ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਹਮ ਭੀ ਖ਼ੁਆਬ ਰਖਤੇ ਹੈਂ…

Posted On March - 22 - 2010

ਅਨੁਭਵ

ਵਿਕਰਮ ਸਿੰਘ ਸੰਗਰੂਰ
ਕਾਸ਼! ਇਨਸਾਨ ਦੀ ਫ਼ਿਤਰਤ ਵੀ ਖ਼ੁਆਬ ਵਰਗੀ ਹੁੰਦੀ। ਖ਼ੁਆਬ, ਕਦੀ ਨਾ ਤਾਂ ਇਹ ਦੇਖਦੇ ਅਤੇ ਨਾ ਹੀ ਇਹ ਸੋਚਦੇ ਹਨ ਕਿ ਅਸੀਂ ਜਿਸ ਦੇ ਦਿਲ ਵਿਚ ਵੱਸਣ ਜਾ ਰਹੇ ਹਾਂ ਉਸ ਦਾ ਧਰਮ ਤੇ ਜਾਤ ਕੀ ਹੈ? ਜਾਂ ਉਹ ਕਿੰਨਾ ਗ਼ਰੀਬ ਤੇ ਕਿੰਨਾ ਅਮੀਰ ਹੈ? ਪਤਾ ਹੀ ਨਹੀਂ ਲੱਗਦਾ ਕਿ ਇਹ ਅੱਖੋਂ ਹੀਣੇ ਖ਼ੁਆਬ ਦਿਲ ਵਿਚ ਕਿਵੇਂ ਅਜਿਹੀ ਥਾਂ ਭਾਲ ਕੇ ਬਹਿ ਜਾਂਦੇ ਨੇ ਕਿ ਫਿਰ ਉੱਥੋਂ  ਕੱਢਣੇ ਔਖੇ ਹੋ ਜਾਂਦੇ ਹਨ। ਪਰ ਇਨਸਾਨ ਤਾਂ ਜਿਉਂਦਾ ਹੀ ਖ਼ੁਆਬਾਂ ਨਾਲ ਹੈ। ਮੈਂ ਜਦ ਵੀ ਕਦੀ ਇਸ ਤਰ੍ਹਾਂ ਖ਼ੁਆਬਾਂ ਦਾ ਜ਼ਿਕਰ ਆਪਣੇ ਆਪ ਨਾਲ ਕਰਦਾ ਹਾਂ ਤਾਂ ਮੇਰੀਆਂ ਅੱਖਾਂ ਸਾਹਮਣੇ ਹਮੇਸ਼ਾ ਹੀ ਉਨ੍ਹਾਂ ਛੋਟੀਆਂ ਅੱਖਾਂ ਦੇ ਵੱਡੇ ਖ਼ੁਆਬ ਆ ਜਾਂਦੇ ਨੇ ਅਤੇ ਸੋਚਦਾ ਹਾਂ ਕਿ ਉਹ ਕਦੀ ਪੂਰੇ ਵੀ ਹੋਣਗੇ?
ਪੱਤਰਕਾਰੀ ਅਤੇ ਜਨ-ਸੰਚਾਰ ਦੀ ਐਮ.ਏ. ਕਰਦਿਆਂ ਇਕ ਵਾਰ ਪ੍ਰੋਫੈਸਰ ਸਾਹਿਬ ਨੇ ਸਭ ਵਿਦਿਆਰਥੀਆਂ ਨੂੰ ਕਿਸੇ ਵੀ ਸ਼ਖ਼ਸ ਦੀ ਇੰਟਰਵਿਊ ਕਰ ਕੇ ਲਿਆਉਣ ਲਈ ਕਿਹਾ। ਪਟਿਆਲਾ ਤੋਂ ਸੰਗਰੂਰ ਆਉਂਦਿਆਂ ਮੈਂ ਸੋਚਿਆ ਕਿ ਕਿਉਂ ਨਾ ਬਾਗਾਂ ਦੇ ਸ਼ਹਿਰ ਦੇ ਨਾਂ ਨਾਲ ਜਾਣੇ ਜਾਂਦੇ ਆਪਣੇ ਸ਼ਹਿਰ ਸੰਗਰੂਰ ਦੇ ਗੁਲਾਬਾਂ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਆਪਣੇ ਕਾਗਜ਼ਾਂ ’ਤੇ ਉਤਾਰ ਦੇਵਾਂ। ਖੌਰੇ ਮੇਰੇ ਕੋਰੇ ਪੰਨਿਆਂ ’ਤੇ ਉਕਰੀ ਇਨ੍ਹਾਂ ਗੁਲਾਬਾਂ ਦੀ ਮਹਿਕ ਮੇਰੇ ਪ੍ਰੋਫੈਸਰ ਸਾਹਿਬ ਦੇ ਦਿਲ ਨੂੰ ਹੀ ਮੋਹ ਜਾਵੇ। ਅਜਿਹੇ ਖ਼ਿਆਲਾਂ ਨੂੰ ਆਪਣੇ ਮਨ ਦੀ ਖੱਡੀ ’ਤੇ ਉਣਦਾ ਹੋਇਆ ਮੈਂ ਬੱਸ ਵਿੱਚੋਂ ਉਤਰਿਆ ਅਤੇ ਘਰ ਵੱਲ ਜਾਂਦੀ ਸੜਕ ਨੂੰ ਹੋ ਤੁਰਿਆ। ਘਰ ਕੋਲ ਪਹੁੰਚ ਕੇ ਜਦ ਮੈਂ ਦਰਵਾਜ਼ੇ ਦੇ ਕੁੰਡੇ ਨੂੰ ਹੱਥ ਪਾਇਆ ਤਾਂ ਪਿੱਛੋਂ ਕਿਸੇ ਸੋਹਲ ਜਿਹੇ ਬੁੱਲਾਂ ’ਚੋਂ ਆਵਾਜ਼ ਆਈ ‘‘ਵੀਰੇ ਰੋਟੀ ਹੈ, ਭੁੱਖ ਲੱਗੀ ਏ।’’ ‘ਭੁੱਖ’ ਲਫ਼ਜ਼ ਸੁਣਦਿਆਂ ਹੀ ਜਦ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇਹ ਆਵਾਜ਼ ਸੜਕ ’ਤੇ ਕੰਮ ਕਰ ਰਹੇ ਮਜ਼ਦੂਰਾਂ ਦੇ ਬੱਚਿਆਂ ਦੀ ਸੀ। ਮੈਂ ਰਸੋਈ ਵਿਚ ਜਾ ਕੇ ਜਦ ਇਨ੍ਹਾਂ ਬੱਚਿਆਂ ਲਈ ਕੁਝ ਖਾਣ ਵਾਸਤੇ ਲੈ ਕੇ ਪਰਤ ਰਿਹਾ ਸੀ ਤਾਂ ਉਨ੍ਹਾਂ ਗੁਲਾਬਾਂ ਦੀ ਮਹਿਕ ਦਾ ਖ਼ਿਆਲ ਮੇਰੇ ਮਨੋਂ ਇਨ੍ਹਾਂ ਅੱਧ-ਖਿੜੀਆਂ ਕਲੀਆਂ ਦੀ ਮਹਿਕ ਵਾਂਗ ਮਿਟਦਾ ਜਾ ਰਿਹਾ ਸੀ। ਮੈਂ ਸੋਚਿਆ ਕਿਉਂ ਨਾ ਉਨ੍ਹਾਂ ਗੁਲਾਬਾਂ ਦੀ ਥਾਂ ਇਨ੍ਹਾਂ ਕੁਮਲਾ ਰਹੀਆਂ ਕਲੀਆਂ ਨਾਲ ਮੁਲਾਕਾਤ ਕਰ ਇਹ ਜਾਨਣ ਦੀ ਕੋਸ਼ਿਸ਼ ਕਰਾਂ ਕਿ ਇਨ੍ਹਾਂ ਦੇ ਦਿਲਾਂ ਦੇ ਕੀ ਖ਼ੁਆਬ ਨੇ ਜਿਨ੍ਹਾਂ ਦੇ ਹੱਥਾਂ ’ਤੇ ਵੀ ‘ਉਨ੍ਹਾਂ’ ਵਾਂਗ ਹੀ ਲਕੀਰਾਂ ਹੁੰਦੀਆਂ ਹਨ।
ਉਸੇ ਹੀ ਸ਼ਾਮ ਮੈਂ ਸੜਕ ’ਤੇ ਕੰਮ ਕਰ ਰਹੇ ਮਜ਼ਦੂਰਾਂ ਦੀ ਰਿਹਾਇਸ਼ ਦਾ ਪਤਾ ਲਗਾਇਆ ਅਤੇ ਇਨ੍ਹਾਂ ਨਾਲ ਮੁਲਾਕਾਤ ਕਰਨ ਲਈ ਤੁਰ ਪਿਆ। ਦੱਸੇ ਪਤੇ ’ਤੇ ਪਹੁੰਚ ਕੇ ਮੇਰੀ ਨਜ਼ਰ ਝੁੱਗੀਆਂ-ਝੌਂਪੜੀਆਂ ਦੇ ਨੇੜੇ ਖੇਡ ਰਹੇ ਕੁਝ ਬੱਚਿਆਂ ’ਤੇ ਪਈ। ਜਦ ਮੈਂ  ਉਨ੍ਹਾਂ ਕੋਲ ਗਿਆ ਤਾਂ ਉਹ ਸਾਰੇ ਮੇਰੇ ਆਲੇ-ਦੁਆਲੇ ਇਕੱਠੇ ਹੋ ਗਏ। ਮੈਂ ਉਨ੍ਹਾਂ ਤੋਂ ਪੁੱਛਿਆ ਕੀ ਤੁਸੀਂ ਸਕੂਲ ਜਾਂਦੇ ਹੋ, ਜਦ ਉਨ੍ਹਾਂ ਸਾਰਿਆਂ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ  ਮੇਰੇ ਮੂੰਹੋਂ ‘ਕਿਉਂ’ ਨਿਕਲਦਿਆਂ ਹੀ ਉਨ੍ਹਾਂ ’ਚੋਂ ਇਕ ਕੁੜੀ ਬੋਲੀ ‘ਮਾਰਦੇ ਸੀ ਇਸ ਲਈ ਨਹੀਂ ਜਾਦੇ’ ਉਸ ਦੇ ਨਾਲ ਖੜਾ ਮੁੰਡਾ ਬੋਲਿਆ ‘ਜਦ ਥੋੜ੍ਹੀ ਜਿਹੀ ਗਲਤੀ ਹੋ ਜਾਂਦੀ ਸੀ ਤਾਂ ਹੱਥ ਪੋਲਾ ਕਰਨ ਲਈ ਕਹਿ ਕੇ ਜ਼ੋਰ ਦੀ ਡੰਡਾ ਮਾਰਦੇ ਸੀ, ਹੁਣ ਮੈਂ ਨਹੀਂ ਸਕੂਲ ਜਾਣਾ।’ ਇਨ੍ਹਾਂ ਬੱਚਿਆਂ ਦੇ ਚਿਹਰਿਆਂ ਉੱਪਰ ਡੰਡਿਆਂ ਦੀ ਮਾਰ ਦਾ ਡਰ ਦੇਖਦੇ ਹੋਏ ਮੈਂ ਗੱਲ ਬਦਲ ਕੇ ਉਨ੍ਹਾਂ ਨੂੰ ਪੁੱਛਿਆ ਜੇਕਰ ਤੁਸੀਂ ਸਕੂਲ ਨਹੀਂ ਜਾਂਦੇ ਤਾਂ ਫਿਰ ਕੀ ਕਰਦੇ ਹੋ? ਉਹ ਕਹਿਣ ਲੱਗੇ ਕਿ ਜਦ ਮੰਮੀ-ਪਾਪਾ ਕੰਮ ਕਰਦੇ ਨੇ ਅਸੀਂ ਆਪਣੇ ਛੋਟੇ ਭੈਣ-ਭਰਾਵਾਂ ਨੂੰ ਸੰਭਾਲਦੇ ਹਾਂ ਜਾਂ ਫਿਰ ਟੋਕਰੀ ਵਿਚ ਪੱਥਰ ਪਾ ਕੇ ਫੜਾਉਂਦੇ ਹਾਂ। ਜਦ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਡਾ ਵੱਡੇ ਹੋ ਕੇ ਕੀ ਬਣਨ ਦਾ ਖ਼ੁਆਬ ਹੈ। ਬੱਚਿਆਂ ਦੀ ਭੀੜ ਵਿੱਚੋਂ ਕਈ ਆਵਾਜ਼ਾਂ ਆਈਆਂ ‘ਸਲਮਾਨ ਖ਼ਾਨ’ ‘ਐਸ਼ਵਰਿਆ ਰਾਏ’ ਅਤੇ ਸਾਰੇ ਬੱਚੇ ਆਪਣੀਆਂ ਝੁੱਗੀਆਂ-ਝੌਂਪੜੀਆਂ ਵੱਲ ਦੌੜ ਗਏ। ਜਿਉਂ-ਜਿਉਂ ਉਹ ਬੱਚੇ ਆਪਣੀਆਂ ਚਾਨਣ ਤੋਂ ਸੱਖਣੀਆਂ ਝੁੱਗੀਆਂ-ਝੌਂਪੜੀਆਂ ਵੱਲ ਵਧ ਰਹੇ ਸਨ ਤਿਉਂ-ਤਿਉਂ ਇਨ੍ਹਾਂ ਦੇ ਖ਼ੁਆਬਾਂ ਦੀ ਇਹ ਉੱਚੀ ਆਵਾਜ਼ ਮੱਧਮ ਪੈਂਦੀ ਜਾ ਰਹੀ ਸੀ।
ਇਸ ਸਾਰੀ ਗੱਲਬਾਤ ਨੂੰ ਮੈਂ ਲਿਖਣ ਲਈ ਜਦ ਆਪਣੀ ਡਾਇਰੀ ਦੇ ਪੰਨੇ ਪਰਤਾਉਣ ਲੱਗਾ ਤਾਂ ਅਚਾਨਕ ਮਿਰਜ਼ਾ ਗ਼ਾਲਿਬ ਦਾ ਲਿਖਿਆ ਇਕ ਸ਼ੇਅਰ ਅੱਖਾਂ ਸਾਹਮਣੇ ਆਇਆ-
ਮੈਂ ਭੀ ਮੂੰਹ ਮੇਂ, ਜ਼ੁਬਾਨ ਰਖਤਾ ਹੂੰ
ਕਾਸ਼! ਪੂਛੋ ਕਿ ‘‘ਮੁੱਦਆ ਕਯਾ ਹੈ?’’
ਸ਼ੇਅਰ ਨੂੰ ਪੜ੍ਹਦੇ ਹੀ ਮੈਂ ਡਾਇਰੀ ਬੰਦ ਕੀਤੀ ਅਤੇ ਇਹ ਸੋਚਦਾ-ਸੋਚਦਾ ਘਰ ਨੂੰ ਤੁਰ ਪਿਆ ਕਿ ਇਨ੍ਹਾਂ ਬੱਚਿਆਂ ਦੀ ਜ਼ੁਬਾਨ ਤਾਂ ਪਹਿਲਾਂ ਹੀ ਗਰੀਬੀ ਨੇ ਗੂੰਗੀ ਕਰ ਦਿੱਤੀ ਹੈ ਕੀ ਹੁਣ ਇਨ੍ਹਾਂ ਦੇ ਇਹ ਖ਼ੁਆਬ ਵੀ….


Comments Off on ਹਮ ਭੀ ਖ਼ੁਆਬ ਰਖਤੇ ਹੈਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.