ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    

ਹੁਣ ਪਾਕਿਸਤਾਨ ਨਾਲ ਪ੍ਰਮਾਣੂ ਸਮਝੌਤਾ?

Posted On March - 24 - 2010

ਓਬਾਮਾ ਪ੍ਰਸ਼ਾਸਨ ਬਿਲਕੁਲ ਗੁਰੇਜ਼ ਕਰੇ

ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਪ੍ਰਮਾਣੂ ਸਮਝੌਤੇ ਦੀ ਤਰਜ਼ ਉੱਤੇ ਪਾਕਿਸਤਾਨ ਨਾਲ ਵੀ ਅਮਰੀਕਾ ਸਰਕਾਰ ਵੱਲੋਂ ਸਮਝੌਤੇ ਦੀਆਂ ਤਜਵੀਜ਼ਾਂ ਬਾਰੇ ਉੱਠ ਰਹੀਆਂ ਆਵਾਜ਼ਾਂ ‘ਤੇ ਭਾਰਤ ਸਰਕਾਰ ਵੱਲੋਂ ਫੌਰੀ ਤੌਰ ‘ਤੇ ਦਿਖਾਇਆ ਗਿਆ ਪ੍ਰਤੀਕਰਮ ਬਿਲਕੁਲ ਜਾਇਜ਼ ਹੈ ਤੇ ਇਸ ਪ੍ਰਤੀਕਰਮ ਦੇ ਮੱਦੇਨਜ਼ਰ ਓਬਾਮਾ ਪ੍ਰਸ਼ਾਸਨ ਨੂੰ ਆਪਣੀ ਇਸ ਤਜਵੀਜ਼ ‘ਤੇ ਮੁੜ ਗੌਰ ਹੀ ਨਹੀਂ ਕਰਨਾ ਚਾਹੀਦਾ, ਸਗੋਂ ਐਟਮੀ ਪਾਸਾਰ ਬਾਰੇ ਪਾਕਿਸਤਾਨ ਦੇ ਪਿਛਲੇ ਰਿਕਾਰਡ ਨੂੰ ਵੇਖਦਿਆਂ ਪਾਕਿਸਤਾਨ ਨਾਲ ਅਜਿਹੇ ਕਿਸੇ ਵੀ ਸਮਝੌਤੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਇਹ ਕਹੇ ਜਾਣ ਦੇ ਬਾਵਜੂਦ ਕਿ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ. ਬੁਸ਼ ਨੇ ਭਾਰਤ ਨਾਲ ਜਿਸ ਤਰ੍ਹਾਂ ਦਾ ਪ੍ਰਮਾਣੂ ਸਮਝੌਤਾ ਕੀਤਾ ਸੀ, ਪਾਕਿਸਤਾਨ ਨਾਲ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਫਿਰ ਵੀ ਪਾਕਿਸਤਾਨ ਸਥਿਤ ਅਮਰੀਕੀ ਸਫ਼ੀਰ ਐਨੀ ਪੈਟਰਸਨ ਨੇ ਲਾਸ ਏਂਜਲਸ ਦੇ ਇਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਇਹ ਗੱਲ ਮੰਨੀ ਹੈ ਕਿ ਪ੍ਰਮਾਣੂ ਸਮਝੌਤੇ ਦੇ ਸਬੰਧ ਵਿੱਚ ਪਾਕਿਸਤਾਨ ਨਾਲ ”ਗੱਲਬਾਤ ਸ਼ੁਰੂ” ਹੋਈ ਹੈ। ਅਫਗਾਨਿਸਤਾਨ ਤੇ ਪਾਕਿਸਤਾਨ ਲਈ ਓਬਾਮਾ ਪ੍ਰਸ਼ਾਸਨ ਦੇ ਵਿਸ਼ੇਸ਼ ਦੂਤ ਰਿਚਰਡ ਹੌਲਬਰੁੱਕ ਨੇ ਵੀ ਮੰਨਿਆ ਹੈ ਕਿ ਰਣਨੀਤਕ ਪੱਧਰ ਦੀ ਇਸ ਪਹਿਲੀ ਗੱਲਬਾਤ ਦਾ ਏਜੰਡਾ ਕਾਫ਼ੀ ਵਿਸ਼ਾਲ ਹੈ ਜਿਸ ਵਿੱਚ ਅਮਰੀਕਾ ਸਰਕਾਰ ਪਾਕਿਸਤਾਨ ਦੀ ਗੱਲ ਧਿਆਨ ਨਾਲ ਸੁਣੇਗੀ। ਜਦੋਂ ਅਮਰੀਕਾ, ਪਾਕਿਸਤਾਨ ਦੀ ਗੱਲ ਧਿਆਨ ਨਾਲ ਸੁਣਨ ਦੇ ਪੱਖ ਵਿੱਚ ਹੋ ਗਿਆ ਹੈ ਤਾਂ ਜ਼ਾਹਰ ਹੈ ਕਿ ਪਾਕਿਸਤਾਨ ਪ੍ਰਤੀ ਉਸ ਦੇ ਰੁਖ਼ ਵਿੱਚ ਤਬਦੀਲੀ ਆਈ ਹੈ। ਅਮਰੀਕਾ ਦਾ ਆਪਣਾ ਅਰਥਚਾਰਾ ਇਸ ਵੇਲੇ ਹਿੱਲਿਆ ਪਿਆ ਹੈ ਤੇ ਉਸ ਦੀ ਪ੍ਰਮਾਣੂ ਸਨਅਤ ਨੂੰ ਵੀ ਖੂਬ ਝਟਕਾ ਲੱਗਿਆ ਹੈ। ਹੁਣ ਸਵਾਲ ਉਸ ਬੈਠਦੀ ਜਾ ਰਹੀ ਸਨਅਤ ਨੂੰ ਮੁੜ ਸੁਰਜੀਤ ਕਰਨ ਦਾ ਵੀ ਹੈ ਜਿਸ ਲਈ ਅਮਰੀਕਾ ਨੂੰ ਇਕ ਹੋਰ ਖਰੀਦਦਾਰ ਵੀ ਚਾਹੀਦਾ ਹੈ। ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਅੰਦਰਖਾਤੇ ਇਹ ਸੋਚ ਅਮਰੀਕਾ ਦੀ ਹੋ ਸਕਦੀ ਹੈ ਪਰ ਇਸ ਦਾ ਇਸ ਸਾਰੇ ਖਿੱਤੇ ਦੇ ਅਮਨ ਉੱਪਰ ਕੀ ਅਸਰ ਪਵੇਗਾ, ਉਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ।
ਪ੍ਰਮਾਣੂ ਹਥਿਆਰਾਂ ਦੇ ਪਾਸਾਰ ਸਬੰਧੀ ਪਾਕਿਸਤਾਨ ਦਾ ਰਿਕਾਰਡ ਬਹੁਤ ਹੈਰਾਨ ਕਰ ਦੇਣ ਵਾਲਾ ਰਿਹਾ ਹੈ। ਪਾਕਿਸਤਾਨ ਪਹਿਲਾਂ ਹੀ ਐਟਮ ਬੰਬ ਤਿਆਰ ਕਰਨ ਵਾਲਾ ਮੁਲਕ ਬਣ ਚੁੱਕਿਆ ਹੈ ਤੇ ਇਸਦੇ ਪ੍ਰਮਾਣੂ ਵਿਗਿਆਨੀ ਏ.ਕਿਊ. ਖਾਨ ਵੱਲੋਂ ਜਿਸ ਤਰ੍ਹਾਂ ਪ੍ਰਮਾਣੂ ਤਕਨਾਲੋਜੀ ਤੇ ਇਸ ਨਾਲ ਸਬੰਧਤ ਹੋਰ ਅਹਿਮ ਫਾਰਮੂਲੇ ਕੁਝ ਬਾਹਰਲੇ ਮੁਲਕਾਂ ਨੂੰ ਅੰਦਰਖਾਤੇ ਦੇ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਉਸ ਤੋਂ ਜ਼ਾਹਰ ਹੈ ਕਿ ਪ੍ਰਮਾਣੂ ਅਪਸਾਰ ਬਾਰੇ ਪਾਕਿਸਤਾਨ ਸੰਜੀਦਾ ਨਹੀਂ ਹੈ। ਅਮਰੀਕਾ ਨਾਲ ਭਾਰਤ ਦਾ ਸਮਝੌਤਾ ਹੋਣ ਤੋਂ ਪਹਿਲਾਂ ਪਾਕਿਸਤਾਨ ਬੁਲੰਦ ਆਵਾਜ਼ ਵਿੱਚ ਇਸ ਦਾ ਵਿਰੋਧ ਕਰਦਾ ਰਿਹਾ ਸੀ ਤੇ ਫਿਰ ਜਦ ਸਮਝੌਤਾ ਹੋ ਗਿਆ ਤਾਂ ਇਸੇ ਤਰਜ਼ ‘ਤੇ ਆਪਣੀ ਸਮਝੌਤੇ ਦੀ ਮੰਗ ਕਰਨ ਲੱਗ ਪਿਆ। ਭਾਰਤ ਨੇ ਹਮੇਸ਼ਾਂ ਪ੍ਰਮਾਣੂ ਅਪਸਾਰ ਦੀ ਹਮਾਇਤ ਕੀਤੀ ਹੈ ਤੇ ਇਸ ‘ਤੇ ਪਹਿਰਾ ਵੀ ਦਿੱਤਾ ਹੈ। ਅਮਰੀਕਾ ਨਾਲ ਸਮਝੌਤਾ ਕਰਨ ਸਮੇਂ ਵੀ ਇਹੋ ਗੱਲ ਆਧਾਰ ਬਣੀ ਹੈ ਕਿ ਪ੍ਰਮਾਣੂ ਰਿਐਕਟਰਾਂ ਤੋਂ ਪੈਦਾ ਹੋਣ ਵਾਲੀ ਊਰਜਾ ਨੂੰ ਦੇਸ਼ ਅੰਦਰਲੇ ਵਿਕਾਸ ਤੇ ਹੋਰ ਸ਼ਾਂਤਮਈ ਕੰਮਾਂ ਲਈ ਵਰਤਿਆ ਜਾਵੇਗਾ। ਇਹੋ ਗੱਲ ਹੈ ਜਿਹੜੀ ਇਸ ਸਮਝੌਤੇ ਦੇ ਪ੍ਰਸੰਗ ਵਿੱਚ ਦੋਹਾਂ ਮੁਲਕਾਂ ਨੂੰ ਨਿਖੇੜਦੀ ਹੈ। ਅਮਰੀਕਾ ਵੱਲੋਂ ਭਾਰਤ ਨਾਲ ਕੀਤੀ ਗਈ ਪ੍ਰਮਾਣੂ ਸੰਧੀ ਸਿਰਫ਼ ਤੇ ਸਿਰਫ਼ ਭਾਰਤ ਦੇ ਪਿਛਲੇ ਰਿਕਾਰਡ, ਇਕ ਅਮਨ-ਪਸੰਦ ਮੁਲਕ ਵਜੋਂ ਇਸ ਦੇ ਵੱਕਾਰ ਅਤੇ ਇਸ ਦੀਆਂ ਊਰਜਾ ਜ਼ਰੂਰਤਾਂ ਦੇ ਨਾਲ ਸਬੰਧਤ ਹੈ ਜਿਸ ਨੂੰ ਕਿਸੇ ਵੀ ਹੋਰ ਮੁਲਕ ਦੇ ਪ੍ਰਸੰਗ ਵਿੱਚ ਬਰਾਬਰ ਰੱਖ ਕੇ ਨਹੀਂ ਵੇਖਿਆ ਜਾ ਸਕਦਾ। ਇਹ ਗੱਲ ਅਮਰੀਕਾ ਦੇ ਕਾਨੂੰਨ ਘਾੜੇ ਵੀ ਮੰਨਦੇ ਹਨ। ਅਮਰੀਕਾ ਨੂੰ ਇਸ ਸਮਝੌਤੇ ਨਾਲ ਆਪਣੀ ਪ੍ਰਮਾਣੂ ਸਨਅਤ ਨੂੰ ਮੁੜ ਸੁਰਜੀਤ ਕਰਨ ਲਈ ਇਕ ਨਵੀਂ ਮੰਡੀ ਜ਼ਰੂਰ ਮਿਲ ਜਾਵੇਗੀ ਪਰ ਇਸ ਤੋਂ ਬਾਅਦ ਪ੍ਰਮਾਣੂ ਹਥਿਆਰ ਕਿਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਅਨਸਰਾਂ ਦੇ ਹੱਥਾਂ ਵਿੱਚ ਚਲੇ ਜਾਣਗੇ ਤੇ ਇਸ ਖਿੱਤੇ ਦੇ ਅਮਨ ਨੂੰ ਕਿਸ ਤਰ੍ਹਾਂ ਦਾ ਖ਼ਤਰਾ ਹੋਵੇਗਾ, ਉਨ੍ਹਾਂ ਪੱਖਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਅੰਦਰ ਇਸ ਵੇਲੇ ਮਜ਼ਬੂਤ ਸਰਕਾਰ ਨਹੀਂ ਹੈ ਤੇ ਸਰਕਾਰ ਦੀ ਕਮਜ਼ੋਰੀ ਦਾ ਲਾਭ ਪਹਿਲਾਂ ਹੀ ਦਹਿਸ਼ਤਗਰਦ ਗੁੱਟ ਲੈ ਰਹੇ ਹਨ। ਇਸ ਲਈ ਜੇ ਪਾਕਿਸਤਾਨ ਦੇ ਪ੍ਰਮਾਣੂ ਅਸਾਸੇ ਇਸ ਤਰ੍ਹਾਂ ਦੇ ਅਨਸਰਾਂ ਦੇ ਹੱਥ ਵਿੱਚ ਚਲੇ ਜਾਂਦੇ ਹਨ ਤਾਂ ਉਹ ਬਹੁਤ ਹੀ ਖਤਰਨਾਕ ਸਥਿਤੀ ਹੋਵੇਗੀ। ਇਸ ਤਰ੍ਹਾਂ ਦੇ ਕਿਸੇ ਵੀ ਸਮਝੌਤੇ ਤੋਂ ਪਿਛਲੇ ਸਮੇਂ ਤੋਂ ਨਾਂਹ-ਨਾਂਹ ਕਰਦੇ ਆਉਣ ਦੇ ਬਾਵਜੂਦ ਅਮਰੀਕਾ ਦੀ ਸੋਚ ਵਿੱਚ ਆਈ ਇਹ ਤਬਦੀਲੀ ਨਿਰਸੰਦੇਹ ਹੈਰਾਨ ਕਰਨ ਵਾਲੀ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤ ਇਹੋ ਸਮਝਦਾ ਆ ਰਿਹਾ ਸੀ ਕਿ ਸ਼ਾਇਦ ਪਾਕਿਸਤਾਨ ਨਾਲੋਂ ਅਮਰੀਕਾ ਉਸ ਨੂੰ ਵਧੇਰੇ ਨੇੜੇ ਸਮਝਣ ਲੱਗ ਪਿਆ ਹੈ। ਇਸ ਨਵੀਂ ਸਥਿਤੀ ਨੇ ਉਸ ਨੂੰ ਮਹਿਜ਼ ਭ੍ਰਮ ਬਣਾ ਦਿੱਤਾ ਹੈ।


Comments Off on ਹੁਣ ਪਾਕਿਸਤਾਨ ਨਾਲ ਪ੍ਰਮਾਣੂ ਸਮਝੌਤਾ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.