ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਵਿਧਾਨ ਸਭਾ ਵੱਲੋਂ ਮਨਮੋਹਨ ਸਿੰਘ, ਪਵਾਰ ਤੇ ਪਾਟਿਲ ਦਾ ਧੰਨਵਾਦ

Posted On March - 26 - 2010

ਸਾਰੀਆਂ  ਧਿਰਾਂ ਵੱਲੋਂ ਫ਼ਰਾਖ਼ ਦਿਲੀ ਦਾ ਮੁਜ਼ਾਹਰਾ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25  ਮਾਰਚ
ਪੰਜਾਬ ਵਿਧਾਨ ਸਭਾ ‘ਚ ਅਜ ਹਾਕਮ ਧਿਰ ਵੱਲੋਂ ਕੀਤੀ ਵੱਡੀ ਪਹਿਲਕਦਮੀ ‘ਤੇ ਸਰਬਸੰਮਤੀ ਨਾਲ ਸਦਨ ਦੇ ਮੈਂਬਰਾਂ ਨੇ ਪੰਜਾਬ ਦੇ ਮੌਜੂਦਾ ਰਾਜਪਾਲ ਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵ ਰਾਜ ਪਾਟਿਲ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਧੰਨਵਾਦੀ ਮਤਾ ਪਾਸ ਕੀਤਾ। ਇਹ ਮਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਦਨ ਦੇ ਮੈਂਬਰਾਂ ਨੇ ਪਾਰਟੀ ਪੱਧਰ ਤੋਂ ਉੱਠ ਕੇ ਮੇਜ਼ ਥਪ-ਥਪਾ ਕੇ ਪ੍ਰਵਾਨ ਕੀਤਾ।  ਮੈਂਬਰਾਂ ਨੇ ਰਾਜਪਾਲ ਸ੍ਰੀ ਪਾਟਿਲ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਗੁਰਤਾਗੱਦੀ ਸਮਾਗਮਾਂ ਲਈ ਕੀਤੀ ਸੇਵਾ ਲਈ ਧੰਨਵਾਦ ਕੀਤਾ ਅਤੇ ਕੇਂਦਰੀ ਮੰਤਰੀ ਸ੍ਰੀ ਪਵਾਰ ਦਾ ਝੋਨੇ ਦੀ 201 ਕਿਸਮ ਦੀ ਖਰੀਦ ਦਾ ਸੰਕਟ ਹੱਲ ਕਰਨ ਲਈ ਧੰਨਵਾਦ ਕੀਤਾ।
ਬਾਅਦ ਦੁਪਹਿਰ ਜੁੜੇ ਸਦਨ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਮਾਰ ਹੋਣ ਕਾਰਨ ਸਦਨ ਵਿਚ ਗੈਰਹਾਜ਼ਰੀ ਬਾਰੇ ਕਿਹਾ ਕਿ ਉਨ੍ਹਾਂ ਨੇ ਸਿਆਸੀ ਜੀਵਨ ਵਿਚ ਸੈਸ਼ਨਾਂ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਪਰ ਐਤਕੀਂ ਨਾ ਆਉਣ ਕਾਰਨ ਉਨ੍ਹਾਂ ਦਾ ਜ਼ਾਤੀ ਨੁਕਸਾਨ ਹੋਇਆ ਹੈ। ਉਹ ਸਦਨ ਦੇ ਮੈਂਬਰਾਂ ਦੀ ਕੀਮਤੀ ਰਾਇ ਨਹੀਂ ਸੁਣ ਸਕੇ। ਉਨ੍ਹਾਂ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਪਹਿਲੀ ਵਾਰ ਸਦਨ ਵਿਚ ਆਏ ਨਵੇਂ ਰਾਜਪਾਲ ਨੂੰ ਉਹ ਜੀ ਆਇਆਂ ਨਹੀਂ ਆਖ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਪਾਟਿਲ ਜਦੋਂ ਕੇਂਦਰੀ ਗ੍ਰਹਿ ਮੰਤਰੀ ਸਨ ਤਾਂ ਉਨ੍ਹਾਂ ਨੇ ਉਸ ਵੇਲੇ ਗੁਰਤਾਗੱਦੀ ਸਮਾਰੋਹਾਂ ਪ੍ਰਤੀ ਬਹੁਤ ਸ਼ਰਧਾ ਵਿਖਾਈ ਸੀ। ਉਹ ਇਨ੍ਹਾਂ ਸਮਾਰੋਹਾਂ ਲਈ ਬਣੀ ਕੇਂਦਰੀ ਕਮੇਟੀ ਦੇ ਚੇਅਰਮੈਨ ਵੀ ਸਨ। ਪੰਜਾਬ ਨੇ ਉਸ ਵੇਲੇ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਲਈ 170 ਕਰੋੜ ਰੁਪਏ ਮੰਗੇ ਸਨ ਤਾਂ ਉਨ੍ਹਾਂ ਨੂੰ ਸ੍ਰੀ ਪਾਟਿਲ ਨੇ 180 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਈ ਹੋਰਾਂ ਸੂਬਿਆਂ ਨੂੰ ਵੀ ਇਨ੍ਹਾਂ ਸਮਾਰੋਹਾਂ ਲਈ ਪ੍ਰੇਰਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਮਾਰਗ ਮਨਜ਼ੂਰ ਕਰਵਾਇਆ ਸੀ।
ਸ੍ਰੀ ਬਾਦਲ ਨੇ ਸਦਨ ਵਿਚ ਮੈਂਬਰਾਂ ਵਲੋਂ ਸਦਭਾਵਨਾ ਵਾਲੇ ਮਾਹੌਲ ਲਈ ਪਾਏ ਯੋਗਦਾਨ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਏਨੀਆਂ ਦੂਰੀਆਂ ਵੀ ਨਾ ਪਾਈਆਂ ਜਾਣ ਕਿ ਰੋਟੀ ਦੀ ਸਾਂਝ ਵੀ ਨਾ ਰਹੇ। ਉਨ੍ਹਾਂ ਮਜ਼ਾਕ ਨਾਲ ਕਿਹਾ ਕਿ ਜੇਕਰ ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਚੰਗਾ ਮਾਹੌਲ ਬਣਿਆ ਹੈ ਤਾਂ ਉਹ ਹੋਰ ਗੈਰਹਾਜ਼ਰ ਰਹਿਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁਝ ਸ਼ਕਤੀਆਂ ਲਾਂਬੂ ਲਾਉਣ ਲਈ ਤਿਆਰ ਹਨ ਪਰ ਪੰਜਾਬ ਵਿਚ ਭਾਈਚਾਰਕ ਸਾਂਝ ਲਈ ਉਹ ਸਾਰਿਆਂ ਦੇ ਸਹਿਯੋਗ ਦੀ ਮੰਗ ਕਰਦੇ ਹਨ।  ਉਨ੍ਹਾਂ ਇਹ ਵੀ ਕਿਹਾ ਕਿ ਕਈਆਂ ਨੇ ਕਿਹਾ ਹੈ ਕਿ ਪਿਉ ਨੇ ਪੁਤ ਦੀ ਟਰੇਨਿੰਗ ਲਈ ਗੈਰਹਾਜ਼ਰੀ ਕੀਤੀ ਹੈ ਪਰ ਅਜਿਹੇ ਡਰਾਮੇ ਉਨ੍ਹਾਂ ਦੀ ਜ਼ਿੰਦਗੀ ਦਾ ਅਸੂਲ ਨਹੀਂ। ਉਨ੍ਹਾਂ ਕਿਹਾ ”ਮੈਂ ਭਾਵੁਕ ਹਾਂ। ਪੰਜਾਬ ਅਤੇ ਸਦਨ ਤੋਂ ਗੈਰਹਾਜ਼ਰੀ ਲਈ ਖਿਮਾਂ ਮੰਗਦਾ ਹਾਂ।” ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਵੱਡੀ ਤਕਲੀਫ ਆ ਗਈ ਸੀ ਪਰ ਸਾਰਿਆਂ ਦੀਆਂ ਅਰਦਾਸਾਂ ਕਾਰਨ ਤੰਦਰੁਸਤ ਹੋ ਗਏ ਹਨ।   ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਰਾਜਸੀ ਮਤਭੇਦ ਤਾਂ ਚਲਦੇ ਰਹਿੰਦੇ ਹਨ ਪਰ ਉਹ ਸ੍ਰੀ ਬਾਦਲ ਦੇ ਤੰਦਰੁਸਤ ਹੋਣ ‘ਤੇ ਖੁਸ਼ ਹਨ। ਉਨ੍ਹਾਂ ਨੇ ਵੀ ਰਾਜਪਾਲ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੇਂਦਰੀ ਸਕੀਮਾਂ ਲਈ ਵੀ ਧੰਨਵਾਦ ਕਰਨ ਲਈ ਕਿਹਾ। ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਕਿ ਸ੍ਰੀ ਬਾਦਲ ਦੇ ਸਦਨ ਵਿਚ ਆਉਣ ਨਾਲ ਸਦਨ ਵਿਚ ਰੌਣਕ ਆ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਵੇਂ ਡਿਪਟੀ ਮੁਖ ਮੰਤਰੀ ਸਖਬੀਰ ਸਿੰਘ ਬਾਦਲ ਨੇ ਸਦਨ ਵਿਚ ਮੁੱਖ ਮੰਤਰੀ ਦੀ ਥਾਂ ਜੁਆਬ ਦਿਤੇ ਪਰ ਸ੍ਰੀ ਬਾਦਲ ਦੀ ਘਾਟ  ਪੂਰੀ ਨਹੀਂ ਹੁੰਦੀ।
ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਕਿਹਾ ਕਿ ਰਾਜਪਾਲ ਦੇ ਸਹਿਯੋਗ ਲਈ ਸਦਨ ਵਿਚ ਧੰਨਵਾਦ ਦਾ ਮਤਾ ਲਿਆਂਦਾ ਜਾਵੇ। ਮੁੱਖ ਮੰਤਰੀ ਸ੍ਰੀ ਬਾਦਲ ਨੇ ਮਤਾ ਪੇਸ਼ ਕਰ ਦਿੱਤਾ। ਮਤੇ ਵਿਚ ਕਿਹਾ ਗਿਆ ਕਿ ਸ੍ਰੀ ਪਾਟਿਲ ਨੇ ਕੇਂਦਰੀ ਗ੍ਰਹਿ ਮੰਤਰੀ ਹੋਣ ਨਾਤੇ ਗੁਰਤਾਗੱਦੀ ਦਿਵਸ ਲਈ ਜੋ ਕੰਮ ਕੀਤਾ ਉਹ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਨੇ ਦੇਸ਼ ਵੱਲੋਂ ਇਸ ਕੰਮ ਵਿਚ ਪਾਏ ਯੋਗਦਾਨ ਲਈ ਵੀ ਧੰਨਵਾਦ ਕੀਤਾ। ਇਸ ਬਾਰੇ ਮਤਾ ਸਰਬਸੰਮਤੀ ਨਾਲ ਪ੍ਰਵਾਨ ਹੋ ਗਿਆ। ਬਾਅਦ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਇਸ ਪਵਿੱਤਰ ਕੰਮ ਲਈ ਪਾਏ ਯੋਗਦਾਨ ਬਾਰੇ ਵੀ ਮਤਾ ਪਾਸ ਕਰ ਦਿੱਤਾ ਗਿਆ। ਇਸ ਦੇ ਫੌਰੀ ਬਾਅਦ ਸ੍ਰੀ ਬਾਦਲ ਨੇ ਕਿਹਾ ਕਿ ਝੋਨੇ ਦੀ 201 ਕਿਸਮ ਲਈ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਵੱਲੋਂ ਪੰਜਾਬ ਦੀ ਕੀਤੀ ਸੇਵਾ ਲਈ ਵੀ ਧੰਨਵਾਦੀ ਮਤਾ ਪਾਸ ਕੀਤਾ ਜਾਵੇ ਅਤੇ ਸਦਨ ਦੇ ਮੈਂਬਰਾਂ ਨੇ ਇਸ ਨੂੰ ਵੀ ਪ੍ਰਵਾਨ ਕਰ ਲਿਆ।


Comments Off on ਵਿਧਾਨ ਸਭਾ ਵੱਲੋਂ ਮਨਮੋਹਨ ਸਿੰਘ, ਪਵਾਰ ਤੇ ਪਾਟਿਲ ਦਾ ਧੰਨਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.