ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਸਿੱਖ ਪਰਿਵਾਰ ਵੱਲੋਂ ਇਨਸਾਫ਼ ਲਈ ਸਾਲ ਭਰ ਤੋਂ ਧਰਨਾ

Posted On March - 27 - 2010

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਹੀਨੇ ਦੇ ਅੰਦਰ ਅੰਦਰ ਕਾਰਵਾਈ ਕਰਨ ਦੇ ਆਦੇਸ਼

ਜਗਜੀਤ ਸਿੰਘ ਖੱਖ
ਸ੍ਰੀਗੰਗਾਨਗਰ, 26 ਮਾਰਚ

ਇਕ ਸਿੱਖ ਅੰਮ੍ਰਿਤਧਾਰੀ ਪਰਿਵਾਰ ਨੇ ਪਿਛਲੇ ਇਕ ਸਾਲ ਤੋਂ ਬੀਕਾਨੇਰ ਵਿੱਚ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਬਾਹਰ ਇਨਸਾਫ਼ ਲੈਣ ਲਈ ਧਰਨਾ ਲਾਇਆ ਹੋਇਆ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸੂਬੇ ਦੇ ਕਿਸੇ ਸਿੱਖ ਸੰਗਠਨ ਨੇ ਵੀ ਇਨ੍ਹਾਂ ਦੀ ਮੱਦਦ ਨਹੀਂ ਕੀਤੀ।
ਪਰਿਵਾਰ ਦਾ ਮੁਖੀ ਹਰਦੀਪ ਸਿੰਘ, ਭਰਾ ਗੁਰਮੇਜ ਸਿੰਘ, ਲੜਕੀਆਂ ਅਮਨਦੀਪ ਕੌਰ ਤੇ ਹਰਪ੍ਰੀਤ ਕੌਰ, ਲੜਕਾ ਅਮਰਜੋਤ ਸਿੰਘ ਅਤੇ ਦੋਵਾਂ ਭਰਾਵਾਂ ਦੀਆਂ ਪਤਨੀਆਂ 4 ਮਾਰਚ 2009 ਤੋਂ ਬੀਕਾਨੇਰ ਵਿੱਚ ਧਰਨਾ ਲਾ ਕੇ ਬੈਠੇ ਹੋਏ ਹਨ। ਪੁਲੀਸ ਅਤੇ ਏ.ਡੀ. ਐਮ. ਨੇ ਕਥਿਤ ਮਿਲੀਭੁਗਤ ਕਰਕੇ ਇਨ੍ਹਾਂ ਦੀ ਤਿੰਨ ਬਿੱਘੇ ਜ਼ਮੀਨ ਅਤੇ ਇਸ ਵਿੱਚ ਬਣਿਆ ਘਰ ਜ਼ਬਰਦਸਤੀ ਕੁਰਕ ਕਰ ਦਿੱਤਾ। ਇਸ ਪਰਿਵਾਰ ਦਾ ਸਾਰਾ ਘਰੇਲੂ ਸਾਮਾਨ ਅੰਦਰ ਪਿਆ ਹੋਇਆ ਸੀ। ਇਨ੍ਹਾਂ ਨੇ 1981 ’ਚ ਲੰਬੀ ਬਲਾਕ ਦੇ ਪਿੰਡ ਕੱਟਿਆਂਵਾਲੀ ਤੋਂ ਆ ਕੇ ਬੀਕਾਨੇਰ ਸ਼ਹਿਰ ਵਿੱਚ ਤਿੰਨ ਬਿੱਘੇ ਜ਼ਮੀਨ ਖਰੀਦ ਕੇ ਹੋਟਲ ਸ਼ੁਰੂ ਕੀਤਾ ਸੀ। ਫਿਰ ਇੱਥੇ ਹੀ ਰਿਹਾਇਸ਼ ਕਰ ਲਈ। ਇਨ੍ਹਾਂ ਨੇ ਇਹ ਜ਼ਮੀਨ ਇਕ ਮੁਸਲਿਮ ਪਰਿਵਾਰ ਕੋਲੋਂ ਇਕਰਾਰਨਾਮੇ ’ਤੇ ਖਰੀਦੀ ਅਤੇ ਤੀਹ ਸਾਲ ਤੋਂ ਇਸ ’ਤੇ ਕਾਬਜ਼ ਹਨ।
ਮੁਸਲਮਾਨ ਨੇ ਛਗਨ ਲਾਲ ਨਾਮੀ ਵਿਅਕਤੀ ਤੋਂ ਜ਼ਮੀਨ ਦੀ ਖਰੀਦ ਰਜਿਸਟਰੀ ਰਾਹੀਂ ਕੀਤੀ ਸੀ, ਪਰ ਕਈ ਸਾਲ ਪਹਿਲਾਂ ਛਗਨ ਲਾਲ ਨੇ ਵੇਚੀ ਹੋਈ ਜ਼ਮੀਨ ’ਤੇ ਕਈ ਲੋਕਾਂ ਨੂੰ ਪਲਾਟ ਕੱਟ ਦਿੱਤੇ। ਪੀੜਤ ਪਰਿਵਾਰ ਨੂੰ ਕੁਰਕੀ ਦੇ ਨੋਟਿਸ ਮਿਲੇ ਤਾਂ ਸੈਸ਼ਨ ਕੋਰਟ ਨੇ ਇਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਦਿੱਤਾ। ਪਹਿਲਾਂ 2001 ਅਤੇ ਫਿਰ 2009 ਵਿੱਚ ਕੁਰਕੀ ਕਰ ਦਿੱਤੀ ਗਈ। ਜੇ.ਵੀ.ਐਨ. ਕਲੋਨੀ ਦੇ ਥਾਣੇਦਾਰ ਨੇ 11 ਜਨਵਰੀ 2009 ਨੂੰ ਗੁਰਮੇਜ ਸਿੰਘ, ਉਨ੍ਹਾਂ ਦੇ ਭਰਾ ਹਰਦੀਪ ਸਿੰਘ, ਲੜਕੀਆਂ ਹਰਪ੍ਰੀਤ ਕੌਰ ਤੇ ਅਮਨਦੀਪ ਕੌਰ ਨੂੰ ਥਾਣੇ ’ਚ ਬੰਦ ਕਰ ਦਿੱਤਾ ਅਤੇ ਸਾਰਿਆਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਸਾਰਿਆਂ ’ਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਾਲਿਆਂ ਨੇ ਇਨ੍ਹਾਂ ਦਾ ਮੈਡੀਕਲ ਕਰਵਾਇਆ ਅਤੇ ਸਾਰਿਆਂ ਦੇ ਲੱਗੀਆਂ ਸੱਟਾਂ ਦੀ ਪੁਸ਼ਟੀ ਹੋ ਗਈ, ਪਰ ਪੁਲੀਸ ਦੇ ਖ਼ਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। 3 ਮਾਰਚ 2009 ਨੂੰ ਇਨ੍ਹਾਂ ਦੇ ਘਰ ਦੀ ਕੁਰਕੀ ਕਰਕੇ ਸਾਰੇ ਅੱਠ ਕਮਰੇ ਸੀਲ ਕਰ ਦਿੱਤੇ ਗਏ, ਸਾਰਾ ਘਰੇਲੂ ਸਾਮਾਨ ਅੰਦਰ ਪਿਆ ਹੈ ਅਤੇ ਇਹ ਪਰਿਵਾਰ ਸੜਕ ’ਤੇ ਆ ਗਿਆ। ਸਮਝਿਆ ਜਾ ਰਿਹਾ ਹੈ ਕਿ ਪੁਲੀਸ ਅਤੇ ਏ.ਡੀ.ਐਮ. ਸਿਟੀ ਆਪਸ ਵਿੱਚ ਰਲ਼ੇ ਹੋਏ ਹਨ, ਕਿਉਂਕਿ ਛਗਨ ਲਾਲ ਨੇ ਕਰੋੜਾਂ ਰੁਪਏ ਦੀ ਇਸ ਜਾਇਦਾਦ ’ਚ ਇਨ੍ਹਾਂ ਨੂੰ ਵੀ ਹਿੱਸਾ ਦੇਣ ਦਾ ਲਾਰਾ ਲਾਇਆ ਹੈ। ਬੀਕਾਨੇਰ ਦੇ ਕਮਿਸ਼ਨਰ ਪ੍ਰੀਤਮ ਸਿੰਘ ਵੱਲੋਂ 19.5.09 ਨੂੰ ਕਰਵਾਈ ਗਈ ਜਾਂਚ ਦੀ ਰਿਪੋਰਟ ’ਚ ਪੁਲੀਸ ਦੇ ਐਸ.ਪੀ., ਜ਼ਿਲ੍ਹਾ ਕੁਲੈਕਟਰ ਅਤੇ ਏ.ਡੀ.ਐਮ. ਨੂੰ ਦੋਸ਼ੀ ਪਾਇਆ ਗਿਆ ਹੈ, ਪਰ ਇਨ੍ਹਾਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕੁਰਕੀ ਦੀ ਸਾਰੀ ਕਾਰਵਾਈ ਗ਼ੈਰਕਾਨੂੰਨੀ ਹੈ, ਪਰ ਇਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਗੱਲ ਨੂੰ ਸੈਸ਼ਨ ਕੋਰਟ ਨੇ ਵੀ ਮੰਨਿਆ ਹੈ।
ਪੀੜਤ ਪਰਿਵਾਰ ਨੇ ਹੁਣ ਜੈਪੁਰ ਜਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਫਰਿਆਦ ਕੀਤੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ 23 ਮਾਰਚ ਨੂੰ ਚਿੱਠੀ ਭੇਜ ਕੇ ਇਕ ਮਹੀਨੇ ਵਿੱਚ ਕਾਰਵਾਈ ਕਰਨ ਲਈ ਹੁਕਮ ਦਿੱਤਾ ਹੈ। ਮਦਦ ਕਰਨ ਵਾਲਿਆਂ ਬਾਰੇ ਗੱਲ ਕੀਤੀ ਤਾਂ ਗੁਰਮੇਜ ਸਿੰਘ ਕਹਿੰਦੇ ਹਨ ਕਿ ਹੁਣ ਵਕੀਲ ਕੈਪਟਨ ਗੁਰਵਿੰਦਰ ਸਿੰਘ ਬਗ਼ੈਰ ਫੀਸ ਪੂਰੀ ਮਦਦ ਕਰ ਰਹੇ ਹਨ। ਉਹ ਸਾਰੇ ਕੇਸ ਲੜ ਰਹੇ ਹਨ। ਗੁਰਮੇਜ ਸਿੰਘ ਨੇ ਮਈ 2009 ’ਚ ਸੁਖਬੀਰ ਸਿੰਘ ਬਾਦਲ ਕੋਲ ਵੀ ਫਰਿਆਦ ਕੀਤੀ ਸੀ। ਉਨ੍ਹਾਂ ਨੇ ਕਮਿਸ਼ਨਰ ਪ੍ਰੀਤਮ ਸਿੰਘ ਨੂੰ ਫੋਨ ਕੀਤਾ ਸੀ, ਪਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਹੋਈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦਲੀਪ ਸਿੰਘ ਮਰਵਾਹਾ, ਵਕੀਲ ਕੈਪਟਨ ਗੁਰਵਿੰਦਰ ਸਿੰਘ ਸਮੇਤ ਬੀਕਾਨੇਰ ਦੇ 25-30 ਸਿੱਖ ਮਦਦ ਕਰ ਰਹੇ ਹਨ। ਜਦੋਂ ਵੀ ਲੋੜ ਪੈਂਦੀ ਹੈ, ਉਹ ਨਾਲ ਤੁਰਦੇ ਹਨ, ਪਰ ਰਾਜਸਥਾਨ ਸਟੇਟ ਅਕਾਲੀ ਦਲ, ਮਜ਼ਦੂਰ-ਕਿਸਾਨ ਅਕਾਲੀ ਦਲ, ਏਕ ਨੂਰ ਖ਼ਾਲਸਾ ਫ਼ੌਜ, ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ।


Comments Off on ਸਿੱਖ ਪਰਿਵਾਰ ਵੱਲੋਂ ਇਨਸਾਫ਼ ਲਈ ਸਾਲ ਭਰ ਤੋਂ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.