ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮਿੱਟੀ ਬੋਲ ਸਕਦੀ ਹੈ ਬਸ਼ਰਤੇ ਕਿ…

Posted On March - 23 - 2010

ਸੁਰਿੰਦਰ ਭੂਪਾਲ
ਇਹ ਗੱਲ 1979 ਦੀ ਹੈ ਜਦੋਂ ਮੈਂ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਪੜ੍ਹਦਾ ਸੀ। ਉਸ ਸਮੇਂ ਵੀ ‘ਪੰਜਾਬੀ ਟ੍ਰਿਬਿਊਨ’ ਵਿਚ ਰੋਜ਼ਾਨਾ ‘ਅੱਜ ਦਾ ਵਿਚਾਰ’ ਛਪਿਆ ਕਰਦਾ ਸੀ, ਜਿਸ ਨੂੰ ਸਾਡੇ ਉਸ ਸਮੇਂ ਦੇ ਸਤਿਕਾਰਯੋਗ ਹੈੱਡਮਾਸਟਰ ਸ੍ਰੀ ਕਰਤਾਰ ਸਿੰਘ ਟਿਵਾਣਾ ਸਕੂਲ ਦੇ ਦਰਵਾਜ਼ੇ ਵਿਚ ਲੱਗੇ ਬਲੈਕ ਬੋਰਡ ’ਤੇ ਲਿਖਵਾਇਆ ਕਰਦੇ ਸਨ। ਇਕ ਦਿਨ ਦਾ ਵਿਚਾਰ ਸੀ ਕਿ ‘ਬੇਸ਼ੱਕ ਜਿਸ ਕੋਲ ਪੈਸਾ ਨਹੀਂ ਉਹ ਗਰੀਬ ਹੈ, ਪਰ ਜਿਸ ਕੋਲ ਪੈਸੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਉਹ ਉਸ ਤੋਂ ਵੀ ਵੱਡਾ ਗਰੀਬ ਹੈ, ਇਸ ਵਿਚਾਰ ਨੇ ਮੇਰੇ ਦਿਲ ’ਤੇ ਡੂੰਘਾ ਅਸਰ ਕੀਤਾ। ਮੈਨੂੰ ਲੱਗਿਆ ਕਿ ਜਿਸ ਅਖ਼ਬਾਰ ਵਿਚ ਐਨੇ ਵਧੀਆ ਵਿਚਾਰ ਛਪਦੇ ਹਨ, ਬਾਕੀ ਰਚਨਾਵਾਂ ਵੀ ਕਿੰਨੀਆਂ ਵਧੀਆ ਹੋਣਗੀਆਂ। ਮੈਂ ਲਾਇਬਰੇਰੀ ਜਾ ਰੋਜ਼ਾਨਾ ਅਖ਼ਬਾਰ ਪੜ੍ਹਨਾ ਸ਼ੁਰੂ ਕਰ ਦਿੱਤਾ।
ਮੇਰਾ ਜੀਅ ਕਰਿਆ ਕਰੇ ਕਿ ਮੇਰਾ ਨਾਂ ਵੀ ਅਖ਼ਬਾਰ ਵਿਚ ਛਪੇ। ਇਕ ਦਿਨ ਮੈਂ ਆਪਣੇ ਪਿੰਡ ਭੂਪਾਲ (ਮਾਨਸਾ) ਦੇ ਬਜ਼ੁਰਗ ਸ੍ਰੀ ਜੰਗੀਰ ਸਿੰਘ ਨੂੰ ਕਿਹਾ ਕਿ ‘ਬਾਬਾ ਅਖ਼ਬਾਰ ਵਿਚ ਨਾਂ ਕਿਵੇਂ ਛਪ ਸਕਦਾ ਹੈ?’ ਤਾਂ ਉਸ ਨੇ ਹੱਸਦਿਆਂ ਕਿਹਾ ਕਿ ‘ਭਾਈ ਜਾਂ ਤਾਂ ਕੋਈ ਅਫਸਰ, ਮੰਤਰੀ ਬਣ ਕੇ ਜਾਂ ਫਿਰ ਲੜਾਈ, ਝਗੜਾ ਕਰ ਕੇ।’ ਮੈਂ ਸੋਚਿਆ ਕਿ ਮੇਰੇ ਵਰਗੇ ਗਰੀਬ ਘਰ ਦੇ ਲੜਕੇ ਲਈ ਤਾਂ ਇਹ ਮੁਸ਼ਕਲ ਹੈ।
ਦਸਵੀਂ ਪਾਸ ਕਰਨ ਤੋਂ ਬਾਅਦ ਹੋਰ ਪੜ੍ਹਨ ਦੀ ਖਾਹਿਸ਼ ਸੀ ਪਰ ਘਰੇਲੂ ਮਜਬੂਰੀਆਂ ਕਾਰਨ ਮੈਨੂੰ ਵੈਟਰਨਰੀ ਫਾਰਮਾਸਿਸਟ (ਹੁਣ ਵੈਟਰਨਰੀ ਇੰਸਪੈਕਟਰ) ਦਾ ਕੋਰਸ ਕਰਕੇ ਨੌਕਰੀ ਕਰਨੀ ਪਈ। ਪਰਿਵਾਰ ਵਿਚ ਮੌਤ ਰੂਪੀ ਕੁਦਰਤੀ ਆਫਤਾਂ ਨੇ ਕਈ ਸਾਲ ਘੇਰਾ ਪਾਈ ਰੱਖਿਆ ਤੇ ਜਦੋਂ ਕਿਤੇ ਜਾ ਕੇ ਕੁਝ ਰਾਹਤ ਮਿਲੀ ਤਾਂ ਉਸ ਸਮੇਂ ਮੇਰੀ ਉਮਰ 35 ਸਾਲਾਂ ਨੂੰ ਟੱਪ ਚੁੱਕੀ ਸੀ। ਫਰਵਰੀ 2000 ਵਿਚ ਮੇਰਾ ਵਾਹ ਇਕ ਦੇਵਤਾ ਜਿਹੇ ਇਨਸਾਨ ਸ੍ਰੀ ਬਿਹਾਰੀ ਲਾਲ ਛਾਬੜਾ ਵੈਟਰਨਰੀ ਫਾਰਮਾਸਿਸਟ (ਹੁਣ ਵੈਟਰਨਰੀ ਇੰਸਪੈਕਟਰ) ਸੀ.ਵੀ.ਡੀ. ਮਹੇੜੂ (ਨਕੋਦਰ) ਨਾਲ ਪਿਆ। ਉਸ ਨੇ ਇਕ ਮਾਸਿਕ ਪਰਚਾ ‘ਵੈਟਰਨਰੀ ਖਬਰਨਾਮਾ’ ਕੱਢਣਾ ਸ਼ੁਰੂ ਕੀਤਾ। ਮੈਂ ਇਕ ਛੋਟੀ ਜਿਹੀ ਕਵਿਤਾ ‘ਇਨਕਮ ਟੈਕਸ’ ਲਿਖ ਕੇ ਭੇਜੀ। ਉਨ੍ਹਾਂ ਸੋਧ ਕੇ ਛਾਪ ਵੀ ਦਿੱਤੀ ਤੇ ਕੁਝ ਜ਼ਰੂਰੀ ਸੁਝਾਅ ਵੀ ਦਿੱਤੇ। ਬੱਸ ਫਿਰ ਕੀ ਸੀ, ‘‘ਮੈਂ ਉਸ ਨੂੰ ਦੋਸਤ ਹੋਣ ਦੇ ਨਾਲ-ਨਾਲ ਗੁਰੂ ਮੰਨ ਲਿਆ। ਇਕ ਦਿਨ ਮੈਂ ਉਨ੍ਹਾਂ ਨੂੰ ਨਵੇਂ ਸਾਲ ’ਤੇ ਕਵਿਤਾ ‘ਤੈਨੂੰ ਦੱਸਾਂ ਨਵੇਂ ਸਾਲ, ਵੇ ਤੁੰ ਕਿਹੋ ਜਿਹਾ ਹੋਵੇ, ਭੇਜੀ। ਉਨ੍ਹਾਂ ਨੇ ਇਸ ਦੀ ਇਕ ਕਾਪੀ ਜਲੰਧਰ ਦੇ ਇਕ ਨਾਮਵਰ ਅਖਬਾਰ ਦੇ ਸੰਪਾਦਕ ਨੂੰ ਦੇ ਦਿਤੀ। 1 ਜਨਵਰੀ 2003 ਨੂੰ ਇਹ ਕਵਿਤਾ ਅਖਬਾਰ ਦੇ ਪਹਿਲੇ ਪੰਨੇ ’ਤੇ ਛਪ ਗਈ। ਜਦੋਂ ਮੈਂ ਵੇਖੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਫਿਰ ਮੈਂ ਆਪਣੀਆਂ ਰਚਨਾਵਾਂ ‘ਪੰਜਾਬੀ ਟ੍ਰਿਬਿਊਨ’ ਤੇ ਹੋਰ ਅਖਬਾਰਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਜੋ ਬਿਨਾਂ ਕਿਸੇ ਭੇਦਭਾਵ ਦੇ ਛਪ ਰਹੀਆਂ ਹਨ। 2 ਅਗਸਤ, 2004 ਨੂੰ ਮੈਨੂੰ ਕਵੀ ਦਰਬਾਰ ’ਚ ਦੂਰਦਰਸ਼ਨ ਜਲੰਧਰ ਜਾਣ ਦਾ ਮੌਕਾ ਮਿਲਿਆ।
ਇਕ ਦਿਨ ਮੈਂ ਆਪਣੇ ਦਿਲ ਦੀ ਗੱਲ ਛਾਬੜਾ ਜੀ ਨਾਲ ਸਾਂਝੀ ਕਰਦਿਆਂ ਕਿਹਾ ਕਿ ‘ਮੇਰੀ ਇਕ ਤਮੰਨਾ ਦਿਲ ਵਿਚ ਹੀ ਰਹਿ ਜਾਵੇਗੀ। ਮੈਂ ਛੋਟਾ ਹੁੰਦਾ ਸੋਚਦਾ ਹੁੰਦਾ ਸੀ ਕਿ ਮੈਂ ਐਮ.ਏ. ਕਰਕੇ ਕਿਸੇ ਸਕੂਲ, ਕਾਲਜ ਪੜ੍ਹਾਵਾਂਗਾ।’ ਤਾਂ ਉਸ ਨੇ ਕਿਹਾ ਕਿ ‘ਹੁਣ ਕੀ ਗੱਲ ਐ? ਤੂੰ ਕਿਤਾਬਾਂ ਲੈ ਤੇ ਪੜ੍ਹਾਈ ਸ਼ੁਰੂ ਕਰ ਦੇ। ਰਿਟਾਇਰਮੈਂਟ ਤੋਂ ਬਾਅਦ ਕਿਸੇ ਸਕੂਲ, ਕਾਲਜ (ਪ੍ਰਾਈਵੇਟ) ਪੜ੍ਹਾਈ ਜਾਈਂ।’’ ਮੈਨੂੰ ਉਸ ਦੀ ਗੱਲ ਅਚੰਭਾ ਲੱਗੀ ਤੇ ਕਿਹਾ, ‘‘ਵਾਹ? ਮੈਂ ਆਪਣੇ ਬੱਚਿਆਂ ਦੀ ਉਮਰ ਦੇ ਵਿਦਿਆਰਥੀਆਂ ਨਾਲ ਪੇਪਰ ਦਿਊਂ?’’ ਪਰ ਉਸ ਨੇ ਤਾਂ ਇਸ ਗੱਲ ਨੂੰ ਅੰਜਾਮ ਹੀ ਦੇ ਦਿੱਤਾ ਤੇ ਮੈਨੂੰ 10+2 ਦੀਆਂ ਕਿਤਾਬਾਂ ਲਿਆ ਦਿੱਤੀਆਂ। 28 ਸਾਲਾਂ ਬਾਅਦ ਕਿਤਾਬਾਂ ਵੇਖ ਕੇ ਇਕ ਵਾਰੀ ਤਾਂ ਮੈਨੂੰ ਚੱਕਰ ਜਿਹੇ ਆਉਣ ਲੱਗ ਪਏ। ਪਰ ਫਿਰ ਦਿਲ ਵਿਚ ਹੌਸਲਾ ਕਰ ਮੈਂ ਦਿਨ ਵੇਲੇ ਕੰਮ ਤੇ ਰਾਤ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਮਾਰਚ, 2008 ਵਿਚ 10+2 ਦਾ ਇਮਤਿਹਾਨ ਪ੍ਰਾਈਵੇਟ ਤੌਰ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਦਿੱਤਾ। ਪ੍ਰੀਖਿਆ ਲੈਣ ਆਏ ਸੁਪਰਡੈਂਟ ਅਤੇ ਸੁਪਰਵਾਈਜ਼ਰ ਸਾਹਿਬਾਨ ਮੈਨੂੰ ਵੇਖ ਕੇ ਹੈਰਾਨ ਰਹਿ ਗਏ। ਜੂਨ 2008 ਵਿਚ ਨਤੀਜਾ ਨਿਕਲਿਆ। ਮੈਂ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ। ਹੌਸਲਾ ਵਧ ਗਿਆ। ਅਪਰੈਲ 2009 ਵਿਚ ਬੀ.ਏ. ਪਾਰਟ-1 ਦੀ ਪ੍ਰੀਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਦੂਜੇ ਦਰਜੇ ਵਿਚ ਪਾਸ ਕੀਤੀ। ਹੁਣ ਪੜ੍ਹਾਈ ਲਗਾਤਾਰ ਜਾਰੀ ਹੈ।
ਇਸ ਸਾਲ 14 ਫਰਵਰੀ ਨੂੰ ਮੇਰੀਆਂ ਕਵਿਤਾਵਾਂ ਦਾ ਕਾਵਿ-ਸੰਗਰਹ ‘ਬੋਲ ਮਿੱਟੀਏ’ ਕਿਤਾਬ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਰਿਲੀਜ਼ ਹੋ ਗਈ ਹੈ। ਮੈਨੂੰ ਲਗਦਾ ਹੈ ਕਿ ਮਿੱਟੀ ਸਚਮੁੱਚ ਹੀ ਬੋਲ ਸਕਦੀ ਹੈ, ਜੇਕਰ ਉਸ ਨੂੰ ਫਰੋਲ ਸਕਣ ਵਾਲਾ ਕੋਈ ਹੋਵੇ।


Comments Off on ਮਿੱਟੀ ਬੋਲ ਸਕਦੀ ਹੈ ਬਸ਼ਰਤੇ ਕਿ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.