਦਾ ਸਿੰਘ ਬਹਾਦਰ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਖੁਫੀਆ ਖਬਰਾਂ ਦੇ ਰੂਪ ਵਿਚ ਬਾਦਸ਼ਾਹ ਨੂੰ ਭੇਜੀਆਂ ਜਾਂਦੀਆਂ ਹਨ। ਇਸ ਲੜਾਈ ਦੀ ਮਿਤੀ ਬਹੁਤ ਹੀ ਸਪਸ਼ਟ ਰੂਪ ਵਿਚ 22 ਮਈ, 1710ਈ. ਦੀ ਦਿੰਦਾ ਹੈ। ਗੁਰਦੇਵ ਸਿੰਘ ਦਿਓਲ ਵੀ ਆਪਣੀ ਪੁਸਤਕ ਵਿਚ ਇਸੇ ਮਿਤੀ ਦੀ ਪ੍ਰੋੜਤਾ ਕਰਦਾ ਹੈ।
12 ਮਈ, 1710 ਨੂੰ ਤਾਂ ਬਾਦਸ਼ਾਹ ਪਾਸ ਸਰਹਿੰਦ ਦੇ ਇਲਾਕੇ ਵਿਚ ਬੰਦਾ ਸਿੰਘ ਦੇ ਪ੍ਰਗਟ ਹੋਣ ਦੀ ਖ਼ਬਰ ਪੇਸ਼ ਕੀਤੀ ਗਈ ਸੀ। ਜਿਵੇਂ ਕਿ ਪਿੱਛੇ ਇਸ ਬਾਰੇ ਦੱਸਿਆ ਜਾ ਚੁੱਕਿਆ ਹੈ। ਇਸੇ ਹੀ ਲਿਖਤ ਵਿਚ 27 ਮਈ ਦੀ ਖਬਰ ਤੋਂ ਇਹ ਪਤਾ ਲਗਦਾ ਹੈ ਕਿ ਵਜ਼ੀਰ ਖਾਨ ਮਾਰਿਆ ਗਿਆ ਹੈ ਅਤੇ ਸਰਹਿੰਦ ਜਿੱਤਿਆ ਜਾ ਚੁੱਕਿਆ ਹੈ। ਕਿਉਂਕਿ ਪੇਸ਼ ਕੀਤੀ ਗਈ ਖਬਰ ਵਿਚ ਦੱਸਿਆ ਗਿਆ ਹੈ ਕਿ ਕਿਸੇ ਸਫ਼-ਸਿਕਨ ਖਾਨ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਸ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਜਾਵੇ ਤਾਂ ਉਹ ਬੰਦਾ ਸਿੰਘ ਨੂੰ ਕਾਬੂ ਕਰ ਸਕਦਾ ਹੈ। ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਸਰਹਿੰਦ ਨੂੰ 12 ਮਈ ਤੋਂ ਲੈ ਕੇ 27 ਮਈ ਦੇ ਵਿਚਕਾਰ ਫਤਿਹ ਕੀਤਾ ਗਿਆ ਸੀ। ਇਸ ਪੱਖ ਤੋਂ ਇਰਵਿਨ ਦੀ ਮਿਤੀ ਮਈ, 1710 ਜ਼ਿਆਦਾ ਠੀਕ ਮਾਲੂਮ ਹੁੰਦੀ ਹੈ। ਇਸ ਦੇ ਨਾਲ ਹੀ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਇਕ ਥਾਂ ’ਤੇ ਬਾਦਸ਼ਾਹ ਨੂੰ ਇਹ ਰਿਪੋਰਟ ਵੀ ਪੇਸ਼ ਕੀਤੀ ਜਾਣ ਬਾਰੇ ਲਿਖਿਆ ਗਿਆ ਹੈ ਜਿਸ ਵਿਚ ਬਾਦਸ਼ਾਹ ਨੂੰ ਸਿੱਖਾਂ ਵੱਲੋਂ ਸਰਹਿੰਦ ਨੂੰ ਜਿੱਤਣ ਦੀ ਪੂਰੀ ਵਿਸਥਾਰ ਸਹਿਤ ਜਾਣਕਾਰੀ ਪੇਸ਼ ਕੀਤੀ ਸੀ। ਇਸ ਜਾਣਕਾਰੀ ਅਨੁਸਾਰ ‘ਸ਼ਾਹੂਕਾਰਾਂ ਦੇ ਪੱਤਰਾਂ ਤੋਂ ਪਤਾ ਲੱਗਿਆ ਹੈ ਕਿ ਸਿੱਖਾਂ ਅਤੇ ਵਜ਼ੀਰ ਖਾਨ ਵਿਚਕਾਰ ਲੜਾਈ 22 ਮਈ ਨੂੰੂ ਹੋਈ ਸੀ। ਇਹ ਲੜਾਈ ਸਵੇਰ ਤੋਂ ਲੈ ਕੇ ਸ਼ਾਮ ਤਕ ਹੁੰਦੀ ਰਹੀ ਸੀ। ਵਜ਼ੀਰ ਖਾਨ ਤੀਰ ਨਾਲ ਅਤੇ ਬੰਦੂਕ ਦੀ ਗੋਲੀ ਨਾਲ ਮਾਰਿਆ ਗਿਆ ਸੀ। ਕੁਝ ਲੋਕ ਦੱਸਦੇ ਸਨ ਕਿ ਵਜ਼ੀਰ ਖਾਨ ਦੇ ਪੁੱਤਰ ਅਤੇ ਉਸ ਦਾ ਜੁਆਈ ਵੀ ਲੜਾਈ ਵਿਚ ਮਾਰੇ ਗਏ ਸਨ ਪਰ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਊਂਦਿਆਂ ਨੂੰ ਹੀ ਪਕੜ ਲਿਆ ਗਿਆ ਸੀ। ਵਜ਼ੀਰ ਖਾਨ ਦੇ ਬਹੁਤ ਸਾਰੇ ਸਾਥੀ ਅਤੇ ਦੋਸਤ-ਮਿੱਤਰ ਵੀ ਮਾਰੇ ਗਏ ਅਤੇ ਜ਼ਖਮੀ ਹੋ ਗਏ ਸਨ। ਸਿੱਖਾਂ ਨੇ ਪੂਰੀ ਤਰ੍ਹਾਂ ਸਰਹਿੰਦ ਉਪਰ ਕਬਜ਼ਾ ਕਰ ਲਿਆ ਸੀ।
ਇਸ ਤਰ੍ਹਾਂ 22 ਮਈ ਦੀ ਚੜ੍ਹਦੀ ਸਵੇਰ ਨੂੰ ਬੰਦਾ ਸਿੰਘ ਬਹਾਦਰ ਨੇ ‘ਬੋਲ ਸੋ ਨਿਹਾਲ’ ਦਾ ਜੈਕਾਰਾ ਬੁਲਾ ਕੇ ਸਿੰਘਾਂ ਨੂੰ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਦੇਖਦਿਆਂ ਹੀ ਦੇਖਦਿਆਂ ਸਿੰਘਾਂ ਦੇ ਦਲ ਦੁਸ਼ਮਣ ਉਪਰ ਟੁੱਟ ਕੇ ਪੈ ਗਏ। ਇਸੇ ਘੜੀ ਨੂੰ ਤਾਂ ਸਿੰਘ ਉਡੀਕ ਰਹੇ ਸਨ। ਨਾ ਉਨ੍ਹਾਂ ਨੂੰ ਵਜ਼ੀਰ ਖਾਂ ਦੇ ਹਾਥੀ ਰੋਕ ਰਹੇ ਸਨ ਅਤੇ ਨਾ ਹੀ ਵਜ਼ੀਰ ਖਾਂ ਦੀਆਂ ਤੋਪਾਂ। ਸਿੰਘਾਂ ਲਈ ਬੰਦਾ ਸਿੰਘ ਬਹਾਦਰ ਦਾ ਉਨ੍ਹਾਂ ਦੇ ਵਿਚ ਹੋਣਾ ਹੀ ਕਾਫੀ ਸੀ। ਇਹ ਠੀਕ ਹੈ ਕਿ ਹਾਥੀਆਂ ਦੀ ਲਾਈਨ ਨੂੰ ਤੋੜਨਾਂ ਸਿੰਘਾਂ ਲਈ ਬਹੁਤ ਮੁਸ਼ਕਲ ਸੀ ਪਰ ਜਿੱਥੇ ਲੜ-ਮਰਨ ਦਾ ਜਜ਼ਬਾ ਹੋਵੇ ਉਥੇ ਕੋਈ ਵੀ ਚੀਜ਼ ਰਸਤੇ ਦਾ ਰੋੜਾ ਨਹੀਂ ਬਣ ਸਕਦੀ। ਇਹ ਹੱਥੋਂ-ਹੱਥੀ ਦੀ ਗਹਿਗੱਚਵੀਂ ਲੜਾਈ ਸੀ। ਸਿੰਘਾਂ ਲਈ ਭੱਜਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿਉਂਕਿ ਉਹ ਹੀ ਤਾਂ ਪਹਿਲ ਕਰਕੇ ਆਏ ਸਨ ਅਤੇ ਆਪਣੇ ਗੁਰੂ ਦੇ ਦੋ ਛੋਟੇ ਨਾਬਾਲਗ ਬੱਚਿਆਂ ਦੀ ਦਰਦਭਰੀ ਮੌਤ ਦਾ ਬਦਲਾ ਲੈਣ ਆਏ ਸਨ। ਉਨ੍ਹਾਂ ਲਈ ਭੱਜਣ ਨਾਲੋਂ ਲੜ ਕੇ ਸ਼ਹੀਦ ਹੋ ਜਾਣਾ ਜ਼ਿਆਦਾ ਚੰਗਾ ਸੀ। ਇਸ ਲਈ ਸਿੰਘ ਸਿਰਫ ਜਿੱਤਣ ਲਈ ਜਾਂ ਸ਼ਹੀਦ ਹੋਣ ਲਈ ਹੀ ਲੜ ਰਹੇ ਸਨ।
ਦੂਜੇ ਪਾਸੇ ਮੁਗ਼ਲ ਸੈਨਾ ਹੀ ਜਿਹੜੀ ਸਿਰਫ ਬਚਾਓ ਦੀ ਲੜਾਈ ਲੜ ਰਹੀ ਸੀ। ਉਸ ਲਈ ਇਹ ਖਾਹਮਖਾਹ ਦੀ ਬਿਪਤਾ ਸੀ। ਦੋਵਾਂ ਧਿਰਾਂ ਵਿਚਕਾਰ ਲੜਾਈ ਪ੍ਰਤੀ ਜਦੋਂ ਇੰਨਾ ਫਰਕ ਹੋਵੇ ਤਾਂ ਲੜਾਈ ਦੇ ਨਤੀਜਿਆਂ ਦਾ ਪਤਾ ਹੀ ਹੁੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੀਕ ਲੜਾਈ ਹੁੰਦੀ ਰਹੀ। ਬੰਦਾ ਸਿੰਘ ਇਕ ਭੁੱਖੇ ਸ਼ੇਰ ਵਾਂਗ ਦੁਸ਼ਮਣ ਉਪਰ ਝਪਟਾਂ ਲੈ-ਲੈ ਕੇ ਪੈਂਦਾ ਸੀ। ਭਾਈ ਬਾਜ ਸਿੰਘ ਅਤੇ ਫਤਿਹ ਸਿੰਘ ਬੰਦਾ ਦੇ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੇ ਸਨ। ਬੰਦਾ ਸਿੰਘ ਵੀ ਆਪਣੇ ਸਹਾਇਕ ਕਮਾਂਡਰਾਂ ਨਾਲ ਘਿਰਿਆ ਖਾਲਸਾ ਦਲ ਦੇ ਅੱਗੇ ਸੀ ਅਤੇ ਵਜ਼ੀਰ ਖਾਂ ਵੀ ਅੱਗੇ ਹੋ ਕੇ ਆਪਣੀ ਫੌਜ ਨੂੰ ਲੜਾ ਰਿਹਾ ਸੀ। ਹੱਥੋਂ-ਹੱਥੀ ਦੀ ਇਸ ਲੜਾਈ ਵਿਚ ਬੰਦਾ ਸਿੰਘ ਵਜ਼ੀਰ ਖਾਂ ਦੇ ਸਾਹਮਣੇ ਆਇਆ। ਮੈਕਾਲਿਫ ਦੇ ਲਿਖਣ ਅਨੁਸਾਰ ਬੰਦਾ ਸਿੰਘ ਨੇ ਵਜ਼ੀਰ ਖਾਂ ਨੂੰ ਲਲਕਾਰ ਕੇ ਕਿਹਾ ‘‘ਪਾਪੀਆ; ਤੂੰ ਮੇਰੇ ਗੁਰੂ ਗੋਬਿੰਦ ਸਿੰਘ ਦਾ ਦੁਸ਼ਮਣ ਹੈਂ। ਤੂੰ ਉਨ੍ਹਾਂ ਨੂੰ ਯਥਾਯੋਗ ਸਨਮਾਨ ਨਹੀਂ ਦਿੱਤਾ, ਬਲਕਿ ਉਨ੍ਹਾਂ ਦੇ ਦੋ ਮਾਸੂਮ ਸ਼ਾਹਿਬਜ਼ਾਦਿਆਂ ਨੂੰ ਕਤਲ ਕਰਵਾ ਦਿੱਤਾ। ਇਹ ਕਾਰਾ ਕਰਕੇ ਤੂੰ ਇਕ ਬੱਜਰ ਅਤੇ ਮੁਆਫ ਨਾ ਕੀਤਾ ਜਾ ਸਕਣ ਵਾਲਾ ਗੁਨਾਹ ਕੀਤਾ ਹੈ। ਮੈਂ ਹੁਣ ਤੈਨੂੰ ਇਸੇ ਗੁਨਾਹ ਦੀ ਸਜ਼ਾ ਦੇਣ ਲੱਗਿਆ ਹਾਂ। ਤੇਰੀ ਫੌਜ ਅਤੇ ਤੇਰਾ ਮੁਲਕ ਹੁਣ ਮੇਰੇ ਹੱਥੋਂ ਤਬਾਹ ਹੋ ਜਾਣਗੇ।’‘ ਬੰਦਾ ਸਿੰਘ ਨੇ ਤਲਵਾਰ ਦੇ ਇਕੋ ਭਰਵੇਂ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਇਹ ਦੇਖ ਦੇ ਮੁਗ਼ਲ ਸੈਨਾ ਮੈਦਾਨ ਛੱਡ ਕੇ ਨੱਠ ਗਈ। ਸਿੰਘਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਘੋੜੇ, ਹਥਿਆਰ, ਤੰਬੂ, ਤੋਪਾਂ ਅਤੇ ਦੂਜਾ ਜੰਗੀ ਸਾਮਾਨ ਆਪਣੇ ਕਬਜ਼ੇ ਵਿਚ ਕਰ ਲਿਆ। ਤਦ ਸਿੰਘ ਜੇਤੂ ਰੂਪ ਵਿਚ ਸਰਹਿੰਦ ਵੱਲ ਵਧੇ।
ਭਾਵੇਂ ਲੇਖਕਾਂ ਵਿਚ ਇਸ ਤੱਥ ਬਾਰੇ ਵੱਖ-ਵੱਖ ਰਾਵਾਂ ਹਨ ਕਿ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਸੀ। ਇਹ ਰਾਵਾਂ ਇਸ ਤਰ੍ਹਾਂ ਹਨ: ਸਰੂਪ ਦਾਸ ਭੱਲਾ ਅਨੁਸਾਰ ਵਜ਼ੀਰ ਖਾਂ ਦੀ ਮੌਤ ਬੰਦਾ ਸਿੰਘ ਦੇ ਹੱਥੋਂ ਹੀ ਹੋਈ ਸੀ। ਖਾਫ਼ੀ ਖਾਂ ਦੇ ਅਨੁਸਾਰ ਵਜ਼ੀਰ ਖਾਂ ਇਕ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ ਸੀ। ਅਹਿਵਾਲਿਸਲਾਤੀਨ-ਏ-ਹਿੰਦ ਅਨੁਸਾਰ ‘ਸਿੰਘ ਤੇ ਮੁਸਲਿਮ ਫੌਜੀ ਇਕ-ਦੂਜੇ ਦੇ ਸਾਹਮਣੇ ਹੋ ਕੇ ਹੱਥੋ-ਹੱਥ ਲੜਾਈ ਕਰ ਰਹੇ ਸਨ। ਮੁਸਲਿਮ ਫੌਜਾਂ ਦੇ ਕਮਾਂਡਰ ਇੰਨੀ ਦਲੇਰੀ ਨਾਲ ਲੜ ਰਹੇ ਸਨ ਕਿ ਕਾਫਰਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਸਨ। ਸਾਰੇ ਪਾਸੇ ਕਿਆਮਤ ਦੇ ਦਿਨਾਂ ਦੀ ਕੁਰਲਾਹਟ ਸੀ। ਅੰਤ ਵਿਚ ਸਾਰੀ ਮੁਸਲਿਮ ਸੈਨਾ ਤਬਾਹ ਕਰ ਦਿੱਤੀ ਗਈ। ਵਜ਼ੀਰ ਖਾਂ ਬਾਜ ਸਿੰਘ ਦੇ ਸਾਹਮਣੇ ਆਇਆ। ਉਸ ਨੇ ਬਾਜ ਸਿੰਘ ਨੂੰ ਲਲਕਾਰ ਨੇ ਕਿਹਾ ‘ਓ ਗੰਦੇ ਕੁੱਤੇ! ਹੁਸ਼ਿਆਰ ਹੋ ਜਾ।’ ਇਹ ਕਹਿੰਦਿਆਂ ਉਸ ਨੇ ਨੇਜੇ ਨਾਲ ਵਾਰ ਕੀਤਾ। ਬਾਜ ਸਿੰਘ ਨੇ ਨੇਜਾ ਆਪਣੇ ਹੱਥ ਵਿਚ ਪਕੜ ਲਿਆ। ਫਿਰ ਵਜ਼ੀਰ ਖਾਂ ਨੇ ਇਕ ਤੀਰ ਬਾਜ ਸਿੰਘ ਦੀ ਬਾਂਹ ਵਿਚ ਮਾਰਿਆ। ਫਿਰ ਉਹ ਆਪਣੀ ਤਲਵਾਰ ਨਾਲ ਬਾਜ ਸਿੰਘ ਉਤੇ ਝਪਟਿਆ। ਫਤਿਹ ਸਿੰਘ ਵਜ਼ੀਰ ਖਾਨ ਦੇ ਪਿੱਛੇ ਆ ਗਿਆ ਸੀ। ਉਸ ਨੇ ਪੂਰੇ ਜ਼ੋਰ ਨਾਲ ਤਲਵਾਰ ਵਜ਼ੀਰ ਖਾਂ ਦੇ ਮੋਢੇ ਵਿਚ ਮਾਰੀ ਅਤੇ ਤਲਵਾਰ ਉਸ ਦੇ ਮੋਢੇ ਨੂੰ ਚੀਰਦੀ ਹੋਈ ਕਮਰ ਤਕ ਚਲੀ ਗਈ। ਵਜ਼ੀਰ ਖਾਂ ਮਾਰਿਆ ਗਿਆ। ਵਿਲੀਅਮ ਇਰਵਿਨ ਲੜਾਈ ਦਾ ਹਾਲ ਦੱਸਦਿਆਂ ਲਿਖ ਰਿਹਾ ਹੈ ਕਿ ‘ਪਹਿਲਾਂ ਪਹਿਲਾਂ’ ਵਜ਼ੀਰ ਖਾਨ ਦੀ ਸੈਨਾ ਅੱਗੇ ਵਧਦੀ ਪ੍ਰਤੀਤ ਹੋ ਰਹੀ ਸੀ ਪਰ ਜਿਉਂ ਹੀ ਬੰਦੇ ਨੇ ਮੁਗ਼ਲ ਫੌਜ ਦੇ ਪਿਛਲੇ ਹਿੱਸੇ ’ਤੇ ਇਕਦਮ ਹਮਲਾ ਕੀਤਾ ਤਾਂ ਉਸ ਦੇ ਪੈਰ ਹਿੱਲ ਗਏ ਸਨ। ਸਿੱਖਾਂ ਨੇ ਤੋੜੇਦਾਰ ਬੰਦੂਕਾਂ ਨਾਲ ਹਾਥੀਆਂ ਦੇ ਦਸਤੇ ਉਪਰ ਹਮਲਾ ਕੀਤਾ ਅਤੇ ਮਾਲੇਰਕੋਟਲੇ ਦੇ ਨਵਾਬ ਹੋਰਨਾਂ ਜਰਨੈਲਾਂ ਸਮੇਤ ਮਾਰੇ ਗਏ ਸਨ। ਵਜ਼ੀਰ ਖਾਨ 80 ਸਾਲ ਦੀ ਉਮਰ ਦਾ ਸੀ। ਉਸ ਨੇ ਆਪਣੀ ਫੌਜ ਨੂੰ ਲੜਾਉਣ ਲਈ ਬੜੀ ਕੋਸ਼ਿਸ਼ ਕੀਤੀ ਪਰ ਅਖੀਰ ਨੂੰ ਉਹ  ਵੀ ਇਕ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ।
ਇਸ ਤਰ੍ਹਾਂ ਵਜ਼ੀਰ ਖਾਨ ਨੂੰ ਮਾਰੇ ਜਾਣ ਸਬੰਧੀ ਵੱਖ-ਵੱਖ ਵਿਚਾਰ ਹਨ। ਵੈਸੇ ਮਹੱਤਤਾ ਇਸ ਗੱਲ ਦੀ ਨਹੀਂ ਹੈ ਕਿ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਸੀ ਜਾਂ ਕਿਸ ਨੇ         ਨਹੀਂ ਮਾਰਿਆ ਸੀ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਜਿੱਤ ਸਿੰਘਾਂ ਦੀ ਹੋਈ ਅਤੇ ਵਜ਼ੀਰ ਖਾਂ ਮਾਰਿਆ ਗਿਆ    ਸੀ।                                     (ਚਲਦਾ)


Comments Off on ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-8
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.