ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

‘ਲੀਰੋ-ਲੀਰ’ ਹੋਇਆ ਪੰਜਾਬ ਦਾ ਸਭਿਆਚਾਰ

Posted On March - 20 - 2010

ਪਰਮਜੀਤ ਕੌਰ ਸਰਹਿੰਦ

ਪੰਜਾਬਣਾਂ ਦੀ ਸ਼ਾਨ ਵੱਖਰੀ ਫੋਟੋ: ਮਨੋਜ ਮਹਾਜਨ

ਪੰਜਾਬ ਆਪਣੇ ਮਾਣ-ਮੱਤੇ ਵਿਰਸੇ ਲਈ ਦੁਨੀਆਂ ਭਰ ਵਿਚ ਮਸ਼ਹੂਰ ਹੈ। ਪੰਜਾਬ ਵਰਗਾ ਸਭਿਆਚਾਰ ਘੱਟ ਹੀ ਕਿਤੇ ਵੇਖਿਆ ਸੁਣਿਆ ਹੈ। ਜੇ ਪੰਜਾਬੀ ਗੱਭਰੂ ਮੁਟਿਆਰਾਂ ਅਣਖੀਲੇ ਕਹਾਉਂਦੇ ਨੇ ਤਾਂ ਸ਼ਰਮ ਹਯਾ ਵੀ ਇਨ੍ਹਾਂ ਦਾ ਗਹਿਣਾ ਹੈ। ਪਰ ਅਜੋਕੇ ਸਮੇਂ ਵਿਚ ਇਨ੍ਹਾਂ ਦੇ ਇਹ ਗਹਿਣੇ ਇਨ੍ਹਾਂ ਦੇ ਹੀ ਪੈਰਾਂ ਵਿਚ ਰੁਲ ਰਹੇ ਨੇ। ਹੋਰ ਕਿਸੇ ਵਿਸ਼ੇ ਨੂੰ ਨਾ ਛੂੰਹਦੇ ਹੋਏ ਸਿਰਫ ਪੰਜਾਬੀ ਗਾਇਕੀ ਅਤੇ ਟੀ.ਵੀ. ਪ੍ਰੋਗਰਾਮ ਬਾਰੇ ਹੀ ਗੱਲ ਕਰੀਏ। ਇਥੋਂ ਹੀ ਕੱਲ੍ਹ ਤੇ ਅੱਜ ਦਾ ਫਰਕ ਨਜ਼ਰ ਆਉਂਦਾ ਹੈ। ਸਾਰੀ ਗਾਇਕੀ ਜਾਂ ਸਾਰੇ ਪ੍ਰੋਗਰਾਮ ਮਾੜੇ ਨਹੀਂ। ਇਹ ਵੀ ਸੱਚ ਹੈ ਕਿ ਅੱਧਿਓਂ ਵੱਧ ਵੇਖਣ ਸੁਣਨ ਵਾਲੇ ਨਹੀਂ ਖਾਸ ਕਰ ਪਰਿਵਾਰ ਵਿਚ ਬੈਠਿਆਂ। ਕਦੇ ਕਦੇ ਤਾਂ ਐਨਾ ਨੰਗੇਜ਼ ਤੇ ਘਟੀਆ ਸ਼ਬਦਾਵਲੀ ਹੁੰਦੀ ਹੈ ਕਿ ਦੇਖ ਸੁਣ ਕੇ ਸ਼ਰਮ ਨਾਲ ਪਾਣੀ ਹੋ ਜਾਈਦਾ ਹੈ। ਇਹੋ ਕਾਰਨ ਹੈ ਸ਼ਾਇਦ ਅੱਜ ਹਰ ਘਰ ਵਿਚ ਆਪਣੇ ਤੌਲੀਏ ਵਾਂਗ ਆਪਣਾ ਟੀ.ਵੀ. ਜ਼ਰੂਰੀ ਹੋ ਗਿਆ ਹੈ ਵੱਖਰਾ ਦੂਜਾ ਕੋਈ ਉਸ ਨੂੰ ਹੱਥ ਨਾ ਲਾਵੇ। ਪਹਿਲਾਂ ਧੀਆਂ ਭੈਣਾਂ ਨੂੰ ਵਿਚੋਂ ਉੱਠ ਕੇ ਜਾਣਾ ਪੈਂਦਾ ਸੀ ਜਾਂ ਵੱਡਿਆਂ ਨੂੰ ਟੀ.ਵੀ. ਬੰਦ ਕਰਨਾ ਪੈਂਦਾ ਸੀ, ਪਰ ਹੁਣ ਇਸ ਦੁੱਖ ਦਾ ਦਾਰੂ ਵੱਖੋ-ਵੱਖ ਟੀ.ਵੀ. ਹੋ ਗਏ ਨੇ। ਸਾਡੇ ਗਾਇਕ ਪਹਿਲਾਂ ਨੱਚਦੀ ਸੋਹਣੀ ਕੁੜੀ ਦੇ ਦੁਆਲੇ ਹੀ ਘੁੰਮਦੇ ਸਨ, ਹੁਣ ਉਹ ਸਕੂਲਾਂ ਕਾਲਜਾਂ ਵੱਲ ਹੋ ਲਏ ਨੇ। ਕਾਫੀ ਦੇਰ ਪਹਿਲਾਂ ਇਕ ਪੰਜਾਬੀ ਗੀਤ ਸੁਣਿਆ ਜਾਂਦਾ ਸੀ ‘ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਕੱਟਿਓ ਨਾ ਕਾਲਜ ’ਚੋਂ ਨਾ’ ਇਸ ਨੂੰ ਸਾਰੇ ਲੋਕਾਂ ਬੜਾ ਮਾੜਾ ਕਿਹਾ ਸੀ, ਪਰ ਅੱਜ ਤਾਂ ਗੱਲ ਕਿੱਥੇ ਦੀ ਕਿੱਥੇ ਜਾ ਪੁੱਜੀ ਹੈ। ਜੇ ਐਦਾਂ ਦੀ ਗਾਇਕੀ ਨੂੰ ਉਦੋਂ ਹੀ ਨਾਪਸੰਦ ਕਰਕੇ ਰੱਦ ਕੀਤਾ ਜਾਂਦਾ ਤਾਂ ਇਹ ਅੱਜ ਇਸ ਖਤਰਨਾਕ ਮੋੜ ’ਤੇ ਨਾ ਪੁੱਜਦੀ। ਜੇ ਇਹ ਹੁਣ ਵੀ ਇਸੇ ਤੋਰ ਤੁਰਦੀ ਰਹੀ ਤਾਂ ਆਉਣ ਵਾਲੀ ਪੀੜ੍ਹੀ ਦਾ ਬਹੁਤ ਨੁਕਸਾਨ ਕਰੇਗੀ। ਪੰਜਾਬ ਦਾ ਜੋ ਗਿੱਧਾ ਮੁਟਿਆਰਾਂ ਦੀ ਅੱਡੀ ਨਾਲ ਧਰਤੀ ਤੇ ਧਮਕਾਂ ਪਾਉਂਦਾ ਸੀ ਉਹ ਸਭਿਆਚਾਰ ਦੇ ਨਾਂ ’ਤੇ ਸਟੇਜਾਂ ਦਾ ਸ਼ਿੰਗਾਰ ਜ਼ਰੂਰ ਹੋ ਗਿਆ ਹੈ, ਪਰ ਉਸ ਵਿਚ ਬਨਾਉਟੀਪਣ ਸਾਫ ਝਲਕਦਾ ਹੈ। ਜਦੋਂ ਕਦੇ ਪੰਜਾਬੀ ਮੁਟਿਆਰਾਂ ਰਵਾਇਤੀ ਪਹਿਰਾਵੇ ਵਿਚ ਗਿੱਧਾ ਪੇਸ਼ ਕਰਦੀਆਂ ਨੇ ਤਾਂ ਮਨ ਖੁਸ਼ ਹੋ ਜਾਂਦਾ ਹੈ। ਦੁੱਖ ਉਦੋਂ ਹੁੰਦਾ ਹੈ ਜਦੋਂ ਗੀਤ ਤਾਂ ਹੁੰਦਾ ਹੈ ਸੱਤ ਰੰਗੇ ਦੁਪੱਟੇ ਦਾ ਜਾਂ ਪਰਾਂਦੇ ਦਾ, ਪਰ ਕੁੜੀਆਂ ਨੇ ਉਹੋ ਅੱਧੇ ਅਧੂਰੇ ਕੱਪੜੇ ਪਹਿਨੇ ਹੁੰਦੇ ਨੇ। ਸਿਰ ’ਤੇ ਦੁਪੱਟਾ ਤਾਂ ਕੀ ਗਜ਼ ਗਜ਼ ਲੰਮੇ ਕੇਸਾਂ ਦੀ ਥਾਂ ਗਿੱਠ ਗਿੱਠ ਦੇ ਬੋਦੇ ਹੀ ਹੁੰਦੇ ਨੇ…। ਲੀਰੋ ਲੀਰ ਹੋਏ ਸਭਿਆਚਾਰ ਨੂੰ ਦੇਖ ਕੇ ਮਨ ਵੀ ਜਿਵੇਂ ਲੀਰ ਲੀਰ ਹੋ ਜਾਂਦਾ ਹੈ।
ਗਾਇਕੀ ਪੱਖੋਂ ਸਾਡਾ ਪੰਜਾਬ ਬਹੁਤ ਅਮੀਰ ਹੈ। ਹੰਸ ਰਾਜ ਹੰਸ ਦਾ ਗੀਤ ‘ਮਾਪਿਆਂ ਦੇ ਘਰ ਹੱਸਦੀਆਂ ਰਹੀਆਂ ਰੋਂਦੀਆਂ ਸਹੁਰੇ ਗਈਆਂ ਪ੍ਰਦੇਸਣਾਂ ਧੀਆਂ’ ਗੁਰਦਾਸ ਮਾਨ ਦਾ ਗੀਤ ‘ਲੱਖ ਪ੍ਰਦੇਸੀ ਹੋਈਏ’, ਸਰਦੂਲ ਸਿਕੰਦਰ ਦਾ ਗੀਤ ‘ਜਿਨ੍ਹਾਂ ਦੇ ਰੂਪ ਨੇ ਸੋਹਣੇ ਉਨ੍ਹਾਂ ਦੇ ਲੇਖ ਨੇ ਖੋਟੇ’ ਹਰਭਜਨ ਮਾਨ ਦਾ ਗੀਤ ‘ਮਰਦਾ ਹੋਇਆ ਮਿਰਜ਼ਾ ਬੋਲ ਪਿਆ ਸਾਹਿਬਾਂ ਤੂੰ ਮਾੜੀ ਕੀਤੀ ਨੀ’, ਬੱਬੂ ਮਾਨ ਦਾ ਗੀਤ ‘ਸਾਉਣ ਦੀ ਝੜੀ’, ਮਨਮੋਹਨ ਵਾਰਸ ਦਾ ਗੀਤ ‘ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ’ ਸਤਵਿੰਦਰ ਬੁੱਗਾ ਦਾ ਗੀਤ ‘ਇਹ ਇਸ਼ਕ ਕਿਸੇ ਦਾ ਨਹੀਂ ਹੋਇਆ’…ਵਰਗੇ ਗੀਤ ਲੋਕਾਂ ਦੇ ਹਰ ਵਰਗ ਨੇ ਪਸੰਦ ਕੀਤੇ। ਬੇਸ਼ੱਕ ਇਹ ਗੀਤ ਵੀ ਇਸ਼ਕ ਮੁਸ਼ਕ ਦੀ ਗੱਲ ਕਰਦੇ ਨੇ, ਪਰ ਕਿਸੇ ਸ਼ੋਭਦੀ ਸੀਮਾ ਵਿਚ। ਪੰਮੀ ਬਾਈ ਨੇ ਵਿਲੱਖਣ ਗਾਇਕੀ ਪੇਸ਼ ਕੀਤੀ ਹੈ। ਮਲਕੀਤ ‘ਤੂਤਕ ਤੂਤਕ ਤੂਤੀਆਂ’ ਵਾਲੇ ਨੇ ਜੋ ਮਾਣ ਇੰਗਲੈਂਡ ’ਚ ਦਿਵਾਇਆ ਹੈ ਉਹ ਅਸੀਂ ਸਾਰੇ ਜਾਣਦੇ ਹਾਂ। ਜੈਜ਼ੀ ਬੈਂਸ ਨੇ ‘ਨਾਗ ਸਾਂਭ ਲੈ ਜ਼ੁਲਫਾਂ ਦੇ’ ਨਾਲ ਸਰੋਤਿਆਂ ਨੂੰ ਕੀਲਿਆ। ਬਿੰਦਰੱਖੀਏ ਦੀ ਕੀ ਗੱਲ ਕਰਾਂ ਬੋਲੀਆਂ ਅਤੇ ‘ਇਹ ਗਲੀ ਸਰਕਾਰੀ ਏ’ ਵਰਗੇ ਸਦਾਬਹਾਰ ਗੀਤ ਤਾਂ ਗਾਏ ਹੀ ਪਰ ਜੋ ਉਦਾਸ ਗੀਤ ਗਾਇਆ ‘ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ੍ਹ ਤਕ ਨਹੀਂ ਰਹਿਣਾ’, ਉਸ ਨੂੰ ਸੱਚ ਕਰ ਗਿਆ…। ਪੰਜਾਬ ਦੇ ਇਹ ਗਾਇਕ ਪੁੱਤ ਪੰਜਾਬ ਦਾ ਮਾਣ ਨੇ।
ਅਫਸੋਸ ਨਾਲ ਲਿਖਣਾ ਪੈਂਦਾ ਹੈ ਜਦੋਂ ਚੰਗੇ ਗਾਇਕ ਵੀ ਕਈ ਵਾਰ ਇਸ ਪੱਖੋਂ ਕਸੂਰਵਾਰ ਹੋ ਨਿਬੜਦੇ ਨੇ। ਇਹ ਵੀ ਕਈ ਵਾਰ ਬਿਨਾਂ ਲੋੜੋਂ ਮੁੰਡੇ ਕੁੜੀਆਂ ਦੇ ਟੋਲਿਆਂ ਨੂੰ ਨਾਲ ਨਚਾਉਂਦੇ ਨੇ। ਕਿੰਨਾ ਚੰਗਾ ਹੋਵੇ ਜੇ ਇਹ ਗਾਇਕ ਨਿਰੋਲ ਗਾਇਕ ਹੀ ਰਹਿਣ ਨਚਾਰ ਨਾ ਬਣਨ। ਵਧੀਆ ਗਾਇਕ ਦੀ ਆਵਾਜ਼ ਵਿਚ ਤਾਂ ਐਨੀ ਤਾਕਤ ਹੁੰਦੀ ਹੈ ਕਿ ਜੇ ਬਿਨਾਂ ਸਾਜ਼ਾਂ ਤੋਂ ਸੱਥ ਵਿਚ ਖੜ੍ਹ ਕੇ ਗਾਣਾ ਗਾ ਦੇਣ ਤਾਂ ਲੋਕਾਂ ਨੂੰ ਬੰਨ੍ਹ ਕੇ ਬਿਠਾ ਲੈਣ। ਮੈਂ ਬਹੁਤੇ ਨਵੇਂ ਤੇ ਬਹੁਤੇ ਪੁਰਾਣੇ ਗਾਇਕਾਂ ਦੀ ਗੱਲ ਨਹੀਂ ਛੋਹੀ ਕਿਉਂਕਿ ਸਾਰਿਆਂ ਦਾ ਜ਼ਿਕਰ ਇਕ ਲੇਖ ਵਿਚ ਸੰਭਵ ਨਹੀਂ। ਇਸ਼ਮੀਤ ਦਾ ਜ਼ਿਕਰ ਜ਼ਰੂਰੀ ਹੈ ਉਸ ਦੀ ਆਵਾਜ਼ ਵਿਚ ਤਾਂ ਜਾਦੂ ਹੈ ਹੀ ਸੀ, ਉਸ ਦੀ ਸਾਦਗੀ ਵੀ ਸੋਨੇ ’ਤੇ ਸੁਹਾਗਾ ਹੋ ਗਈ ਸੀ। ਉਹ ਅਜੋਕੇ ਗਾਇਕਾਂ ਨੂੰ ਸਾਦਗੀ ਦਾ ਸੁਨੇਹਾ ਦੇ ਗਿਆ…। ਪੁਰਾਣੇ ਗਾਇਕਾਂ ਵਿਚੋਂ ਜਿੱਥੇਂ ਮੁਹੰਮਦ ਸਦੀਕ ਤੇ ਕੁਲਦੀਪ ਮਾਣਕ ਮੱਲੋ-ਮੱਲੀ ਕਲਮ ਦੇ ਮੂੰਹ ’ਤੇ ਆ ਰਹੇ ਨੇ ਉੱਥੇ ਆਸਾ ਸਿੰਘ ਮਸਤਾਨਾ ਤੇ ਲਾਲ ਚੰਦ ਯਮਲਾ ਜੀ ਨੂੰ ਵੀ ਕਲਮ ਨਹੀਂ ਛੱਡ ਸਕੀ। ਮੁਹੰਮਦ ਸਦੀਕ ਦੇ ਦੋਗਾਣੇ ਤੇ ਕੁਲਦੀਪ ਮਾਣਕ ਦੀਆਂ ਕਲੀਆਂ ਵੀ ਸਦਾਬਹਾਰ ਨੇ। ਆਸਾ ਸਿੰਘ ਮਸਤਾਨਾ ਦਾ ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ’ ਅਤੇ ‘ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ ਸਾਨੂੰ ਮਿਲ ਕੇ ਗ਼ੈਰ ਦੇ ਘਰ ਤੁਰ ਗਿਓਂ, ਮਿਹਰਬਾਨੀ ਦਾ ਮਜ਼ਾ ਜਾਂਦਾ ਰਿਹਾ…’  ਅੱਜ ਵੀ ਦਿਲ ਨੂੰ ਧੁਅ ਪਾਉਂਦੇ ਨੇ। ਯਮਲਾ ਜੀ ਦਾ ਪ੍ਰਸਿੱਧ ਗੀਤ ‘ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ, ਤੇਰੇ ਨੀ ਕਰਾਰਾਂ ਮੈਨੂੰ ਪੱਟਿਆ…, ਅਤੇ ‘ਲਾਹ ਕੇ ਸੋਨੇ ਦੀ ਜ਼ੰਜੀਰੀ ਪਾਈ ਆ ਮੋਤੀਆਂ ਦੀ ਗਾਨੀ ਬੜੀ ਸਾਂਭ ਸਾਂਭ ਰੱਖੇ ਇਹ ਕੀਹਦੀ ਏ ਨਿਸ਼ਾਨੀ’…ਵਰਗੇ ਗੀਤ ਸੁਣ ਕੇ ਰੂਹ ਨਸ਼ਿਆ ਜਾਂਦੀ ਹੈ। ਪਰ ਜੇ ਇਹੋ ਗੀਤ ਅੱਜ ਦੇ ਗਾਇਕ ਗਾਉਂਦੇ ਤਾਂ ਸਾਜ਼ਾਂ ਦੇ ਬੇਲੋੜੇ ਸ਼ੋਰ ਤੇ ਕਾਵਾਂ ਰੌਲੀ ਨੇ ਸੁਣਨ ਜੋਗੇ ਨਹੀਂ ਸਨ ਛੱਡਣੇ ਤੇ ਅੱਧੇ ਅਧੂਰੇ ਕੱਪੜੇ ਪਹਿਨੀ ਕੁੜੀਆਂ ਨੇ ਦੇਖਣ ਜੋਗੇ ਨਹੀਂ ਸਨ ਛੱਡਣੇ। ਅੱਜ ਦੀ ਗਾਇਕੀ  ਬੱਚਿਆਂ ਨੂੰ ਅਤੇ ਨੌਜਵਾਨੀ ਨੂੰ ਕੁਰਾਹੇ ਪਾ ਰਹੀ ਹੈ ਜਦਕਿ ਸੰਗੀਤ ਤਾਂ ਰੂਹ ਦੀ ਖੁਰਾਕ ਹੁੰਦਾ ਹੈ। ਅਸੀਂ ਸਾਰੇ ਵਾਰ-ਵਾਰ ਦੁਹਾਈ ਦਿੰਦੇ ਹਾਂ ਕਿ ਟੀ.ਵੀ. ਚੈਨਲਾਂ ’ਤੇ ਸਰਕਾਰ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਹੈ। ਜਿਉਂ ਜਿਉਂ ਇਸ ਦੇ ਖ਼ਿਲਾਫ਼ ਆਵਾਜ਼ ਉੱਠਦੀ ਹੈ ਮੈਨੂੰ ਤਾਂ ਲਗਦਾ ਹੈ ਸਗੋਂ ਇਸ ਦਾ ਮਿਆਰ ਹੋਰ ਡਿੱਗ ਰਿਹਾ ਹੈ। ਸੋ ਸਾਨੂੰ ਇਸ ਲਈ ਆਪ ਹੀ ਕੁਝ ਕਰਨਾ ਪਵੇਗਾ। ਮੇਰੇ ਖ਼ਿਆਲ ਅਨੁਸਾਰ ਕੇਬਲ ਕੁਨੈਕਸ਼ਨ ਕਟਵਾਏ ਜਾਣ ਜਾਂ ਘੱਟ ਤੋਂ ਘੱਟ ਚੰਗੇ ਚੈਨਲ ਚਲਦੇ ਰੱਖੇ ਜਾਣ। ਖਾਸ ਕਰ ਘਰਦੀਆਂ ਸੁਆਣੀਆਂ ਇਸ ਵਿਚ ਯੋਗਦਾਨ ਪਾ ਸਕਦੀਆਂ ਨੇ। ਹਰ ਚੈਨਲ ’ਤੇ ਚਲਦੇ ਲੜੀਵਾਰ ਛੱਡਣ ਅਤੇ ‘ਨੱਚ ਬਲੀਏ’ ‘ਆ ਜਾ ਮਾਹੀ ਵੇ’ ਨੂੰ ਕੁਰਬਾਨ ਕਰਨ…। ਜੇ ਅਸੀਂ ਆਪਣੇ ਬੱਚਿਆਂ ਦਾ ਖ਼ਿਆਲ ਨਹੀਂ ਕਰਾਂਗੇ ਸਰਕਾਰਾਂ ਜਾਂ ਟੀ.ਵੀ. ਚੈਨਲਾਂ ਵਾਲਿਆਂ ਨੂੰ ਕੀ ਲੋੜ ਪਈ ਹੈ ਆਪਣੀ ਆਮਦਨ ਦੇ ਸਰੋਤ ਖਤਮ ਕਰਨ? ਜਿਸ ਦੀਆਂ ਅੱਖਾਂ ਦੁਖਦੀਆਂ ਨੇ ਆਪੇ ਸੁਰਮਾ ਪਾਵੇ ਤਾਂ ਗੱਲ ਬਣਨੀ ਹੈ।
ਬੱਚਿਆਂ ਨੂੰ ਅਸੀਂ ਆਪ ਕੁਝ ਚੰਗਾ ਸਿਖਾਈਏ ਤਾਂ ਉਹ ਸਿੱਖਣਗੇ ਤੇ ਮਾੜੇ ਦਾ ਅਸਰ ਵੀ ਘੱਟ ਕਬੂਲਣਗੇ। ਜ਼ਿਕਰਯੋਗ ਹੈ ਕਿ ਸਾਡਾ ਪੰਜ ਸਾਲਾਂ ਦਾ ਬੱਚਾ ਖਰੀਦੋ-ਫਰੋਖਤ ਕਰਦਿਆਂ ਸਾਡੇ ਨਾਲ ਸੀ। ਸਾਡਾ ਸੱਸ-ਨੂੰਹ ਦਾ ਧਿਆਨ ਉਸ ਦੇ ਕੱਪੜਿਆਂ ਦਾ ਸਾਈਜ਼ ਦੇਖਣ ਵੱਲ ਸੀ। ਬੱਚੇ ਨੇ ਮੈਨੂੰ ਕਿਹਾ ‘ਦਾਦਾ ਮੰਮੀ-ਮੰਮਾ ਦੀ ਚੁੰਨੀ…’। ਮੈਂ ਦੇਖਿਆ ਉਸ ਦੀ ਮੰਮੀ ਦੇ ਸਿਰੋਂ ਦੁਪੱਟਾ ਖਿਸਕ ਗਿਆ ਸੀ, ਪਰ ਮੈਂ ਉਹਦੀ ਗੱਲ ਵੱਲ ਧਿਆਨ ਨਾ ਦਿੱਤਾ। ਉਸ ਫਿਰ ਦੁਬਾਰਾ ਮੇਰਾ ਹੱਥ ਫੜ ਕੇ ਆਪਣੀ ਮੰਮੀ ਦੀ ਸਿਰੋਂ ਖਿਸਕੀ ਚੁੰਨੀ ਦੀ ਗੱਲ ਕੀਤੀ ਤਾਂ ਦੁਕਾਨ ਦੇ ਨੌਕਰ ਤੇ ਮਾਲਕ ਕੰਮ ਛੱਡ ਕੇ  ਸਾਡੇ ਬੱਚੇ ਦੀ ਗੱਲ ’ਤੇ ਬਹੁਤ ਹੈਰਾਨ ਤੇ ਖੁਸ਼ ਹੋਏ ਕਿ ਛੋਟੇ ਜਿਹੇ ਬੱਚੇ ਵਿਚ ਕਿੱਡੇ ਚੰਗੇ ਸੰਸਕਾਰ ਨੇ। ਇਹ ਸਾਰਾ ਕੁਝ ਬੱਚਾ ਘਰ ’ਚੋਂ ਹੀ ਸਿਖਦਾ ਹੈ। ਬੇਸ਼ੱਕ ਇਹ ਗੱਲ ਕਈਆਂ ਲਈ ਕੋਈ ਮਹੱਤਵ ਨਹੀਂ ਰੱਖਦੀ ਉਨ੍ਹਾਂ ਨੂੰ ਇਹ ਹਾਸੋਹੀਣੀ ਤੇ ਨਿਗੂਣੀ ਵੀ ਲੱਗ ਸਕਦੀ ਹੈ, ਪਰ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਟੀ.ਵੀ. ਨਾਲੋਂ ਬੱਚੇ ’ਤੇ ਘਰ ਦੀ ਰਹਿਣੀ ਬਹਿਣੀ ਦਾ ਜ਼ਿਆਦਾ ਪ੍ਰਭਾਵ ਹੈ। ਅੱਧੇ ਅਧੂਰੇ ਕੱਪੜਿਆਂ ਵਾਲੀਆਂ ਮੁੰਡਿਆਂ ਨਾਲ ਨੱਚਦੀਆਂ ਕੁੜੀਆਂ ਵੀ ਸ਼ਾਇਦ ਅਜਿਹੇ ਬੱਚਿਆਂ ’ਤੇ ਪ੍ਰਭਾਵ ਨਹੀਂ ਪਾ ਸਕਣਗੀਆਂ ਮਾੜਾ ਅਸਰ ਬੱਚੇ ਨਹੀਂ ਕਬੂਲਣਗੇ। ਪਰ ਲੋੜ ਹੈ ਉਨ੍ਹਾਂ ਨੂੰ ਹੀ ਸਹੀ ਸੇਧ ਦੇਣ ਦੀ ਚੰਗਾ ਸਿਖਾਉਣ ਦੀ।
ਜਿਹੋ ਜਿਹੇ ਕੱਪੜੇ ਪਹਿਨ ਕੇ ਪੰਜਾਬ ਦੀਆਂ ਧੀਆਂ ਸਟੇਜਾਂ ਜਾਂ ਟੀ.ਵੀ. ਦੇ ਪਰਦੇ ’ਤੇ ਨੱਚਦੀਆਂ ਨੇ, ਦੇਖ ਕੇ ਦੁੱਖ ਹੁੰਦਾ ਹੈ। ਪੰਜਾਬ ਦਾ ਖਾਸ ਕਰ ਪੰਜਾਬੀ ਪਿੰਡਾਂ ਦਾ ਸਭਿਆਚਾਰ ਤਾਂ ਅਜਿਹਾ ਹੈ ਕਿ ਅਜਿਹੇ  ਕੱਪੜੇ ਤਾਂ ਧੀਆਂ-ਭੈਣਾਂ ਖੁੱਲ੍ਹੇਆਮ ਧੋਣੋਂ ਸੁੱਕਣੇ ਪਾਉਣੋਂ ਵੀ ਝਿਜਕਦੀਆਂ ਨੇ। ਅਫਸੋਸ, ਕਿ ਸਾਡੀਆਂ ਪੰਜਾਬਣ ਧੀਆਂ ਕਿਧਰ ਨੂੰ ਤੁਰ ਪਈਆਂ? ਇਹ ਇਨ੍ਹਾਂ ਦਾ ਸ਼ੌਕ ਹੈ, ਆਧੁਨਿਕਤਾ ਹੈ ਜਾਂ ਕਿਸੇ ਮਜਬੂਰੀ ਵਿਚ ਚੱਬਿਆ ਅੱਕ…ਇਹ ਸਮਝ ਨਹੀਂ ਆ ਰਹੀ। ਪੰਜਾਬ ਅਤੇ ਪੰਜਾਬੀ ਗਾਇਕੀ ਦੀਆਂ ਧੁੰਮਾਂ ਸਾਰੀ ਦੁਨੀਆਂ ਵਿਚ ਪਈਆਂ ਹੋਈਆਂ ਨੇ। ਬਸ ਲੋੜ ਹੈ ਤਰੁੱਟੀਆਂ ਵੱਲ ਧਿਆਨ ਦੇਣ ਦੀ ਗਾਇਕਾਂ ਨੂੰ ਵੀ ਤੇ ਸਰੋਤਿਆਂ ਨੂੰ ਵੀ ਤਾਂ ਜੋ ਪੰਜਾਬ ਦਾ ਮਾਣਮੱਤਾ ਸਭਿਆਚਾਰ ਜੋ ਰੇਸ਼ਮੀ ਪਟੋਲੇ ਵਰਗਾ ਹੈ ਲੀਰੋ-ਲੀਰ ਨਾ ਹੋਵੇ।


Comments Off on ‘ਲੀਰੋ-ਲੀਰ’ ਹੋਇਆ ਪੰਜਾਬ ਦਾ ਸਭਿਆਚਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.