ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਬਾਬਰੀ ਦੇ ‘ਭੂਤ’ ਨੇ ਅਡਵਾਨੀ ਮੁੜ ਘੇਰਿਆ

Posted On March - 27 - 2010

ਸੀਨੀਅਰ ਆਈ.ਪੀ.ਐਸ. ਅਫਸਰ ਵੱਲੋਂ ਭਾਜਪਾ ਨੇਤਾਵਾਂ ਖਿਲਾਫ ਗਵਾਹੀ

ਰਾਏ ਬਰੇਲੀ, 26 ਮਾਰਚ
ਬਾਬਰੀ ਮਸਜਿਦ ਢਾਹੇ ਜਾਣ ਦੇ ‘ਭੂਤ’ ਨੇ ਭਾਜਪਾ ਦੇ ਸਿਖਰਲੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਅੱਜ ਉਦੋਂ ਮੁੜ ਘੇਰ ਲਿਆ ਜਦੋਂ ਪੁਲੀਸ ਦੀ ਇਕ ਸੀਨੀਅਰ ਅਧਿਕਾਰੀ ਨੇ ਵਿਸ਼ੇਸ਼ ਅਦਾਲਤ ਵਿਚ ਦੱਸਿਆ ਕਿ ਸੰਘ ਪਰਿਵਾਰ ਦੇ ਕਾਰਕੁਨਾਂ ਵੱਲੋਂ ਮਸਜਿਦ ਢਾਹੇ ਜਾਣ ਤੋਂ ਕੁਝ ਪਲ ਪਹਿਲਾਂ ਹੀ ਭਾਜਪਾ ਆਗੂ ਨੇ ਭੜਕਾਊ ਭਾਸ਼ਨ ਦਿੱਤਾ ਸੀ।
ਚੀਫ ਜੁਡੀਸ਼ਲ ਮੈਜਿਸਟਰੇਟ ਗੁਲਾਬ ਸਿੰਘ ਦੀ ਅਦਾਲਤ ਵਿਚ 1990 ਬੈਚ ਦੀ ਆਈ.ਪੀ.ਐਸ. ਅਧਿਕਾਰੀ ਅੰਜੂ ਗੁਪਤਾ ਨੇ ਦੱਸਿਆ, ‘‘6 ਦਸੰਬਰ, 1992 ਨੂੰ ਅਡਵਾਨੀ ਨੇ ਰਾਮ ਕਥਾ ਕੁੰਜ ਦੇ ਮੰਚ ਤੋਂ ਭੜਕਾਊ ਭਾਸ਼ਣ ਦਿੱਤਾ ਸੀ। ਇਹ ਮੰਚ ਵਿਵਾਦਗ੍ਰਸਤ ਸਥਾਨ ਤੋਂ ਕੇਵਲ 150-200 ਮੀਟਰ ਦੂਰ ਹੈ ਤੇ ਇਸ ਭਾਸ਼ਨ ਪਿੱਛੋਂ ਲੋਕ ਭੜਕ ਗਏ। ਉਨ੍ਹਾਂ ਆਪਣੇ ਭਾਸ਼ਨ ਵਿਚ ਵਾਰ-ਵਾਰ ਇਹ ਕਿਹਾ ਕਿ ਮਸਜਿਦ ਵਾਲੀ ਥਾਂ ’ਤੇ ਮੰਦਰ ਦੀ ਉਸਾਰੀ ਹੋਣੀ ਚਾਹੀਦੀ ਹੈ।’’  ਅੰਜੂ ਗੁਪਤਾ ਨੇ ਲਗਪਗ ਦੋ ਘੰਟਿਆਂ ਵਿਚ ਆਪਣੀ ਗਵਾਹੀ ਮੁਕੰਮਲ ਕੀਤੀ ਤੇ ਇਸ ਦੌਰਾਨ ਆਮ ਲੋਕਾਂ ਨੂੰ ਅਦਾਲਤ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ।
ਗੁਪਤਾ, ਜੋ ਕਿ 6 ਦਸੰਬਰ, 1992 ਨੂੰ ਮਸਜਿਦ ਢਾਹੇ ਜਾਣ ਵਾਲੇ ਦਿਨ ਅਯੁੱਧਿਆ ਵਿਚ ਸ੍ਰੀ ਅਡਵਾਨੀ ਦੀ ਨਿੱਜੀ ਸੁਰੱਖਿਆ ਅਧਿਕਾਰੀ ਵਜੋਂ ਤਾਇਨਾਤ ਸੀ, ਸਰਕਾਰੀ ਗਵਾਹ ਵਜੋਂ ਅਦਾਲਤ ਵਿਚ ਪੇਸ਼ ਹੋਈ। ਇਸ ਕੇਸ ਵਿਚ ਸ੍ਰੀ ਅਡਵਾਨੀ ਤੋਂ ਇਲਾਵਾ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਸੰਘ ਪਰਿਵਾਰ ਦੇ ਹੋਰ ਆਗੂ ਨਾਮਜ਼ਦ ਹਨ। ਇਨ੍ਹਾਂ ’ਤੇ ਹਿੰਸਾ  ਭੜਕਾਉਣ ਦਾ ਦੋਸ਼ ਹੈ ਜਿਸ ਪਿੱਛੋਂ ਬਾਬਰੀ ਮਸਜਿਦ ਢਾਹ ਦਿੱਤੀ ਗਈ। ਇਹ ਪੁਲੀਸ ਅਧਿਕਾਰੀ ਹੁਣ ਦਿੱਲੀ ਵਿਖੇ ‘ਰਾਅ’ ਵਿਚ ਤਾਇਨਾਤ ਹੈ। ਉਸ ਨੇ ਦੱਸਿਆ ਕਿ ਜੋਸ਼ੀ, ਭਾਰਤੀ, ਭਾਜਪਾ ਆਗੂ ਵਿਨੇ ਕਟਿਆਰ ਤੇ ਸਾਧਵੀ ਰਿਤੰਭਰਾ ਨੇ ਵੀ ਭੜਕਾਊ ਭਾਸ਼ਨ ਦਿੱਤੇ। ਅੰਜੂ ਗੁਪਤਾ ਨੇ ਕਿਹਾ, ‘‘ਜਦੋਂ ਬਾਬਰੀ ਮਸਜਿਦ ਢਾਹੀ ਜਾ ਰਹੀ ਸੀ ਤਾਂ ਮੰਚ  ’ਤੇ ਖੜ੍ਹੇ ਆਗੂ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਇਕ-ਦੂਜੇ ਨੂੰ ਜੱਫੀਆਂ ਪਾਈਆਂ ਅਤੇ ਮਠਿਆਈਆਂ ਵੰਡੀਆਂ ਗਈਆਂ। ਉਥੇ ਕਿਸੇ ਜਸ਼ਨ ਵਰਗਾ ਮਾਹੌਲ ਸੀ ਹਾਲਾਂਕਿ ਉਹ ‘ਕਾਰ ਸੇਵਕਾਂ’ ਨੂੰ ਮਜਜਿਦ ਢਾਹੁਣ ਲਈ ਉਕਸਾ ਰਹੇ ਸਨ। ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਨੇ ਵੀ ਇਕ-ਦੂਜੇ ਨੂੰ ਜੱਫੀ ਪਾਈ ਅਤੇ ਅਡਵਾਨੀ ਤੇ ਜੋਸ਼ੀ ਨੂੰ ਮੁਬਾਰਕਬਾਦ ਦਿੱਤੀ। ਘਟਨਾ ਮੌਕੇ ਹਾਜ਼ਰ ਆਗੂਆਂ ਵਿਚੋਂ ਕਿਸੇ ਨੇ ਵੀ ਮਸਜਿਦ ਢਾਹੁਣ ਵਾਲਿਆਂ ਨੂੰ ਰੋਕਣ ਦਾ ਯਤਨ ਨਹੀਂ ਕੀਤਾ।’’
ਗੁਪਤਾ, ਜੋ ਉਸ ਵੇਲੇ ਫੈਜ਼ਾਬਾਦ ਵਿਚ ਪੁਲੀਸ ਦੀ ਅਸਿਸਟੈਂਟ ਸੁਪਰਡੈਂਟ ਵਜੋਂ ਤਾਇਨਾਤ ਸੀ, ਨੇ ਦੱਸਿਆ ਕਿ ਜਦੋਂ ਅਡਵਾਨੀ ਤੇ ਜੋਸ਼ੀ ਉਥੇ ਪਹੁੰਚੇ ਤਾਂ ਵਿਨੇ ਕਟਿਆਰ ਭਾਸ਼ਨ ਦੇ ਰਿਹਾ ਸੀ ਤੇ ਉਸ ਨੇ ਇਹ ਵੀ ਕਿਹਾ ਸੀ ਕਿ ਇੱਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਇਸੇ ਤਰ੍ਹਾਂ ਸ੍ਰੀ ਜੋਸ਼ੀ ਨੇ ਕਿਹਾ ਸੀ ਕਿ ਜਿਸ ਥਾਂ ’ਤੇ ਮਸਜਿਦ ਹੈ, ਉਸ ਥਾਂ ’ਤੇ ਹੀ ਮੰਦਰ ਦੀ ਉਸਾਰੀ ਹੋਵੇਗੀ। ਗੁਪਤਾ ਅਨੁਸਾਰ ਜਦੋਂ ਉਹ ਸਵੇਰੇ 11.50 ਤੋਂ 12 ਵਜੇ ਦੇ ਦਰਮਿਆਨ ਕੰਟਰੋਲ ਰੂਮ ਨੇੜੇ ਸ੍ਰੀ ਅਡਵਾਨੀ ਦੇ ਵਾਹਨਾਂ ਦੇ ਕਾਫਲੇ ਕੋਲ ਗਈ ਤਾਂ ਉਸ ਨੇ ਦੇਖਿਆ ਕਿ ਕੁਝ ਲੋਕ ਇਮਾਰਤਾਂ ਢਾਹੁਣ ਵਾਲੇ ਔਜ਼ਾਰ ਸੱਬਲਾਂ ਤੇ ਗੈਂਤੀਆਂ ਆਦਿ ਲਈ ਜਾ ਰਹੇ ਹਨ। ਇਸ ਪਿੱਛੋਂ ਮੈਂ ਤੁਰੰਤ ਪੁਲੀਸ ਕੰਟਰੋਲ ਰੂਮ ਨਾਲ ਸੰਪਰਕ ਕਰਨ ਦਾ ਯਤਨ ਕੀਤਾ। ਕਰੀਬ 12.10 ’ਤੇ ਮੈਂ ਕੰਟਰੋਲ ਰੂਮ ਨੂੰ ਹੋਰ ਫੋਰਸ ਭੇਜਣ ਦੀ ਅਪੀਲ ਕੀਤੀ ਪਰ ਕੋਈ ਉਸਾਰੂ ਹੁੰਗਾਰਾ ਨਹੀਂ ਮਿਲਿਆ। ਇਸ ਪਿੱਛੋਂ ਮੈਂ 12.31 ਵਜੇ ਦੁਬਾਰਾ ਕੰਟਰੋਲ ਰੂਮ ਨਾਲ ਸੰਪਰਕ ਕਰਕੇ ਹੋਰ ਫੋਰਸ ਭੇਜਣ ਵਾਸਤੇ ਵਾਰ-ਵਾਰ ਅਪੀਲਾਂ ਕੀਤੀਆਂ।’’ ਗੁਪਤਾ ਅਨੁਸਾਰ ਜਦੋਂ ਉਹ ਵਾਪਸ ਰਾਮ ਕਥਾ ਕੁੰਜ ਕੋਲ ਆਈ ਤਾਂ ਉਸ ਨੇ ਦੇਖਿਆ ਕਿ ਕੁਝ ਲੋਕ ਮਸਜਿਦ ’ਤੇ ਚੜ੍ਹ ਕੇ ਇਸ ਨੂੰ ਢਾਹ ਰਹੇ ਹਨ। ਉਸ ਨੇ ਇਸ ਬਾਰੇ ਸ੍ਰੀ ਅਡਵਾਨੀ ਨੂੰ ਵੀ ਜਾਣਕਾਰੀ ਦਿੱਤੀ। ਇਸ ’ਤੇ ਸ੍ਰੀ ਅਡਵਾਨੀ ਨੇ ਵਿਵਾਦਗ੍ਰਸਤ  ਥਾਂ ’ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਪਰ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਪਿੱਛੋਂ ਉਨ੍ਹਾਂ ਆਪਣੀ ਥਾਂ ਉਮਾ ਭਾਰਤੀ ਨੂੰ ਉਥੇ ਭੇਜਿਆ  ਪਰ ਉਹ ਕੁਝ ਸਮੇਂ ਬਾਅਦ ਵਾਪਸ ਆ ਗਈ। ਗੁਪਤਾ ਅਨੁਸਾਰ ਭਾਜਪਾ ਤੇ ਸੰਘ ਪਰਿਵਾਰ ਦੇ ਆਗੂ ਜਦੋਂ ਲੋਕਾਂ ਨੂੰ ਭੜਕਾਉਂਦੇ ਰਹੇ ਤਾਂ ਉਨ੍ਹਾਂ ਮਸਜਿਦ ਦਾ ਪੂਰਾ ਢਾਂਚਾ 4.30 ਵਜੇ ਤਕ ਢਾਹ ਦਿੱਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਪਰੈਲ ਨੂੰ ਹੋਵੇਗੀ।                                    -ਪੀ.ਟੀ.ਆਈ.

ਕਾਂਗਰਸ ਦਾ ਤਿੱਖਾ ਪ੍ਰਤੀਕਰਮ

ਸੀਨੀਅਰ ਆਈ.ਪੀ.ਐਸ. ਅਧਿਕਾਰੀ ਅੰਜੂ ਗੁਪਤਾ ਵੱਲੋਂ ਭਾਜਪਾ ਆਗੂ ਅਡਵਾਨੀ ਖਿਲਾਫ਼ ਗਵਾਹੀ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਕਰਦਿਆਂ ਕਾਂਗਰਸੀ ਆਗੂ ਰਾਸ਼ਿਦ ਅਲਵੀ ਨੇ ਕਿਹਾ ਕਿ ਸ੍ਰੀ ਅਡਵਾਨੀ ਨੂੰ ਹੁਣ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਧਰਮ  ਨਿਰਪੱਖ ਦੇਸ਼ ਹੈ ਤੇ ਭਾਰਤੀ ਸਿਆਸਤ ਵਿਚ ਅਜਿਹੇ ਵਿਅਕਤੀ ਲਈ ਕੋਈ ਥਾਂ ਨਹੀਂ। ਇਸ ’ਤੇ ਭਾਜਪਾ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਇਹ 9ਵੀਂ ਗਵਾਹੀ ਹੈ ਅਤੇ 40 ਹਾਲੇ ਹੋਰ ਬਾਕੀ ਹਨ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਜ਼ਫਰਿਆਬ ਜਿਲਾਨੀ ਨੇ ਕਿਹਾ ਕਿ ਇਸ ਗਵਾਹੀ ਤੋਂ ਉਨ੍ਹਾਂ ਦੇ ਸਟੈਂਡ ਦੀ ਪੁਸ਼ਟੀ ਹੋਈ ਹੈ ਕਿ ਇਸ ਘਟਨਾ ਲਈ ਸ੍ਰੀ ਅਡਵਾਨੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।


Comments Off on ਬਾਬਰੀ ਦੇ ‘ਭੂਤ’ ਨੇ ਅਡਵਾਨੀ ਮੁੜ ਘੇਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.