ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਬਿਜਲੀ ਸੰਕਟ ਦਾ ਸਾਹਮਣਾ

Posted On March - 22 - 2010

ਪੱਕੇ ਹੱਲ ਲਈ ਉਡੀਕ ਬਰਕਰਾਰ

ਹਾਲਾਂਕਿ ਗਰਮੀ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ, ਫਿਰ ਵੀ ਬਿਜਲੀ ਕੱਟ ਲਗਾਏ ਜਾਣ ਬਾਰੇ ਆ ਰਹੀਆਂ ਤਾਜ਼ਾ ਖ਼ਬਰਾਂ ਰਾਜ ਅੰਦਰ ਬਿਜਲੀ ਦੀ ਸਥਿਤੀ ਬਾਰੇ ਅਸਲੀਅਤ ਬਿਆਨ ਕਰਨ ਵਾਲੀਆਂ ਹਨ, ਸਰਕਾਰੀ ਪੱਧਰ ’ਤੇ ਦਾਅਵੇ ਜੋ ਮਰਜ਼ੀ ਕੀਤੇ ਜਾਣ। ਜਿਵੇਂ ਕਿ ਪੰਜਾਬ ਰਾਜ ਬਿਜਲੀ ਬੋਰਡ ਨੇ ਸਨਅਤਾਂ ਲਈ ਫੌਰੀ ਤੌਰ ’ਤੇ ਕੱਟ ਵਧਾਉਣ ਦਾ ਫੈਸਲਾ ਇਕ ਹੰਗਾਮੀ ਮੀਟਿੰਗ ਵਿੱਚ ਲੈਣ ਮੌਕੇ ਦੱਸਿਆ ਹੈ, ਪਿਛਲੇ ਦੋ ਦਿਨਾਂ ਵਿਚ ਰਾਜ ਅੰਦਰ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਲਾ ਫਰਕ ਕਾਫ਼ੀ ਦਿਸਿਆ ਹੈ। ਮਿਸਾਲ ਦੇ ਤੌਰ ’ਤੇ 18 ਮਾਰਚ ਨੂੰ 1210 ਲੱਖ ਯੂਨਿਟ ਬਿਜਲੀ ਦੀ ਮੰਗ ਸੀ ਜੋ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਮੁਕਾਬਲੇ 145 ਲੱਖ ਯੂਨਿਟ ਵੱਧ ਸੀ। ਮੰਗ ਤੇ ਸਪਲਾਈ ਵਿਚਲਾ ਫਰਕ ਪਿਛਲੇ ਸਾਲ 71 ਲੱਖ ਯੂਨਿਟਾਂ ਦੇ ਮੁਕਾਬਲੇ ਇਸ ਵਾਰ 218 ਲੱਖ ਯੂਨਿਟ ਸੀ। ਬਿਜਲੀ ਬੋਰਡ ਦੇ ਸੂਤਰਾਂ ਮੁਤਾਬਿਕ ਇਸ ਵੇਲੇ 495 ਲੱਖ ਯੂਨਿਟ ਥਰਮਲ ਪਲਾਂਟਾਂ ਤੋਂ ਮਿਲ ਰਹੀ ਹੈ। 80 ਲੱਖ ਯੂਨਿਟ ਪਣ-ਬਿਜਲੀ ਪ੍ਰਾਪਤ ਹੈ, 78 ਲੱਖ ਯੂਨਿਟ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੇ ਹਿੱਸੇ ਵਜੋਂ ਮਿਲ ਰਹੀ ਹੈ ਅਤੇ 14 ਲੱਖ ਯੂਨਿਟ ਗ਼ੈਰ-ਰਵਾਇਤੀ ਊਰਜਾ ਸਰੋਤਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਬਾਕੀ ਦੀ ਜ਼ਰੂਰਤ ਕੇਂਦਰੀ ਪੂਲ ’ਚੋਂ ਹਾਸਲ ਕਰਕੇ ਜਾਂ ਫਿਰ ਕਿਸੇ ਤਰ੍ਹਾਂ ਖਰੀਦ ਕੇ ਪੂਰੀ ਕੀਤੀ ਜਾ ਰਹੀ ਹੈ। ਪਿਛਲੇ ਸਾਲ ਬਿਜਲੀ ਦੀ ਮੰਗ ਦੋ ਹਜ਼ਾਰ ਲੱਖ ਯੂਨਿਟ ਰੋਜ਼ਾਨਾ ਤੋਂ ਵੀ ਅਗਾਂਹ ਲੰਘ ਗਈ ਸੀ ਤੇ ਇਸ ਵਾਰ ਜਦੋਂ ਕਿ ਗਰਮੀਆਂ ਦਾ ਆਰੰਭ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਵਧੇਰੇ ਪਹਿਲਾਂ ਹੋ ਰਿਹਾ ਹੈ, ਇਹ ਮੰਗ ਹੋਰ ਵਧ ਜਾਣਾ ਵੀ ਸੁਭਾਵਿਕ ਹੀ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜ ਅੰਦਰ ਲੋੜ ਤੋਂ ਵਾਧੂ ਬਿਜਲੀ ਪੈਦਾ ਕੀਤੇ ਜਾਣ ਅਤੇ ਇੱਥੋਂ ਤੱਕ ਕਿ ਬਿਜਲੀ ਦੂਜੇ ਲੋੜਵੰਦ ਰਾਜਾਂ ਨੂੰ ਵੇਚਣ ਸਬੰਧੀ ਜਿਹੜਾ ਬਿਆਨ ਦਿੱਤਾ ਜਾ ਰਿਹਾ ਹੈ, ਉਹ ਸਿਰਫ਼ ਅਜੇ ਕਹਿਣ ਦੀ ਗੱਲ ਹੈ।
ਹਕੀਕਤ ਇਹ ਹੈ ਕਿ ਰਾਜ ਦੇ ਘਰੇਲੂ, ਖੇਤੀ ਅਤੇ ਸਨਅਤੀ ਖਪਤਕਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੰਜਾਬ ਕੋਲ ਅਜੇ ਬਿਜਲੀ ਪੈਦਾ ਕਰਨ ਦਾ ਇੰਤਜ਼ਾਮ ਨਹੀਂ ਹੋ ਸਕਿਆ। ਇਕ ਰਿਪੋਰਟ ਮੁਤਾਬਿਕ ਇਸ ਵੇਲੇ ਜਿੰਨੀ ਬਿਜਲੀ ਸਪਲਾਈ ਕੀਤੀ ਜਾਂਦੀ ਹੈ, ਉਸ ਵਿੱਚੋਂ 22 ਪ੍ਰਤੀਸ਼ਤ ਖੇਤੀ ਸੈਕਟਰ ਲਈ ਹੈ, 25 ਪ੍ਰਤੀਸ਼ਤ ਘਰੇਲੂ ਖੇਤਰ ਲਈ ਅਤੇ 55 ਪ੍ਰਤੀਸ਼ਤ ਸਨਅਤੀ ਖੇਤਰ ਲਈ ਹੈ। ਪੰਜਾਬ ਅੰਦਰ ਜਿਹੜੇ ਨਵੇਂ ਚਾਰ ਥਰਮਲ ਪਲਾਂਟ ਲਗਾਉਣ ਦਾ ਉੱਦਮ ਕੀਤਾ ਜਾ ਰਿਹਾ ਹੈ, ਉਸ ਨੂੰ ਅਜੇ ਘੱਟੋ-ਘੱਟ ਦੋ ਕੁ ਸਾਲ ਦਾ ਸਮਾਂ ਹੋਰ ਲੱਗ ਸਕਦਾ ਹੈ। ਜਿਹੜੇ ਤਾਪ ਬਿਜਲੀ ਘਰ (ਬਠਿੰਡਾ, ਰੂਪਨਗਰ ਤੇ ਲਹਿਰਾ ਮੁਹੱਬਤ) ਇਸ ਵੇਲੇ ਰਾਜ ਅੰਦਰ ਚੱਲ ਰਹੇ ਹਨ, ਉਨ੍ਹਾਂ ਨੂੰ ਚਲਦੀ ਹਾਲਤ ਵਿੱਚ ਰੱਖਣ ਲਈ ਦੋ ਮਹੀਨੇ ਤੋਂ ਲੈ ਕੇ ਪੰਜ ਮਹੀਨਿਆਂ ਤੱਕ ਰੱਖ-ਰਖਾਅ ਲਈ ਬੰਦ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਿਛਲੇ ਸਾਲ ਸਰਕਾਰ ਨੇ 3000 ਮੈਗਾਵਾਟ ਬਿਜਲੀ ਖ੍ਰੀਦਣ ਲਈ ਗਲੋਬਲ ਟੈਂਡਰ ਕੱਢਣ ਦਾ ਵੀ ਫੈਸਲਾ ਕੀਤਾ ਸੀ। ਬਿਜਲੀ ਵਿੱਤ ਨਿਗਮ ਨੇ ਪੰਜਾਬ ਅੰਦਰ ਬਿਜਲੀ ਪੈਦਾ ਕਰਨ ਵਾਲੇ ਪ੍ਰਾਜੈਕਟਾਂ ਨੂੰ ਸਿਰੇ ਲਾਉਣ ਲਈ 6218 ਕਰੋੜ ਰੁਪਏ ਦਾ ਕਰਜ਼ਾ ਵੀ ਮਨਜ਼ੂਰ ਕੀਤਾ ਹੈ। ਪਰ ਇਸ ਸਾਰੇ ਕੁਝ ਨਾਲ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਏਨਾ ਕੁਝ ਕੀਤਾ ਜਾ ਰਿਹਾ ਸੁਣਨ ਨਾਲ ਲੋਕਾਂ ਨੂੰ ਬਿਜਲੀ ਮਿਲਣ ਲੱਗ ਪਈ ਹੈ। ਬਿਜਲੀ ਦੇ ਤਾਜ਼ਾ ਸੰਕਟ ਵਾਲੀ ਸਥਿਤੀ ਪੈਦਾ ਹੁੰਦਿਆਂ ਹੀ ਖਪਤਕਾਰਾਂ ਲਈ ਲੋੜੀਂਦੀ ਬਿਜਲੀ ਜੁਟਾਉਣ ਲਈ ਮਸ਼ਕਾਂ ਸ਼ੁਰੂ ਹੋ ਗਈਆਂ ਹਨ ਪਰ ਇਹ ਸਾਰਾ ਕੁਝ ਹਰ ਵਾਰੀ ਹੁੰਦਾ ਹੈ। ਅਸਲ ਵਿੱਚ ਰਾਜ ਦੀਆਂ ਬਿਜਲੀ ਲੋੜਾਂ ਬਾਰੇ ਵੇਲੇ ਦੀਆਂ ਸਰਕਾਰਾਂ ਵੱਲੋਂ ਗੰਭੀਰਤਾ ਨਹੀਂ ਦਿਖਾਈ ਗਈ। ਹੋਰ ਬਿਜਲੀ ਪੈਦਾ ਕਰਨ ਦੇ ਮਨਸੂਬੇ ਬਣਾਉਣ ਦੀ ਗੱਲ ਤਾਂ ਇਕ ਪਾਸੇ, ਜਿੰਨੀ ਕੁ ਬਿਜਲੀ ਇਸ ਵੇਲੇ ਰਾਜ ਦੇ ਕੋਲ ਹੈ, ਉਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਬਾਰੇ ਵੀ ਸੰਜੀਦਗੀ ਨਾਲ ਨਹੀਂ ਵਿਚਾਰਿਆ ਗਿਆ। ਸਗੋਂ ਬਿਜਲੀ ਦੇ ਮਾਮਲੇ ’ਤੇ ਰੱਜ ਕੇ ਸਿਆਸਤ ਕੀਤੀ ਗਈ ਹੈ। ਮੌਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਿੱਚ ਜਿਵੇਂ ਸੱਤਾ ’ਚ ਭਾਈਵਾਲ ਦੋਵਾਂ ਪਾਰਟੀਆਂ ਨੇ ਪੇਂਡੂ ਤੇ ਸ਼ਹਿਰੀ ਵੋਟਰ ਨੂੰ ਆਪਣੇ ਨਾਲ ਗੰਢੀ ਰੱਖਣ ਲਈ ਬਿਜਲੀ ਦੇ ਮੁੱਦੇ ’ਤੇ ਸਿਆਸਤ ਕੀਤੀ ਹੈ, ਉਹ ਆਪਣੇ ਆਪ ਵਿੱਚ ਮਿਸਾਲ ਹੈ। ਪ੍ਰਮਾਣੂ ਬਿਜਲੀ ਪਲਾਂਟ ਦਾ ਮਾਮਲਾ ਇਨ੍ਹਾਂ ਗਿਣਤੀਆਂ-ਮਿਣਤੀਆਂ ਕਰਕੇ ਹੀ ਸਿਰੇ ਨਹੀਂ ਚੜ੍ਹ ਰਿਹਾ। ਪੰਜਾਬ ਖੇਤੀ ਪ੍ਰਧਾਨ ਸੂਬਾ ਮੰਨਿਆ ਗਿਆ ਹੈ ਤੇ ਸਨਅਤੀਕਰਨ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੋੜੀਂਦੀ ਬਿਜਲੀ ਦਾ ਪੂਰਾ ਇੰਤਜ਼ਾਮ ਕੀਤੇ ਬਗ਼ੈਰ ਇਨ੍ਹਾਂ ਖੇਤਰਾਂ ਨੂੰ ਉੱਨਤ ਕਰਨਾ ਔਖਾ ਹੈ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਇਸ ਪਹਿਲੂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।


Comments Off on ਬਿਜਲੀ ਸੰਕਟ ਦਾ ਸਾਹਮਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.